ਐਬਸਫੋਰਡ ( ਦੇ ਪ੍ਰ ਬਿ)- ਬੀਤੇ ਦਿਨੀਂ ਐਬਸਫੋਰਡ-ਸਾਊਥ ਲੈਂਗਲੀ ਤੋਂ ਕੰਸਰਵੇਟਿਵ ਉਮੀਦਵਾਰ ਸੁਖਮਨ ਗਿੱਲ ਦੇ ਚੋਣ ਦਫਤਰ ਦਾ ਉਦਘਾਟਨ ਸੀਡਰ ਪਾਰਕ ਐਬਸਫੋਰਡ ਦੇ ਨੇੜਲੀ ਇਮਾਰਤ ਵਿਚ ਕੀਤਾ ਗਿਆ। ਇਸ ਮੌਕੇ ਭਾਰੀ ਗਿਣਤੀ ਵਿਚ ਪੁੱਜੇ ਉਹਨਾਂ ਦੇ ਸਮਰਥਕਾਂ ਅਤੇ ਕੰਸਰਵੇਟਿਵ ਕਾਰਕੁੰਨਾਂ ਨੇ ਜ਼ੋਰਦਾਰ ਚੋਣ ਮੁਹਿੰਮ ਦਾ ਆਗਾਜ਼ ਕੀਤਾ। ਇਸ ਮੌਕੇ ਬੋਲਦਿਆਂ ਸੁਖਮਨ ਗਿੱਲ ਨੇ ਦੱਸਿਆ ਕਿ ਉਹ ਇਸ ਹਲਕੇ ਦਾ ਜੰਮਪਲ ਹੈ। ਉਹ ਇਥੇ ਹੀ ਪਲਿਆ ਤੇ ਪੜਿਆ ਹੈ। ਉਹ ਆਪਣੇ ਲੋਕਾਂ ਦੀਆਂ ਸਮੱਸਿਆਵਾਂ, ਉਹਨਾਂ ਦੀ ਲੋੜਾਂ-ਥੁੜਾਂ ਅਤੇ ਹਲਕੇ ਦੇ ਕੰਮਾਂ ਬਾਰੇ ਚੰਗੀ ਤਰਾਂ ਜਾਣੂ ਹੈ। ਉਹਨਾਂ ਪਾਰਟੀ ਨੌਮੀਨੇਸ਼ਨ ਚੋਣ ਵਿਚ ਪਾਰਟੀ ਮੈਂਬਰਾਂ ਵਲੋਂ ਦਿੱਤੇ ਸਾਥ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਇਸ ਹਲਕੇ ਦਾ ਪ੍ਰਤੀਨਿਧ ਬਣਕੇ ਹਲਕੇ ਦੀ ਸਹੀ ਤੇ ਮਜ਼ਬੂਤ ਆਵਾਜ਼ ਹਾਊਸ ਆਫ ਕਾਮਨਜ਼ ਵਿਚ ਬੁਲੰਦ ਕਰੇਗਾ। ਉਹਨਾਂ ਇਸ ਮੌਜੂਦਾ ਸਮੇਂ ਵਿਚ ਪਾਰਟੀ ਆਗੂ ਪੀਅਰ ਪੋਲੀਵਰ ਨੂੰ ਇਕ ਮਜਬੂਤ ਤੇ ਸਹੀ ਅਗਵਾਈ ਦੇਣ ਵਾਲਾ ਆਗੂ ਦੱਸਿਆ ਤੇ ਕਿਹਾ ਕਿ ਲਿਬਰਲ ਸਰਕਾਰ ਦੀਆਂ ਗਲਤ ਨੀਤੀਆਂ ਕਾਰਣ ਪਹਿਲਾਂ ਹੀ ਲੋਕਾਂ ਨੂੰ ਭਾਰੀ ਮੁਸ਼ਕਲ ਦੌਰ ਵਿਚੋ ਗੁਜਰਨਾ ਪੈ ਰਿਹਾ ਹੈ। ਉਹ ਕੇਵਲ ਇਕ ਆਗੂ ਬਦਲਣ ਨਾਲ ਲਿਬਰਲ ਪਾਰਟੀ ਨੇ ਕੋਈ ਚੰਗਾ ਨਹੀ ਬਣ ਜਾਣਾ। ਇਸ ਮੌਕੇ ਮਿਸ਼ਨ ਮੈਸਕੂਈ ਤੋਂ ਕੰਸਰਵੇਟਿਵ ਉਮੀਦਵਾਰ ਬਰੈਡ ਵਿਸ ਨੇ ਵੀ ਸੰਬੋਧਨ ਕਰਦਿਆਂ ਕੰਸਰਵੇਟਿਵ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ ਸੋਹੀ, ਕੰਸਰਵੇਟਿਵ ਐਮ ਐਲ ਏ ਜੋਡੀ ਤੂਰ, ਉਘੇ ਬਿਜਨਸਮੈਨ ਜਗਜੀਤ ਸਿੰਘ ਜੱਗੀ ਤੂਰ, ਸੋਨੀ ਸਿੱਧੂ, ਹਰਮੀਤ ਸਿੰਘ ਖੁੱਡੀਆਂ, ਸੁਖੀ ਗਿੱਲ, ਦਵਿੰਦਰ ਗਰੇਵਾਲ ਲੈਂਗਲੀ ਹਾਲ ਵਾਲੇ, ਕੁਲਵਿੰਦਰ ਸੰਧੂ, ਇਕਬਾਲ ਸਵੈਚ ਤੇ ਇਲਾਕੇ ਦੀਆਂ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ। ਵੱਡੀ ਗਿਣਤੀ ਵਿਚ ਪੁੱਜੇ ਸਮਰਥਕਾਂ ਤੇ ਵਲੰਟੀਅਰਾਂ ਦਾ ਅਵਤਾਰ ਸਿੰਘ ਰਾਜਾ ਗਿੱਲ ਨੇ ਧੰਨਵਾਦ ਕੀਤਾ ਤੇ ਉਹਨਾਂ ਦੇ ਬੇਟੇ ਸੁਖਮਨ ਗਿੱਲ ਦੀ ਚੋਣ ਮੁਹਿੰਮ ਵਿਚ ਭਰਵੇਂ ਸਹਿਯੋਗ ਦੀ ਅਪੀਲ ਕੀਤੀ।