ਸਰੀ ( ਦੇ ਪ੍ਰ ਬਿ )- ਬੀਤੇ ਐਤਵਾਰ ਸਰੀ ਫਲੀਟਵੁੱਡ ਲਾਇਬ੍ਰੇਰੀ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ ਅਰਵਿੰਦ ਨਾਲ ਇਕ ਵਿਸ਼ੇਸ਼ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਬੀਸੀ ਦੇ ਸ੍ਰੀ ਹਰਦੇਵ ਸਿੰਘ, ਡਾ ਰਣਜੀਤ ਸਿੰਘ ਸੰਧੂ , ਨਵਰੂਪ ਸਿੰਘ ਤੇ ਹੋਰਾਂ ਵਲੋਂ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਪ੍ਰੋ ਅਰਵਿੰਦ ਨੇ ਪੰਜਾਬੀ ਭਾਸ਼ਾ, ਮੌਜੂਦਾ ਸਥਿਤੀ ਅਤੇ ਭਵਿੱਖ, ਪੰਜਾਬੀ ਸਾਹਿਤ, ਵਿਗਿਆਨ ਅਤੇ ਪੰਜਾਬੀ ਸਮਾਜ ਨਾਲ ਸਬੰਧਿਤ ਕਈ ਹੋਰ ਸਰੋਕਾਰਾਂ ਬਾਰੇ ਵਿਸ਼ੇਸ਼ ਚਰਚਾ ਕੀਤੀ। ਇਸ ਮੌਕੇ ਸਾਬਕਾ ਪ੍ਰੀਮੀਅਰ ਉਜਲ ਦੋਸਾਂਝ, ਉਘੇ ਵਿਦਵਾਨ ਡਾ ਸਾਧੂ ਸਿੰਘ, ਸੁਖਵੰਤ ਹੁੰਦਲ, ਸੁਖਦੇਵ ਸਿੰਘ ਮਾਨ, ਨਵਰੂਪ ਸਿੰਘ ਤੇ ਕਈ ਹੋਰ ਪੰਜਾਬੀ ਚਿੰਤਕਾਂ ਨੇ ਉਹਨਾਂ ਨੂੰ ਸਵਾਲ ਪੁੱਛੇ ਜਿਹਨਾਂ ਦੇ ਉਹਨਾਂ ਨੇ ਬੜੀ ਬੇਬਾਕੀ ਨਾਲ ਤੇ ਵਿਕੇਕ ਪੂਰਣ ਜਵਾਬ ਦਿੱਤੇ। ਉਹਨਾਂ ਪੰਜਾਬੀ ਜ਼ੁਬਾਨ ਤੇ ਇਤਿਹਾਸ, ਵੱਖ ਵੱਖ ਸਮਿਆਂ ਤੇ ਇਸ ਉਪਰ ਹੋਰਨਾਂ ਭਾਸ਼ਾਵਾਂ ਦਾ ਪ੍ਰਭਾਵ ਤੇ ਪੰਜਾਬੀ ਭਾਸ਼ਾ ਦੀ ਅਮੀਰੀ ਤੇ ਸਾਹਿਤਕ ਮੀਰੀ ਨਾਲ ਇਸਨੂੰ ਵਿਗਿਆਨ ਦੀ ਭਾਸ਼ਾ ਬਣਾਏ ਜਾਣ ਵਿਚ ਆਉਂਦੀਆਂ ਦਿੱਕਤਾਂ ਅਤੇ ਸਿਆਸੀ ਪ੍ਰਭੂਆਂ ਦੇ ਉਦਾਸੀਨ ਰਵੱਈਏ ਬਾਰੇ ਵਿਸਥਾਰਤ ਚਰਚਾ ਕੀਤੀ। ਉਹਨਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੀਸੀ ਦੇ ਕਾਰਜਕਾਲ ਦੌਰਾਨ ਪੰਜਾਬੀ ਭਾਸ਼ਾ ਅਤੇ ਵਿਦਿਅਕ ਖੇਤਰ ਵਿਚ ਕੀਤੀਆਂ ਆਪਣੀਆਂ ਪ੍ਰਾਪਤੀਆਂ ਅਤੇ ਦਿੱਕਤਾਂ ਬਾਰੇ ਵੀ ਖੁੱਲਕੇ ਦੱਸਿਆ। ਪ੍ਰੋਗਰਾਮ ਦੇ ਅਖੀਰ ਵਿਚ ਮੰਚ ਸੰਚਾਲਕ ਹਰਦੇਵ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।