ਓਟਵਾ ( ਦੇ ਪ੍ਰ ਬਿ)- ਕੈਨੇਡਾ ਦੀਆਂ ਫੈਡਰਲ ਚੋਣਾਂ ਲਈ ਮੁਹਿੰਮ ਪੂਰੀ ਤਰਾਂ ਭਖ ਚੁੱਕੀ ਹੈ। ਮੁੱਖ ਸਿਆਸੀ ਪਾਰਟੀਆਂ ਦੇ ਆਗੂ ਤੇ ਨੇਤਾ ਆਪਣੀ ਚੋਣ ਮੁਹਿੰਮ ਨੂੰ ਤੇਜ਼ੀ ਨਾਲ ਅੱਗੇ ਵਧਾਉਂਦੇ ਹੋਏ ਵੋਟਰਾਂ ਨਾਲ ਕਈ ਤਰਾਂ ਦੇ ਵਾਅਦੇ ਕਰਦੇ ਨਜ਼ਰ ਆ ਰਹੇ ਹਨ। ਲਿਬਰਲ ਆਗੂ ਮਾਰਕ ਕਾਰਨੀ ਅਤੇ ਐਨਡੀਪੀ ਨੇਤਾ ਜਗਮੀਤ ਸਿੰਘ ਦੋਵਾਂ ਨੇ ਘਰਾਂ ਦੇ ਸੰਕਟ ਨੂੰ ਦੂਰ ਕਰਨ ਲਈ ਹਾਊਸਿੰਗ ਵਾਅਦੇ ਜਾਰੀ ਕੀਤੇ ਹਨ ਜਦਕਿ ਕੰਸਰਵੇਟਿਵ ਆਗੂ ਪੀਅਰ ਪੋਲੀਵਰ ਦਾ ਕਹਿਣਾ ਕਿ ਉਹ ਸਮੁੱਚੇ ਕੈਨੇਡਾ ਵਿਚ ਕੌਮੀ ਊਰਜਾ ਕੋਰੀਡੋਰ ਬਣਾਉਣਗੇ| 28 ਅਪ੍ਰੈਲ ਦੀਆਂ ਫੈਡਰਲ ਚੋਣਾਂ ਲਈ ਕੰਪੇਨ ਦੇ ਦੂਸਰੇ ਹਫ਼ਤੇ ਰੋਜ਼ਾਨਾ ਨੀਤੀ ਦਾ ਨਵਾਂ ਪੈਟਰਨ ਜਾਰੀ ਰਿਹਾ ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਬਹੁਤ ਸਾਰੇ ਦੇਸ਼ਾਂ ’ਤੇ ਪਰਸਪਰ ਟੈਰਿਫ ਦੇ ਖੁਲਾਸੇ ਨਾਲ ਸਿਆਸੀ ਪਾਰਟੀਆਂ ਨੇ ਆਪੋ ਆਪਣੇ ਪ੍ਰਤੀਕਰਮ ਜਾਰੀ ਕੀਤੇ ਹਨ | ਕਾਰਨੀ ਨੇ ਓਨਟਾਰੀਓ ਦੇ ਵੌਨ ਵਿਚ ਕਾਲਜ ਆਫ ਕਾਰਪੈਂਟਰਸ ਐਂਡ ਅਲਾਈਡ ਟਰੇਡਸ ਵਿਖੇ ਅਮਰੀਕੀ ਟੈਰਿਫ ਦੇ ਖ਼ਤਰਿਆਂ ਪ੍ਰਤੀ ਆਪਣੇ ਯੋਜਨਾਬੱਧੇ ਜਵਾਬ ਦੇ ਹਿੱਸੇ ਵਜੋਂ ਆਪਣੀ ਪਾਰਟੀ ਦਾ ਹਾਊਸਿੰਗ ਪਲੇਟਫਾਰਮ ਜਾਰੀ ਕੀਤਾ| ਉਨ੍ਹਾਂ ਕਿਹਾ ਕਿ ਅਸੀਂ ਆਪਣੇ ਜੀਵਨ ਕਾਲ ਦੇ ਸਭ ਤੋਂ ਵੱਡੇ ਸੰਕਟ ਦਾ ਸਾਹਮਣਾ ਕਰ ਰਹੇ ਹਾਂ ਅਤੇ ਅਸੀਂ ਇਸ ਵਿਚੋਂ ਆਪਣਾ ਰਸਤਾ ਬਣਾਉਣ ਜਾ ਰਹੇ ਹਾਂ| ਮੌਜੂਦਾ ਸਮੇਂ ਮਕਾਨਾਂ ਦੀਆਂ ਜ਼ਿਆਦਾ ਕੀਮਤਾਂ ਸੀਮਤ ਸਪਲਾਈ ਕਾਰਨ ਹਨ| ਅਸੀਂ ਉਸ ਰਫ਼ਤਾਰ ਨਾਲ ਮਕਾਨ ਉਸਾਰਾਂਗੇ ਜਿਹੜੀ ਦੂਸਰੀ ਵਿਸ਼ਵ ਜੰਗ ਤੋਂ ਬਾਅਦ ਦੇਖੀ ਨਹੀਂ ਗਈ| ਲਿਬਰਲ ਨੇਤਾ ਮਿਉਂਸਪਲ ਡਿਵੈਲਪਮੈਂਟ ਚਾਰਜ ਪੰਜ ਸਾਲਾਂ ਲਈ ਅੱਧਾ ਕਰਨ ਅਤੇ ਉਸਾਰੀ ਦੀ ਰਫ਼ਤਾਰ ਨੂੰ ਤੇਜ਼ ਕਰਨ ਲਈ ਫੈਡਰਲ ਏਜੰਸੀ ਬਣਾਉਣ ਦਾ ਵਾਅਦਾ ਕਰ ਰਹੇ ਹਨ| ਪਾਰਟੀ ਅਗਲੇ ਦਹਾਕੇ ਵਿਚ ਰਿਹਾਇਸ਼ੀ ਮਕਾਨਾਂ ਦੀ ਉਸਾਰੀ ਮੌਜੂਦਾ ਦਰ ਤੋਂ ਦੁਗਣੀ ਕਰਕੇ ਇਕ ਸਾਲ ਵਿਚ ਪੰਜ ਲੱਖ ਘਰ ਬਣਾਉਣ ਦਾ ਵਾਅਦਾ ਕਰ ਰਹੀ ਹੈ| ਕੰਸਰਵੇਟਿਵ ਨੇਤਾ ਪੀਅਰ ਪੋਲੀਵਰ ਨੇ ਵੀ ਹਾਊਸਿੰਗ ਨੂੰ ਹੁਲਾਰਾ ਦੇਣ ਦੇ ਵਾਅਦੇ ਨਾਲ ਜ਼ੋਰਦਾਰ ਮੁਹਿੰਮ ਚਲਾਈ ਪਰ ਉਨ੍ਹਾਂ ਦੀ ਪਹੁੰਚ ਵੱਖਰੀ ਹੈ। ਉਨ੍ਹਾਂ ਦਾ ਕਹਿਣਾ ਕਿ ਲਿਬਰਲ ਦੀਆਂ ਯੋਜਨਾਵਾਂ ਬਹੁਤ ਜ਼ਿਆਦਾ ਨੌਕਰਸ਼ਾਹੀ ਦੇ ਦਖਲ ਵਾਲੀਆਂ ਹਨ| ਉਨ੍ਹਾਂ ਨੇ ਨਵਾਂ ਘਰ ਖਰੀਦਣ ਲਈ ਮਹੱਤਵਪੂਰਣ ਟੈਕਸ ਬ੍ਰੇਕਸ ਨਾਲ ਵਿੱਤੀ ਲਾਗਤ ਘਟਾ ਕੇ ਹਾਊਸਿੰਗ ਅਕਸੀਲੇਟਰ ਫੰਡ ਵਰਗੇ ਕੁਝ ਮੌਜੂਦਾ ਫੈਡਰਲ ਹਾਊਸਿੰਗ ਪ੍ਰੋਗਰਾਮਾਂ ਵਿਚ ਕਟੌਤੀ ਲਗਾਉਣ ਦਾ ਵਾਅਦਾ ਕੀਤਾ| ਪੋਲੀਵਰ ਵੀ ਪਿਛਲੇ ਹਫ਼ਤੇ ਵੌਨ ਸਨ ਜਿਥੇ ਉਨ੍ਹਾਂ 1.3 ਮਿਲੀਅਨ ਡਾਲਰ ਤੋਂ ਘੱਟ ਕੀਮਤ ਵਾਲੇ ਨਵੇਂ ਘਰਾਂ ਦੀ ਖਰੀਦ ’ਤੇ ਘਰ ਖਰੀਦਦਾਰਾਂ ਲਈ ਜੀਐਸਟੀ ਮੁਆਫ ਕਰਨ ਦ ਐਲਾਨ ਕੀਤਾ| ਐਨਡੀਪੀ ਨੇਤਾ ਜਗਮੀਤ ਸਿੰਘ ਨੇ ਪਿਛਲੇ ਹਫ਼ਤੇ ਕਿਹਾ ਕਿ ਉਹ ਅਗਲੇ ਦਹਾਕੇ ਵਿਚ ਰੈਂਟ ਕੰਟਰੋਲ ਵਾਲੇ ਇਕ ਲੱਖ ਤੋਂ ਵੀ ਜ਼ਿਆਦਾ ਘਰਾਂ ਦੀ ਉਸਾਰੀ ਲਈ ਢੁਕਵੀਂ ਫੈਡਰਲ ਕਰਾਊਨ ਜ਼ਮੀਨ ਦੀ ਵਰਤੋਂ ਕਰਨਗੇ ਅਤੇ ਇਕ ਅਰਬ ਡਾਲਰ ਨਾਲ ਉਸਾਰੀ ਲਈ ਹੋਰ ਜ਼ਮੀਨ ਦੀ ਖਰੀਦ ਕਰਨਗੇ| ਵਿਕਟੋਰੀਆ ਵਿਚ ਐਨਡੀਪੀ ਨੇਤਾ ਨੇ ਹੋਰ ਨਵੇਂ ਘਰ ਬਣਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਐਨਡੀਪੀ ਕੈਨੇਡਾ ਵਿਚ 33 ਲੱਖ ਮਕਾਨਾਂ ਲਈ ਫੰਡਿੰਗ ਕਰੇਗੀ ਅਤੇ ਵੱਡੀਆਂ ਤੇਲ ਤੇ ਗੈਸ ਕੰਪਨੀਆਂ ਦੀ ਸਹਾਇਤਾ ਵਿਚ ਕਟੌਤੀ ਕਰਕੇ ਇਸ ਲਈ ਅਦਾਇਗੀ ਕਰੇਗੀ| ਐਨਡੀਪੀ ਯੋਜਨਾ ਤਹਿਤ 23 ਲੱਖ ਘੱਟ ਆਮਦਨੀ ਵਾਲੇ ਪਰਿਵਾਰ ਹੀਟ ਪੰਪ, ਏਅਰ ਸੀਲਿੰਗ ਅਤੇ ਫ੍ਰੈਸ਼ ਇੰਸੂਲੇਸ਼ਨ ਵਰਗੇ ਊਰਜਾ ਬਚਤ ਪ੍ਰਾਪਤ ਕਰਨਗੇ|
ਕੈਨੇਡਾ ਚੋਣਾਂ-ਕਾਰਨੀ ਤੇ ਸਿੰਘ ਨੇ ਕੀਤਾ ਹਾਊਸਿੰਗ ਯੋਜਨਾਵਾਂ ਦਾ ਐਲਾਨ -ਪੋਲੀਵਰ ਵਲੋਂ ਕੌਮੀ ਊਰਜਾ ਕੋਰੀਡੋਰ ਦਾ ਵਾਅਦਾ
