-ਸੁਖਵਿੰਦਰ ਸਿੰਘ ਚੋਹਲਾ-
ਪਿਛਲੇ ਦਿਨੀਂ ਅਮਰੀਕੀ ਰਾਸ਼ਟਰਪਤੀ ਟਰੰਪ ਵਲੋਂ ਵਿਸ਼ਵ ਭਰ ਦੇ ਮੁਲਕਾਂ ਖਿਲਾਫ ਪਰਸਪਰ ਟੈਰਿਫ ਦਾ ਐਲਾਨ ਕਰਦਿਆਂ ਇਸਨੂੰ ਅਮਰੀਕਾ ਲਈ ਮੁਕਤੀ ਦਾ ਦਿਨ ਕਰਾਰ ਦਿੱਤਾ ਗਿਆ। ਭਾਵੇਂਕਿ ਉਹਨਾਂ ਵਲੋਂ ਇਤਿਹਾਸਕ ਪ੍ਰਸ਼ਾਸਕੀ ਹੁਕਮਾਂ ’ਤੇ ਦਸਤਖ਼ਤ ਕਰਕੇ ਵਿਸ਼ਵ ਭਰ ਦੇ ਦੇਸ਼ਾਂ ’ਤੇ ਪਰਸਪਰ ਟੈਰਿਫ ਲਗਾਉਣ ਦਾ ਐਲਾਨ ਕੀਤਾ ਪਰ ਕੈਨੇਡਾ-ਅਮਰੀਕਾ-ਮੈਕਸੀਕੋ ਵਪਾਰ ਸਮਝੌਤੇ ਵਾਲੇ ਦੋ ਦੇਸ਼ ਕੈਨੇਡਾ ਅਤੇ ਮੈਕਸੀਕੋ ਟਰੰਪ ਵਲੋਂ ਪੇਸ਼ ਸੂਚੀ ਵਿਚ ਦਿਖਾਈ ਨਹੀਂ ਦਿੱਤੇ। ਟਰੰਪ ਦਾ ਕਹਿਣਾ ਹੈ ਕਿ ਪਰਸਪਰ ਦਾ ਮਤਲਬ ਜਿੰਨਾ ਟੈਕਸ ਦੂਸਰੇ ਦੇਸ਼ ਸਾਡੇ ’ਤੇ ਲਗਾਉਂਦੇ ਹਨ ਉਨਾ ਹੀ ਟੈਕਸ ਅਸੀਂ ਉਨ੍ਹਾਂ ’ਤੇ ਲਗਾਵਾਂਗੇ। ਉਹਨਾਂ ਆਪਣੇ ਇਸ ਐਲਾਨ ਨੂੰ ਅਮਰੀਕੀ ਇਤਿਹਾਸ ਵਿਚ ਸਭ ਤੋਂ ਮਹੱਤਵਪੂਰਣ ਦਿਨਾਂ ਵਿਚੋਂ ਇਕ ਦੱਸਿਆ। ਟਰੰਪ ਨੇ ਆਪਣੀ ਪਰਸਪਰਰ ਟੈਰਿਫ ਨੀਤੀ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਸਾਲਾਂ ਤੋਂ ਮਿਹਨਤ ਕਾਰਨ ਵਾਲੇ ਅਮਰੀਕੀ ਲੋਕਾਂ ਨੂੰ ਪਾਸੇ ਬੈਠਣ ਲਈ ਮਜ਼ਬੂਰ ਕੀਤਾ ਗਿਆ ਸੀ ਜਦਕਿ ਦੂਸਰੇ ਦੇਸ਼ ਸਾਡੀ ਕੀਮਤ ’ਤੇ ਅਮੀਰ ਤੇ ਤਾਕਤਵਾਰ ਬਣ ਗਏ ਪਰ ਹੁਣ ਖੁਸ਼ਹਾਲ ਹੋਣ ਦੀ ਸਾਡੀ ਵਾਰੀ ਹੈ। ਵਾਈਟ ਹਾਊਸ ਦੀ ਤੱਥ ਸ਼ੀਟ ਮੁਤਾਬਿਕ ਟਰੰਪ ਦਾ ਅਗਜ਼ੈਕਟਿਵ ਹੁਕਮ ਸਾਰੇ ਦੇਸ਼ਾਂ ’ਤੇ 10 ਫ਼ੀਸਦੀ ਟੈਰਿਫ ਲਗਾਵੇਗਾ ਤੇ ਇਹ 5 ਅਪ੍ਰੈਲ ਦੀ ਅੱਧੀ ਰਾਤ ਤੋਂ ਲਾਗੂ ਹੋ ਜਾਵੇਗਾ। ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਕੈਰੋਲੀਨ ਲੀਵਿਟ ਦਾ ਕਹਿਣਾ ਹੈ ਕਿ ਟਰੰਪ ਪ੍ਰਸ਼ਾਸਨ ਸਨਅਤ ਦੇ ਹਰੇਕ ਖੇਤਰ ਵਿਚ ਅਮਰੀਕੀ ਮੁਕਾਬਲੇਬਾਜ਼ੀ ਨੂੰ ਬਿਹਤਰ ਬਣਾਉਣ, ਵਪਾਰ ਘਾਟਾ ਘਟਾਉਣ ਅਤੇ ਅਮਰੀਕੀ ਆਰਥਿਕਤਾ ਅਤੇ ਕੌਮੀ ਸੁਰੱਖਿਆ ਲਈ ਇਤਿਹਾਸਕ ਕਦਮ ਹਨ। ਇਥੇ ਇਹ ਜਿਕਰਯੋਗ ਹੈ ਕਿ ਟਰੰਪ ਵਲੋਂ ਵਿਆਪਕ ਐਗਜ਼ੈਕਟਿਵ ਆਰਡਰ ਰਾਹੀਂ ਕੈਨੇਡਾ ਅਤੇ ਮੈਕਸੀਕੋ ਲਈ ਪਹਿਲਾਂ ਐਲਾਨੀ ਫੇਂਟਾਨਾਈਲ ਐਮਰਜੈਂਸੀ ਟੈਰਿਫ ਨੂੰ ਲਾਗੂ ਰੱਖਿਆ ਗਿਆ ਹੈ ਪਰ ਨਾਲ ਹੀ ਅਮਰੀਕਾ-ਮੈਕਸੀਕੋ-ਕੈਨੇਡਾ ਸਮਝੌਤੇ ਦੀ ਪਾਲਣਾ ਵਾਲੀਆਂ ਵਸਤਾਂ ’ਤੇ ਟੈਕਸ ਛੋਟ ਦਿੱਤੀ ਗਈ ਹੈ। ਇਸ ਸਮਝੌਤੇ ਤਹਿਤ ਗੈਰ ਪਾਲਣ ਵਾਲੀਆਂ ਵਸਤਾਂ ’ਤੇ 25 ਫ਼ੀਸਦੀ ਅਤੇ ਊਰਜਾ ਅਤੇ ਪੋਟਾਸ਼ ’ਤੇ 10 ਫ਼ੀਸਦੀ ਟੈਕਸ ਲੱਗੇਗਾ। ਐਲਮੀਨੀਅਮ, ਸਟੀਲ ਤੇ ਮੋਟਰ ਗੱਡੀਆਂ ਤੇ 25 ਫੀਸਦੀ ਉਚ ਟੈਰਿਫ ਜਾਰੀ ਰੱਖਿਆ ਗਿਆ ਹੈ। ਅਗਜ਼ੈਕਟਿਵ ਹੁਕਮਾਂ ਮੁਤਾਬਿਕ ਅਮਰੀਕਾ ਵਲੋਂ ਚੀਨ ’ਤੇ 34 ਫ਼ੀਸਦੀ, ਯੂਰਪੀਨ ਯੂਨੀਅਨ ’ਤੇ 20, ਵੀਅਤਨਾਮ ’ਤੇ 46, ਤਾਈਵਾਨ ’ਤੇ 32, ਜਪਾਨ ’ਤੇ 24, ਭਾਰਤ ’ਤੇ 26, ਦੱਖਣੀ ਕੋਰੀਆ ’ਤੇ 25, ਥਾਈਲੈਂਡ ’ਤੇ 36, ਸਵਿਟਜ਼ਰਲੈਂਡ ’ਤੇ 31, ਇੰਡੋਨੇਸ਼ੀਆ ’ਤੇ 32, ਮਲੇਸ਼ੀਆ ’ਤੇ 24, ਕੰਬੋਡੀਆ ’ਤੇ 49, ਇਸਰਾਈਲ ’ਤੇ 17 ਫ਼ੀਸਦੀ ਟੈਕਸ ਲਗਾਉਣ ਦਾ ਐਲਾਨ ਕੀਤਾ ਗਿਆ ਹੈ।
ਜਿਵੇਂ ਪਹਿਲਾਂ ਉਮੀਦ ਕੀਤੀ ਜਾਂਦੀ ਤੇ ਟਰੰਪ ਦੀਆਂ ਧਮਕੀਆਂ ਤੋਂ ਜਾਹਰ ਸੀ ਕਿ ਉਹ ਕੈਨੇਡਾ ਖਿਲਾਫ ਵੀ ਬਾਕੀ ਮੁਲਕਾਂ ਵਾਂਗ ਭਾਰੀ ਟੈਕਸ ਲਗਾ ਸਕਦੇ ਹਨ ਪਰ ਜਾਰੀ ਕੀਤੀ ਗਈ ਸੂਚੀ ਵਿਚ ਕੈਨੇਡਾ ਦਾ ਨਾਮ ਸ਼ਾਮਿਲ ਨਹੀ ਹੈ ਜਿਸ ਕਾਰਣ ਕੈਨੇਡੀਅਨ ਆਗੂਆਂ ਤੇ ਬਿਜਨੈਸ ਅਦਾਰਿਆਂ ਨੇ ਕਾਫੀ ਰਾਹਤ ਮਹਿਸੂਸ ਕੀਤੀ ਹੈ। ਪਰ ਇਸਦੇ ਨਾਲ ਹੀ ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਰਾਹਤ ਆਰਜੀ ਹੋ ਸਕਦੀ ਹੈ ਕਿਉਂਕਿ ਟਰੰਪ ਦੀ ਟੈਰਿਫ ਨੀਤੀ ਨਾਲ ਵਿਸ਼ਵ ਵਪਾਰ ਜਿਸ ਤਰੀਕੇ ਨਾਲ ਪ੍ਰਭਾਵਿਤ ਹੋਵੇਗਾ ਉਸਦਾ ਕੈਨੇਡਾ ਦੀ ਆਰਥਿਕਤਾ ਉਪਰ ਅਸਰ ਲਾਜ਼ਮੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਟਰੰਪ ਦੀ ਇਹ ਟੈਰਿਫ ਨੀਤੀ ਜਿਥੇ ਵਿਸ਼ਵ ਵਪਾਰ ਦੇ ਢੰਗ ਤਰੀਕਿਆਂ ਨੂੰ ਬਦਲ ਦੇਵੇਗੀ ਉਥੇ ਆਰਥਿਕ ਮੰਦਵਾੜੇ ਦੇ ਵੀ ਵਧੇਰੇ ਖਦਸ਼ੇ ਹਨ। ਪਹਿਲਾਂ ਹੀ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੀ ਆਰਥਿਕਤਾ ਦੇ ਰਸਤੇ ਵਿਚ ਹੋਰ ਬਿਖੇੜੇ ਖੜੇ ਹੋ ਸਕਦੇ ਹਨ।
ਟਰੰਪ ਦੀ ਟੈਰਿਫ ਨੀਤੀ ਨੇ ਜੇ ਵਿਸ਼ਵ ਨੂੰ ਆਰਥਿਕ ਤੌਰ ਤੇ ਪ੍ਰਭਾਵਿਤ ਕਰਨਾ ਹੈ ਤਾਂ ਉਸਦੇ ਸਭ ਤੋ ਨੇੜਲੇ ਸਹਿਯੋਗੀ ਰਹੇ ਕੈਨੇਡਾ ਨਾਲ ਸਬੰਧਾਂ ਨੂੰ ਵੱਡੀ ਆਂਚ ਆਉਂਦੀ ਦਿਖਾਈ ਦਿੰਦੀ ਹੈ। ਕੈਨੇਡਾ ਦੇ ਕੌਮੀ ਪਾਰਟੀਆਂ ਦੇ ਆਗੂ ਤਾਂ ਆਪਣੇ ਬਿਆਨਾਂ ਵਿਚ ਨਿਰਸੰਕੋਚ ਇਹ ਕਹਿ ਰਹੇ ਹਨ ਕਿ ਅਮਰੀਕਾ ਨਾਲ ਭਾਈਵਾਲੀ ਤੇ ਕਰੀਬੀ ਸਬੰਧਾਂ ਦਾ ਯੁਗ ਖਤਮ ਹੋ ਚੁੱਕਾ ਹੈ ਤੇ ਹੁਣ ਕੈਨੇਡਾ ਨੂੰ ਆਪਣੇ ਅਮਰੀਕਾ ਨਾਲ ਰਿਸ਼ਤਿਆਂ ਲਈ ਨਵੀਂ ਸ਼ੁਰੂਆਤ ਕਰਨੀ ਹੋਵੇਗੀ। ਅਸਲੀਅਤ ਇਹ ਹੈ ਕਿ ਕੈਨੇਡੀਅਨ ਨੇਤਾਵਾਂ ਲਈ ਟਰੰਪ ਦੀਆਂ ਧਮਕੀਆਂ ਅਤੇ ਟੈਰਿਫ ਨੀਤੀ ਉਹਨਾਂ ਲਈ ਇਕ ਸਿਆਸੀ ਗੇਮ ਬਣ ਚੁੱਕੀ ਹੈ। ਕੈਨੇਡਾ ਦੀਆਂ ਫੈਡਰਲ ਚੋਣਾਂ ਵਿਚ ਬਾਕੀ ਸਾਰੇ ਮੁੱਦਿਆਂ ਚੋ ਅਹਿਮ ਇਹ ਹੈ ਕਿ ਟਰੰਪ ਤੇ ਉਸਦੀਆਂ ਨੀਤੀਆਂ ਖਿਲਾਫ ਕਿਹੜਾ ਆਗੂ ਮਜ਼ਬੂਤੀ ਨਾਲ ਮੁਲਕ ਨੂੰ ਅਗਵਾਈ ਦੇਣ ਦੇ ਸਮਰੱਥ ਹੈ। ਇਸ ਮੁੱਦੇ ਨੂੰ ਲੈਕੇ ਪਿਛਲੇ ਦਿਨੀਂ ਕੁਝ ਸਰਵੇਖਣ ਸਾਹਮਣੇ ਆਏ ਹਨ ਜਿਹਨਾਂ ਵਿਚ ਲਿਬਰਲ ਆਗੂ ਮਾਰਕ ਕਾਰਨੀ ਦੀ ਰੇਟਿੰਗ ਸਭ ਤੋਂ ਉਪਰ ਹੈ। ਕੈਨੇਡੀਅਨ ਲੋਕ ਮਾਰਕ ਕਾਰਨੀ ਨੂੰ ਇਕ ਸਿਆਸਤਦਾਨ ਤੋਂ ਉਪਰ ਇਕ ਉਘੇ ਅਰਥ ਸਾਸ਼ਤਰੀ ਵਜੋਂ ਵਧੇਰੇ ਤਰਜੀਹ ਦਿੰਦੇ ਹਨ। ਇਕ ਉਘੀ ਸਰਵੇਖਣ ਕੰਪਨੀ ਮੁਤਾਬਿਕ ਬਹੁਗਿਣਤੀ ਕੈਨੇਡੀਅਨਾਂ ਦਾ ਮੰਨਣਾ ਹੈ ਕਿ ਕੈਨੇਡਾ-ਅਮਰੀਕਾ ਦੇ ਸਬੰਧਾਂ ਵਿੱਚ ਤਣਾਅ ਵਾਲਾ ਮੌਜੂਦਾ ਮਾਹੌਲ ਲਿਬਰਲਾਂ ਨੂੰ ਵਧੇਰੇ ਲਾਭ ਪਹੁੰਚਾਉਣ ਵਾਲਾ ਹੈ। ਪਿਛਲੇ ਦਿਨਾਂ ਵਿਚ ਮਾਰਕ ਕਾਰਨੀ ਦੇ ਲਿਬਰਲ ਪਾਰਟੀ ਦਾ ਆਗੂ ਚੁਣਿਆਂ ਜਾਣਾ ਤੇ ਫਿਰ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣਾ ਤੇ ਉਹਨਾਂ ਵਲੋਂ ਜੋ ਤੁਰੰਤ ਫੈਸਲੇ ਲਏ ਗਏ ਤੇ ਉਹਨਾਂ ਵਲੋਂ ਅਮਰੀਕਨ ਰਾਸ਼ਟਰਪਤੀ ਨੂੰ ਇਕ ਸਹਿਜ ਤੇ ਸਿਆਣਪ ਨਾਲ ਲੈਣ ਦੇ ਢੰਗ ਤਰੀਕੇ ਨੇ ਕੈਨੇਡੀਅਨਾਂ ਨੂੰ ਪ੍ਰਭਾਵਿਤ ਕੀਤਾ ਹੈ। ਇਸਤੋਂ ਵੀ ਅੱਗੇ ਟਰੰਪ ਵਲੋਂ ਆਪਣੀ ਸੋਸ਼ਲ ਮੀਡੀਆ ਉਪਰ ਪੋਸਟ ਵਿਚ ਕਾਰਨੀ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਵਜੋਂ ਸੰਬੋਧਨ ਕਰਨਾ ਇਹ ਸੰਦੇਸ਼ ਦੇਣ ਲਈ ਕਾਫੀ ਰਿਹਾ ਕਿ ਟਰੰਪ ਮਿਸਟਰ ਕਾਰਨੀ ਦੀ ਸਿਆਣਪ ਤੇ ਸਲੀਕੇ ਦਾ ਕਾਇਲ ਹੈ। ਕਾਰਨੀ ਵਲੋਂ ਮੀਡੀਆ ਦੇ ਰੂਬਰੂ ਹੁੰਦਿਆਂ ਮਲੁਕ ਦੀ ਆਰਥਿਕ ਮਜ਼ਬੂਤੀ ਅਤੇ ਸਮਰੱਥ ਅਗਵਾਈ ਲਈ ਤਿਆਰੀ ਵਜੋਂ ਉਹਨਾਂ ਦੇ ਤੌਰ ਤਰੀਕੇ ਤੇ ਵਿਚਰਨ ਦੇ ਢੰਗ ਨੇ ਉਹਨਾਂ ਦਾ ਕੱਦ ਵਿਰੋਧੀ ਆਗੂਆਂ ਤੋਂ ਉਚੇਰਾ ਦਰਸਾਇਆ ਹੈ। ਤਾਜਾ ਸਰਵੇਖਣ ਵਿੱਚ 48 ਪ੍ਰਤੀਸ਼ਤ ਲੋਕਾਂ ਨੇ ਮਿਸਟਰ ਕਾਰਨੀ ਦੀ ਅਗਵਾਈ ਵਿਚ ਵਧੇਰੇ ਭਰੋਸਾ ਜਿਤਾਇਆ ਹੈ ਜਦੋੰਕਿ ਕੰਸਰਵੇਟਿਵ ਆਗੂ ਪੀਅਰ ਪੋਲੀਅਰ ਤੇ 27 ਪ੍ਰਤੀਸ਼ਤ ਲੋਕਾਂ ਨੇ ਭਰੋਸਾ ਪ੍ਰਗਟ ਕੀਤਾ ਹੈ। ਪਾਰਟੀਆਂ ਦੀ ਲੋਕਪ੍ਰਿਯਤਾ ਵਿਚ ਭਾਵੇਂਕਿ ਹੁਣ ਤੱਕ ਲਿਬਰਲ ਨੂੰ ਅੱਗੇ ਦਿਖਾਇਆ ਜਾ ਰਿਹਾ ਹੈ ਪਰ ਬੀਤੇ ਦਿਨ ਇਕ ਸਰਵੇਖਣ ਵਿਚ ਕੰਸਰਵੇਟਿਵ ਨੂੰ 48 ਪ੍ਰਤੀਸ਼ਤ ਅਤੇ ਲਿਬਰਲ ਨੂੰ 47 ਪ੍ਰਤੀਸ਼ਤ ਭਾਵ ਪਾਰਟੀਆਂ ਦੀ ਲੋਕਪ੍ਰਿਯਤਾ ਵਿਚ ਉਨੀ ਇਕੀ ਦਾ ਫਰਕ ਹੈ। ਜਿਵੇਂ ਕਿ ਕੈਨੇਡੀਅਨ ਸਿਆਸਤ ਵਿਚ ਪਾਰਟੀ ਆਗੂ ਦੀ ਅਗਵਾਈ ਤੇ ਭੂਮਿਕਾ ਨੂੰ ਪਾਰਟੀ ਨੀਤੀਆਂ ਨਾਲੋਂ ਵਧੇਰੇ ਤਰਜੀਹ ਦਿੱਤੀ ਜਾਂਦੀ ਹੈ। ਉਸ ਮਿਥ ਦੇ ਆਧਾਰ ਤੇ ਕਾਰਨੀ ਲਿਬਰਲ ਪਾਰਟੀ ਨੂੰ ਤਕੜਾ ਹੁਲਾਰਾ ਦੇਣ ਦੇ ਨਾਲ ਮੁਲਕ ਨੂੰ ਮਜ਼ਬੂਤ ਅਗਵਾਈ ਦੇਣ ਵਾਲੇ ਆਗੂ ਵਜੋਂ ਉਭਰੇ ਹਨ। ਸਰਵੇਖਣਾਂ ਦੇ ਲੋਕ ਪ੍ਰਭਾਵ ਤੋਂ ਇਲਾਵਾ ਬਹੁਗਿਣਤੀ ਕੈਨੇਡੀਅਨਾਂ ਦੀ ਨਜ਼ਰ 16 ਤੇ 17 ਅਪ੍ਰੈਲ ਨੂੰ ਹੋਣ ਵਾਲੀ ਲੀਡਰਸ਼ਿਪ ਬਹਿਸ ਉਪਰ ਟਿਕੀ ਹੋਈ ਹੈ। ਸ਼ਾਇਦ ਲੀਡਰਸ਼ਿਪ ਦੀ ਬਹਿਸ ਦੌਰਾਨ ਸੰਕੇਤ ਮਿਲ ਜਾਣਗੇ ਕਿ ਮੁਲਕ ਦੀ ਅਗਵਾਈ ਕਿਹੜੀ ਪਾਰਟੀ ਜਾਂ ਨੇਤਾ ਦੇ ਹੱਥ ਹੋਵੇਗੀ।