ਭਾਰੀ ਸਮਰਥਕਾਂ ਦੀ ਮੌਜੂਦਗੀ ਵਿਚ ਚੋਣ ਦਫਤਰ ਦਾ ਉਦਘਾਟਨ-
ਸਰੀ ( ਨਵਰੂਪ ਸਿੰਘ)- ਬੀਤੇ ਦਿਨ ਸਰੀ ਸੈਂਟਰ ਤੋਂ ਕੰਸਰਵੇਟਿਵ ਉਮੀਦਵਾਰ ਰਾਜਵੀਰ ਸਿੰਘ ਢਿੱਲੋਂ ਦੀ ਚੋਣ ਮੁਹਿੰਮ ਨੂੰ ਹੁਲਾਰਾ ਦਿੰਦਿਆਂ 9093 ਕਿੰਗ ਜੌਰਜ ਵਿਖੇ ਚੋਣ ਦਫਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਉਹਨਾਂ ਦੇ ਸਮਰਥਕ, ਵਲੰਟੀਅਰ ਤੇ ਵੋਟਰ ਹਾਜ਼ਰ ਸਨ। ਇਸ ਮੌਕੇ ਸਰੀ ਨਿਊਟਨ ਤੋਂ ਕੰਸਰਵੇਟਿਵ ਉਮੀਦਵਾਰ ਹਰਜੀਤ ਸਿੰਘ ਗਿੱਲ ਵਿਸ਼ੇਸ਼ ਤੌਰ ਤੇ ਪੁੱਜੇ ਤੇ ਲੋਕਾਂ ਨੂੰ ਕੰਸਰਵੇਟਿਵ ਸਰਕਾਰ ਲਿਆਉਣ ਲਈ ਕੰਸਰੇਵਿਟਵ ਉਮੀਦਵਾਰਾਂ ਦੇ ਭਰਵੇਂ ਸਮਰਥਨ ਦੀ ਅਪੀਲ ਕੀਤੀ। ਇਸ ਮੌਕੇ ਬੋਲਦਿਆਂ ਉਹਨਾਂ ਨੇ ਲਿਬਰਲ ਸਰਕਾਰ ਨੂੰ ਮੁਲਕ ਦੀ ਆਰਥਿਕਤਾ ਦਾ ਮੰਦਾ ਹਾਲ ਕਰਨ ਅਤੇ ਸਮਾਜਿਕ ਨੀਵਾਣਾਂ ਵੱਲ ਲਿਜਾਣ ਲਈ ਜਿੰਮੇਵਾਰ ਦੱਸਿਆ। ਉਹਨਾਂ ਕਿਹਾ ਕਿ ਅਸੀ ਪਿਛਲੇ ਸਮੇਂ ਵਿਚ ਸਾਰੇ ਇਸ ਗੱਲ ਦੇ ਗਵਾਹ ਹਾਂ ਕਿ ਕਿਵੇਂ ਲਿਬਰਲ ਦੀਆਂ ਗਲਤ ਤੇ ਲੋਕ ਮਾਰੂ ਨੀਤੀਆਂ ਕਾਰਣ ਸੋਹਣੇ ਮੁਲਕ ਕੈਨੇਡਾ ਦਾ ਮੰਦਾ ਹਾਲ ਹੋਇਆ। ਲਿਬਰਲ ਆਗੂਆਂ ਨੇ ਮੁਲਕ ਨੂੰ ਹਰ ਪਾਸੇ ਤੋਂ ਨੁਕਸਾਨ ਪਹੁੰਚਾਉਣ ਵਿਚ ਕੋਈ ਕਸਰ ਨਹੀਂ ਛੱਡੀ। ਉਹ ਕੈਨੇਡਾ ਜਿਸਦੀ ਵਿਸ਼ਵ ਭਰ ਵਿਚ ਸੋਹਣੇ ਤੇ ਵਿਕਸਿਤ ਮੁਲਕ ਵਜੋਂ ਪਛਾਣ ਸੀ, ਉਸ ਮੁਲਕ ਦਾ ਵਿਸ਼ਵ ਪੱਧਰ ਤੇ ਗਰਾਫ ਹੇਠਾਂ ਲਿਜਾਣ ਲਈ ਲਿਬਰਲ ਜਿੰਮੇਵਾਰ ਹਨ। ਉਹਨਾਂ ਮੁਲਕ ਨੂੰ ਦੁਬਾਰਾ ਮਜ਼ਬੂਤ ਤੇ ਮੋਹਰੀ ਬਣਾਉਣ ਲਈ ਕੰਸਰਵੇਟਿਵ ਪਾਰਟੀ ਤੇ ਇਸਦੇ ਆਗੂ ਪੀਅਰ ਪੋਲੀਵਰ ਦਾ ਸਾਥ ਦੇਣ ਦਾ ਸੱਦਾ ਦਿੱਤਾ।
ਇਸ ਮੌਕੇ ਸਰੀ ਸੈਂਟਰ ਤੋਂ ਉਮੀਦਵਾਰ ਰਾਜਵੀਰ ਢਿੱਲੋਂ ਨੇ ਲਿਬਰਲਾਂ ਦੀ ਅਗਵਾਈ ਹੇਠ ਮੁਲਕ ਦੀ ਬਣੀ ਤਰਸਯੋਗ ਹਾਲਤ ਦੀ ਚਰਚਾ ਕਰਦਿਆਂ ਲੋਕਾਂ ਨੂੰ ਕੰਸਰਵੇਟਿਵ ਪਾਰਟੀ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ। ਉਹਨਾਂ ਹਲਕੇ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਉਹ ਹਰ ਸਮੇਂ ਉਹਨਾਂ ਦੇ ਨਾਲ ਖੜੇ ਰਹਿਣਗੇ। ਇਸ ਮੌਕੇ ਬੀਸੀ ਕੰਸਰਵੇਟਿਵ ਪਾਰਟੀ ਦੇ ਐਮ ਐਲ ਏ ਮਨਦੀਪ ਧਾਲੀਵਾਲ, ਕੰਸਰਵੇਟਿਵ ਕਾਰਕੁੰਨ ਜੀਸ਼ਾਨ ਵਾਹਲਾ, ਹੋਣਵੀਰ ਰੰਧਾਵਾ, ਕਰਤਾਰ ਸਿੰਘ ਢਿੱਲੋਂ, ਹਰਮਿੰਦਰ ਸੰਧੂ, ਜਗਦੀਪ ਸਿੰਘ ਸੰਧੂ, ਰਿੱਕਾ ਬਾਜਵਾ ਤੇ ਹੋਰ ਕਈ ਸਮਰਥਕ ਹਾਜ਼ਰ ਸਨ ਜਿਹਨਾਂ ਨੇ ਕੰਸਰਵੇਟਿਵ ਪਾਰਟੀ ਅਤੇ ਰਾਜਵੀਰ ਢਿੱਲੋਂ ਨੂੰ ਹਰ ਤਰਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਕੌਮਾਂਤਰੀ ਪ੍ਰਸਿੱਧੀ ਵਾਲੇ ਗਾਇਕ ਜੈਗ ਬਾਜਵਾ ਨੇ ਅੰਗੇਰਜੀ ਤੇ ਪੰਜਾਬੀ ਗੀਤ ਗਾਕੇ ਮਾਹੌਲ ਨੂੰ ਨਵੀਂ ਰੰਗਤ ਦਿੱਤੀ। ਅਖੀਰ ਵਿਚ ਉਮੀਦਵਾਰ ਰਾਜਵੀਰ ਢਿੱਲੋਂ ਨੇ ਆਏ ਮਹਿਮਾਨਾਂ ਤੇ ਸਮਰਥਕਾਂ ਦਾ ਧੰਨਵਾਦ ਕੀਤਾ।