ਸਤਵੰਤ ਸ. ਦੀਪਕ-
ਗੁਰੂ ਨਾਨਕ ਦੇਵ ਜੀ ਦਾ 555ਵਾਂ ਆਗਮਨ ਪੁਰਬ ਆਇਆ ਅਤੇ ਲੋਕਾਈ ਦੇ ਦਿਲੋਂ-ਮਨੋਂ ਵਿਸਰ ਗਿਆ ਹੈ! ਕਰਤਾਰਪੁਰ ਵਾਲ਼ਾ ਲਾਂਘਾ ਚਿਰਾਂ ਤੋਂ ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿਚੋਂ ਲੱਥ ਗਿਆ ਹੈ, ਬੀਤੇ ਦੀ ਬਾਤ ਬਣ ਗਿਆ ਹੈ, ਘੱਟੋ-ਘੱਟ ਅਗਲੇ ਕਈ ਸਾਲਾਂ ਤੱਕ! ਗੁਰੂ ਜੀ ਦੇ 555ਵੇਂ ਆਗਮਨ ਪੁਰਬ ਦੇ ਸਬੰਧ ਵਿਚ ਲੌਕਿਕ ਮਰਿਯਾਦਾ ਵਾਲ਼ੀ ਕੱਤਕ ਦੀ ਪੂਰਨਮਾਸ਼ੀ ਸਮੇ ਸੰਸਾਰ ਭਰ ਵਿਚ ਕੀਤੇ / ਕਰਵਾਏ ਨਗਰ-ਕੀਰਤਨਾਂ, ਵਿਸ਼ਾਲ ਧਾਰਮਕ ਅਤੇ ਸਿਆਸੀ ਇਕੱਠਾਂ, ਧਾਰਮਕ ਅਦਾਰਿਆਂ ਵਿਚ ਕੀਤੇ-ਕਰਵਾਏ ਪੂਜਾ-ਪਾਠਾਂ, ਜਪਾਂ, ਤਪਾਂ, ਕਥਾਕਾਰਾਂ ਵੱਲੋਂ ਘੜੀਆਂ ਝੂਠੀਆਂ ਸਾਖੀਆਂ, ਰਾਗੀਆਂ-ਢਾਡੀਆਂ ਦੀਆਂ ਚੱਕਵੀਆਂ ਸੁਰਾਂ, ਜਲਸੇ-ਜਲੂਸਾਂ ਤੇ ਨਗਰ-ਕੀਰਤਨਾਂ ਦੀ ਧੂੜ ਵਿਚ ਲੱਥਪੱਥ, ਬੇਵੱਸੀ ਅਤੇ ਘੋਰ ਨਿਰਾਸ਼ਾ ਦੇ ਆਲਮ ਵਿਚ ਕਿਸੇ ਨੁਕਰੇ ਲੱਗਾ, ਭੰਮੱਤਰਿਆ, “ਵਿਚਾਰਾ” ਨਾਨਕ ਬੇਪਰਵਾਹ ਅਤੇ ਲਾਪਰਵਾਹ ਜਾਹਲ ਲੋਕਾਂ ਦੀ ਭੀੜ ਨੂੰ ਹੈਰਾਨੀ ਨਾਲ਼ ਵੇਖ ਰਿਹਾ ਹੈ।
ਪੰਜਾਬੀਆਂ, ਖ਼ਾਸ ਕਰਕੇ ਸਿੱਖਾਂ ਬਾਰੇ ਇਹ ਗੱਲ ਪ੍ਰਸਿੱਧ ਹੈ ਕਿ ਇਹ ਇਤਿਹਾਸ ਸਿਰਜਣਾ ਤਾਂ ਜਾਣਦੇ ਹਨ ਪਰ ਸਾਂਭਣਾ ਨਹੀਂ ਜਾਣਦੇ। ਹੁਣ ਤੱਕ ਦਾ ਜੋ ਸਿੱਖ ਇਤਿਹਾਸ ਉਪਲੱਭਤ ਹੈ, ਉਹ ਜਾਂ ਤਾਂ ਅੰਨ੍ਹੀ ਸ਼ਰਧਾ ਵਾਲ਼ੇ ਅਨਿੰਨ ਸਿੱਖਾਂ ਵੱਲੋਂ ਲਿਖਿਆ ਗਿਆ ਹੈ ਜਾਂ ਸਿੱਖ-ਵਿਰੋਧੀ ਲੋਕਾਂ ਵੱਲੋਂ, ਇਸ ਕਰਕੇ ਪਰਮਾਣਿਕ ਇਤਿਹਾਸ ਨਹੀਂ ਮੰਨਿਆ ਜਾ ਸਕਦਾ। ਗੁਰੂ ਨਾਨਕ ਦੇਵ ਜੀ ਬਾਰੇ ਜਿਹੜਾ ਸਾਖੀ ਸਾਹਿਤ ਜਾਂ ਇਤਿਹਾਸ ਉਪਲੱਭਤ ਹੈ ਉਹ ਤਾਂ ਸਾਰੇ ਦਾ ਸਾਰਾ ਅੰਨ੍ਹੀ ਸ਼ਰਧਾ ਭਾਵਨਾ ਵਿਚੋਂ ਉਪਜਿਆ ਪਰਤੀਤ ਹੁੰਦਾ ਹੈ।
ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਬਾਣੀ ਨੇ ਪੰਜਾਬ ਦੀ ਸਮੁੱਚੀ ਜ਼ਿੰਦਗੀ ਵਿਚ ਇਕ ਵੱਡੀ ਕਰਾਂਤੀ ਲਿਆਂਦੀ। ਸੰਭਵ ਹੈ ਉਸ ਮਹਾਨ ਸ਼ਖ਼ਸੀਅਤ ਦੀਆਂ ਜੀਵਨ ਘਟਨਾਵਾਂ ਤੇ ਪਰਵਚਨਾਂ ਨੂੰ ਸੰਭਾਲਣ ਦੀ ਰੀਝ ’ਚੋਂ ਹੀ ਜਨਮ-ਸਾਖੀਆਂ ਦਾ ਜਨਮ ਹੋਇਆ ਹੋਵੇਗਾ। ਗੁਰੂ ਸਾਹਿਬਾਂ ਦੇ ਸਮਿਆਂ ਵਿਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਅਨੇਕਾਂ ਜਨਮ-ਸਾਖੀਆਂ ਪ੍ਰਚੱਲਤ ਹੋਈਆਂ। ਇਨ੍ਹਾਂ ਜਨਮ-ਸਾਖੀਆਂ ਵਿਚ ਗੁਰੂ ਸਾਹਿਬ ਦੇ ਜੀਵਨ ਦੇ ਨਾਲ਼ ਨਾਲ਼ ਗੋਸ਼ਟੀਆਂ, ਬਾਣੀ ਤੇ ਪਰਵਚਨ ਵੀ ਸ਼ਾਮਲ ਹਨ। ਇਹਨਾਂ ਸਾਖੀਆਂ ਵਿਚ, ਖ਼ਾਸ ਕਰਕੇ ਭਾਈ ਬਾਲੇ ਵਾਲ਼ੀ ਜਨਮ ਸਾਖੀ ਵਿਚ ਮਿਥਿਹਾਸਕ ਤੱਥ, ਪੁਰਾਣਕ ਗਾਥਾਵਾਂ, ਅਸੰਭਵ ਗੱਲਾਂ, ਅਯੋਗ ਗੱਲਾਂ, ਗੁਰ-ਆਸ਼ੇ ਵਿਰੁੱਧ ਗੱਲਾਂ, ਪਰਸਪਰ ਵਿਰੋਧੀ ਗੱਲਾਂ, ਭੂਗੋਲ ਸਬੰਧੀ, ਜਯੋਤਿਸ਼ ਸਬੰਧੀ, ਅਤੇ ਹਾਸੋਹੀਣੀਆਂ ਗੱਲਾਂ ਅਤੇ ਗੱਪਾਂ ਵਰਗੀਆਂ ਸਾਖੀਆਂ ਦੀ ਭਰਮਾਰ ਹੈ। ਇਹਨਾਂ ਵਿਸ਼ਿਆਂ ਬਾਰੇ ਸਵ: ਸ: ਕਰਮ ਸਿੰਘ ਹਿਸਟੋਰੀਅਨ ਦੀ “ਕੱਤਕ ਕਿ ਵਿਸਾਖ” ਪੁਸਤਕ ਵਿਚੋਂ ਮੁਕੰਮਲ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਫ਼ਿਲਹਾਲ ਇਸ ਲੇਖ ਵਿਚ ਅਸੀਂ ਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀ ਸਹੀ ਤਰੀਕ ਉੱਤੇ ਹੀ ਕੇਂਦਰਿਤ ਰਹਿਣ ਦੀ ਕੋਸ਼ਿਸ਼ ਕਰਾਂਗੇ।
ਹੱਥਲੇ ਲੇਖ ਵਿਚ ਕੋਸ਼ਿਸ਼ ਕੀਤੀ ਗਈ ਹੈ ਕਿ ਲਕੀਰ ਦੇ ਫਕੀਰ ਨਾ ਬਣ ਕੇ, ਬਲਕਿ ਪਰਮਾਣਿਕ ਤੱਥਾਂ ਦੇ ਆਧਾਰ ’ਤੇ ਸਿੱਧ ਕੀਤਾ ਜਾਵੇ ਕਿ ਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀ ਸਹੀ ਤਰੀਕ ਕਿਹੜੀ ਹੈ। ਲੇਖਕ ਇਥੇ ਇਹ ਵੀ ਸਪਸ਼ਟ ਕਰ ਦੇਣਾ ਚਾਹੁੰਦਾ ਹੈ ਕਿ ਇਹ ਕੋਈ ਨਵੀਂ ਖੋਜ ਨਹੀਂ, ਨਾ ਹੀ ਇਸ ਤਰ੍ਹਾਂ ਦਾ ਦਾਅਵਾ ਹੈ ਕਿ ਇਹ ਹੀ ਆਖ਼ਰੀ ਸੱਚ ਹੈ। ਇਸ ਸਬੰਧੀ ਭਾਵੇਂ ਪਹਿਲਾਂ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ, ਪਰ ਉਹ ਅਲੱਗ ਅਲੱਗ ਪੁਸਤਕਾਂ ਵਿਚ ਖੰਡਿਤ ਰੂਪ ਵਿਚ ਲੱਭਦਾ ਹੈ, ਇਸ ਲੇਖ ਵਿਚ ਇਸ ਸਾਰੀ ਖੋਜ ਨੂੰ ਇਕ ਜਗ੍ਹਾ ਪ੍ਰਸਤੁਤ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਧਾਰਮਕ ਕੱਟੜਪੰਥੀ, ਸਿਆਸੀ ਕੂਟਨੀਤੀ ਅਤੇ ਗੋਲਕਾਂ ਦੀ ਭੁੱਖ ਕਰਕੇ ਇਸ ਸੱਚ ਨੂੰ ਸਧਾਰਨ ਲੋਕਾਂ ਵਿਚ ਪਰਚਾਰਿਆ ਤੇ ਪਰਸਾਰਿਆ ਨਹੀਂ ਜਾਂਦਾ। ਇਸ ਲੇਖ ਵਿਚ ਸ਼੍ਰੀ ਗੁਰੂ ਗਰੰਥ ਸਾਹਿਬ ਤੋਂ ਲੈ ਕੇ ਭਾਈ ਗੁਰਦਾਸ ਜੀ ਦੀਆਂ ਵਾਰਾਂ, ਪਰਚੱਲਤ ਜਨਮ-ਸਾਖੀਆਂ, ਅਨੇਕ ਸਿੱਖ ਇਤਿਹਾਸਕਾਰਾਂ ਅਤੇ ਬੁੱਧੀਜੀਵੀਆਂ ਦੀਆਂ ਦਸਤਾਵੇਜ਼ਾਂ ਅਤੇ ਲਿਖਤਾਂ ’ਚੋਂ ਹਵਾਲੇ ਦੇ ਕੇ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀ ਤਰੀਕ 15 ਅਪਰੈਲ ਹੈ ਨਾ ਕਿ ਲੌਕਿਕ ਮਰਯਾਦਾ ਵਾਲ਼ੀ ਕੱਤਕ ਦੀ ਪੂਰਨਮਸ਼ੀ। ਅਤੇ ਇਹ ਵੀ ਕਿ ਭਾਈ ਬਾਲਾ ਕੋਈ ਇਤਿਹਾਸਕ ਸ਼ਖ਼ਸੀਅਤ ਨਾ ਹੋਕੇ ਮਹਿਜ਼ ਇਕ ਕਲਪਿਤ ਪਾਤਰ ਹੈ, ਜੋ ਗੁਰੂਦੋਖੀਆਂ ਨੇ ਸਾਜਸ਼ੀ ਢੰਗ ਨਾਲ਼ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਅਤੇ ਸੰਗੀ-ਸਾਥੀ ਬਣਾ ਧਰਿਆ ਹੈ। ਜਦ ਭਾਈ ਬਾਲਾ ਅਸਲ ਵਿਚ ਹੋਇਆ ਹੀ ਨਹੀਂ, ਤਾਂ ਫਿਰ ਉਸ ਦੁਆਰਾ ਮੁਖ਼ਸਤ ਅਤੇ ਕਿਸੇ ਭਾਈ ਪੈੜੇ ਮੋਖੇ ਦੁਆਰਾ ਰਚਿਤ ਕਥਿੱਤ ਜਨਮਸਾਖੀ ਵੀ ਨਿਰਾ ਝੂਠ ਦਾ ਗਰੰਥ ਹੈ। ਵਿਚਾਰ ਚਰਚਾ ਨੂੰ ਵਿਵਾਦ-ਮੁਕਤ ਤੇ ਸਾਵਾਂ ਰੱਖਣ ਲਈ ਉਹਨਾਂ ਜਨਮ ਸਾਖੀਆਂ ਅਤੇ ਵਿਦਵਾਨਾਂ ਦੀਆਂ ਲਿਖਤਾਂ ’ਚੋਂ ਵੀ ਹਵਾਲੇ ਦਿੱਤੇ ਗਏ ਹਨ ਜਿਹੜੇ ਕੱਤਕ ਦੀ ਪੂਰਨਮਾਸ਼ੀ ਵਾਲੇ ਜਨਮ ਦਿਹਾੜੇ ’ਤੇ ਬਜ਼ਿਦ ਹਨ। ਇਹਨਾਂ ਵਿਚ ਭਾਈ ਬਾਲੇ ਵਾਲ਼ੀ ਜਨਮ ਸਾਖੀ, ਕਵੀ ਭਾਈ ਸੰਤੋਖ ਸਿੰਘ ਦਾ ਵਿਵਾਦ ਗ੍ਰਸਤ ਗੁਰੂ ਨਾਨਕ ਪ੍ਰਕਾਸ਼ ਗ੍ਰੰਥ, ਬਾਬਾ ਸ੍ਰੀ ਚੰਦ ਤੇ ਬਾਬਾ ਲੱਖਮੀ ਦਾਸ ਵਾਲੀਆਂ ਡੇਰਾਵਾਦੀ ਉਦਾਸੀਨ ਸੰਪਰਦਾਵਾਂ ਤੇ ਟਕਸਾਲੀ ਸੰਸਥਾਵਾਂ ਦੇ ਪੈਰੋਕਾਰ ਵਿਦਵਾਨ, ਕਥਾਵਾਚਕ ਅਤੇ ਲੇਖਕ ਵੀ ਸ਼ਾਮਲ ਹਨ।
ਗੁਰੂ ਜੀ ਦੇ ਸਹੀ ਪ੍ਰਕਾਸ਼ ਦਿਵਸ (ਵੈਸਾਖ) ਬਾਰੇ ਪਰਮਾਣ:
ਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀ ਸਹੀ ਤਰੀਕ ਵੈਸਾਖ (15 ਅਪਰੈਲ) ਦੀ ਨਿਸ਼ਾਨਦੇਹੀ ਕਰਨ ਲਈ ਅਸੀਂ ਸਿੱਖ ਇਤਿਹਾਸ ਦੇ ਸਭ ਤੋਂ ਪਰਮਾਣਿਕ ਸੋਮੇ- ਪੁਰਾਤਨ ਜਨਮ-ਸਾਖੀਆਂ, ਭਾਈ ਗੁਰਦਾਸ ਜੀ ਦੀਆਂ ਵਾਰਾਂ, ਸਿੱਖ ਇਤਿਹਾਸਕਾਰਾਂ ਅਤੇ ਵਿਦਵਾਨਾਂ ਦੀਆਂ ਲਿਖਤਾਂ ਦਾ ਸਹਾਰਾ ਲਿਆ ਹੈ।
(1) ਸ੍ਰੀ ਮਿਹਰਬਾਨ ਜੀ ਸੋਢੀ: ਇਕ ਰਵਾਇਤ ਅਨੁਸਾਰ ਭਾਈ ਗੁਰਦਾਸ ਦੀ ਪਹਿਲੀ ਵਾਰ ਦੇ ਰਚੇ ਜਾਣ ਤੋਂ ਪਹਿਲਾਂ ਮਿਹਰਬਾਨ ਵਾਲ਼ੀ ਜਨਮ ਸਾਖੀ ਹੋਂਦ ਵਿਚ ਆਈ ਜਿਸ ਨੂੰ ਗੋਸ਼ਟਾਂ ਮਿਹਰਬਾਨ ਕਰਕੇ ਵੀ ਲਿਖਿਆ ਹੈ (ਜਨਮ ਸਾਖੀ ਪਰੰਪਰਾ – ਇਤਿਹਾਸਕ ਦ੍ਰਿਸ਼ਟੀਕੋਣ ਤੋਂ ਲੇਖਕ ਕਿਰਪਾਲ ਸਿੰਘ ਪੰਨਾ 26)
ਜਨਮਸਾਖੀ ਸ੍ਰੀ ਗੁਰੂ ਨਾਨਕ ਦੇਵ – ਸ੍ਰੀ ਮਿਹਰਵਾਨ ਲਿਖੀ ਲਿਖਾਈ (1*)
ਅਵਤਾਰ ਧਾਰਨਾ – ਗੋਸ਼ਟਿ ਗੁਰੂ ਬਾਬੇ ਨਾਨਕ ਜੀ ਕੀ।
ਤਬ ਗੁਰੂ ਬਾਬਾ ਨਾਨਕੁ ਕਾਲੂ ਕੈ ਘਰਿ ਤਿਪਰਾ ਕੈ ਉਦਰਿ, ਬੇਦੀ ਕੈ ਬੰਸਿ ਖਤ੍ਰੀ ਕੈ ਜਨਮਿ ਪੰਜਾਬ ਧਰਤੀ ਚਾਹਲਾ ਵਾਲੇ, ਸੰਮਤ 1526 ਵੈਸਾਖ ਮਾਸਿ ਥਿਤਿ ਤ੍ਰਿਤੀਏ ਚਾਂਨਣੀ ਕਉ, ਪਹਰੁ ਰਾਤਿ ਪਿਛਲੀ ਰਹਤੀ ਕਉ ਅੰਬ੍ਰਿਤ ਵੇਲਾ ਜਨਮੂ ਲਇਆ, ਕਲਿ ਕੈ ਬਿਖੈ ਆਇ ਅਵਤਰੇ, ਅਨਾਹਦ ਸਬਦ ਵਾਜੇ, ਤ੍ਰੇਤੀਸ ਕਰੋੜੀ ਦੇਵਤਿਅਹੁ ਨਮਸਕਾਰੁ ਕੀਆ; ਨਵਹੁ ਨਾਥਹੁ ਨਮਸਕਾਰੁ ਕੀਆ; ਛਿਅਹੁ ਜੜੀਅਹੰ ਨਮਸਕਾਰੁ ਕੀਆ; ਚਉਰਾਸੀਹੁ ਸਿਧਹੁ ਨਮਸਕਾਰੁ ਕੀਆ; ਗੁਪਤ ਪਰਗਟਹੁ ਨਮਸਕਾਰੁ ਕੀਆ; ਸਿਧਹੁ ਸਾਧਿਕਹੁ ਨਮਸਕਾਰੁ ਕੀਆ। ਕੋਟ ਕਰੋੜੀ ਬੈਸਨਹੁ ਨਮਸਕਾਰੁ ਕੀਆ। (ਪੰਨਾ 9)
(2) ਭਾਈ ਗੁਰਦਾਸ: ਗੁਰੂ ਨਾਨਕ ਦੇਵ ਜੀ ਦੇ ਸਬੰਧ ਵਿਚ ਸਭ ਤੋਂ ਪਹਿਲੀ ਜਨਮ ਸਾਖੀ ਕਾਵਿ-ਰੂਪ ਵਿਚ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਸ਼ੁਸ਼ੋਭਿਤ ਹੈ । ਪਹਿਲੀ ਵਾਰ ਦੀ 23ਵੀਂ ਪਉੜੀ ਤੋਂ 45ਵੀਂ ਪਉੜੀ ਤੱਕ, ਅਤੇ 11ਵੀਂ ਵਾਰ ਦੀ 13ਵੀਂ ਅਤੇ 14ਵੀਂ ਪਉੜੀ ਵਿਚ ਗੁਰੂ ਨਾਨਕ ਦੇਵ ਜੀ ਬਾਰੇ ਪ੍ਰਸੰਗ ਅੰਕਿਤ ਹਨ। ਗੁਰੂ ਜੀ ਦੇ ਪ੍ਰਕਾਸ਼ ਦਿਵਸ ਦੀ ਨਿਸ਼ਾਨਦੇਹੀ ਕਰਦੀ ਭਾਈ ਗੁਰਦਾਸ ਜੀ (2*) ਦੀ ਪਹਿਲੀ ਵਾਰ ਦੀ 27ਵੀਂ ਪਉੜੀ ਦੇਖੀ ਜਾ ਸਕਦੀ ਹੈ:
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣੂ ਹੋਆ। ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰ ਪਲੋਆ।
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ। ਜਿਥੈ ਬਾਬਾ ਪੈਰ ਧਰਿ ਪੂਜਾ ਆਸਣੂ ਥਾਪਣਿ ਸੋਆ।
ਸਿਧ ਆਸਣਿ ਸਭਿ ਜਗਤ ਦੇ, ਨਾਨਕ ਆਦਿ ਮਤੇ ਜੇ ਕੋਆ। ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ।
ਬਾਬੇ ਤਾਰੇ ਚਾਰਿ ਚਕਿ ਨਉਖੰਡਿ ਪ੍ਰਿਥਮੀ ਸਚਾ ਢੋਆ। ਗੁਰਮੁਖਿ ਕਲਿ ਵਿਚਿ ਪਰਗਟ ਹੋਆ ॥27॥ (ਵਾਰਾਂ ਭਾਈ ਗੁਰਦਾਸ ਵਾਰ 1, ਪਉੜੀ 27)
ਇਸ ਵਾਰ ਵਿਚ “ਹੋਵੈ ਕੀਰਤਨੁ ਸਦਾ ਵਿਸੋਆ” ਸ਼ਬਦਾਂ ਤੋਂ ਸਾਫ਼ ਜ਼ਾਹਿਰ ਹੈ ਕਿ ਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਕੀਰਤਨ ਵਿਸਾਖ ਵਿਚ ਹੀ ਕੀਤਾ ਜਾਂਦਾ ਸੀ, ਨਾ ਕਿ ਕੱਤਕ ਵਿਚ। ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ ਵੀ “ਵਸੋਆ” ਦੇ ਅਰਥ ਹਨ: ਵੈਸਾਖ ਦੀ ਸੰਕ੍ਰਾਂਤਿ, ਵੈਸਾਖੀ।
(3) ਗਿਆਨ ਰਤਨਾਵਲੀ (3*)- ਭਾਈ ਮਨੀ ਸਿੰਘ ਜੀ ਵਾਲੀ ਜਨਮ ਸਾਖੀ “ਬਾਬੇ ਜੀ ਕਾ ਜਨਮ” (ਸਫ਼ਾ 41) ਵਿਚ ਲਿਖਿਆ ਹੈ: ਸੰਮਤ 1526 ਵੈਸਾਖ ਮਾਸ ਸ਼ੁਕਲ ਪੱਖ ਤ੍ਰਿਤੀਆ ਥਿਤ ਸਵਾ ਪਹਿਰ ਰਾਤ ਰਹਿੰਦੀ ਸੁਭ ਮਾਸ ਸੁਭ ਦਿਨ ਸੁਭ ਨਿਖਤ੍ਰ ਸੁਭ ਵਾਰ ਸੁਭ ਥਿਤ ਸੁਭ ਮਹੂਰਤ ਸੁਭ ਘੜੀ ਮਾਤਾ ਤ੍ਰਿਪਤਾ ਅਰ ਪਿਤਾ ਕਾਲੂ ਕੇ ਗ੍ਰਹਿ ਆਣ ਅਵਿਤਾਰ ਧਾਰਿਆ ਅਰ ਆਪਣਾ ਚਤਰ ਭੁਜ ਰੂਪ ਦਿਖਾਇਆ ਤਾਂ ਮਾਤਾ ਪਿਤਾ ਨੇ ਡੰਡਉਤ ਕਰੀ ਅਰ ਤੇਤੀਸ ਕਰੋੜੀ ਦੇਵਤਿਓਂ ਨੇ ਭੀ ਆਨ ਨਮਸਕਾਰ ਕੀਆ ਅਰ ਚਉਰਾਸੀਹ ਸਿਧ ਨਉਂ ਨਾਥ ਛੇ ਜਤੀ ਬਵੰਜਾ ਬੀਰ ਸਭਨਾਂ ਨੇ ਆਨ ਨਮਸਕਾਰ ਕੀਆ ਅਰ ਰਾਗ ਰਾਗਨੀਆਂ ਨਮਸਕਾਰ ਕੀਆ ਅਰ ਦੇਵ ਦੇਵੀਆਂ ਅਰ ਰਿਖੀਸਰ ਤਪੀਸਰ ਜਿਤਨੇ ਉਤਮ ਪੁਰਖ ਸੇ ਸਭਨੋ ਆਨ ਨਮਸਕਾਰ ਕੀਆ ਕਯੋਕਿ ਕਲਜੁਗ ਦੇ ਉਧਾਰ ਵਾਸਤੇ ਆਪ ਨਿਰੰਕਾਰ ਆਨ ਅਵਤਾਰ ਲੀਆ ਹੈ।
(4) ਭਾਈ ਸਰੂਪ ਦਾਸ ਭੱਲਾ: ਮਹਿਮਾਂ ਪ੍ਰਕਾਸ਼ (4*) ਵਿਚ ਲਿਖਿਆ ਹੈ (ਪਹਿਲਾ ਭਾਗ, ਪੰਨਾ 69)
ੴ ਸਤਿਗੁਰੂ ਪ੍ਰਸਾਦਿ॥
ਸ਼੍ਰੀ ਸਤਿਗੁਰ ਅਵਤਾਰ – ਕਥਾ
ਦੋਹਰਾ। ਹਰਿ ਭਇਓ ਅਵਤਾਰ ਨਿਰੰਜਨੀ, ਸੰਤ ਰੂਪ ਤਨ ਧਾਰ। ਕਾਰਨ ਤਾਰਨ ਜਗਤ ਕੋ, ਕਰ ਹੈ ਭਗਤਿ ਪ੍ਰਚਾਰ ॥1॥
ਧੰਨ ਦੇਸ, ਧੰਨ ਨਗਰ ਸੋ, ਧੰਨ ਬਚਨ ਕੁਲ ਸੋਇ। ਧੰਨ ਸਮਾ, ਧਨ ਮਾਤ ਪਿਤ, ਧਨ ਸੰਤ ਜਨਮ ਗ੍ਰਹ ਹੋਇ ।2।
ਦੋਹਰਾ। ਸੰਮਤ ਬਿਕ੍ਰਮ ਨ੍ਰਿਪਤ ਕੋ, ਪੰਦਰਹ ਸਹਸ ਪਚੀਸ। ਬੈਸਾਖ ਸੁਦੀ ਤਿਥ ਤੀਜ ਕੇ ਧਰਿਓ ਸੰਤ ਬਪੁ ਈਸ ।3।
ਚੌਪਈ। ਸ੍ਰੀ ਬਾਬਾ ਕਾਲੂ ਜੀ ਕੇ ਧਾਮੰ। ਸ੍ਰੀ ਮਾਤਾ ਦੇਵੀ ਤਿਪਰੋ ਨਾਮੰ। ਬੇਦੀ ਕੁਲ ਪਾਵਨ ਸ਼ੁਭ ਚਾਗਿ, ਅੰਮ੍ਰਿਤ ਸਮੇਂ ਸਤਿਗੁਰ ਅਵਤਾਰ ।4।
ਦੋਹਰਾ। ਜੈ ਜੈ ਕਾਰ ਜਗਤ ਸੋ, ਭਇਆ ਮੰਗਲ ਤ੍ਰਈ ਲੋਕ। ਉਦੇ ਭਇਓ ਰਵਿ ਗਿਆਨ ਕੋ, ਮਿਟਜੋ ਤਿਮਰ ਅਗਿਆਨ ਵਿਜੋਗ ।5।
(5) ਕੋਲਬ੍ਰੱਕ (ਵਲਾਇਤ ਵਾਲੀ) ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ, ਸੰਪਾਦਕ ਭਾਈ ਵੀਰ ਸਿੰਘ (5*)
ੴ ਸਤ ਗੁਰੁ ਪ੍ਰਸਾਦ। ਸਾਖੀ ਸ੍ਰੀ ਬਾਬੇ ਨਾਨਕ ਜੀ ਕੀ ।
ਸੰਮਤ 1526 ਬਾਬਾ ਨਾਨਕੁ ਜਨਮਿਆ, ਵੈਸਾਖ ਮਾਹਿ ਤ੍ਰਿਤੀਆ, ਚਾਨਣੀ ਰਾਤਿ, ਅੰਮ੍ਰਿਤ ਵੇਲਾ, ਪਹਰ ਰਾਤ ਰਹਿੰਦੀ ਕੁ ਜਨਮਿਆ। ਅਨਹਦ ਸ਼ਬਦ ਪਰਮੇਸ਼ਰ ਕੇ ਦਰਬਾਰ ਵਾਜੇ। ਤੇਤੀਸ ਕਰੋੜੀ ਦੇਵਤਿਆਂ ਨਮਸਕਾਰ ਕੀਆ ਚਉਸਠ ਜੋਗਣੀ ਬਵਜਾਹ ਬੀਰ, ਛਿਆਂ ਜਤੀਆਂ, ਚੌਰਾਸੀਆਂ ਸਿਧਾਂ, ਨਵਾਂ ਨਾਥਾਂ ਨਮਸਕਾਰ ਕੀਆ, ਜੋ ਵਡਾ ਭਗਤ ਜਗਤ ਨਿਸਤਾਰਣ ਕਉ ਆਇਆ: “ਇਸ ਕਉ ਨਮਸਕਾਰ ਕੀਜੀਐ ਜੀ”। ਤਬ ਕਾਲੂ ਖੱਤ੍ਰੀ ਜਾਤ ਵੇਦੀ ਤਲਵੰਡੀ ਰਾਇ ਭੋਂਇ ਭੱਟੀ ਕੀ ਵਸਦੀ ਵਿਚ ਵਸਦਾ ਆਹਾ, ਉਥੈ ਜਨਮੁ ਪਾਇਆ।
(6) ਜਨਮਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ, ਇੰਡੀਆ ਆਫਿ਼ਸ ਲਾਇਬ੍ਰੇਰੀ (ਲੰਡਨ) ਹੱਥ-ਲਿਖਤ Panj – B – 40 (6*)
ਸਾਖੀ ਮਹਲੇ ਪਹਿਲੇ ਹੋਈ ਤਲਵੰਡੀ ਰਾਇ ਭੋਇ ਭਟੀ ਕੀ॥ ਬਾਬਾ ਨਾਨਕੁ ਜੀ ਜਨਮਿਆ ਕਾਲੂ ਖਤ੍ਰੀ ਜਾਤਿ ਵੇਦੀ ਦੇ ਘਰਿ ਜਨਮੁ ਲਇਆ॥ ਕਲਿਜੁਗ ਵਿਚਿ ਬਾਬਾ ਨਾਨਕੁ ਨਾਉ ਧਰਾਇਆ॥ ਆਪਣਾ ਪੰਥੁ ਚਲਾਇਆ॥ ਕਲਿਜੁਗ ਵਿਚਿ ॥ ਸੰਮਤ 1526 ॥ ਬਾਬਾ ਨਾਨਕੁ ਜਨਮਿਆ ॥ ਵੈਸਾਖੋ ਦਿਨ ਤੀਜੈ ਚਾਨਣੀ ਰਾਤਿ ਅੰਮ੍ਰਿਤ ਵੇਲੈ ਪਹਰੁ ਰਾਤਿ ਰਹਦੀ ਜਨਮਿਆ ॥ ਅਨਹਦ ਸਬਦੁ ਬਾਬੇ ਨਾਨਕੁ ਕੇ ਦਰਬਾਰ ਵਾਜੈ ॥ ਤੇਤੀਸੁ ਕਰੋੜੀ ਦੇਵਤਿਆ ਨਮਸਕਾਰ ਕੀਆ ॥ ਚਉਰਾਸੀਆਂ ਸਿਧਾਂ ਨਵਾਂ ਨਾਥਾ ਚਉਸਠੀ ਜੋਗਨੀ ਬਵੰਜਾਹ ਬੀਰਾਂ ਛਿਆਂ ਜਤੀਆਂ ਨਮਸਕਾਰ ਕੀਆ ॥ ਜੋ ਨਿਰੰਕਾਰ ਪੁਰਖੁ ਜਗਤ ਨਿਸਤਾਰਣਿ ਕਉ ਆਇਆ ॥ ਇਸ ਨੋ ਨਿਮਸਕਾਰ ਕੀਜੀਐ ॥ ਤਬ ਕਾਲੂ ਖਤਰੀ ਜਾਤਿ ਵੇਦੀ ਤਲਵੰਡੀ ਰਾਇ ਭੋਏ ਭਟੀ ਦੀ ਵਸਦੀ ਵਿਚਿ ਵਸਦਾ ਸਾ ॥ ਉਥੈ ਜਨਮੁ ਲਇਆ॥
(7) ਹਾਫਜ਼ਾਬਾਦ ਵਾਲੀ਼ ਜਨਮਸਾਖੀ, ਜਨਮ ਸਾਖੀ ਬਾਬੇ ਨਾਨਕ ਜੀ ਕੀ, ਮਿ: ਮੈਕਸ ਮੈੱਕਾਲਿਫ਼ ਦੁਆਰਾ ਸੰਪਾਦਿਤ (7*)
ੴ ਸਤ ਗੁਰੁ ਪ੍ਰਸਾਦ। ਸਾਖੀ ਸ੍ਰੀ ਬਾਬੇ ਨਾਨਕ ਜੀ ਕੀ।
ਸ੍ਰੀ ਸਤ ਗੁਰੂ ਜੀ ਜਗਤ ਨਿਸਤਾਰਣ ਕੋ ਆਇਆ; ਕਲਿਜੁਗ ਵਿੱਚ ਬਾਬਾ ਨਾਨਕ ਹੋਇ ਜਨਮਿਆਂ, ਪਾਰ ਬ੍ਰਹਮ ਕਾ ਨਿਜ ਭਗਤ। ਸੰਮਤ 1526 ਬਾਬਾ ਨਾਨਕੁ ਜਨਮਿਆ, ਵੈਸਾਖ ਮਾਹਿ, ਤ੍ਰਿਤੀਆ ਚਾਨਣੀ ਰਾਤਿ, ਅੰਮ੍ਰਿਤ ਵੇਲਾ; ਪਹਰ ਰਾਤ ਰਹਿੰਦੀ ਕੁ ਜਨਮਿਆ। ਅਨਹਦ ਸ਼ਬਦ ਪਰਮੇਸ਼ਰ ਕੇ ਦਰਬਾਰ ਵਾਜੇ; ਤੇਤੀ ਕਰੋੜੀ ਦੇਵਤਿਆਂ ਨਮਸਕਾਰ ਕੀਆ, ਚੌੁਸਠ ਜੋਗਣੀ ਬਵੰਜਾ ਬੀਰ; ਛੀਆਂ ਜਤੀਆਂ, ਚੌਰਾਸੀਆਂ ਸਿਧਾਂ, ਨਵਾਂ ਨਾਥਾਂ ਨਮਸਕਾਰ ਕੀਆ, ਜੋ ਵਡਾ ਭਗਤ ਜਗਤ ਨਿਸਤਾਰਣ ਕੋੁ ਆਇਆ: “ਇਸ ਕਉ ਨਮਸਕਾਰ ਕੀਜੀਐ ਜੀ” ॥
(8) ਭਾਈ ਬਾਲੇ ਵਾਲੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ (8*)
ਕੱਤਕ ਪੂਰਨਮਾਸ਼ੀ ਵਾਲੇ ਜਨਮ ਦਾ ਜ਼ਿਕਰ ਸਿਰਫ਼ ਭਾਈ ਬਾਲੇ ਵਾਲੀ ਜਨਮ ਸਾਖੀ ਵਿਚ ਹੀ ਲਿਖਿਆ ਮਿਲਦਾ ਹੈ ਜਾਂ ਬਾਅਦ ਵਿਚ ਜਿਹੜੀਆਂ ਜਨਮ ਸਾਖੀਆਂ ਇਸ ਜਨਮ ਸਾਖੀ ਦੇ ਆਧਾਰ ’ਤੇ ਬਣਾਈਆਂ ਗਈਆਂ ਹਨ। ਜਿਵੇਂ ਕਹਾਵਤ ਹੈ ਕਿ ਸੱਚ ਸਿਰ ਚੜ੍ਹ ਕੇ ਬੋਲਦਾ ਹੈ, ਪੁਰਾਤਨ ਜਨਮ ਸਾਖੀਆਂ ਵਿਚ ਸਭ ਤੋਂ ਵੱਧ ਵਿਵਾਦ-ਗ੍ਰਸਤ ਅਤੇ ਸਾਰੇ ਤੂਲ ਦੀ ਜੜ੍ਹ ‘ਭਾਈ ਬਾਲੇ ਵਾਲੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ’ ਦੇ ਸੰਪਾਦਕ ਬੁੱਧ ਸਿੰਘ ‘ਰਤਨ’ ਨੇ ਵੀ ਇਸ ਜਨਮ ਸਾਖੀ ਦੇ ਅਖ਼ੀਰ ਵਿਚ ਲਿਖੀ ਭੂਮਿਕਾ ਵਿਚ ਮੰਨਿਆ ਹੈ ਕਿ “ਸੰਮਤ 1520 ਬਿ: ਤੋਂ ਲੈ ਕੇ ਅੱਜ ਤਕ ਜਿਤਨੀਆਂ ਜਨਮ ਸਾਖੀਆਂ ਗੁਰੂ ਨਾਨਕ ਸਾਹਿਬ ਜੀ ਦੀਆਂ ਬਣ ਚੁਕੀਆਂ ਹਨ ਭਾਵੇਂ ਆਪਸ ਵਿਚ ਸਾਰੀਆਂ ਦੀਆਂ ਸਾਰੀਆਂ ਨਹੀਂ ਮਿਲਦੀਆਂ ਤਾਂ ਭੀ ਅਸਲੀਅਤ ਸਭਨਾ ਵਿਚੋਂ ਸਿੱਧ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਬਹੁਤ ਸਾਰੀਆਂ ਸਾਖੀਆਂ ਤੇ ਨਾਨਕ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ ਜੀ ਨੇ ਕੱਤਕ ਦੀ ਪੂਰਨਮਾਸ਼ੀ ਦਾ ਲਿਖਿਆ ਹੈ ਅਤੇ ਭਾਈ ਮਨੀ ਸਿੰਘ ਜੀ ਤੇ ਵਲੈਤ ਵਾਲੀ ਸਾਖੀ ਵਿਚ ਜਨਮ ਵੈਸਾਖ ਸੁਦੀ ਤੀਜ ਦਾ ਲਿਖਿਆ ਹੈ। ਇਸ ਦੀ ਅਸਲੀਅਤ ਜਿਥੋਂ ਤਕ ਦੇਖੀ ਜਾਂਦੀ ਹੈ ਤਾਂ ਵੈਸਾਖ ਸੁਦੀ ਤੀਜ ਦਾ ਹੀ ਜਨਮ ਦਿਨ ਸਿੱਧ ਹੁੰਦਾ ਹੈ ਪਰੰਤੂ ਲੌਕਿਕ ਮਰਯਾਦਾ ਦਾ ਪ੍ਰਵਾਹ ਜਿਹੜਾ ਇਕ ਵਾਰੀ ਪੈ ਗਿਆ ਹੈ ਏਸਦਾ ਇਕੋ ਵਾਰੀ ਪਲਟ ਜਾਣਾ ਬਹੁਤ ਮੁਸ਼ਕਿਲ ਹੈ ਤੇ ਜੇਕਰ ਕੋਈ ਇਕ ਅੱਧਾ ਪੁਰਖ ਹੌਂਸਲਾ ਕਰਕੇ ਏਸ ਦੇ ਪਰਚਾਰ ਕਰਨ ਵਾਸਤੇ ਕੋਸ਼ਸ਼ ਕਰਦਾ ਹੈ ਤਾਂ ਬਾਕੀ ਦੇ ਲੋਕ ਜਿਨ੍ਹਾਂ ਨੂੰ ਪੂਰੀ ਵਾਕਫ਼ੀਅਤ ਨਹੀਂ ਹੁੰਦੀ ਓਸਦਾ ਸਾਥ ਨਹੀਂ ਦੇਂਦੇ ਜਿਸ ਕਰਕੇ ਓਸਦੀ ਮਿਹਨਤ ਨਿਹਫਲ ਹੁੰਦੀ ਹੈ। ਪਰੰਤੂ ਅਸੀਂ ਭਰੋਸਾ ਰੱਖਦੇ ਹਾਂ ਕਿ ਜੇਕਰ ਸਿੰਘ ਸਭਾ ਵਾਲੇ ਲੋਕ ਇਕੱਤਰ ਹੋ ਕੇ ਇਸ ਦਾ ਨਿਰਨਾ ਕਰਕੇ ਪਰਚਾਰ ਕਰਨਾ ਚਾਹੁਣ ਤਾਂ ਇਹ ਗੱਲ ਕੋਈ ਮੁਸ਼ਕਲ ਨਹੀਂ … ”
(9) ਖ਼ਾਲਸੇ ਦਾ ਸਾਜਨਾ ਦਿਵਸ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦਾ ਸਾਜਨਾ ਦਾ ਮੁਕੱਦਸ ਦਿਵਸ 15 ਅਪਰੈਲ – ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਚੁਣਿਆ, ਉਹ ਕੋਈ ਮਹਿਜ਼ ਇਤਫ਼ਾਕ ਜਾਂ ਅਚਾਨਕ ਉਪਜਿਆ ਖ਼ਿਆਲ ਨਹੀਂ ਸੀ, ਨਾ ਹੀ ਸਿਰਫ਼ ਇਸ ਕਰਕੇ ਕਿ ਉਸ ਦਿਨ ਵਿਸਾਖੀ ਸੀ, ਸਗੋਂ ਗੁਰੂ ਜੀ ਦੀ ਦੂਰ-ਅੰਦੇਸ਼ੀ, ਖ਼ਾਲਸਾ ਇਤਿਹਾਸ ਵਿਚ ਇਕ ਬੇਜੋੜ ਫ਼ੈਸਲਾ, ਪਰਪੱਕ ਸੋਚ-ਵਿਚਾਰ, ਅਤੇ ਗੁਰੂ ਨਾਨਕ ਦੇਵ ਜੀ ਪ੍ਰਤੀ ਸੱਚੀ ਸ਼ਰਧਾ ਦਾ ਪ੍ਰਤੀਕ ਸੀ। ਗੁਰੂ ਗੋਬਿੰਦ ਸਿੰਘ ਲਈ ਖ਼ਾਲਸਾ ਪੰਥ ਦਾ ਸਿਰਜਣਾ ਦਿਵਸ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਤੋਂ ਬਿਨਾ ਹੋਰ ਕੋਈ ਪਵਿੱਤਰ ਦਿਹਾੜਾ ਨਹੀਂ ਸੀ ਹੋ ਸਕਦਾ।
ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਪੰਜ ਪਿਆਰਿਆਂ ਨੂੰ ਖ਼ਾਲਸਾਈ ਬਸਤਰ ਪਹਿਨਾ ਅਤੇ ਖੰਡੇ ਬਾਟੇ ਦੀ ਪਹੁਲ ਛਕਾ ਕੇ ਜਾਤ-ਪਾਤ ਅਤੇ ਨਸਲੀ ਵਿਖਰੇਵੇਂ ਬੰਦ ਕਰ ਕੇ ਨਵਾਂ ਮਨੁੱਖ ਭਾਵ ਖ਼ਾਲਸਾ ਸਾਜਿਆ ਸੀ। ਪਰ ਅਫ਼ਸੋਸ ਦੀ ਗੱਲ ਹੈ ਕਿ ਬਾਅਦ ਵਿਚ ਖ਼ਾਲਸੇ ਦੇ ਜਨਮ ਨੂੰ ਗੁਰੂ ਨਾਨਕ ਜੀ ਦੇ ਪ੍ਰਕਾਸ਼ ਦਿਹਾੜੇ ਨਾਲ਼ ਜੋੜਨ ਦੀ ਥਾਂ ਇਸ ਨੂੰ ਸਿਰਫ਼ ਵਿਸਾਖੀ ਨਾਲ਼ ਜੋੜ ਦਿਤਾ ਗਿਆ।
(10) ਮੈਕਸ ਮੈਕਾਲਿਫ਼ – The Sikh Religion Volume 1 (10*)
ਪੁਰਾਤਨ ਸਿੱਖ ਦਸਤਾਵੇਜ਼ਾਂ ਅਨੁਸਾਰ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ 1469 ਈਸਵੀ ਨੂੰ ਬੈਸਾਖ ਮਹੀਨੇ ਦੇ ਚਾਨਣ ਪੱਖ ਦੇ ਤੀਜੇ ਦਿਨ ਦੇ ਤੜਕੇ ਸਵੇਰੇ ਜਨਮੇ। ਪਰ ਸੁਵਿਧਾ ਖ਼ਾਤਰ ਸਿੱਖਾਂ ਵੱਲੋਂ ਉਹਨਾ ਦੀ ਇਹ ਵਰ੍ਹੇਗੰਢ ਹੁਣ ਕਾਰਤਕ ਮਹੀਨੇ (ਅਕਤੂਬਰ-ਨਵੰਬਰ) ਦੀ ਪੂਰਨਮਾਸ਼ੀ ਦੇ ਮੌਕੇ ਮਨਾਈ ਜਾਣ ਲੱਗੀ ਹੈ।
(11) ਭਾਈ ਕਾਹਨ ਸਿੰਘ ਨਾਭਾ – ਮਹਾਨ ਕੋਸ਼ (11*), ਪੰਨਾ 692
ਨਾਨਕ ਦੇਵ ਸਤਿਗੁਰੂ: ਸਿੱਖ ਧਰਮ ਦੇ ਆਚਾਰਯ, ਅਗਯਾਨ ਅੰਧਕਾਰ ਦੇ ਵਿਨਾਸ਼ਕ ਸੂਰਯਰੂਪ ਜਗਤਗੁਰੂ ਨਾਨਕ ਦਾ ਜਨਮ ਵੈਸਾਖ ਸੁਦੀ 3 (20 ਵੈਸਾਖ) ਸੰਮਤ 1526 (15 ਅਪਰੈਲ ਸੰਨ 1469) ਨੂੰ ਬੇਦੀ ਕਾਲੂਚੰਦ ਦੇ ਘਰ ਮਾਤਾ ਤ੍ਰਿਪਤਾ ਜੀ ਦੇ ਉਦਰ ਤੋਂ, ਰਾਇ ਭੋਇ ਦੀ ਤਲਵੰਡੀ ਵਿੱਚ (ਜੋ ਹੁਣ ਨਾਨਕਿਆਣਾ ਪ੍ਰਸਿੱਧ ਹੈ) ਹੋਇਆ।
(12) ਕਰਮ ਸਿੰਘ ਹਿਸਟੋਰੀਅਨ – ਕੱਤਕ ਕਿ ਵਿਸਾਖ (12*)
ਗੁਰੂ ਨਾਨਕ ਦੇਵ ਜੀ ਦੇ ਆਗਮਨ ਦਿਵਸ ਬਾਰੇ ਸਭ ਤੋਂ ਵੱਧ ਪ੍ਰਮਾਣਿਕ ਖੋਜ ਸਵ: ਕਰਮ ਸਿੰਘ ਹਿਸਟੋਰੀਅਨ ਦੀ ‘ਕੱਤਕ ਕਿ ਵਿਸਾਖ’ ਪੁਸਤਕ ਹੈ, ਜਿਸ ਨੂੰ ਚੀਫ਼ ਖ਼ਾਲਸਾ ਦੀਵਾਨ ਨੇ 1912 ਵਿਚ ਪ੍ਰਕਾਸ਼ਤ ਕਰਵਾਇਆ ਸੀ। ਇਸ ਵਿਸ਼ੇ ਬਾਰੇ ਸ਼ਾਇਦ ਇਹ ਪਹਿਲੀ ਪ੍ਰਮਾਣਿਕ ਪੁਸਤਕ ਹੈ ਜਿਸ ਵਿਚ ਉਹਨਾਂ ਨੇ ਗਣਿਤ ਦੀ ਸਰਲ ਵਿਧੀ ਰਾਹੀਂ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਰੀਕ (ਅੱਸੂ ਸੁਦੀ 10, ਸੰਮਤ 1596, ਜਿਸ ਬਾਰੇ ਸਾਰੇ ਸਹਿਮਤ ਹਨ) ਵਿਚੋਂ ਉਹਨਾਂ ਦੀ ਕੁੱਲ ਆਯੂ (70 ਸਾਲ, 5 ਮਹੀਨੇ ਤੇ 7 ਦਿਨ) ਘਟਾ ਕੇ ਸਿੱਧ ਕਰ ਦਿੱਤਾ ਹੈ ਕਿ ਜਨਮ ਦੀ ਤਰੀਕ ਵਿਸਾਖ ਸੁਦੀ ਤਿੰਨ, ਸੰਮਤ 1526 ਬਣਦੀ (15 ਅਪਰੈਲ ਸੰਨ 1469) ਹੈ ਨਾ ਕਿ ਕੱਤਕ ਦੀ ਪੂਰਨਮਾਸ਼ੀ।
(13) ਖੁਸ਼ਵੰਤ ਸਿੰਘ (ਸਿੱਖ ਇਤਿਹਾਸ ਭਾਗ ਪਹਿਲਾ (13*), ਪੰਨਾ 38):
ਗੁਰੂ ਨਾਨਕ – ਨਾਨਕ ਦਾ ਜਨਮ 15 ਅਪਰੈਲ 1469 ਈ ਵਿਚ ਹੋਇਆ । ਉਸ ਦਾ ਪਿਤਾ ਮਹਿਤਾ ਕਲਿਆਨ ਦਾਸ ਬੇਦੀ ਤਲਵੰਡੀ ਰਾਇ ਭੋਇ ਦਾ ਪਟਵਾਰੀ ਸੀ ਜੋ ਲਾਹੌਰ ਤੋਂ 40 ਮੀਲ ਦੂਰ ਸੀ। ਹੁਣ ਉਸ ਨੂੰ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ।
ਇਸੇ ਸਫ਼ੇ ’ਤੇ ਫੁੱਟਨੋਟ 10 ਵਿਚ ਲਿਖਿਆ ਹੈ: “ਗੁਰੂ ਨਾਨਕ ਦਾ ਜਨਮ ਦਿਨ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਇਸ ਦਾ ਆਧਾਰ ਭਾਈ ਬਾਲਾ ਵਾਲੀ ਜਨਮ ਸਾਖੀ ਹੈ ਜਿਸਨੂੰ ਬਹੁਤੇ ਵਿਦਵਾਨ ਨਕਲੀ ਸਮਝਦੇ ਹਨ। ਪ੍ਰੰਤੂ ਪਰੰਪਰਾ ਨੂੰ ਜਾਰੀ ਰੱਖਣ ਖਾਤਰ ਜਨਮ ਦਿਨ ਮਨਾਉਣ ਲਈ ਇਸ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਇਸ ਵਿਚ ਕੋਈ ਸੰਦੇਹ ਨਹੀਂ ਕਿ ਸਹੀ ਤਾਰੀਖ 15 ਅਪਰੈਲ 1469 ਹੈ। ਬਹੁਤ ਸਾਰੀਆਂ ਜਨਮ ਸਾਖੀਆਂ ਵਿਚ ਇਸ ਬਾਰੇ ਸਹਿਮਤੀ ਹੈ ਕਿ ਬਾਬਾ ਨਾਨਕ ਸੰਮਤ 1526 ਨੂੰ ਵੈਸਾਖ ਨੂੰ ਤਿੰਨ ਚਾਨਣੀ ਰਾਤ ਨੂੰ ਪਹਿਰ ਰਾਤ ਰਹਿੰਦੀ ਨਾਲ, ਸੂਰਜ ਚੜ੍ਹਨ ਤੋਂ ਤਿੰਨ ਘੰਟੇ ਪਹਿਲਾਂ ਪੈਦਾ ਹੋਇਆ। ਇਸ ਦੀ ਪ੍ਰੋੜ੍ਹਤਾ “ਮਹਿਮਾ ਪ੍ਰਕਾਸ਼” ਤੋਂ ਵੀ ਤੇ ਹੋਰ ਸਾਰੇ ਬਿਰਤਾਂਤਾਂ ਤੋਂ ਵੀ ਹੁੰਦੀ ਹੈ ਜਿਹੜੇ ਉਸਦੀ ਕੁਲ ਉਮਰ ਤੇ ਜੋਤੀ ਜੋਤ ਸਮਾਉਣ ਦੀ ਮਿਤੀ ਤੋਂ ਗਿਣਨ ਨਾਲ 15 ਅਪਰੈਲ 1469 ਹੀ ਨਿਕਲਦੀ ਹੈ।”
(14) ਡਾਕਟਰ ਸਾਹਿਬ ਸਿੰਘ: ਜੀਵਨ ਬਿਰਤਾਂਤ ਸ੍ਰੀ ਗੁਰੂ ਨਾਨਕ ਦੇਵ ਜੀ (14*) ਪੰਨਾ 13
“ਜਨਮ-ਅਸਥਾਨ: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ, ਪਿੰਡ ਤਲਵੰਡੀ ਵਿਚ ਵੈਸਾਖ ਸੁਦੀ 3 ਸੰਮਤ 1526 ਨੂੰ ਹੋਇਆ। ਪ੍ਰਵਿਸ਼ਟਾ ਮਹੀਨਾ ਵੈਸਾਖ ਦੀ 20 ਤਰੀਕ ਸੀ। ਈਸਵੀ 1469 ਮਹੀਨਾ ਅਪਰੈਲ ਦੀ 15 ਤਰੀਕ ਤੇ ਦਿਨ ਛਨਿੱਛਰ ਵਾਰ ਸੀ। ਤਲਵੰਡੀ ਦਾ ਪਹਿਲਾ ਨਾਮ ‘ਰਾਇਪੁਰ’ ਸੀ ਫਿਰ ‘ਰਾਇਭੋਇ ਦੀ ਤਲਵੰਡੀ’ ਨਾਮ ਪਰਸਿੱਧ ਹੋਇਆ। ਸਤਿਗੁਰੂ ਨਾਨਕ ਦੇਵ ਜੀ ਦਾ ਜਨਮ-ਅਸਥਾਨ ਹੋਣ ਕਰਕੇ ਹੁਣ ਇਸ ਦਾ ਨਾਮ ‘ਨਨਕਾਣਾ ਸਾਹਿਬ’ ਹੈ। ਨਨਕਾਣਾ ਸਾਹਿਬ, ਲਾਹੌਰ ਤੋਂ 48 ਮੀਲ ਪੱਛਮ ਵੱਲ ਹੈ। ਲਾਹੌਰ ਤੋਂ ਜੜ੍ਹਾਂਵਾਲੇ ਨੂੰ ਜਾਣ ਵਾਲੀ ਰੇਲਵੇ ਲਾਈਨ ਉੱਤੇ ਨਨਕਾਣਾ ਸਾਹਿਬ ਰੇਲ ਦਾ ਸਟੇਸ਼ਨ ਹੈ, ਜ਼ਿਲਾ ਸ਼ੇਖੂਪੁਰਾ। ਜ਼ਿਲਾ ਸ਼ੇਖੂਪੁਰਾ ਜੰਕਸ਼ਨ ਤੋਂ ਇਕ ਲਾਈਨ ਸਾਂਗਲੇ ਦੇ ਰਸਤੇ ਲਾਇਲਪੁਰ ਨੂੰ ਜਾਂਦੀ ਹੈ। ਦੂਜੀ ਲਾਈਨ ਨਨਕਾਣਾ ਸਾਹਿਬ – ਜੜ੍ਹਾਂਵਾਲੇ ਦੇ ਰਸਤੇ, ਲਾਇਲਪੁਰ ਨੂੰ ਜਾਂਦੀ ਹੈ।”
(15) ਪ੍ਰਿੰਸੀਪਲ ਸਤਿਬੀਰ ਸਿੰਘ – ਪੁਸਤਕ ‘ਬਲਿਓ ਚਿਰਾਗ’ (15*)
“ਪ੍ਰਕਾਸ਼ – ਤਲਵੰਡੀ ਵਿਖੇ ਬਾਬੇ ਦਾ ਜਨਮ ਅੰਮ੍ਰਿਤ ਵੇਲੇ ਹੋਇਆ। ਵੈਸਾਖ ਸੁਦੀ ਤਿੰਨ ਸੀ। ਸੰਮਤ 1526, ਸੰਨ 1469 ਅਤੇ ਅਪਰੈਲ ਦੀ ਪੰਦਰਾਂ ਸੀ। ਦਿਨ ਬੁੱਧਵਾਰ ਸੀ। ਖੁਸ਼ੀ ਦੇ ਵਾਜੇ ਵੱਜੇ। ਇਵੇਂ ਹੋਇਆ ਜਿਵੇਂ ਅੱਠਾਂ ਬੱਤੀਆਂ ਵਾਲੇ ਸ਼ਮਾਦਾਨ ਦੀ ਰੋਸ਼ਨੀ, ਸੂਰਜ ਚੜ੍ਹਿਆਂ ਨਿੰਮੀ ਪੈ ਜਾਂਦੀ ਹੋਵੇ । ‘ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ’ ਵਾਲੀ ਗੱਲ ਹੋਈ । ਕਈ ਜੀਵ ਦਲਿਦਰੀ ਸਨ, ਉਹ ਧੰਨਵੰਤ ਹੋਏ। ਕਈ ਜੀਵ ਰੋਗੀ ਸਨ, ਉਹ ਅਰੋਗ ਹੋਏ। ਪ੍ਰਿਥਮੀ ਨੇ ਆਪਣੇ ਆਪ ਨੂੰ ਹੌਲਾ-ਹੌਲਾ ਮਹਿਸੂਸ ਕੀਤਾ।”
(16) ਪ੍ਰਿੰਸੀਪਲ ਤੇਜਾ ਸਿੰਘ, ਡਾ: ਗੰਡਾ ਸਿੰਘ – ਸਿੱਖ ਇਤਿਹਾਸ (16*): “ਸਿੱਖ ਲਹਿਰ ਗੁਰੂ ਨਾਨਕ ਸਾਹਿਬ ਸਾਹਿਬ ਤੋਂ ਆਰੰਭ ਹੋਈ। ਉਨ੍ਹਾਂ ਦਾ ਜਨਮ 15 ਅਪਰੈਲ 1469 (ਵਿਸਾਖ ਸੁਦੀ 3, 1526 ਬਿਕਰਮੀ) ਨੂੰ ਇਕ ਖੱਤਰੀ ਘਰਾਣੇ ਵਿਚ ਰਾਇ ਭੋਇ ਦੀ ਤਲਵੰਡੀ ਦੇ ਸਥਾਨ ‘ਤੇ ਹੋਇਆ, ਜਿਸ ਨੂੰ ਹੁਣ ਨਨਕਾਣਾ ਸਾਹਿਬ ਕਹਿੰਦੇ ਹਨ। ਇਹ ਨਗਰ ਲਾਹੌਰ ਤੋਂ ਦੱਖਣ-ਪੱਛਮ ਵੱਲ ਕੋਈ 40 ਮੀਲਾਂ ਦੀ ਦੀ ਵਿਥ ਤੇ ਹੈ। ਗੁਰੂ ਨਾਨਕ ਜੀ ਦੇ ਪਿਤਾ ਮਹਿਤਾ ਕਾਲੂ ਜੀ ਇਕ ਭੱਟੀ ਜਾਗੀਰਦਾਰ ਰਾਇ ਬੁਲਾਰ ਦੇ ਪਟਵਾਰੀ ਜਾਂ ਲੇਖਾਕਾਰ ਸਨ।”
(17) ਸਵ: ਸ: ਪਾਲ ਸਿੰਘ ਪੁਰੇਵਾਲ ਹੋਰਾਂ ਵੱਲੋਂ ਤਿਆਰ ਕੀਤੇ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਪਰਵਾਨਿਤ ਨਾਨਕਸ਼ਾਹੀ ਕੈਲੰਡਰ ਵਿਚ ਵੀ ਵੈਸਾਖ ਮਹੀਨੇ ਵਿਚ ਗੁਰੂ ਨਾਨਕ ਜੀ ਦੇ ਪ੍ਰਕਾਸ਼ ਦਿਵਸ ਦਾ ਇੰਦਰਾਜ਼ ਹੈ। ਸਵ: ਸ: ਪਾਲ ਸਿੰਘ ਪੁਰੇਵਾਲ ਨੇ ਆਪਣੇ ਲੇਖ ‘Birth Date of Guru Nanak Sahib’ (17*) ਵਿਚ ਦੋਵੇਂ ਜਨਮ ਤਰੀਕਾਂ (ਕੱਤਕ ਕਿ ਵੈਸਾਖ) ਦਾ ਤੁਲਨਾਤਮਿਕ ਵਿਸਲੇਸ਼ਨ ਕਰਦਿਆਂ, ਰੂੜ੍ਹੀਵਾਦੀ ਟੇਵਿਆਂ ਅਤੇ ਤਿੱਥਾਂ ਨੂੰ ਨਿਕਾਰਦੇ ਹੋਏ ਸਵ: ਕਰਮ ਸਿੰਘ ਹਿਸਟੋਰੀਅਨ ਵਾਂਗ ਗਣਿਤ ਦੀ ਸੁਖੱਲੀ ਵਿਧੀ ਰਾਹੀਂ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਰੀਕ (ਅੱਸੂ ਵਦੀ 10, 1596) ਵਿਚੋਂ ਗੁਰੂ ਜੀ ਦੀ ਕੁੱਲ ਆਯੂ (70 ਸਾਲ, 5 ਮਹੀਨੇ ਤੇ 7 ਦਿਨ, ਜਿਸ ’ਤੇ ਸਾਰੇ ਸਹਿਮਤ ਹਨ), ਘਟਾ ਕੇ ਸਿੱਧ ਕੀਤਾ ਹੈ ਕਿ ਜਨਮ ਦੀ ਤਰੀਕ 1 ਵੈਸਾਖ, 1526, ਦਿਨ ਸੋਮਵਾਰ ਬਣਦੀ ਹੈ। ਅਤੇ ਉਸ ਦਿਨ ਪੂਰਨਮਾਸ਼ੀ ਵੀ ਸੀ।
(18) ਹੋਰ ਪ੍ਰਸਿੱਧ ਸਿੱਖ ਸਕਾਲਰ ਤੇ ਵਿਦਵਾਨ – ਡਾਕਟਰ ਜੋਧ ਸਿੰਘ, ਡਾ: ਤਾਰਨ ਸਿੰਘ ਐਮ ਏ, ਡਾ: ਹਰੀ ਰਾਮ ਗੁਪਤਾ, ਪ੍ਰੋਫੈਸਰ ਸਾਹਿਬ ਸਿੰਘ, ਪ੍ਰੋਫੈਸਰ ਕਰਤਾਰ ਸਿੰਘ ਐਮ ਏ, ਪ੍ਰੋਫੈਸਰ ਸ਼ੇਰ ਸਿੰਘ ਐਮ ਏ, ਸ: ਅਮਰ ਸਿੰਘ ਐਡੀਟਰ ਸ਼ੇਰੇ ਪੰਜਾਬ, ਗੁਰਮੁਖ ਨਿਹਾਲ ਸਿੰਘ, ਸੋਢੀ ਤੇਜਾ ਸਿੰਘ, ਪ੍ਰੋਫੈਸਰ ਜੁਗਿੰਦਰ ਸਿੰਘ, ਸ: ਕਪੂਰ ਸਿੰਘ, ਡਾ: ਗੁਰਬਚਨ ਸਿੰਘ ਤਾਲਿਬ, ਸ: ਹਰਨਾਮ ਸਿੰਘ ਸ਼ਾਨ, ਆਦਿ ਸਾਰੇ ਲਿਖਾਰੀਆਂ ਦਾ ਮੰਨਣਾ ਹੈ ਕਿ ਗੁਰੂ ਨਾਨਕ ਦਾ ਜਨਮ ਵਸਾਖ ਸੁਦੀ ਤੀਜ, ਸੰਮਤ 1526 ਦਾ ਹੈ। ਭਾਰਤ ਸਰਕਾਰ, ਪੰਜਾਬ ਸਰਕਾਰ, ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਭਾਸ਼ਾ ਵਿਭਾਗ ਪਟਿਆਲਾ, ਸ੍ਰੋਮਣੀ ਗੁਰਦੁਆਰ ਪ੍ਰਬੰਧਕ ਕਮੇਟੀ, ਚੀਫ਼ ਖ਼ਾਲਸਾ ਦੀਵਾਨ, ਗੁਰੂ ਨਾਨਕ ਫਾਉਂਡੇਸ਼ਨ ਆਦਿ ਨੇ ਵੀ ਗੁਰੂ ਨਾਨਕ ਦੇਵ ਜੀ ਦੀ 500ਵੀਂ ਜਨਮ ਸ਼ਤਾਬਦੀ ਵੇਲ਼ੇ ਸੰਨ 1969 ਵਿਚ ਛਾਪਿਆ ਤੇ ਕਈ ਭਾਸ਼ਾਵਾਂ ਵਿਚ ਪੁਸਤਕਾਂ ਰਾਹੀਂ ਵਸਾਖ ਸੁਦੀ ਤੀਜ ਦਾ ਗੁਰੂ ਨਾਨਕ ਜਨਮ ਦੱਸਿਆ ਤੇ ਪਰਚਾਰਿਆ ਹੈ। ਸਰੋਤ ‘ਵਸਾਖ ਨਹੀਂ – ਕਤੱਕ’ (ਪ੍ਰਕਾਸ਼ਨ ਅਕਤੂਬਰ 1970), ਪੰਨੇ 7-8: ਗਿਆਨੀ ਈਸ਼ਰ ਸਿੰਘ ਨਾਰਾ
(19) ‘ਵਸਾਖ ਨਹੀਂ – ਕਤੱਕ’ (18*) (ਪ੍ਰਕਾਸ਼ਨ ਅਕਤੂਬਰ 1970), ਪੰਨਾ 8: ਗਿਆਨੀ ਈਸ਼ਰ ਸਿੰਘ ਨਾਰਾ
ਸਵ: ਸ: ਕਰਮ ਸਿੰਘ ਹਿਸਟੋਰੀਅਨ ਦੀ ਲਿਖੀ ‘ਕੱਤਕ ਕਿ ਵਿਸਾਖ’ ਪੁਸਤਕ ਦੀ ਸਭ ਤੋਂ ਪਹਿਲੀ ਐਡੀਸ਼ਨ 1930 ਵਿਚ ਚੀਫ਼ ਖ਼ਾਲਸਾ ਦੀਵਾਨ ਵੱਲੋਂ ਪ੍ਰਕਾਸ਼ਤ ਕਰਵਾਈ ਗਈ ਸੀ, ਬਾਅਦ ਵਿਚ 1979 ਵਿਚ ਲਾਹੌਰ ਬੁੱਕ ਸ਼ਾਪ ਵੱਲੋਂ ਦੂਸਰਾ ਐਡੀਸ਼ਨ ਪ੍ਰਕਾਸ਼ਤ ਕਰਵਾਆਿ ਗਿਆ। 1930 ਤੋਂ ਲੈਕੇ 1970 ਤੱਕ 40 ਸਾਲ ਕਿਸੇ ਨੇ ਇਸ ਨੂੰ ਚੈਲਿੰਜ ਨਹੀਂ ਕੀਤਾ, ਪਰ 1970 ਵਿਚ ਗਿਆਨੀ ਈਸ਼ਰ ਸਿੰਘ ਨਾਰਾ ਨੇ ਸਵ: ਸ: ਕਰਮ ਸਿੰਘ ਹਿਸਟੋਰੀਅਨ ਦੀ ‘ਕੱਤਕ ਕਿ ਵਿਸਾਖ’ ਦੇ ਵਿਰੋਧ ਵਿਚ ਆਪਣੀ ਪੁਸਤਕ ‘ਵਸਾਖ ਨਹੀਂ ਕਤੱਕ’ ਲਿਖ ਮਾਰੀ। ਇਸ ਪੁਸਤਕ ਦੀ ਪਰੇਰਨਾ/ਪ੍ਰੋੜਤਾ ਕਰਨ ਵਾਲ਼ਿਆਂ ਵਿਚ ਸਵਾਮੀ ਹਰਨਾਮ ਦਾਸ ਜੀ ਉਦਾਸੀ, ਡਾ: ਗੁਪਾਲ ਸਿੰਘ ਦਰਦੀ (ਰਾਜਦੂਤ ਭਾਰਤ ਸਰਕਾਰ), ਸ੍ਰੀ ਬੀ ਪੀ ਐਲ ਬੇਦੀ (ਬਰਲਿਨ), ਪ੍ਰੋ: ਪੂਰਨ ਸਿੰਘ (ਧਾਰਮਕ ਵਿਭਾਗ ਸ੍ਰੀ ਗੁਰੂ ਤੇੁਗ ਬਹਾਦਰ ਖਾਲਸਾ ਕਾਲਜ ਨਵੀਂ ਦਿੱਲੀ), ਡਾ: ਕਾਲਾ ਸਿੰਘ ਬੇਦੀ ਐਮ ਏ, ਪੀ ਐਚ ਡੀ; ਰਾਜ ਕਵੀ ਇੰਦਰਜੀਤ ਸਿੰਘ ਤੁਲਸੀ ਆਦਿ ਵਿਦਵਾਨਾਂ ਦੇ ਨਾਮ ਸ਼ਾਮਲ ਹਨ।
ਗਿਆਨੀ ਈਸ਼ਰ ਸਿੰਘ ਨਾਰਾ ਆਪਣੀ ਖੋਜ ਦਾ ਅਧਾਰ ਭਾਈ ਬਾਲੇ ਵਾਲ਼ੀ ਸਾਖੀ, ਬਾਬਾ ਪ੍ਰਤਾਪ ਸਿੰਘ ਬੇਦੀ ਵੱਲੋਂ ਲਿਖੇ (ਅਣਛਪੇ) ‘ਸ੍ਰੀ ਚੰਦ ਪ੍ਰਕਾਸ’ ਗ੍ਰੰਥ ਅਤੇ ਆਪਣੇ ਵੱਲੋਂ ਲਿਖੇ ‘ਬਾਬਾ ਸ੍ਰੀ ਚੰਦ ਜੀ਼ ਸਾਹਿਬ ਅਤੇ ਉਦਾਸੀਨ ਸੰਪ੍ਰਦਾਇ’ ਅਤੇ ਕਵੀ ਭਾਈ ਸੰਤੋਖ ਸਿੰਘ ਰਚਿੱਤ ਗ੍ਰੰਥ ‘ਸ੍ਰੀ ਨਾਨਕ ਪ੍ਰਕਾਸ਼’ ਨੂੰ ਆਪਣੀ ਖੋਜ ਦਾ ਅਧਾਰ ਬਣਾਉਂਦੇ ਹਨ। ਗਿਆਨੀ ਈਸ਼ਰ ਸਿੰਘ ਵਸਾਖ ਸੁਦੀ ਤੀਜ ਦਾ ਗੁਰੂ ਜਨਮ ਲਿਖਣ ਵਾਲੇ ਦਾ ਸਾਰਾ ਭਾਂਡਾ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਲਿਖਾਰੀ ਸ੍ਰੀ ਮਿਹਰਵਾਨ ਜੀ ਸੋਢੀ ਸਿਰ ਭੰਨਦੇ ਹਨ। ‘ਵਸਾਖ ਨਹੀਂ – ਕਤੱਕ’ ਦੇ ਪੰਨਾ 6 ’ਤੇ ਉਹ ਲਿਖਦੇ ਹਨ “ਗੁਰੂ ਨਾਨਕ ਬਾਬਤ ਭਾਈ ਬਾਲਾ ਦੀ ਜੁਬਾਨੀ ਗੁਰੂ ਅੰਗਦ ਜੀ ਵਲੋਂ ਲਿਖਾਈ – ਪਹਿਲੀ ਜਨਮ ਸਾਖੀ ਵਿਚ ਗੁਰੂ ਨਾਨਕ ਜਨਮ ਕਤਕ ਪੂਰਨਮਾਸ਼ੀ ਦਾ ਲਿਖਿਆ ਸੀ ਪਰ ਇਸ ਨੂੰ ਗੁਰੂ ਘਰ ਦੇ ਸਖਤ ਵਿਰੋਧੀ ਮਿਹਰਬਾਨ ਸੋਢੀ ਜੀ ਨੇ ਹੁਣ ਤੋਂ ਕਰੀਬਨ 325 ਸਾਲ ਬੀਤੇ ਗੁੰਮ ਕਰ ਦਿਤਾ ਤੇ ਆਪਣੀ ਨਵੀਂ ਲਿਖੀ ਜਨਮ ਸਾਖੀ ਵਿਚ ਬਦਲ ਕੇ ਗੁਰੂ ਨਾਨਕ ਜਨਮ ਵਸਾਖ ਸੁਦੀ ਤੀਜ ਦਾ ਲਿਖਿਆ ਸੀ।” ਇਸੇ ਤਰ੍ਹਾਂ ਅੱਗੇ ਚੱਲ ਕੇ ਪੰਨਾ 12 ’ਤੇ ਉਹ ਲਿਖਦੇ ਹਨ “ਪਹਿਲਾ ਭੁਲੇਖਾ ਕਿਸ ਨੇ ਪਾਇਆ …ਵਸਾਖ ਸੁਦੀ ਤੀਜ ਦਾ ਗੁਰੂ ਜਨਮ ਲਿਖਣ ਵਾਲਾ ਸਭ ਤੋਂ ਪਹਿਲਾ ਲਿਖਾਰੀ ਸ੍ਰੀ ਪ੍ਰਿਥੀ ਚੰਦ ਦਾ ਸਾਹਿਬ ਜ਼ਾਦਾ (ਗੁਰੂ ਅਰਜਨ ਦੇਵ ਦਾ ਭਤੀਜਾ) ਗੁਰੂ ਘਰ ਦਾ ਵਿਰੋਧੀ ਮਿਹਰਬਾਨ ਚੰਦ ਸੋਢੀ ਸੀ। ਜਿਸ ਨੂੰ ਪਿਤਾ ਪ੍ਰਿਥੀ ਚੰਦ ਨੇ (ਗੁਰ ਅਰਜਨ ਬਿਨਾਂ ਸੰਤਾਨ ਜਾਣ ਕੇ) ਪਿਛੋਂ ਗੁਰ ਗੱਦੀ ਸੰਭਾਲਣ ਵਾਸਤੇ ਬਹੁਤੇ ਧਾਰਮਕ ਗ੍ਰੰਥਾਂ ਦਾ ਅਧੈਨ ਕਰਾਇਆ। ਉਹਨੂੰ ਪ੍ਰਚਾਰ ਕਰਨਾ ਤੇ ਲੇਖਕ ਹੋਣ ਤੋਂ ਵਖਰੇ ਕਾਵ ਢੰਗ ਵਿਚ ਬਾਣੀ ਦਾ ਉਚਾਰਨ ਸਿਖਲਾਇਆ ਸੀ। ਜੋ ਆਪਣੇ ਸ਼ਬਦਾਂ ਨੂੰ ਇਹ ਵੀ ਨਾਨਕ ਨਾਮ ਨਾਲ ਸਮਾਪਤ ਕਰਦਾ ਸੀ। …”
ਸਵ: ਸ: ਕਰਮ ਸਿੰਘ ਅਨੁਸਾਰ ਅਸਲੀਅਤ ਇਹ ਹੈ ਕਿ ਮਿਹਰਬਾਨ ਚੰਦ ਸੋਢੀ ਕਦੇ ਵੀ ਗੁਰੂ ਘਰ ਦਾ ਵਿਰੋਧੀ ਨਹੀਂ ਸੀ, ਬਲਕਿ ਉਸਦਾ ਸਾਰਾ ਬਚਪਨ ਗੁਰੂਆਂ ਦੀ ਛਤਰਛਾਇਆ ਵਿਚ ਬੀਤਿਆ। ਗੁਰੂ ਅਰਜਨ ਦੇਵ ਜੀ ਦਾ ਬਾਲ ਮਿਹਰਵਾਨ ਜੀ ਨਾਲ਼ ਬਹੁਤ ਸਨੇਹ ਸੀ, ਉਹ ਉਸ ਨੂੰ ਆਪਣਾ ਹੀ ਬੱਚਾ ਜਾਣ ਪਿਆਰ ਨਾਲ਼ ਆਪਣੀ ਗੋਦੀ ਵਿਚ ਬਿਠਾਉਂਦੇ ਸਨ। ਗੁਰੂ ਅਰਜਨ ਦੇਵ ਜੀ ਦੀ ਛਤਰਛਾਇਆ ਹੇਠ ਮਿਹਰਵਾਨ ਇਕ ਗੰਭੀਰ, ਉਪਰਾਮ ਚਿੱਤ ਤੇ ਵਿਦਵਾਨ ਨੌਜਵਾਨ ਬਣ ਪਰਵਾਨ ਚੜ੍ਹਿਆ ਸੀ। ਇਸ ਕਰਕੇ ਮਿਹਰਵਾਨ ਜੀ ਦੀ ਕਵਿਤਾ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਛਾਪ ਪਰਤੱਖ ਹੈ। ਮਿਹਰਵਾਨ ਜੀ ਨੇ ਆਪਣਾ ਉਪਨਾਮ ‘ਨਾਨਕ ਦਾਸ’ ਤੇ ‘ਜਨ ਨਾਨਕ’ ਲਿਖਿਆ ਹੈ, ਤੇ ਇਹ ਨਾਂ ਉਨ੍ਹਾਂ ਦੇ ਸਲੋਕਾਂ ਵਿਚ ਥਾਂ ਥਾਂ ਮਿਲਦਾ ਹੈ। ਮਿਹਰਵਾਨ ਜੀ ਨੇ ਕਦੇ ਵੀ ਆਪਣੇ ਆਪ ਨੂੰ ‘ਨਾਨਕ’ ਨਹੀਂ ਲਿਖਿਆ, ਕਿਉਂਕਿ ਉਹ ਸਮਝਦੇ ਸਨ ਕਿ ‘ਨਾਨਕ’ ਪਦ ਦੇ ਹੱਕਦਾਰ ਸਿਰਫ਼ ਗੁਰੂ ਨਾਨਕ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਹੀ ਸਨ।
ਭਾਈ ਗੁਰਦਾਸ ਜੀ ਤੇ ਮਿਹਰਵਾਨ ਜੀ ਸਮਕਾਲੀ ਸਨ। ਉਹਨਾਂ ’ਤੇ ਗੁਰੂ ਅਰਜਨ ਦੇਵ ਜੀ ਦੀ ਸ਼ਖਸੀਅਤ ਦਾ ਬਹੁਤ ਅਸਰ ਸੀ। ਜੇਕਰ ਮਿਹਰਬਾਨ ਚੰਦ ਸੋਢੀ ਗੁਰੂ ਘਰ ਦੇ ਵਿਰੋਧੀ ਹੁੰਦੇ ਤਾਂ ਭਾਈ ਗੁਰਦਾਸ ਇਸ ਦਾ ਕਿਤੇ ਜ਼ਿਕਰ ਨਾ ਕਰਦੇ? ਜਿਵੇਂ ਕਿ ਉਹਨਾਂ ਨੇ ਉਸ ਸਮੇਂ ਤੱਕ ਦੇ ਗੁਰੂ ਘਰ ਦੇ ਦੋਖੀਆਂ ਬਾਰੇ ਵਾਰ 26, ਪਉੜੀ 33 ਵਿਚ ਲਿਖਿਆ ਹੈ:
“ਬਾਲ ਜਤੀ ਹੈ ਸਿਰੀਚੰਦ ਬਾਬਾਣਾ ਦੇਹੁਰਾ ਬਣਾਇਆ। ਲ਼ਖਮੀਦਾਸਹੁ ਧਰਮਚੰਦ ਪੋਤਾ ਹੋਇਕੈ ਆਪ ਗਣਾਇਆ।
ਮੰਜੀ ਦਾਸੁ ਬਹਾਲਿਆ ਦਾਤਾ ਸਿਧਾਰਣ ਸਿਖ ਆਇਆ। ਮੋਹਣੁ ਕਮਲਾ ਹੋਇਆ ਚਉਬਾਰਾ ਮੋਹਰੀ ਮਨਾਇਆ।
ਮੀਣਾ ਹੋਆ ਪਿਰਥੀਆ ਕਰਿ ਕਰਿ ਟੇਢਕ ਬਰਲ ਚਲਾਇਆ। ਮਹਾਦੇਊ ਅਹੰਮੇਉ ਕਰਿ ਕਰਿ ਬੇਮੁਖ ਕੁਤਾ ਭਉਕਾਇਆ।
ਚੰਦਨ ਵਾਸੁ ਨ ਵਾਸ ਬੋਹਾਇਆ।”
ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਿ ਗੋਬਿੰਦ ਜੀ ਦੀ ਬੁਰਿਆਈ ਕਰਨ ਵਾਲ਼ਿਆਂ ਵਿਚ ਮਿਹਰਵਾਨ ਜੀ ਨਹੀਂ ਸਨ, ਪਰ ਉਸਦਾ ਪਿਤਾ ਪ੍ਰਿਥੀ ਚੰਦ ਹੀ ਸ਼ਾਮਲ ਸੀ। ਇਸੇ ਕਰਕੇ ਭਾਈ ਗੁਰਦਾਸ ਜੀ ਨੇ ਪ੍ਰਿਥੀ ਚੰਦ ਨੂੰ ਮੀਣਾ ਭਾਵ ਮੀਸਣਾ ਗਰਦਾਨਿਆ ਹੈ।
ਭਾਈ ਗੁਰਦਾਸ ਜੀ ਦੀ ਵਾਰ 11 ਪਉੜੀ 13 – ਸਿੱਖ ਨਾਮਾਵਲੀ ਵਿਚਲੇ “ਤਾਰੂ ਪੋਪਟੁ ਤਾਰਿਆ ਗੁਰਮੁਖਿ ਬਾਲ ਸੁਭਾਇ ਉਦਾਸੀ।” ਦਾ ਅਰਥ ਹੈ: ਪੋਪਟ (ਜਾਤਿ ਵਾਲਾ) ਤਾਰੂ (ਨਾਮੇ ਸਿੱਖ ਗੁਰੂ ਨਾਨਕ ਨੇ) ਤਾਰਿਆ ਹੈ, ਇਹ ਗੁਰਮੁਖ ਬਾਲ ਅਵਸਥਾ ਤੋਂ ਹੀ ਉਦਾਸੀਨ ਰਹਿੰਦਾ ਸੀ। ਪਰ ‘ਵਸਾਖ ਨਹੀਂ ਕਤੱਕ’ ਦੇ ਲੇਖਕ ਨੇ ਇਹ ਅਰਥ ਕੀਤੇ ਹਨ ਕਿ ਇਸ ਸਤਰ ਦੀ ਪਹਿਲੀ ਅੱਧੀ ਤੁਕ ਭਾਈ ਤਾਰੂ ਲਈ ਹੈ ਤੇ ‘ਗੁਰਮੁਖ ਬਾਲ ਸੁਭਾਇ ਉਦਾਸੀ’ ਭਾਈ ਬਾਲੇ ਨੂੰ ਸੰਬੋਧਿਤ ਹੈ।
ਭਾਈ ਬਾਲਾ ਮਹਿਜ਼ ਕਲਪਤ ਸ਼ਖ਼ਸ
ਲੇਖ ਦੇ ਇਸ ਹਿੱਸੇ ਵਿਚ ਅਸੀਂ ਸਿੱਧ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਨਮ-ਸਾਖੀ ਸਾਖੀ ਨਾ ਤਾਂ ਗੁਰੂ ਅੰਗਦ ਦੇਵ ਜੀ ਦੇ ਸਾਹਮਣੇ ਸੁਣਾਈ ਗਈ, ਨਾ ਹੀ ਕਿਸੇ ਭਾਈ ਬਾਲੇ ਨੇ ਸੁਣਾਈ। ਇਹ ਜਨਮ ਸਾਖੀ ਹਿੰਦਾਲੀਆਂ (ਇਸ ਦਾ ਵਿਸਥਾਰ ਲੇਖ ਵਿਚ ਅੱਗੇ ਚੱਲ ਕੇ ਦਿਤਾ ਗਿਆ ਹੈ) ਵੱਲੋਂ ਸਾਜਿਸ਼ੀ ਢੰਗ ਨਾਲ਼ ਭਾਈ ਬਾਲੇ ਨੂੰ ਮੁਖ਼ਸਤ ਅਤੇ ਗੁਰੂ ਅੰਗਦ ਦੇਵ ਜੀ ਨੂੰ ਸਰੋਤਾ ਦੱਸ ਕੇ ਪੈੜੇ ਮੋਖੇ ਨਾਮੀ ਸ਼ਖ਼ਸ ਤੋਂ ਲਿਖਵਾਈ ਗਈ। ਭਾਈ ਬਾਲੇ ਵਾਲੀ ਸਾਖੀ ਮਨਘੜਤ ਤੇ ਝੂਠੀ ਹੈ, ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪਿਛਲੇ ਸਮੇਂ ਵਿਚ ਲਿਖੀ ਗਈ। ਭਾਈ ਬਾਲਾ ਮਹਿਜ਼ ਕਲਪਤ ਸ਼ਖ਼ਸ ਹੈ। ਘੱਟੋ-ਘੱਟ ਗੁਰੂ ਨਾਨਕ ਦਾ ਸਮਕਾਲੀ ਜਾਂ ਸੰਗੀ-ਸਾਥੀ ਨਹੀਂ ਸੀ। ਜੇਕਰ ਅਸਲ ਵਿਚ ਕੋਈ ਭਾਈ ਬਾਲਾ ਗੁਰੂ ਜੀ ਦਾ ਸਮਕਾਲੀ ਅਤੇ ਸੰਗੀ-ਸਾਥੀ ਹੁੰਦਾ ਤਾਂ ਖ਼ੁਦ ਗੁਰੂ ਨਾਨਕ ਜਾਂ ਦੂਸਰੇ ਗੁਰੂਆਂ ਵੱਲੋਂ ਕਿਸੇ ਨਾ ਕਿਸੇ ਰੂਪ ਵਿਚ ਉਸਦਾ ਜ਼ਿਕਰ ਸ਼੍ਰੀ ਗੁਰੂ ਗਰੰਥ ਸਾਹਿਬ ਵਿਚ ਜ਼ਰੂਰ ਹੋਣਾ ਸੀ ਅਤੇ ਗੁਰੂ ਗਰੰਥ ਸਾਹਿਬ ਦੀ ਕੁੰਜੀ ਸਮਝੀ ਜਾਂਦੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਇਸ ਦਾ ਵੇਰਵਾ ਜ਼ਰੂਰ ਹੋਣਾ ਸੀ।
(1) ਸ਼੍ਰੀ ਗੁਰੂ ਗਰੰਥ ਸਾਹਿਬ: ਸ਼੍ਰੀ ਗੁਰੂ ਗਰੰਥ ਸਾਹਿਬ ਵਿਚ ਭਾਈ ਬਾਲੇ ਦਾ ਕੋਈ ਵੀ ਵੇਰਵਾ ਨਹੀਂ ਹੈ, ਜਦ ਕਿ ਗੁਰੂ ਜੀ ਦੇ ਇਕੋ ਇਕ ਅਸਲੀ ਸਮਕਾਲੀ, ਸੰਗੀ-ਸਾਥੀ ਅਤੇ ਰਬਾਬੀ ਭਾਈ ਮਰਦਾਨੇ ਦੇ ਨਾਮ ਦੋ ਸ਼ਲੋਕ ਅਤੇ ਗੁਰੂ ਜੀ ਦੇ ਭਾਈ ਲਾਲੋ ਨਾਲ ਰਚਾਏ ਸੰਵਾਦ ਨੂੰ ਵਿਚਾਰਿਆ ਜਾ ਸਕਦਾ ਹੈ।
ਵਾਰ ਬਿਹਾਗੜਾ ਵਿਚ ਭਾਈ ਮਰਦਾਨੇ ਦੇ ਦੋ ਸ਼ਲੋਕ ਸ਼੍ਰੀ ਗੁਰੂ ਗਰੰਥ ਸਾਹਿਬ ਵਿਚ ਪੰਨਾ 553 ’ਤੇ ਸ਼ੁਸ਼ੋਭਿਤ ਹਨ:
ਸਲੋਕੁ ਮਰਦਾਨਾ 1 ॥ ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ ॥ ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ ॥ ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ ॥ ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ ॥ ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ ਆਹਾਰੁ ॥ ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ ॥1॥ ਮਰਦਾਨਾ 1 ॥ ਕਾਇਆ ਲਾਹਣਿ ਆਪੁ ਮਦੁ ਮਜਲਸ ਤ੍ਰਿਸਨਾ ਧਾਤੁ ॥ ਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮਕਾਲੁ ॥ ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ ॥ ਗਿਆਨੁ ਗੁੜੁ ਸਾਲਾਹ ਮੰਡੇ ਭਉ ਮਾਸੁ ਆਹਾਰੁ ॥ ਨਾਨਕ ਇਹੁ ਭੋਜਨੁ ਸਚੁ ਹੈ ਸਚੁ ਨਾਮੁ ਆਧਾਰੁ ॥2॥ ਕਾਂਯਾਂ ਲਾਹਣਿ ਆਪੁ ਮਦੁ ਅੰਮ੍ਰਿਤ ਤਿਸ ਕੀ ਧਾਰ ॥ ਸਤਸੰਗਤਿ ਸਿਉ ਮੇਲਾਪੁ ਹੋਇ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਬਿਕਾਰ ॥3॥ ਪਉੜੀ ॥ ਆਪੇ ਸੁਰਿ ਨਰ ਗਣ ਗੰਧਰਬਾ ਆਪੇ ਖਟ ਦਰਸਨ ਕੀ ਬਾਣੀ ॥ ਆਪੇ ਸਿਵ ਸੰਕਰ ਮਹੇਸਾ ਆਪੇ ਗੁਰਮੁਖਿ ਅਕਥ ਕਹਾਣੀ ॥ ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਫਿਰੈ ਬਿਬਾਣੀ ॥ ਆਪੈ ਨਾਲਿ ਗੋਸਟਿ ਆਪਿ ਉਪਦੇਸੈ ਆਪੇ ਸੁਘੜੁ ਸਰੂਪੁ ਸਿਆਣੀ ॥ ਆਪਣਾ ਚੋਜੁ ਕਰਿ ਵੇਖੈ ਆਪੇ ਆਪੇ ਸਭਨਾ ਜੀਆ ਕਾ ਹੈ ਜਾਣੀ ॥12॥
ਇਸੇ ਤਰ੍ਹਾਂ ਗੁਰੂ ਜੀ ਦੇ ਪਿਆਰੇ ਸ਼ਿਸ਼ ਭਾਈ ਲਾਲੋ ਜੀ ਦੀ ਉਦਾਹਰਣ ਦਿੱਤੀ ਜਾ ਸਕਦੀ ਹੈ, ਜਿਸ ਨੂੰ ਮੁਖ਼ਾਤਿਬ ਹੋ ਕੇ ਗੁਰੂ ਜੀ ਨੇ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਪੰਨਾ 722 ਬਾਬਰ-ਬਾਣੀ ਵਿਚ ਲਿਖਿਆ ਹੈ:
ਤਿਲੰਗ ਮਹਲਾ 1 ॥ ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥ ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥ ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥ ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ॥ ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥1॥ ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ ॥ ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ ॥ ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉੁ ਕਰੇਗੁ ਮਸੋਲਾ ॥ ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ ॥ ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥ ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥2॥3॥5॥
(2) ਸ਼੍ਰੀ ਗੁਰੂ ਗਰੰਥ ਸਾਹਿਬ ਤੋਂ ਬਾਅਦ ਸਿੱਖ ਧਰਮ ਵਿਚ ਸਭ ਤੋਂ ਵੱਧ ਪਰਮਾਣਿਕ ਮੰਨੀ ਗਈ ਰਚਨਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਹਨ। ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਭਾਈ ਮਰਦਾਨੇ ਦਾ ਦੋ ਵਾਰਾਂ ਵਿਚ ਜ਼ਿਕਰ ਆਉਂਦਾ ਹੈ, ਜਦ ਕਿ ਭਾਈ ਬਾਲੇ ਦਾ ਨਾਂ ਕਿਤੇ ਵੀ ਨਹੀਂ ਆਉਂਦਾ।
ਭਾਈ ਗੁਰਦਾਸ ਵਾਰ 1 ਪਉੜੀ 35 – ਬਗ਼ਦਾਦ ਗਮਨ
ਫਿਰਿ ਬਾਬਾ ਗਇਆ ਬਗ਼ਦਾਦ ਨੋ ਬਾਹਰ ਜਾਇ ਕੀਆ ਅਸਥਾਨਾ। ਇਕ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ।
ਦਿਤੀ ਬਾਂਗਿ ਨਿਵਾਜਿ ਕਰਿ ਸੁੰਨ ਸਮਾਨਿ ਹੋਆ ਜਹਾਨਾ। ਸੁੰਨ ਮੁੰਨਿ ਨਗਰੀ ਭਈ ਦੇਖ ਪੀਰ ਭਇਆ ਹੈਰਾਨਾ।
ਵੇਖੈ ਧਿਆਨੁ ਲਗਾਇ ਕਰਿ ਇਕੁ ਫਕੀਰੁ ਵਡਾ ਮਸਤਾਨਾ। ਪੁਛਿਆ ਫਿਰਕੈ ਦਸਤਗੀਰ ਕਉਣ ਫਕੀਰੁ ਕਿਸਕਾ ਘਰਿਹਾਨਾ?
ਨਾਨਕ ਕਲਿ ਵਿਚਿ ਆਇਆ ਰਬੁ ਫਕੀਰੁ ਇਕੋ ਪਹਿਚਾਨਾ। ਧਰਤਿ ਆਕਾਸ ਚਹੂਦਿਸ ਜਾਨਾ ॥35॥
ਭਾਈ ਗੁਰਦਾਸ ਵਾਰ 11 ਪਉੜੀ 13 – ਸਿੱਖ ਨਾਮਾਵਲੀ
ਤਾਰੂ ਪੋਪਟੁ ਤਾਰਿਆ ਗੁਰਮੁਖਿ ਬਾਲ ਸੁਭਾਇ ਉਦਾਸੀ। ਮੁਲਾ ਕੀੜ ਵਖਾਣੀਐ ਚਲਿਤੁ ਅਚਰਜ ਲੁਭਤਿ ਗੁਰਦਾਸੀ।
ਪਿਰਥਾ ਖੇਡਾ ਸੋਇਰੀ ਚਰਣ ਸਰਣ ਸੁਖ ਸਹਿਜ ਨਿਵਾਸੀ। ਭਲਾ ਰਬਾਬ ਵਜਾਇੰਦਾ ਮਜਲਸ ਮਰਦਾਨਾ ਮੀਰਾਸੀ।
ਪਿਰਥੀ ਮਲੁ ਸਹਗਲੁ ਭਲਾ ਰਾਮਾ ਡਿਡੀ ਭਗਤਿ ਅਭਿਨਾਸੀ। ਦਉਲਤ ਖਾਂ ਲੋਦੀ ਭਲਾ ਹੋਆ ਜਿੰਦ ਪੀਰੁ ਅਬਿਨਾਸੀ।
ਮਾਲੋ ਮਾਂਗਾ ਸਿਖ ਦੋਇ ਗੁਰਬਾਣੀ ਰਸਿ ਰਸਿਕ ਬਿਲਾਸੀ। ਸਨਮੁਖਿ ਕਾਲੂ ਆਸ ਧਾਰ ਗੁਰਬਾਣੀ ਦਰਗਹ ਸਾਬਾਸੀ।
ਗੁਰਮਤਿ ਭਾਉ ਭਗਤਿ ਪਰਗਾਸੀ ॥13॥
ਇਸੇ ਤਰ੍ਹਾਂ ਭਾਈ ਗੁਰਦਾਸ ਦੀ ਇਸੇ ਵਾਰ ਦੀਆਂ ਪੌੜੀਆਂ: 14 – ਸਿੱਖ ਨਾਮ ਮਾਲਾ, 15- ਸਿੱਖ ਨਾਮਾਵਲੀ, ਆਦਿ ਵਿਚ ਭਾਈ ਬਾਲੇ ਦਾ ਕਿਤੇ ਵੀ ਨਾਮ ਨਹੀਂ ਆਉਂਦਾ ।
ਭਗਤੁ ਜੋ ਭਗਤਾ ਹਰੀ ਜਾਪੂਵੰਸੀ ਸੇਵ ਕਮਾਵੇ ।
ਸ਼ੀਹਾਂ ਉਪਲੁ ਜਾਣੀਐ ਗਜਣ ਉਪਲੁ ਸਤਿਗੁਰ ਭਾਵੈ। ਮੈਲਸੀਹਾਂ ਵਿਚਿ ਆਖੀਐ ਭਾਗੀਰਥੁ ਕਾਲੀ ਗੁਣ ਗਾਵੈ।
ਜਿਤਾ ਰੰਧਾਵਾ ਭਲਾ ਹੈ ਬੂੜਾ ਬੁਢਾ ਇਕ ਮਨ ਧਿਆਵੈ। ਫਿਰਣਾ ਖਹਿਰਾ ਜੋਧ ਸਿਖੁ ਜੀਵਾਈ ਗੁਰੁ ਸੇਖ ਸਮਾਵੈ।
ਗੁਜਰੁ ਜਾਤਿ ਲੁਹਾਰੁ ਹੈ ਗੁਰ ਸਿਖੀ ਗੁਰ ਸਿਖ ਬਣਾਵੈ। ਨਾਈ ਧਿੰਙ ਵਖਾਣੀਐ ਸਤਿਗੁਰ ਸੇਵਿ ਕੁਟੰਬੁ ਤਰਾਵੈ।
ਗੁਰਮੁਖਿ ਸੁਖ ਫਲ ਅਲਖ ਲਖਾਵੈ ॥ ਵਾਰ 11, ਪਉੜੀ 14 ॥
ਅਤੇ
ਪਾਰੋ ਜੁਲਕਾ ਪਰਮ ਹੰਸੁ ਪੂਰੈ ਸਤਿਗੁਰ ਕਿਰਪਾ ਧਾਰੀ। ਮਾਲੂਸਾਹੀ ਸੂਰਮਾ ਵਡਾ ਭਗਤੁ ਪਾਈ ਭਾਈ ਕੇਦਾਰੀ।
ਦੀਪਾ ਦੇਊ ਨਰਾਇਣ ਦਾਸੁ ਬੂਲੇ ਦੇ ਜਾਈਐ ਬਲਿਹਾਰੀ। ਲਾਲ ਸੁ ਲਾਲੂ ਬੁਧਿਵਾਨ ਦੁਰਗਾ ਜੀਵੰਧੁ ਪਰਉਪਕਾਰੀ।
ਜਗਾ ਧਰਣੀ ਜਾਣੀਐ ਸੰਸਾਰੂ ਨਾਲੇ ਨਿਰੰਕਾਰੀ। ਖਾਨੂ ਮਈਆ ਪਿਉ ਪੁਤੁ ਹੈ ਗੁਣ ਗਾਹਕ ਗੋਵਿੰਦ ਭੰਡਾਰੀ।
ਜੋਧੁ ਰਸੋਈਆ ਦੇਵਤਾ ਗੁਰ ਸੇਵਾ ਕਰਿ ਦੁਤਰ ਤਾਰੀ। ਪੂਰੈ ਸਤਿਗੁਰ ਪੈਜ ਸਵਾਰੀ ॥ ਵਾਰ 11, ਪਉੜੀ 15 ॥
(3) ਭਾਈ ਗੁਰਦਾਸ ਜੀ ਤੋਂ ਬਾਅਦ ਵਾਰਤਿਕ ਵਿਚ ਲਿਖੀਆਂ ਜਨਮ-ਸਾਖੀਆਂ ਵਿਚ ਇਸ ਸਬੰਧ ਵਿਚ ਵੇਰਵਾ ਉਪਲੱਭਤ ਹੈ ਮਿਸਾਲ ਵਜੋਂ ਪੁਰਾਤਨ (ਜਾਂ ਵਲਾਇਤ ਵਾਲੀ) ਜਨਮ-ਸਾਖੀ, ਮਿਹਰਬਾਨ, ਹਰਿ ਜੀ ਤੇ ਚਤੁਰ ਭੁਜ ਵਾਲੀਆਂ ਪੋਥੀਆਂ, ਭਾਈ ਬਾਲੇ ਵਾਲੀ ਜਨਮ-ਸਾਖੀ, ਹੰਦਾਲੀਆਂ (ਜਾਂ ਬਿਧੀ ਚੰਦ) ਵਾਲੀ ਜਨਮ-ਸਾਖੀ, ਆਦਿ ਸਾਖੀਆਂ ਬਾਬੇ ਕੀਆਂ। ਇਹਨਾਂ ਤੋਂ ਇਲਾਵਾ ਸਤਿਗੁਰੂ ਜੀ ਦੀਆਂ ਗੋਸ਼ਟਾਂ ਵੀ ਹਨ ਜੋ ਕਿ ਜਨਮ-ਸਾਖੀਆਂ ਤੋਂ ਛੁਟ ਵੱਖ ਵੱਖ ਲਿਖੀਆਂ ਮਿਲਦੀਆਂ ਹਨ।
ਭਾਵੇਂ ਭਾਈ ਬਾਲੇ ਵਾਲੀ ਜਨਮ-ਸਾਖੀ ਵਿਚ ਇਸ ਦੇ ਸਭ ਤੋਂ ਪੁਰਾਤਨ ਹੋਣ ਦਾ ਦਾਅਵਾ ਕੀਤਾ ਗਿਆ ਹੈ ਪਰ ਚੰਗੀ ਤਰ੍ਹਾਂ ਵਾਚਣ ਤੇ ਪੜਚੋਲ ਕਰਨ ’ਤੇ ਇਹ ਗੱਲ ਠੀਕ ਸਿੱਧ ਨਹੀਂ ਹੁੰਦੀ। ਪੁਰਾਤਨ ਜਨਮ-ਸਾਖੀ ਹੁਣ ਤੱਕ ਮਿਲੀਆਂ ਜਨਮ-ਸਾਖੀਆਂ ਵਿਚੋਂ ਪੁਰਾਤਨ ਹੋਣ ਦੇ ਕਾਰਨ ਹੀ ਇਸ ਦਾ ਨਾਮ ਪੁਰਾਤਨ ਰਖਿਆ ਗਿਆ ਜਾਪਦਾ ਹੈ। ਸੋਢੀ ਮਿਹਰਬਾਨ ਦੀ ਲਿਖਤ ਜਨਮ-ਸਾਖੀ ਵੀ ਭਾਈ ਬਾਲੇ ਵਾਲੀ ਜਨਮ-ਸਾਖੀ ਤੋਂ ਪਹਿਲਾਂ ਦੀ ਲਿਖੀ ਹੋਈ ਹੈ। ਭਾਈ ਬਾਲੇ ਵਾਲੀ ਜਨਮ-ਸਾਖੀ ਤੋਂ ਪਹਿਲਾਂ ਲਿਖੀਆਂ ਗਈਆਂ ਇਨ੍ਹਾਂ ਦੋਹਾਂ ਜਨਮ-ਸਾਖੀਆਂ ਵਿਚ ਭਾਈ ਬਾਲੇ ਦਾ ਕਿਤੇ ਜ਼ਿਕਰ ਨਹੀਂ ਆਉਂਦਾ।
(4) ਮੋਹਸਨ ਫਾਨੀ (ਜਨਮ 1615 ਈ:) ਇਰਾਨ ਦਾ ਪ੍ਰਸਿੱਧ ਫ਼ਾਰਸੀ ਇਤਿਹਾਸਕਾਰ ਹੋਇਆ ਹੈ, ਜਿਸ ਨੇ 1665 ਈ: ਵਿਚ ਲਿਖੀ ਆਪਣੀ ਪੁਸਤਕ “ਦਾਬਿਸਤਾਨ- ਏ-ਮੁਜ਼ਾਹਿਬ” ਵਿਚ 17ਵੀਂ ਸਦੀ ਤੱਕ ਦੇ ਦੱਖਣੀ ਏਸ਼ੀਆਈ ਧਰਮਾਂ ਅਤੇ ਸੰਪਰਦਾਵਾਂ ਦਾ ਤੁਲਨਾਤਮਿਕ ਅਧਿਅਨ ਕੀਤਾ ਹੈ। ਖ਼ਾਸ ਕਰਕੇ ਉਹ ਅਕਬਰ ਵੱਲੋਂ ਚਲਾਏ ‘ਦੀਨ-ਏ-ਇਲਾਹੀ’ ਧਰਮ ਬਾਰੇ ਲਿਖੇ ਅਧਿਆਇ ਕਰਕੇ ਜਾਣਿਆ ਜਾਂਦਾ ਹੈ। ਇਸ ਪੁਸਤਕ ਵਿਚ ਦੁਨੀਆਂ ਦੇ ਮੁੱਖ 12 ਧਰਮਾਂ ਬਾਰੇ 12 ਚੈਪਟਰ ਹਨ, ਜਿਵੇਂ ਕਿ ਫ਼ਾਰਸੀ, ਹਿੰਦੂ, ਈਸਾਈ, ਮੁਸਲਮ, ਯਹੂਦੀ, ਆਦਿ। ਹਰੇਕ ਚੈਪਟਰ ਇਕ ਇਕ ਧਰਮ ਬਾਰੇ ਵਿਸਥਾਰ ਨਾਲ਼ ਲਿਖਿਆ ਗਿਆ ਹੈ। ਹਿੰਦੋਸਤਾਨ ਵਿਚਲੇ ਧਰਮਾਂ ਦੇ ਅਧਿਅਨ ਸਮੇਂ ਉਹ ਗੁਰੂ ਹਰਗੋਬਿੰਦ ਜੀ ਅਤੇ ਗੁਰੂ ਹਰ ਰਾਇ ਜੀ ਪਾਸ ਕਾਫੀ ਸਮਾਂ ਰਿਹਾ । ਗੁਰੂ ਹਰਗੋਬਿੰਦ ਜੀ ਨਾਲ਼ ਉਸਦਾ ਪੱਤਰ ਵਿਵਹਾਰ ਵੀ ਚੱਲਦਾ ਰਿਹਾ। “ਦਾਬਿਸਤਾਨ- ਏ-ਮੁਜ਼ਾਹਿਬ” ਵਿਚ ਸਿੱਖਾਂ ਬਾਰੇ ਲਿਖੇ ਅਧਿਆਇ “ਨਾਨਕ-ਪੰਥੀ” ਵਿਚ ਉਸ ਨੇ ਗੁਰੂ ਨਾਨਕ ਦੇਵ ਤੋਂ ਗੁਰੂ ਹਰ ਰਾਇ ਜੀ ਤੱਕ ਦਾ ਵੇਰਵਾ ਲਿਖਿਆ ਹੈ। “ਨਾਨਕ-ਪੰਥੀ” ਵਿਚ ਉਸ ਨੇ ਗੁਰੂ ਨਾਨਕ ਦੇਵ ਜੀ ਸਬੰਧੀ ਇਤਬਾਰੀ ਸਿੱਖਾਂ ਤੋਂ ਪੁੱਛ ਪੁੱਛ ਕੇ ਸਾਖੀਆਂ ਦਰਜ਼ ਕੀਤੀਆਂ। ਜੇਕਰ ਉਸ ਸਮੇਂ ਤੱਕ ਕੋਈ ਭਾਈ ਬਾਲਾ ਜਾਂ ਉਸ ਵਾਲ਼ੀ ਜਨਮ ਸਾਖੀ ਮੌਜੂਦ ਹੁੰਦੀ ਤਾਂ ਉਸਨੇ ਇਸ ਦਾ ਜ਼ਿਕਰ ਜ਼ਰੂਰ ਕਰਨਾ ਸੀ, ਪਰ “ਦਾਬਿਸਤਾਨ- ਏ-ਮੁਜ਼ਾਹਿਬ” ਵਿਚ ਅਜੇਹਾ ਕੋਈ ਇੰਦਰਾਜ਼ ਨਹੀਂ ਮਿਲਦਾ ਜਿਸ ਤੋਂ ਭਾਈ ਬਾਲੇ ਜਾਂ ਉਸਦੀ ਜਨਮ ਸਾਖੀ ਦੇ ਹੋਣ ਦਾ ਕੋਈ ਸੰਕੇਤ ਮਿਲਦਾ ਹੋਵੇ।
(5) ਡਾ: ਅਰਨੈੱਸਟ ਟਰੰਪ: ਆਦਿ ਗਰੰਥ (1877), ਭੂਮਿਕਾ ਲੇਖ ਪੰਨਾ V
“ਪਿਛਲੇਰੀਆਂ ਰਵਾਇਤਾਂ, ਜਿਨ੍ਹਾਂ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਬੰਧੀ ਸਭ ਵਿਸਥਾਰ ਦਾ ਪਤਾ ਹੋਣ ਦਾ ਦਾਅਵਾ ਹੈ ਇਸ ਗੱਲ ਲਈ ਮਜਬੂਰ ਹੋਈਆਂ ਕਿ ਆਪਣੀਆਂ ਕਹਾਣੀਆਂ ਤੇ ਕਥਾਵਾਂ ਦੀ ਪ੍ਰੋੜਤਾ ਲਈ ਕਿਸੇ ਵਿਅਕਤੀ ਨੂੰ ਸਾਹਮਣੇ ਲਿਆਉਣ। ਇਹ ਭਾਈ ਬਾਲਾ ਸੀ ਜਿਸਨੂੰ ਗੁਰੂ ਨਾਨਕ ਸਾਹਿਬ ਦਾ ਬਚਪਨ ਦਾ ਸਾਥੀ ਦੱਸਿਆ ਗਿਆ ਹੈ ਜਦੋਂ ਕਿ ਪੁਰਾਤਨ ਪਰੰਪਰਾ ਵਿਚ ਇਸ ਦਾ ਨਾਂ ਇਕ ਵਾਰੀ ਵੀ ਨਹੀਂ ਆਉਂਦਾ ਜਿਵੇਂ ਕਿ ਮੌਜੂਦਾ ਜਨਮ ਸਾਖੀਆਂ ਵਿਚ ਲਿਖਿਆ ਮਿਲਦਾ ਹੈ। ਜੇਕਰ ਭਾਈ ਬਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਦਾ ਨਾਲ ਰਹਿਣ ਵਾਲਾ ਸਾਥੀ ਤੇ ਸਲਾਹਕਾਰ ਹੁੰਦਾ ਤਾਂ ਇਹ ਗੱਲ ਬਿਲਕੁਲ ਸਮਝ ਨਹੀਂ ਆਉਂਦੀ ਕਿ ਪੁਰਾਤਨ ਪਰੰਪਰਾ ’ਤੇ ਆਧਾਰਤ ਜਨਮ ਸਾਖੀਆਂ ਵਿਚ ਉਸ ਬਾਰੇ ਇਕ ਵਾਰੀ ਵੀ ਸੰਕੇਤ ਕਿਉਂ ਨਾ ਆਇਆ ?”
(6) ਸਵ: ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਤਾਂ ਭਾਈ ਬਾਲੇ ਨੂੰ ‘ਨਿਪਟ ਕਪੋਲ ਕਲਪਣਾ’ ਸਿੱਧ ਕੀਤਾ ਹੈ। ‘ਕੱਤਕ ਕਿ ਵਿਸਾਖ’ ਵਿਚ ਉਹ ਲਿਖਦੇ ਹਨ: “ਭਾਈ ਬਾਲੇ ਵਾਲੀ ਸਾਖੀ ਦੇ ਆਰੰਭ ਵਿਚ ਲਿਖਿਆ ਹੈ: ‘ਜਨਮ ਪਤ੍ਰੀ ਬਾਬੇ ਨਾਨਕ ਜੀ ਕੀ ਸੰਮਤ ਪੰਦ੍ਰਾ ਸੈ ਬਿਆਸੀ 1582 ਮਿਤੀ ਬੈਸਾਖ ਸੁਦੀ 5 ਪੋਥੀ ਲਿਖੀ ਪੈੜੇ ਮੋਖੇ। ਸੁਲਤਾਨਪੁਰ ਦੇ ਖਤਰੇਟੇ ਗੁਰੂ ਅੰਗਦ ਜੀ ਲਖਾਈ ਪੈੜੇ ਲਿਖੀ ਮੁਖਸਤ ਬਾਲੇ ਸੰਧੂ ਜਟੇਟੇ ਕੀ…’ ਪਰ ਲਿਖਣ ਲਿਖਵਾਉੁਣ ਵਾਲੇ ਨੂੰ ਇਨਾ ਵੀ ਨਹੀਂ ਪਤਾ ਕਿ ਸੰਮਤ 1582 ਤੱਕ ਤਾਂ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਨੂੰ ਤਾਂ ਮਿਲੇ ਹੀ ਨਹੀਂ ਸਨ। ਦੁਸਰੀ ਗੱਲ ਕਿ ਗੁਰੂ ਨਾਨਕ ਦੇਵ ਜੀ ਸੰਮਤ 1596 ਵਿਚ ਜੋਤੀ ਜੋਤ ਸਮਾਉਂਦੇ ਹਨ, ਫਿਰ ਗੁਰੂ ਅੰਗਦ ਦੇਵ ਜੀ 14 ਸਾਲ ਪਹਿਲਾਂ ਹੀ ਕਿਥੋਂ ਜਨਮਸਾਖੀ ਲਿਖਵਾਉਣ ਲੱਗ ਪਏ?”
ਭਾਈ ਬਾਲੇ ਵਾਲੀ ਜਨਮ ਸਾਖੀ ਕਿਸ ਨੇ ਲਿਖੀ / ਲਿਖਵਾਈ?
ਸਵ: ਕਰਮ ਸਿੰਘ ਹਿਸਟੋਰੀਅਨ ਨੇ ਭਾਈ ਬਾਲੇ ਵਾਲ਼ੀ ਸਮੱਚੀ ਸਾਖੀ ਨੂੰ ਪੜਚੋਲਿਆ ਹੈ ਅਤੇ ਬਹੁਤ ਜੁਰਅਤ ਕਰਕੇ ਇਤਿਹਾਸਕ ਤੱਥਾਂ ਅਤੇ ਇਸ ਸਾਖੀ ਵਿਚਲੀਆਂ ਅਸੰਭਵ ਗੱਲਾਂ, ਅਯੋਗ ਗੱਲਾਂ, ਗੁਰਆਸ਼ੇ ਵਿਰੁੱਧ ਗੱਲਾਂ, ਸ਼ਬਦ ਵਿਦਿਆ ਸਬੰਧੀ, ਗੁਰ ਸ਼ਬਦ ਸਬੰਧੀ, ਪ੍ਰਸਪਰ ਵਿਰੋਧੀ ਗੱਲਾਂ, ਭੂਗੋਲ ਸਬੰਧੀ, ਜਯੋਤਿਸ਼ ਸਬੰਧੀ, ਗੁਰਦਵਾਰਿਆਂ ਸਬੰਧੀ ਅਤੇ ਇਤਿਹਾਸ ਸਬੰਧੀ ਹਰ ਕਸਵੱਟੀ ’ਤੇ ਪਰਖ ਦੇ ਆਧਾਰ ’ਤੇ ਸਿੱਧ ਕੀਤਾ ਹੈ ਕਿ ਇਹ ਸਾਖੀ ਇਕਦਮ ਬਣਾਉਟੀ ਅਤੇ ਝੂਠੀ ਹੈ, ਅਤੇ ਭਾਈ ਬਾਲਾ ਇਕ ਕਲਪਤ ਸ਼ਖ਼ਸ ਹੈ। ਉਹਨਾਂ ਇਹ ਵੀ ਸਿੱਧ ਕੀਤਾ ਹੈ ਕਿ ਭਾਈ ਬਾਲੇ ਵਾਲ਼ੀ ਸਾਖੀ ਦੀ ਸਭ ਤੋਂ ਪੁਰਾਣੀ ਕਾਪੀ ਦੇ ਲਿਖੇ ਜਾਣ ਦਾ ਸਮਾਂ ਸੰਮਤ 1781, ਮਿਤੀ ਮੱਘਰ ਵਦੀ ਦਸਮੀ ਹੈ, ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬਾਅਦ ਦਾ ਸਮਾਂ ਬਣਦਾ ਹੈ। ਉਨ੍ਹਾਂ ਦਾ ਇਹ ਮੰਨਣਾ ਹੈ ਕਿ ਇਹ ਜਨਮ ਸਾਖੀ ਅਸਲ ਵਿਚ ਗੁਰੂ ਘਰ ਦੇ ਦੋਖੀ ਹੰਦਾਲੀਏ / ਨਿਰੰਜਣੀਆਂ ਦੀ ਕਰਤੂਤ ਹੈ। ਇਸ ਦੀ ਪੁਸ਼ਟੀ ਮੈਕਾਲਿਫ ਸਾਹਿਬ ਨੇ ਵੀ ਕੀਤੀ ਹੈ।
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਨੁਸਾਰ ਗੁਰੂ ਅਮਰ ਦਾਸ ਅਤੇ ਗੁਰੂ ਰਾਮ ਦਾਸ ਦੇ ਸਮਿਆਂ ਵਿਚ ਇਕ ਪ੍ਰਸਿਧ ਸਿੱਖ ਹੋਇਆ ਹੈ, ਜਿਸ ਦਾ ਨਾਮ ਭਾਈ ਹੰਦਾਲ ਸੀ, ਜੋ ਜੰਡਿਆਲੇ ਦਾ ਰਹਿਣ ਵਾਲ਼ਾ ਸੀ। ਹੰਦਾਲ (ਹਿੰਦਾਲ) ਜੱਟ ਸੰਮਤ 1630 ਵਿਚ ਸੁੱਖੀ ਦੇ ਗਰਭ ਤੋਂ ਗਾਜੀ ਦੇ ਘਰ ਜਨਮਿਆ, ਇਸ ਦੀ ਸ਼ਾਦੀ ਹਮਜੇ ਚਾਹਲ ਦੀ ਸਪੁਤਰੀ ਉੱਤਮੀ ਨਾਲ ਹੋਈ, ਜਿਸ ਤੋਂ ਬਿਧੀਚੰਦ ਪੁੱਤਰ ਪੈਦਾ ਹੋਇਆ। ਇਸ ਦੇ ਪਿੰਡ ਦਾ ਨਾਉਂ ਗੁਰੂ ਕਾ ਜੰਡਿਆਲਾ ਪ੍ਰਸਿੱਧ ਹੋਇਆ। ਭਾਈ ਹੰਦਾਲ ਸ੍ਰੀ ਗੁਰੂ ਅਮਰਦਾਸ ਜੀ ਦਾ ਅਨਿੰਨ ਸਿੱਖ ਸੀ, ਉਹ ਬਹੁਤ ਘੱਟ ਬੋਲਣ ਅਤੇ ਸਦਾ ਸੇਵਾ ਵਿਚ ਲੀਨ ਰਹਿਣ ਵਾਲ਼ਾ ਸਿੱਖ ਸੀ। ਗੁਰੂ ਜੀ ਨੇ ਉਸਦੀ ਨਿਰਮਾਣਤਾ ਅਤੇ ਨਿਸ਼ਕਾਮ ਸੇਵਾ ਤੋਂ ਪ੍ਰਸੰਨ ਹੋ ਕੇ ਉਸਨੂੰ ਪ੍ਰਚਾਰਕ ਥਾਪ ਕੇ ਮੰਜੀ ਬਖ਼ਸ਼ੀ ਤੇ ਕਿਹਾ ਕਿ ਉਹ ਵਾਪਸ ਆਪਣੇ ਨਗਰ ਜਾ ਕੇ ਸਤਿ ਨਾਮ ਦਾ ਪਰਚਾਰ ਕਰੇ। ਗੁਰੂ ਜੀ ਦੀ ਹਦਾਇਤ ਅਨੁਸਾਰ ਉਸਨੇ ਆਪਣੇ ਨਗਰ ਜੰਡਿਆਲੇ ਜਾ ਕੇ ਸਤਿ ਨਾਮ ਦਾ ਪਰਵਾਹ ਚਲਾਇਆ ਅਤੇ ਬਹੁਤ ਸਾਰੇ ਸ਼ਰਧਾਲੂ ਬਣਾਏ। (ਭਾਵੇਂ ਕਰਮ ਸਿੰਘ ਹਿਸਟੋਰੀਅਨ ਇਸ ਨੂੰ ਸਹੀ ਨਹੀਂ ਮੰਨਦੇ, ਉਹ ਲਿਖਦੇ ਹਨ ਕਿ “ਇਹ ਮੂਲੋਂ ਹੀ ਅਸੱਤ ਹੈ ਕਿਉਂਕਿ ਬਾਬਾ ਹੰਦਾਲ ਜੀ ਦਾ ਜਨਮ ਵਿਸਾਖ ਪੂਰਨਮਾਸ਼ੀ ਸੰਮਤ 1630 ਨੂੰ ਹੋਇਆ ਹੈ। ਸੋ ਪਾਠਕ ਵਿਚਾਰ ਕਰ ਲੈਣ ਕਿ ਉਹ ਤੀਜੀ ਪਾਤਸ਼ਾਹੀ ਜੀ ਦੇ ਲੰਗਰਾਂ ਦੀ ਸੇਵਾ ਕਿਸ ਤਰ੍ਹਾਂ ਕਰ ਸਕਦੇ ਸਨ”) ਉਹ ਲੰਬੀ ਬਿਰਧ ਉਮਰ ਤੱਕ ਜੀਵਿਆ ਅਤੇ ਅਖ਼ੀਰ ਤੱਕ ਗੁਰੂ ਦਾ ਸੱਚਾ ਸਿੱਖ ਰਿਹਾ। ਆਪਣੇ ਜੀਵਨ ਕਾਲ ਵਿਚ ਉਸਨੇ ਅਨੇਕਾਂ ਸ਼ਿਸ਼ ਬਣਾਏ ਜੋ ਅੱਗੇ ਜਾ ਕੇ ਹੰਦਾਲੀਏ ਜਾਂ ਨਿਰੰਜਣੀਏਂ ਕਹਾਏ।
ਪਰੰਤੂ ਉਸਦੀ ਮੌਤ ਤੋਂ ਬਾਅਦ ਉਸਦੇ ਪੁੱਤਰ ਬਿਧੀ ਚੰਦ ਦੀ ਸ਼ਹਿ ’ਤੇ ਇਹ ਫਿਰਕਾ ਗੁਰੂ ਦਾ ਸ਼ਰਧਾਲੂ ਨਾ ਰਹਿ ਕੇ ਗੁਰੂ-ਦੋਖੀ ਹੋ ਨਿਬੜਿਆ ਅਤੇ ਗੁਰੂ ਜੀ ਵਿਰੋਧੀ ਕਾਫ਼ਰਾਨਾ ਹਰਕਤਾਂ ਕਰਨ ਲੱਗਾ। ਇਸੇ ਬਿਧੀ ਚੰਦ ਨੇ ਵੱਖਰੀ ਸੰਪਰਦਾਇ ਚਲਾ ਕੇ ਆਪਣਾ ਵੱਖਰਾ ਗ੍ਰੰਥ (ਪਰਚੀ ਬਾਬਾ ਹੰਦਾਲ ਜੀ ਦੀ) ਅਤੇ ਜਨਮਸਾਖੀ ਬਣਾ ਲਈ, ਇਹਨਾਂ ਦੋਹਾਂ ਵਿਚ ਉਸਨੇ ਗੁਰੂ ਨਾਨਕ ਨੂੰ ਨੀਵਾਂ ਅਤੇ ਹੰਦਾਲ ਨੂੰ ਵੱਡਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਬਿਧੀ ਚੰਦ ਦੇ ਪੈਰੋਕਾਰ ਨਿਰੰਜਣੀਏਂ ਕਹਾਏ। ਗੁਰੂ ਘਰ ਦੇ ਦੋਖੀ ਨਿਰੰਜਣੀਏਂ ਬਦੀ ਦੀ ਇਸ ਹੱਦ ਤੀਕ ਚਲੇ ਗਏ ਕਿ 18ਵੀਂ ਸਦੀ ਵਿਚ ਸਿੱਖਾਂ ’ਤੇ ਜ਼ੁਲਮ ਕਰਨ ਲਈ ਉਹ ਹਕੂਮਤ ਦੇ ਝੋਲ਼ੀਚੁੱਕ ਬਣ ਗਏ। ਜੰਡਿਆਲੇ ਦੇ ਬਦਨਾਮ ਹਰੀਭਗਤ ਨਿਰੰਜਣੀਏਂ ਨੇ ਮੁਖ਼ਬਰੀਆਂ ਕਰਕੇ ਭਾਈ ਤਾਰੂ ਸਿੰਘ ਅਤੇ ਮਹਿਤਾਬ ਸਿੰਘ ਸਮੇਤ ਅਣਗਿਣਤ ਸਿੱਖਾਂ ਨੂੰ ਗ੍ਰਿਫ਼ਤਾਰ ਕਰਵਾ ਕੇ ਕਤਲ ਕਰਵਾਇਆ।
ਨਿਰੰਜਨੀਆਂ ਦੇ ਇਹਨਾ ਕੁਕਰਮਾਂ ਦੀ ਪੁਸ਼ਟੀ ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿਚ ਵੀ ਕੀਤੀ ਹੈ: “ਹੰਦਾਲ ਦਾ ਦੇਹਾਂਤ ਸੰਮਤ 1705 ਵਿਚ ਹੋਇਆ। ਹੰਦਾਲ ਦਾ ਪੁਤ੍ਰ ਬਿਧੀਚੰਦ ਕੁਕਰਮੀ ਸੀ। ਉਸ ਨੇ ਗੁਰੂ ਨਾਨਕ ਦੇਵ ਦੀ ਸਾਖੀ ਬਹੁਤ ਅਸ਼ੁੱਧ ਕਰ ਦਿਤੀ ਅਤੇ ਮਨਮੰਨੀਆਂ ਗੱਲਾਂ ਲਿਖ ਕੇ ਆਪਣੇ ਔਗੁਣਾਂ ਨੂੰ ਸਿੱਖੀ ਦਾ ਨਿਯਮ (ਉਸੂਲ) ਸਾਬਤ ਕਰਨ ਦਾ ਯਤਨ ਕੀਤਾ। ਕਈ ਹੰਦਾਲੀਏ ਮਹੰਤਾਂ ਨੇ ਸਿੱਖਾਂ ਦੇ ਵਿਰੁੱਧ ਲਹੌਰ ਦੇ ਜਾਲਿਮ ਹਾਕਿਮਾਂ ਨੂੰ ਅਯੋਗਯ ਸਹਾਇਤਾ ਦਿੱਤੀ।”
ਕਰਮ ਸਿੰਘ ਹਿਸਟੋਰੀਅਨ ਲਿਖਦੇ ਹਨ: “ਨਿਰੰਜਣੀਆਂ ਦੀਆਂ ਜਨਮ ਸਾਖੀਆਂ ਇਸ ਗੱਲ ਨੂੰ ਮੰਨਦੀਆਂ ਹਨ ਬਾਬਾ ਹੰਦਾਲ ਸੰਮਤ 1705 ਵਿਚ ਸਮਾਏ। ਉਹਨਾਂ ਦੇ ਮਗਰੋਂ ਉਹਨਾਂ ਦੇ ਪੁੱਤਰ ਬਾਬਾ ਬਿਧੀ ਚੰਦ ਜੀ ਗੱਦੀ ਦੇ ਮਾਲਕ ਬਣੇ ਅਤੇ ਬਾਬਾ ਹੰਦਾਲ ਹੋਰਾਂ ਦੀ ‘ਪਰਚੀ’ ਲਿਖਵਾਈ। ਇਹ ਪਰਚੀ ਬਾਬਾ ਹੰਦਾਲ ਜੀ ਦਾ ਜੀਵਨ ਬਿਰਤਾਂਤ ਹੈ। ਇਸ ਲਈ ਕਿਹਾ ਜਾ ਸਕਦਾ ਹੈ ਕਿ ਜੋ ਕੁਝ ਭਾਈ ਬਾਲੇ ਵਾਲੀ ਜਨਮ ਸਾਖੀ ਵਿਚ ਲਿਖਿਆ ਹੋਇਆ ਅਸੀਂ ਵੇਖ ਰਹੇ ਹਾਂ ਇਸ ਦਾ ਮੁੱਢ ਬਾਬਾ ਬਿਧੀ ਚੰਦ ਜੀ ਨੇ ਹੀ ਬੱਧਾ ਸੀ। ਆਪ ਗੁਰੂ ਹਰਿ ਰਾਇ ਸਾਹਿਬ ਜੀ ਦੇ ਸਮੇ ਸਮਾਏ ਹਨ। ਆਪਦੇ ਮਗਰੋਂ ਆਪਦੇ ਪੁੱਤਰ ਬਾਬਾ ਦਈ ਦਾਸ ਜੀ ਹੋਏ, ਜਿਨ੍ਹਾਂ ਤੋਂ ਮਗਰੋਂ ਬਾਬਾ ਆਕਲ ਦਾਸ ਜੀ। ਨਿਰੰਜਣੀਆਂ ਦੇ ਚੌਥੇ ਗੁਰੂ ਬਾਬਾ ਆਕਲ ਦਾਸ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਹੋਏ ਹਨ। ਭਾਈ ਬਾਲੇ ਵਾਲੀ ਜਨਮ ਸਾਖੀ ਇਨਾਂਨ੍ਹਾਂ ਦੇ ਸਮੇਂ ਹੀ ਪਹਿਲਾਂ ਪਹਿਲ ਲਿਖੀ ਗਈ ਜਾਪਦੀ ਹੈ। ਬਾਬੇ ਹੰਦਾਲ ਦੀ ਪਰਚੀ ਅਤੇ ਭਾਈ ਬਾਲੇ ਵਾਲੀ ਸਾਖੀ ਵਿਚਲੇ ਲੇਖ ਆਪਸ ਵਿਚ ਮਿਲਦੇ ਹਨ।..
ਜੋ ਅਪਸ਼ਬਦ ਬਾਬਾ ਬਿਧੀ ਚੰਦ ਹੋਰਾਂ ਨੇ ਆਪਣੀ ਪਰਚੀ ਵਿਚ ਲਿਖੇ, ਉਹੋ ਹੌਲੀ ਹੌਲੀ ਵਧਦੇ ਵਧਦੇ ਇਹ ਰੰਗ ਲਿਆਏ ਕਿ ਆਪ ਦੇ ਕਿਸੇ ਸ਼ਰਧਾਲੂ ਨੇ ਭਾਈ ਬਾਲੇ ਦੇ ਨਾਉਂ ਤੇ ਇਕ ਜਨਮ ਸਾਖੀ ਹੀ ਚੁਕ ਲਿਖੀ, ਤਾਂਕਿ ਦੋਹਾਂ ਬੰਨਿਆਂ ਵੱਲੋਂ ਇਹ ਗੱਲ ਸਾਬਤ ਹੋ ਜਾਵੇ ਕਿ ਬਾਬਾ ਹੰਦਾਲ ਸੱਚ ਮੁਚ ਹੀ ਵੱਡੇ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਤਿੰਨਾਂ ਤੋਂ ਛੋਟੇ ਸਨ।
ਬਾਬੇ ਹੰਦਾਲ ਦੀ ‘ਪਰਚੀ’ ਦੇ ਲਿਖੇ ਜਾਣ ਦਾ ਸਮਾ ਅਸੀਂ ਸੰਮਤ 1712 ਮੰਨਦੇ ਹਾਂ। ਇਸ ਤੋਂ ਮਗਰੋਂ ਭਾਈ ਬਾਲੇ ਵਾਲੀ ਜਨਮ ਸਾਖੀ ਲਿਖਣ ਵਿਚ ਜੇਕਰ ਤੀਹ ਵਰ੍ਹੇ ਲੱਗ ਗਏ ਹੋਣ ਤਾਂ ਅਸੰਭਵ ਨਹੀਂ। ਗੁਰੂ ਗੋਬਿੰਦ ਸਿੰਘ ਜੀ ਸੰਮਤ 1732 ਵਿਚ ਗੱਦੀ ਉੱਤੇ ਬੈਠੇ ਹਨ, ਇਸ ਲਈ ਇਹ ਗੱਲ ਚੰਗੇ ਵਿਸ਼ਵਾਸ਼ ਨਾਲ ਕਹੀ ਜਾ ਸਕਦੀ ਹੈ ਕਿ ਭਾਈ ਬਾਲੇ ਵਾਲੀ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਪਹਿਲਾਂ ਨਹੀਂ ਬਣੀ, ਆਪ ਦੇ ਅਖੀਰਲੇ ਸਮੇਂ ਵਿਚ ਬਣੀ ਹੋਵੇਗੀ।”
ਹੁਣ ਇਹ ਦੇਖਣਾ ਬਣਦਾ ਹੈ ਕਿ ਕਿਵੇਂ ਹੰਦਾਲੀਆਂ ਦੀ ਕੋਸ਼ਿਸ਼ ਰਹੀ ਕਿ ਕਿਵੇਂ ਨਾ ਕਿਵੇਂ ਬਾਬਾ ਹੰਦਾਲ ਨੂੰ ਗੁਰੂ ਨਾਨਕ ਦੇਵ ਜੀ ਜ਼ੁਬਾਨੀ ਤਸਦੀਕ ਕਰਵਾਇਆ ਜਾਵੇ ਤਾਂ ਕਿ ਲੋਕ ਉਸਨੂੰ ਵੀ ਉਸੇ ਸ਼ਰਧਾ ਅਤੇ ਸਤਿਕਾਰ ਦੀ ਦ੍ਰਸ਼ਿਟੀ ਨਾਲ਼ ਦੇਖਣ ਜਿਸ ਨਾਲ਼ ਗੁਰੂ ਜੀ ਨੂੰ ਦੇਖਦੇ ਹਨ। ਇਸ ਖ਼ਾਤਰ ਉਹਨਾਂ ਐਸੀਆਂ ਹਾਸੋਹੀਣੀਆਂ, ਮਨਘੜਤ ਸਾਖੀਆਂ (ਪ੍ਰਹਿਲਾਦ ਭਗਤ, ਧੂ੍ਰੁਅ ਭਗਤ, ਦੀਨਾ ਨਾਥ ਦਿਆਲ, ਘੋਹੇ ਜੱਟ ਆਦਿ) ਆਪਣੇ ਗਰੰਥ ਵਿਚ ਜੋੜ ਲਈਆਂ, ਜਿਨ੍ਹਾਂ ਨੂੰ ਪੜ੍ਹ ਕੇ ਸਧਾਰਨ ਤੋਂ ਸਧਾਰਨ ਵਿਅਕਤੀ ਵੀ ਇਤਬਾਰ ਨਹੀਂ ਕਰ ਸਕਦਾ। ਸਿਰਫ਼ ਨਮੂਨੇ ਵਜੋਂ ਨਿਰੰਜਨੀਆਂ ਦੇ ਸ੍ਰੀ ਗੁਰੂ ਹੰਦਾਲ ਪ੍ਰਕਾਸ਼ ਗਰੰਥ ਵਿਚੋਂ ਕੁਝ ਕੁ ਉਦਾਹਰਣਾਂ ਹੇਠ ਦਿਤੀਆਂ ਜਾਂਦੀਆਂ ਹਨ, ਜਿਸ ਤੋਂ ਅੱਗੇ ਪਾਠਕ ਖ਼ੁਦ ਹੀ ਅੰਦਾਜ਼ਾ ਲਾ ਸਕਦੇ ਹਨ।
“ਪ੍ਰਿਥਮ ਭਾਗ ਨਿਰੰਜਨੀਆਂ ਗ੍ਰੰਥ
ਸ੍ਰੀ ਗੁਰੂ ਹੰਦਾਲ ਪ੍ਰਕਾਸ਼
ਸੰਮਤ ਬਿਕ੍ਰਮੀ 2011 ਸੰਨ ਨਾਨਕ ਸ਼ਾਹੀ 485, ਸੰਮਤ ਨਿਰੰਜਨੀ 381 ਸੰਨ ਖਾਲਸਾ 255
ਪੰਨਾ 16 – 27
ੴ ਸਚੁਨਾਮ ਕਰਤਾ ਪੁਰਖੁ
ਜੋ ਬੜੀ ਜਨਮਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਕੀ ਭਾਈ ਬਾਲੇ ਵਾਲੀ ਸੰਮਤ ਨਾਨਕ ਸ਼ਾਹੀ 427 ਮੁਫੀਦ ਆਮ ਪ੍ਰੈਸ ਲਹੌਰ ਮੇਂ ਛੱਪੀ ਹੈ, ਉਸ ਮੇਂ ਸ੍ਰੀ ਨਿਰੰਜਨ ਪੰਥ ਦੇ ਸ੍ਰਿਤਾਜ ਸ੍ਰੀ ਸਤਿਗੁਰੂ ਬਾਬਾ ਹੰਦਾਲੁ ਜੀ ਹੋਏ ਹਨ, ਇਨ੍ਹੋਂ ਕੇ ਪ੍ਰਿਤ ਸ੍ਰੀ ਗੁਰੂ ਨਾਨਕ ਦੇਵ ਜੀ ਨਿਜ ਮੁਖਾਰ ਬਿੰਦ ਸੇ ਅਕਾਲ ਪੁਰਖੁ ਕੀ ਪਰੇਰਨਾ ਸੇ ਭਵਿਖਤ ਸ਼ਬਦ ਇੰ! ਕਹਿੰਦੇ ਹਨ।
(ਭਵਿਖਤ ਸ਼ਬਦ ਸ੍ਰੀ ਗੁਰੂ ਨਾਨਕ ਜੀ ਵਾਚ)
ਸ੍ਰੀ ਸਤਿਗੁਰੂ ਜੀ ਪ੍ਰਹਿਲਾਦਿ ਭਗਤਿ ਪਾਸ ਗਏ ਹਰਿ ਚਰਚਾ ਕਰਨੇ ਲਗੇ, ਤਬ ਕੋਲੋਂ ਮ੍ਰਦਾਨੇ ਨੇ ਪ੍ਰਹਲਾਦਿ ਭਗਤਿ ਪਾਸ ਬਿਨਯ ਕੀਤੀ, ਹੇ ਪ੍ਰਹਿਲਾਦਿ ਭਗਤਿ ਹਰੀ ਕੇ ਏਕ ਸੰਸਾ ਮੇਰੇ ਉਰ ਮੈਂ ਹੈ, ਤਾਂ ਪ੍ਰਹਿਲਾਦਿ ਭਾਤਿ ਨੇਂ ਕਹਾ ਜੋ ਸੰਸਾ ਹੈ ਕਹੁ ਮਰਦਾਨਾ, ਤਬ ਮਰਦਾਨੇ ਕਹਾ ਕੋਈ ਹੋਰ ਏਥੇ ਤੱਕ ਆਯਾ ਹੈ, ਕਿ ਨਾਨਕ ਤੱਪਾ ਹੀ ਆਯਾ ਹੈ, ਤਬ ਪ੍ਰਹਿਲਾਦਿ ਭਾਤਿ ਕਹਾ ਆਗੇ ਇਕ ਕਬੀਰ ਭਗਤ ਗਿਯਾ ਹੈ, ਦੂਜਾ ਕੋਈ ਨਹੀਂ ਆਯਾ, ਅਤੇ ਜਾਂ ਗੁਰੂ ਨਾਨਕ ਏਥੇ ਦਰਸੰਨ ਦਿਖਾਯਾ ਹੈ, ਤਾਂ ਫੇਰ ਮਰਦਾਨੇ ਕਹਾ ਸੁਨੋ ਸੰਤ ਪ੍ਰਮ ਗਿਆਨੀ ਜੀ ਕੋਈ ਹੋਰ ਭੀ ਜਗਤਿ ਮੇਂ ਹੋਵੈਗਾ, ਜੋ ਏਥੇ ਤੱਕ ਪੌਹਚੇਗਾ, ਪ੍ਰਹਿਲਾਦਿ ਭਾਤਿ ਜੀ ਕਹਾ ਸੁਨ ਮਰਦਾਨਾ ਮੇਰਾ ਬਚਨ ਪੰਜਾਬ ਦੇਸ ਮੇਂ ਪ੍ਰਗਨੇ *ਬਟਾਲੇ ਦੇ ਮਧ ਸੰਤੁ ਪੂਰਨ ਪੁਰਖੁ ਹੰਦਾਲੁ ਹੋਵੇਗਾ, ਓਹ ਏਥੇ ਤੱਕ ਆਵੇਗਾ, ਹੋਰ ਕਿਸੇ ਕੀ ਸ਼ਕਤੀ ਨਹੀਂ ਔਣੇਕੀ, ਓਹ ਬੜਾ ਭਗਤਿ ਹੋਵੇਗਾ, ਹਰਿ ਕੀ ਭਾਤਿ ਵਿਚ ਬੜਾ ਸੂਰਮਾ ਹੋਵੇਗਾ, ਏਹਨਾ ਤੀਨਾ ਬਗੈਰ ਬਿਨਾ ਹੋਰ ਕੋਈ ਨਹੀਂ ਆਸੀ, ਹੇ ਜਗਯਾਸੂ ਮੇਰਾ ਬਚਨ ਸੁਨ, ਸੌ 100 ਬਰਸਾਂ ਨਾਨਕ ਦੇ ਪਿਛੋਂ ਹਰਿ ਕੀ ਭਾਤਿ ਵਿਚ ਪ੍ਰਬੀਨ ਹੋਵੇਗਾ, ਤਾਂ ਮਰਦਾਨੇ ਨਿੰਮਸ਼ਕਾਰ ਕੀਆ, ਅਤੇ ਕਹਾ ਆਪ ਨਿਹਕਾਂਮੁ ਸੰਤੁ ਹੋ, ਜਿਨ੍ਹੋਂ ਨੇ ਮੇਰੇ ਹਿਰਦੇ ਦਾ ਭਰਮ ਨਿਵਾਰਨ ਕੀਆਮ ਆਪ ਜੀ ਕੋ ਮੇਰੀ ਬਾਰੰਬਾਰ ਨਿੰਮਸ਼ਕਾਰ ਹੈ ॥1…।2॥
ਪੁਨ੍ਹਾ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਗਵਨ ਕਰ ਧੂ੍ਰੁਅ ਭਗਤਿ ਕੇ ਮੰਡਲ ਵਿਖੇ ਜਾ ਪ੍ਰਾਪਤਿ ਹੋਏ, ਅਗੇ ਧ੍ਰੂਅ ਭਗਤਿ ਹਰਿ ਜੀ ਦੇ ਗੁਨ ਗਾਇ ਰਹੇ ਹਨ, ਤਹਾਂ ਗੁਰੂ ਜੀ ਚਲੇ ਗਏ, ਤਬ ਧੂ੍ਰੁਅ ਭਗਤਿ ਗੁਰੂ ਜੀ ਨੂੰ ਦੇਖ ਕੇ ਬੜਾ ਅੱਚਰਜ ਰਿਹਾ, ਏਥੇ ਤਾਂ ਆਦਮੀ ਆਣੇਕੀ ਗੰਮਤਾ ਨਹੀਂ, ਏਹ ਤ੍ਰੈ ਮਾਨਸ ਕੈਸੇ ਆਏ ਹੈਂ, ਤਬ ਧੂ੍ਰੁਅ ਭਗਤਿ ਨੇ ਗੁਰੂ ਜੀ ਪਾਸ ਬਚਨ ਕਹਾ, ਆਗੇ ਹੋਈ ਹੈ, ਅਬ ਨਹੀਂ ਹੋਇ, ਇਕ ਕਬੀਰ ਭਗਤਿ ਬਿਨਾ ਕੋਈ ਨਹੀਂ ਪੌਹਿਚਆ, ਕਬੀਰ ਜੀ ਨੇ ਐਸੇ ਸਾਧਨ ਕੀਆ ਹੈ ਕਿ ਰਾਮੁ ਕੇ ਨਾਮੁ ਕਾ ਹੀ ਬਨਾ ਹੈ ਉਨ ਕਾ ਸਰੀਰ, ਤਬ ਗੁਰੂ ਨਾਨਕ ਜੀ ਨੇ ਕਹਾ ਸੁਨੋ ਧੂ੍ਰੁਅ ਸੰਤ ਗਿਆਨੀ, ਅਗੇ ਹੋਈ ਅਬ ਭੀ ਹੋਵੇਗੀ, ਇਕ ਭਗਤਿ ਕਬੀਰ, ਦੂਜਾ ਨਾਨਕ, ਤੀਜਾ ਹੰਦਾਲੁ ਜਟੇਟਾ, ਇਕ ਨਿਰੰਜਨ ਕਾ ਹੀ ਉਪਾਸ਼ਕ ਹੋਵੇਗਾ, ਕਿਸੇ ਕੀ ਕਾਂਣ ਨਹੀਂ ਰਖੇਗਾ, ਇਕ ਸਚੁਨਾਮੁ ਉਸ ਕਾ ਨਿਸ਼ਾਨ ਹੋਵੇਗਾ, ਦੇਖਹੁ ਗੇ ਜਬ ਪੈਦਾ ਹੋਵੇਗਾ, ਤਬ ਏਕ ਪਲਕ ਮੇਂ ਏਥੇ ਪੌਹੁਚੇਗਾ, ਜਬ ਗੁਰੂ ਨਾਨਕ ਜੀ ਨੇ ਏਹ ਬਚਨ ਕਹੇ, ਤਬ ਧੂ੍ਰੁਅ ਭਗਤਿ ਗੁਰੂ ਜੀ ਕੀ ਚਰਨੀ ਪਿਆ ਅਰ ਕਹਿਆ ਸਤਿ ਸਤਿ ਆਪੁ ਕਾ ਕੈਹਣਾ ਹੈ, ਆਪ ਕੇ ਬਚਨ ਅਟਲ ਹੈਂ, ਆਪਸ ਮੇਂ ਬੰਦਨਾ ਕਰਕੇ, ਪੁਨ੍ਹਾ ਸ੍ਰੀ ਸਤਿ ਗੁਰੂ ਸੱਚ ਖੰਡ ਮੇਂ ਪਹੁੰਚ ਕਰ ਸ੍ਰੀ ਜੋਤੀ ਸਰੂਪ ਨਿਰੰਕਾਰ ਜੀ ਕਾ ਦਰਸ਼ਨ ਕਰ, ਫਿਰ ਸਤਿਗੁਰੂ ਸੰਸਾਰ ਮੇਂ ਆ ਕਰਿ ਮਾਤਲੋਕ ਮੇਂ ਬਿਚਰ ਕੇ ਕਈ ਪਤਤਿ ਪਾਹਨ ਕੋ ਤਾਰਿਯਾ ॥2॥3॥
ਇਸੀ ਤਾਂ ਕਬ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਕਾਬਲ ਮੇਂ ਦੀਨਾ ਨਾਥ ਦਿਆਲ ਜੀਨੂੰ ਦਰਸ਼ਨ ਦਿਤਾ, ਅਤੇ ਜਬ ਗੁਰੂ ਜੀ ਦੀਨਾ ਨਾਥ ਦਿਆਲ ਨਾਲ ਗੋਸਟ ਕਰ ਚੁਕੇ ਤਾਂ ਦੀਨਾਨਾਥ ਦਿਆਲ ਜੀ ਨੇ ਗੁਰੂ ਜੀ ਪਾਸ ਬਿਨਯ ਕੀਤੀ, ਕਿ ਆਪ ਤਾਂ ਮੇਰੇ ਪਾਸੋਂ ਚਲੇ ਹੋ, ਤੇ ਮੇਰਾ ਭੀ ਛੁਟਕਾਰਾ ਕਰ ਜਾE, ਮੇਰੀ ਦੇਹ ਕਬ ਛੁਟੇਗੀ, ਤਬ ਸਤਿਗੁਰੂ ਜੀ ਨੇ ਕਹਿਆ ਤੇਰੀ ਦੇਹ ਮੈਥੋਂ ਪਿਛੋਂ 100 ਸਉ ਵੱਰ੍ਹਾ ਪਾਛੇ ਦੇਹ ਛੁਟੇਗੀ, ਵਟਾਲੇ ਦੇ ਪ੍ਰਗਨੇ ਮੇਂ ਮੈਥੋਂ ਪਿਛੋਂ ਇਕ ਹੰਦਾਲੁ ਸੰਤੁ ਪਰੀ ਪੂਰਨ ਹੋਵੈਗਾ, ਤੇ ਹੰਦਾਲੁ ਜੀ ਦਾ ਇਕ ਸੇਵਕ ਛਬੀਲ ਦਾਸ ਤੇਰੇ ਪਾਸ ਆਵੇਗਾ, ਤੇ ਤੁਵਾਨੂੰ ਹੰਦਾਲੁ ਜੀ ਦਾ ਪ੍ਰਗਟ ਹੋਣਾ ਆਨ ਕੇ ਛਬੀਲ ਦਾਸ ਦਸੇਗਾ, ਤੇ ਤੁਸੀਂ ਦੀਨਾ ਨਾਥ ਦਿਆਲੁ ਜੀ Eਸ ਸਿਖ ਨੂੰ ਕਿਛ ਪ੍ਰਸਾਦਿ ਵਜੋਂ ਹੰਦਾਲੁ ਜੀ ਨੂੰ ਭੇਜੋਗੇ, ਤਬ ਛਬੀਲ ਦਾਸ ਹੰਦਾਲੁ ਜੀ ਪਾਸ ਅਤੇ Eਹਨਾਂ ਦੇ ਚਰਨਾਂ ਪੁਰ ਤੁਮਾਰਾ ਪ੍ਰਸ਼ਾਦਿ ਰਖ ਕੇ ਤੁਮਾਰੀ ਨਿੰਮਸ਼ਕਾਰ ਕਰੇਗਾ, ਤਬ ਹੰਦਾਲੁ ਮੇਵਾ ਮੁਖਮੇਂ ਪਾਕਰ ਕਹੇਂਗੇ, ਕਿ ਦੇਹ ਛੁਟੀ ਔਹ ਦੀਨ ਦਿਆਲ, ਇਸੀ ਤਰ੍ਹਾਂ ਤਿੰਨ ਵੇਰਾਂ ਹੰਦਾਲੁ ਜੀ ਅਪਨੇ ਮੁਖਾਰ ਬਿੰਦ ਸੇ ਕਹੇਂਗੇ, ਹੇ ਦੀਨਾ ਨਾਥ ਦਿਆਲ ਤਬ ਤੇਰੀ ਦੇਹ ਛੁਟੇਗੀ, 165 ਇਕ ਸਉ ਪੈਂਠਸ ਸਾਲ ਦੇ ਹੋ ਕੇ ਤੇਰੀ ਦੇਹ ਛੁਟੇਗੀ, ਤਬ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਦੀਨਾ ਨਾਥ ਦਿਆਲ ਜੀ ਪਾਸੋਂ ਵਿਦਾ ਹੋਏ ॥3॥4॥
ਪੁਨ੍ਹਾ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਜਾਂਦੇ ਜਾਂਦੇ ਦੀਪਾਲੂ ਸ਼ੈਹਰ ਦੇ ਬਾਹਰ ਵਾਰ ਸਵਾ ਕੋਸ ਦੇ ਸ਼ਹਿਰ ਦੇ ਬਾਹਰ ਬਾਗ ਮੇਂ ਡੇਰਾ ਕੀਆ, ਏਹ ਸਾਖੀ ਘੋਹੇ ਜੱਟ ਦੀ ਬੌਹੁਤ ਬਿਸਤਾਰ ਸੇ ਹੈ, ਏਥੇ ਸੰਖੇਪ ਨਾਲ ਲਿਖੀ ਜਾਂਦੀ ਹੈ, ਹੋ ਗੁਰੂ ਹੰਦਾਲੁ ਜੀ ਦੀ ਬਾਬਤ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਨੇਂ ਘੋਂਹੇ ਜਟ ਨਾਲ ਭਵਿਖੱਯਸ਼ਤ ਸ਼ਬਦ ਕਹੈ ਹੈਂ ਸੇ ਲਿਖੇ ਜਾਂਦੇ ਹਨ। ਤਾਂ ਗੁਰੂ ਨਾਨਕ ਜੀ ਕਹਿਆ ਭਾਈ ਘੋਹਾ ਤੈਨੂੰ ਖਬਰ ਹੋਸੀ ਕਿ ਨਾ ਹੋਸੀ, ਤਾਂ ਘੋਹੇ ਨੇ ਕਹਿਆ ਜੀ ਮੈਨੂੰ ਤਾਂ ਖਬਰ ਕਾਈ ਨਹੀ ਜੀ, ਤਾਂ ਫੇਰ ਗੁਰੂ ਨਾਨਕ ਜੀ ਕਹਿਆ ਭਾਈ ਘੋਹਾ ਤੇਰੇ ਬੇਟੇ ਨੇ ਤੇਰੇ ਨਾਲੋਂ ਭੀ ਤਪੁ ਭਾਰੀ ਕੀਤਾ ਆਹਾ, ਪਰ ਇਕ ਵਿਚ ਖੋਟ ਹੋਯਾ ਹੈ, ਉਸਤੋਂ ਇਸਨੂੰ ਤਿੰਨ ਜਨਮ ਵਿਛੜੇ ਨੂੰ ਹੋਏ ਹਨ, ਸੋ ਹੁਣ ਤੇਰੇ ਘਰਿ ਤੱਪ ਕਰੇ, ਅਤੇ ਸਾਡੇ ਸਤਵੇਂ ਜਾਂਮੇ ਪਾਸੋਂ ਏਨ ਉਧਰਨਾ ਹੈ, ਤਾਂ ਘੋਹੇ ਨੇ ਅਰਦਾਸ ਕੀਤੀ ਜੀ ਮੇਹਰ ਵਾਂਨ ਤੱਪ ਇਸ ਕਾ ਪੂਰਾ ਹੋਯਾ ਤਾਂ ਏਹ ਮੁਕਤ ਕਿਉਂ ਨਾ ਹੋਇਆ, ਤੇ ਕਸਰ ਕੀ ਰੈਹ ਗਈ ਆਹੀ, ਅਤੇ ਜਨਮ ਇਹ ਤਿੰਨ ਜਾਮੇ ਕਿਸ ਦੇ ਹੋਇਆ, ਸੋ ਕਿਰਪਾ ਕਰਕੇ ਦਸੀਏ, ਤਾਂ ਸ੍ਰੀ ਗੁਰੂ ਨਾਨਕ ਜੀ ਕਹਿਆ ਕਿ ਭਾਈ ਘੋਹਾ ਤਿੰਨ ਜਨਮ ਏਹ ਤਖਾਣ ਦੇ ਘਰਿ ਰਹਿਆ, ਤੇ ਭਗਤਿ ਵਿਚ ਰਹਿਆ, ਪਹਲੇ ਜਨਮ ਉਦੇ ਸਿੰਘ ਕਾ ਬੇਟਾ, (ਬੀਰਮਦੇਉ) ਕਾ ਭਾਈ ਸੋ ਦੋਨੋ ਬੀਰਮਦੇਉ, ਅਤੇ ਇਸਦਾ ਨਾਉਂ ਨਰਸਿੰਘ ਥਾ, ਪਰ ਏਸਨੇਂ ਉਸਕੀ ਬਾਰਾਬਰੀ ਕਰੀ ਥੀ, ਅਤੇ ਬੀਰਮ ਦੇਉ ਪਿਛਲੇ ਜਨਮੋਂ ਕਾ ਉਤਮ ਥਾ, ਤਉਸਕੇ ਮੁਖਤੇ ਆਵਾਜ ਨਿਕਲੀ ਰੇ ਕਿਉਂ ਬਾਢੀਆਂ ਕੀ ਤਰਹਿ ਵਿੰਗਚੜਾਵਤਾ ਹੈ, ਸੋ ਇਸ ਕਰਕੇ ਇਸਕਾ ਤੱਪ ਘਟਿ ਰਹਿਆ, ਅਰ ਫੇਰ ਵਹੁ ਤੋ ਰਾਜਾ ਜਨਕ ਕਾ ਦਮਾਦ ਹੂਆ, ਅਰ ਉਸਕੇ ਵਿਵਾਹ ਵਿਖੇ ਇਸ ਕੋ ਭੀ ਹਮ ਨੇ ਦੇਖਿਆ ਪਰ ਇਸਕੇ ਮੁਖਕੀ ਸੋਭਾ ਮਾੜੀ ਜੈਸੀ ਹੋ ਗਈ, ਕਿਉਂਕਿ ਏਕ ਤੋ ਸਾਂਈ ਲੋਕਾਂ ਦਾ ਸ੍ਰਾਪ ਅਰ ਦੂਸਰਾ ਏਹ ਕ੍ਰੋਧ ਬਹੁਤ ਕਰਤਾ ਥਾ, ਇਸ ਕਰਕੇ ਇਸਕੇ ਮੁਖ ਕੀ ਸੋਭਾ ਦੂਰ ਹੋ ਗਈ ਥੀ, ਤਬ ਉਹ ਬੀਰਮਦੇਉ ਕਿਤਨਾ ਕੁ ਚਿਰ ਰਹਿ ਕਰ ਫੇਰ ਓਹ ਗੁਰੂ ਕੇ ਤੁਲ ਹੋ ਗਿਆ, ਅਤੇ ਮਾਤਲੋਕ ਮਾਝੈ ਵਿਚ ਦਰਸੇ ਨੂੰ ਤਿਖਾਣ ਦੇ ਘਰ ਜਨਮ ਹੋਯਾ, ਪਰ ਭਾਈ ਭਜਨ ਦਾ ਬੀਜ ਜਾਂਦਾ ਨਹੀ ਫੇਰ ਤੇਰ ਘਰਿ ਤਦ ਪੈਇਦੇ ਹੋਇਆ ਸੋ ਕਮਾਈ ਕਰਸੀ ਫੇਰ ਉਧਰਸੀ, ਤਾਂ ਘੋਹੇ ਨੇ ਕਹਿਆ ਜੀ ਹੁਣ ਬੀਰਮਦੇਉ ਕਿਸਲੇ ਜਨਮੇਗਾ, ਤਾਂ ਗੁਰੂ ਨਾਨਕ ਜੀ ਕਹਿਆ ਜੱਟ ਦੇ ਘਰਿ ਜਨਮੇਗਾ। ਥੇ ਨਾਉ ਹੰਦਾਲੁ ਹੋਸੀ, ਅਤੇ ਭਾਰੀ ਸੰਤ ਹੋਸੀ, ਤੇ ਵਡਾ ਗੁਰਮੁਖ ਹੋਸੀ, ਅਤੇ ਤੇਰੇ ਬੇਟੇ ਦੇ ਤ੍ਰੇਹੁ ਜਨਮ ਤ੍ਰਿਖਾਣ ਦਿਆਂ ਦਾ ਨਗਮੁ 1 ਬਾਲੂ, 2 ਹਰੀਆ, 3 ਦਰਿਬਾਰੀ ਅਤੇ ਹੁਣ ਦਰਸਾ ਹੈ, ਤਾਂ ਗੁਰੂ ਨਾਨਕ ਜੀ ਕਹਿਆ, ਓਹ ਸੱਤਲੁਦ੍ਰ ਜੋ ਨਦੀ ਹੈ ਤਿਸਕੇ ਕਨਾਰੇ ਏਕ ਪਿੰਡ ਬੜਾ ਕਸਬਾ ਹੋਵੇਗਾ, ਸੋ ਓਥੇ ਇਸ ਨੂੰ ਆਸਾਡੇ ਅਉਤਾਰ ਦਾ ਦਰਸ਼ਨ ਹੋਸੀ, ਤੇ ਖੱਤ੍ਰੀ ਜਨਮ ਏਹ ਭੀ ਹੋਸੀ, ਪਰ ਓਸ ਦੀ ਇਸ ਉਪਰ ਬਹੁਤ ਕ੍ਰਿਪਾ ਹੋਸੀ, ਅਰ ਬਾਲਕ ਜਾਮੇਂ ਵਿਚ ਇਸ ਦੇ ਨਾਲ ਬਹੁਤ ਸੰਗ ਰਹਿਆ ਕਰੇਗਾ, ਅਰ ਸੰਗ ਹੀ Eਹ ਇਸ ਨੂੰ ਰਖੇਗਾ, ਤੇ ਭਾਈ ਵਹੁ ਬੜਾ ਗੁਰਮੁਖ ਹੋਸੀ, ਜੇ ਤੂੰ ਕਹਿੰਦਾ ਹੋਵੇਂ ਜੋ ਗੁਰੂ ਭੀ ਜਨਮ ਵਿਚ ਆਂਵਦਾ ਹੈ, ਤਾਂ ਏਹ ਜਾਣ ਜੋ ਓਹ ਰੰਚਕ ਜੋ ਉਸ ਕੀ ਅੰਸ ਹੋਤੀ ਹੈ, ਓਹ ਵਿਸਤਾਰ ਕਰਕੇ ਪਸਰ ਜਾਂਦੀ ਹੈ, ਤੇ ਇੰਙ ਝਾਣ ਕੇ ਭਰਮਣਾ ਨਹੀਂ, ਭਾਈ ਘੋਹਾ ਕਲਜੁਗ ਵਿਚ ਬਡੇ ਸ਼ਬਦ ਬਿਨਾ ਕਿਸੇ ਨੂੰ ਨਹੀਂ ਜਾਨਣਗੇ, ਜਨਮ ਸਾਖੀ ਸ੍ਰੀ ਗੁਰੂ ਨਾਨਕ ਜੀ ਕੀ ਵਿਚੋਂ ਘੋਹੇ ਜੱਟ ਦੀ ਸਾਖੀ ਪੰਨਾ 426-427 ਨਾਨਕ ਸ਼ਾਹੀ 443 ਈਸਵੀ 1912 ਜੋ ਲਹੌਰ ਮੇਂ ਛਪੀ ਹੈ ਪੜ੍ਹ ਦੇਖਹੁ ॥4॥5॥
ਨਾਨਕ ਸ਼ਾਹੀ 427 ਵਿਚ ਜੋ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਛੱਪੀ ਹੈ ਓਸ ਮੇਂ ਚੌਂਹ ਪੰਜਾਂ ਸਾਖੀਆਂ ਮੇਂ ਸ੍ਰੀ ਸਤਿਗੁਰੂ ਹੰਦਾਲੁ ਜੀ ਦਾ ਪ੍ਰਗਟ ਹੋਣਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਵਿਖਸ਼ਤ ਸ਼ਬਦੋਂ ਮੇਂ ਹੱਛੀ ਤਰਾਂ ਖੋਹਲ ਕੇ ਦਸਿਆ ਹੈ, ਅਤੇ ਪੁਰਾਣੀਆਂ ਜਨਮ ਸਾਖੀਓਂ ਮੇਂ ਏਹਨਾਂ ਪੰਜਾਂ ਸਾਖੀਓਂ ਮੇਂ ਸ੍ਰੀ ਗੁਰੂ ਹੰਦਾਲੁ ਜੀ ਦੀ ਮਹਿਮਾ ਕਿਸ ਤੌਰ ਤੇ ਰੌਸ਼ਨੀ ਪਾਈ ਜਾਂਦੀ ਹੈ।
ਪ੍ਰਹਿਲਾਦਿ ਭਗਤਿ ਵਾਲੀ ਸਾਖੀ 1, ਤੇ ਧ੍ਰਅ ਭਗਤਿ ਵਾਲੀ ਸਾਖੀ 2, ਤੇ ਪੰਡਤ ਦੀਨਾ ਨਾਥ ਦਿਆਲੀ ਵਾਲੀ ਸਾਖੀ 3, ਅਤੇ ਘੋਹੇ ਜੱਟ ਵਾਲੀ ਸਾਖੀ 4, ਤੇ ਸਿਧਾਂ ਵਾਲੀ ਝੰਗਰਨਾਥ ਕੀ ਸਾਖੀ 5, ਹੋਰ ਲਿਖਤ ਦੀਆਂ ਪੁਰਾਣੀਆਂ ਜਨਮ ਸਾਖੀਆਂ ਏਹਨਾਂ ਪੰਜਾਂ ਹੀ ਸਾਖੀਆਂ ਵਿਚ ਹੰਦਾਲੁ ਜੀ ਦਾ ਪ੍ਰਗਟ ਹੋਣਾ ਸ੍ਰੀ ਗੁਰੂ ਨਾਨਕ ਜੀ ਦੱਸ ਰਹੇ ਹਨ, ਹੋਰ ਇਕ ਪੁਰਾਣੀ ਜਨਮ ਸਾਖੀ ਲਿਖਤ ਦੀ ਮਹੰਤ ਬੂੜੀ ਦਾਸ ਉਦਾਸੀ ਪਿੰਡ ਚੱਕੋ ਕੇ ਦੇ ਪਾਸ ਹੈ ਏਹ ਜਨਮ ਸਾਖੀ ਬਹੁਤ ਹੀ ਪੁਰਾਤਮੀ ਭਾਈ ਮੁੰਨਛਾ ਸਿੰਘ ਨਿਵਾਸੀ ਬੋਪਾਰਾਇ ਕੀ ਮਾਰਫਤ ਪੜ ਕੇ ਦੇਖੀ ਜੋ ਏਸ ਪੁਰਾਣੀ ਜਨਮ ਸਾਖੀ ਦਾ ਪੰਨਾ 328-281-260-284 ਮੇਂ ਪੜ੍ਹ ਦੇਖਹੁ ਡਾਕਖਾਨ ਖਾਸ ਚਕੋ ਕੇ ਬਰਾਸਤਾ ਢਿਲਵਾਂ ਰਿਆਸਤ ਕਪੂਰਥੱਲਾ।”
ਇਹੀ ਬਿਰਤਾਂਤ ਵਾਲ਼ੀਆਂ ਕੂੜ ਸਾਖੀਆਂ ਭਾਈ ਬਾਲੇ ਵਾਲੀ ਜਨਮ ਸਾਖੀ ਵਿਚ ਪਰ ਵਧੇਰੇ ਪਲੇਥਣ ਲਾ ਕੇ ਲਿਖੀਆਂ ਮਿਲਦੀਆਂ ਹਨ। ਇਸ ਤੋਂ ਇਹੀ ਸਿੱਧ ਹੁੰਦਾ ਹੈ ਕਿ ਇਹ ਬਿਲਾਸ਼ੱਕ ਨਿਰੰਜਨੀਆਂ ਦੀ ਹੀ ਕਾਢ ਹੈ।
ਭਾਈ ਬਾਲੇ ਵਾਲੀ ਜਨਮ ਸਾਖੀ ਵਿਚਲੇ ਨਾਕਾਬਲਿ-ਬਰਦਾਸ਼ਤ ਇੰਦਰਾਜ਼
ਕਰਮ ਸਿੰਘ ਹਿਸਟੋਰੀਅਨ “ਕੱਤਕ ਕਿ ਵਿਸਾਖ” ਵਿਚ ਸਿੱਟਾ ਕੱਢਦਿਆਂ ਲਿਖਦੇ ਹਨ: “ …ਇਹ (ਭਾਈ ਬਾਲੇ ਵਾਲੀ) ਸਾਖੀ ਸ਼ੁਰੂ ਤੋਂ ਲੈ ਕੇ ਅਖੀਰ ਤਕ ਜਾਲ ਹੈ, ਝੂਠੀ ਹੈ, ਬਣਾਉਟੀ ਹੈ, ਨਿੰਦਿਆ ਨਾਲ ਭਰੀ ਪਈ ਹੈ, ਸੁਣਨ ਦੇ ਯੋਗ ਨਹੀਂ, ਦੇਖਣ ਦੇ ਕੰਮ ਨਹੀਂ, ਮੰਨਣ ਦੇ ਲੈਕ ਨਹੀਂ, ਏਸ ਨੂੰ ਬੰਨ੍ਹ ਕੇ ਅਜਿਹੇ ਥਾਂ ਪੁਚਾਉਣਾ ਚਾਹੀਏ ਜਿਥੋਂ ਇਸ ਦਾ ਖੁਰਾ ਖੋਜ ਨਾ ਮਿਲੇ।”
ਅੱਜਕਲ ਜੋ ਛਾਪੇਖਾਨਿਆਂ ਵਿਚ ਛਪੀਆਂ ਭਾਈ ਬਾਲੇ ਵਾਲੀਆਂ ਸਾਖੀਆਂ ਵਿਚ ਅਸਲੀ ਹੱਥ ਲਿਖਤ ਵਾਲੀ ਜਨਮ ਸਾਖੀ ਵਿਚੋਂ ਢੇਰ ਸਾਰਾ ਮਜਬੂਨ ਬਦਲ ਦਿਤਾ ਗਿਆ ਹੈ, ਪਰ ਭਾਈ ਬਾਲੇ ਵਾਲੀ (ਅਸਲੀ ਹੱਥ ਲਿਖਤ ਵਾਲ਼ੀ) ਸਾਖੀ ਵਿਚ ਬਹੁਤ ਸਾਰੇ ਇਤਰਾਜ਼ਯੋਗ ਇੰਦਰਾਜ਼ ਹਨ, ਜਿਸ ਦੀਆਂ ਕੁਝ ਵੰਨਗੀਆਂ ਪੇਸ਼ ਹਨ। ਲੇਖਕ ਦੀ ਅਸਲੀ ਹੱਥ ਲਿਖਤ ਵਾਲੀ ਜਨਮ ਸਾਖੀ ਤੱਕ ਪਹੁੰਚ ਨਹੀਂ, ਇਸ ਕਰਕੇ ਕਰਮ ਸਿੰਘ ਹਿਸਟੋਰੀਅਨ ਦੀ ਕਿਤਾਬ “ਕੱਤਕ ਕਿ ਵਿਸਾਖ” ਵਿਚੋਂ ਸਿੱਧੇ ਪਰਮਾਣ ਦਿਤੇ ਗਏ ਹਨ:
- ਸਤਿਗੁਰੂ ਨਾਨਕ ਦੇਵ ਜੀ ਤ੍ਰੇਤੇ ਜੁਗ ਵਿਚ ਰਾਜਾ ਜਨਕ ਦੇ ਸੇਵਕ ਸਨ, ਝੂਠ ਬੋਲਦੇ ਅਤੇ ਮੂਰਤੀ ਪੂਜਾ ਕਰਦੇ ਸਨ, ਪਰ ਹੰਦਾਲ ਜੀ ਤ੍ਰੇਤੇ ਜੁਗ ਵਿਚ ਰਾਜਾ ਉਦੇ ਸਿੰਘ ਦੇ ਪੁੱਤਰ ਅਤੇ ਰਾਜਾ ਜਨਕ ਦੇ ਜਵਾਈ ਸਨ। ਉਹ ਝੂਠ ਬੋਲਣ ਬਦਲੇ ਜੂਨਾਂ ਵਿਚ ਪਏ ਆਉਂਦੇ ਸਨ ਅਤੇ ਕਲਿਜੁਗ ਵਿਚ ਲੋਕਾਂ ਦਾ ਉਧਾਰ ਕਰਨ ਲਈ ਨਹੀਂ ਸਗੋਂ ਆਪਣੀ ਜੂਨ ਭੋਗਣ ਆਏ ਸਨ ਅਤੇ ਇਸ ਜੂਨ ਭੋਗਣ ਤੋਂ ਮਗਰੋਂ ਆਪਦਾ ਉਧਾਰ ਹੋਇਆ, ਪਹਿਲਾਂ ਨਹੀਂ।
- ਗੁਰੂ ਜੀ ਦੁਆਪਰ ਵਿਚ ਤੇਲੀ ਦੇ ਘਰ ਪੈਦਾ ਹੋਏ ਸੇ, ਪਰ ਹੰਦਾਲ ਜੀ ਪੰਡਤ ਦੇ ਘਰ। ਸਾਖੀ ਸੱਚੇ ਸੌਦੇ ਦੀ ਵਿਚ ਲਿਖਿਆ ਹੈ: “…ਤਾਂ ਫਿਰ ਨਾਨਕ ਕਹਿਆ, ਦੁਆਪਰ ਜੁਗ ਕੇ ਬਿਖ ਹਮ ਨਿਰੰਕਾਰ ਕੀ ਭਗਤ ਕਰੀ ਥੀ, ਭਗਤ ਤੋ ਪੂਰੀ ਹੋਈ ਥੀ, ਪਰ ਬਾਸ਼ਨਾ ਹਮ ਕੋ ਬਿਆਪੀ ਥੀ, ਹਮਾਰਾ ਤੇਲੀ ਕੇ ਘਰ ਜਨਮ ਨੀਚ ਘਰ ਜਨਮ ਥਾ, ਤਬ ਹਮਾਰਾ ਜਨਮ ਤੇਲੀ ਕੇ ਘਰ ਥਾ, ਉਸ ਬਾਸ਼ਨਾਂ ਕੇ ਵਾਸਤੇ ਹਮ ਕੋ ਫਿਰ ਜਨਮ ਹੂਆ ਖੱਤਰੀ ਕੇ ਘਰ ॥”
- ਇਸੇ ਤਰ੍ਹਾਂ ਫਿਰੰਦੇ ਵਾਲ਼ੀ ਸਾਖੀ ਵਿਚ ਕੁਫਰ ਤੋਲਿਆ ਹੈ: …ਤਾਂ ਫਿਰੰਦੇ ਕਿਹਾ ਜੀ ਕਿਉਂ ਜੀ, ਉਹ ਦਿਨ ਤੈਨੂੰ ਵਿਸਰ ਗਿਆ। ਪਰਾਣ ਨਾਥ ਤੇਲੀ ਦੇ ਘਰ ਇਕੱਠੇ ਹੋਇ ਆਹੇ, ਅਸੀਂ ਦੋਵੇਂ ਭਰਾ ਆਹੇ, ਅਤੇ ਤੀਜੀ ਅਸਾਡੀ ਭੈਣ ਆਹੀ, ਅਸੀਂ ਦੋਵੇਂ ਨਿਰੰਕਾਰ ਹੀ ਜਪਦੇ ਆਹੇ ਅਤੇ ਭੈਣ ਅਸਾਡੀ ਸੇਵਾ ਕਰਦੀ ਆਹੀ; ਅਤੇ ਤਉ ਇਕ ਦਿਨ ਆਖਿਆ ਦੇਖ ਭਾਈ ਅਸਾਡਾ ਨੀਚ ਘਰ ਜਨਮ ਹੋਇਆ, ਅਸਾਨੂੰ ਖੱਤਰੀ ਬਾਹਮਣ ਆਦਰ ਦੇਂਦੇ ਨਾਹੀ ਅਤੇ ਭਗਤ ਅਸਾਡੀ ਪੂਰਨ ਹੋਈ ਆਹੀ, ਤਾਂ ਮੈਂ ਤੁਹਿ ਨੂੰ ਆਖਿਆ, ਭਾਈ ਤੂੰ ਸੱਚ ਆਖਦਾ ਹੈਂ, ਇਹ ਪਰਮੇਸ਼ਰ ਕਿਆ ਕੀਤਾ ਹੈ।
- ਇਸ ਜਨਮ-ਸਾਖੀ ਵਾਲੇ ਨੇ ਸਤਿਗੁਰੂ ਜੀ ਦੇ ਪਿਤਾ ਕਲਿਆਣ ਰਾਇ ਨੂੰ ਅੱਵਲ ਦਰਜੇ ਦਾ ਲਾਲਚੀ ਅਤੇ ਅਣਖ ਤੋਂ ਸੁੰਞਾਂ ਦੱਸਿਆ ਹੈ (ਵੇਖੋ ਸੁਲਤਾਨ ਪੁਰ ਵਾਲੀ ਸਾਖੀ), ਕਿਤੇ ‘ਬੜਬੋਲਾ’ ਕਿਤੇ ‘ਰਾਕਸ਼’ ਅਤੇ ਕਿਤੇ ‘ਸਯਾਦ ਕੁਬਖਤਾ’ ਇਨ੍ਹਾਂ ਪਦਾਂ ਨਾਲ ਯਾਦ ਕੀਤਾ ਹੈ। ਸੱਚੇ ਸੌਦੇ ਵਾਲੀ ਸਾਖੀ ਵਿਚ ਬੜੀ ਬੇਅਦਬੀ ਕੀਤੀ ਹੈ। ਵੀਹ ਰੁਪਏ ਰਾਇ ਬੁਲਾਰ ਪਾਸੋਂ ਕਲਿਆਣ ਰਾਇ ਜੀ ਨੂੰ ਦੁਆ ਕੇ ਆਪ ਇਸ ਤਰ੍ਹਾਂ ਅਪਸ਼ਬਦਾਂ ਦੀ ਬੁਛਾੜ ਕਰਦੇ ਹਨ: “ਤਾਂ ਕਾਲੂ ਵੀਹ ਰੁਪਏ ਲੈਕਰ ਹੈਰਾਨ ਹੋਇ ਰਹਿਆ, ਲੋਕ ਤਲਵੰਡੀ ਦੇ ਖਤ੍ਰੀ ਬ੍ਰਾਹਮਣ ਜਿਤਨੇ ਤੁਰਕ ਆਹੇ, ਜਟ ਬੂਟ ਆਹੇ, ਤਿਤਨੇ ਭ੍ਰਿਸ਼ਟਣ ਲੱਗੇ, ਤੂੰ ਕੋਈ ਖਤ੍ਰੀ ਨਾਂਹੀ, ਤੇਰਾ ਕੋਈ ਚੰਡਾਲ ਦਾ ਜਨਮ ਹੈ।”
- ਘੋਰ ਅਵੱਗਿਆ ਵਾਲੀ ਸਾਖੀ ਤਾਂ ਲਿਖਾਰੀ ਨੇ ਘੜਕੇ ਪੁਸਤਕ ਦੇ ਅੰਤ ਵਿਚ ਲਿਖੀ ਹੈ ਜਿਸਦਾ ਨਾਉਂ ਉਸ ਨੇ ‘ਮੰਝੌਤ ਦੀ ਸਾਖੀ’ ਧਰਿਆ ਹੈ ਤੇ ਜਿਸਨੂੰ ਇਥੇ ਲਿਖਣੋਂ ਕਲਮ ਨਾਂਹ ਕਰਦੀ ਹੈ। ਪਰ ਚੂੰਕਿ ਉਹ ਛਾਪੇ ਦੀਆਂ ਜਨਮ-ਸਾਖੀਆਂ ਵਿਚ ਨਹੀਂ ਹੈ ਇਸ ਲਈ ਵਨਗੀ ਮਾਤ੍ਰ ਥੋੜੀ ਜਿਹੀ ਲਿਖੀ ਜਾਂਦੀ ਹੈ। ਜਦ ਗੁਰੂ ਜੀ ਨੂੰ ਏਮਨਾਬਾਦ ਭਾਈ ਲਾਲੋ ਦੇ ਘਰ ਰਹਿੰਦਿਆਂ ਸੱਤ ਦਿਨ ਗੁਜ਼ਰੇ ਤਾਂ ਇਕ ਦਿਨ “ਗੁਰੂ ਨਾਨਕ ਬਜ਼ਾਰ ਵਿਚ ਬੈਠਾ ਆਹਾ ਅਤੇ ਨਾਲੇ ਬਾਲਾ ਆਹਾ। ਬੈਠੇ ਕੁਦਰਤ ਦਾ ਤਮਾਸ਼ਾ ਦੇਖਦੇ ਹੈਨ, ਜੋ ਗੋਪੀ ਨਾਥ ਕੋਛੜ ਦੇ ਘਰ ਢੰਗ ਆਹਾ, ਉਸਦੇ ਘਰ ਸੱਦੇ ਆਏ ਸਰੀਕ ਅੰਗ ਸਾਕ ਯਾਰ ਦੋਸਤ ਸਦੇ ਆਏ ਆਹੇ, ਤਾਂ ਹਯਾਤ ਖਾਂ ਮੰਝ ਵੀ ਕਬੀਲੇ ਆਇਆ ਆਹਾ, ਤਿਸਦੀ ਬੇਟੀ ਬੀਬੀ ਖਾਂ, ਤਾਂ ਗੁਰੂ ਨਾਨਕ ਦੀ ਉਹ ਰੰਘੜ ਨਜ਼ਰ ਪਿਆ, ਗੋਪੀ ਨਾਥ ਕੋਛੜ ਦਾ ਬਹੁਤ ਯਾਰ ਆਹਾ, ਉਸਦੀ ਬੇਟੀ ਗੁਰੂ ਨਾਨਕ ਦੀ ਨਜ਼ਰ ਪਈ, ਭਾਈ ਲਾਲੋ ਨੂੰ ਘੱਲਕੇ ਗੋਪੀ ਨਾਥ ਕੋਛੜ ਨੂੰ ਸਦਵਾਇਆ ਅਤੇ ਕੁਝ ਗੱਲਾਂ ਕਰਕੇ ਇਹ ਕਹਿਆ ਕਿ ਭਾਈ ਗੋਪੀ ਨਾਥ ਉਸ ਦੇ (ਹਯਾਤ ਖਾਂ ਦੇ) ਘਰ ਜੋ ਬੀਬੀ ਬੇਟੀ ਹੈ ਉਹ ਅਸਾਡੀ ਅਮਾਨਤ ਹੈ”। ਇਕ ਥਾਂ ਸ਼ੇਖ ਮਾਲੋ ਦੀ ਸਾਖੀ ਵਿਚ ਲਿਖਿਆ ਹੈ – “ਉਸ ਸੁਣਿਆ ਜੋ ਨਾਨਕ ਤਪਾ ਹਿੰਦੂ ਹੈ ਪਰ ਉਸ ਮੰਝੌਤ ……ਰੱਖੀ ਹੈਸੁ।”
- ਇਸ ਲਿਖਾਰੀ ਨੇ ਸਤਿਗੁਰੂ ਨਾਨਕ ਜੀ ਦੀ ਹੀ ਬੇਅਦਬੀ ਨਹੀਂ ਕੀਤੀ ਸਗੋਂ ਪ੍ਰੇਮ-ਪੁੰਜ ਬੇਬੇ ਨਾਨਕੀ ਜੀ ਅਤੇ ਪਿਤਾ ਕਲਿਆਨ ਰਾਇ ਜੀ ਵੱਲੋਂ ਵੀ ਭਾਰੀ ਅਪ੍ਰਾਧ ਦਾ ਭਾਗੀ ਬਣਿਆ ਹੈ। ਨਮੂਨੇ ਲਈ ਵੇਖੋ ਬੇਬੇ ਨਾਨਕੀ ਜੀ ਦੇ ਵਿਆਹ ਵਾਲੀ ਸਾਖੀ, ਜੋ ਇਸ ਤਰ੍ਹਾਂ ਲਿਖਦਾ ਹੈ: “ਜਾਂ ਨਾਨਕ ਵਰ੍ਹਿਆਂ ਅਠਾਰਾਂ ਦਾ ਹੋਇਆ ਤਾਂ ਵਿਸਾਖ ਦੇ ਦਿਨ ਆਹੇ, ਕੱਛਾਂ ਦੇ ਵਾਸਤੇ ਜੈਰਾਮ ਪਲਤਾ ਆਇਆ ਸੀ, ਅੱਗੇ ਨਾਨਕੀ ਕਾਲੂ ਦੀ ਧੀ ਪਾਣੀ ਭਰਨ ਖੁਹ ਤੇ ਆਈ ਸੀ, ਜੈਰਾਮ ਪਲਤੇ ਦੀ ਨਜ਼ਰ ਪਈ, ਖਰੀ ਛੈਲ ਸੀ, ਜੈਰਾਮ ਦੇਖਕਰ ਮੋਹਿਆ ਗਿਆ, ਜੈਰਾਮ ਰਾਇ ਬੁਲਾਰ ਨੂੰ ਕਹਿਆ, ਰਾਇ ਜੀ ਇਹ ਲੜਕੀ ਕਿਸ ਦੀ ਹੈ……ਇਸ ਦੀ ਕਹਾਣੀ ਅਸਾਂ ਨਾਲ ਕਰਾਵਹੁ।
- ਗੁਰੂ ਜੀ ਦੀ ਆਪਣੀ ਜ਼ਬਾਨੀ ਅਖਵਾਇਆ ਗਿਆ ਹੈ ਕਿ ਸਾਥੋਂ ਵੱਡਾ ਕਬੀਰ ਹੈ ਤੇ ਕਬੀਰ ਤੋਂ ਵੱਡਾ ਹੰਦਾਲ ਹੈ।
- ਗੁਰੂ ਜੀ ਸਚ ਖੰਡ ਵਿਚ ਦਰਜੇ ਦਰਜੇ ਚੜ੍ਹ ਕੇ ਪਹੁੰਚੇ ਹਨ, ਪਰ ਹੰਦਾਲ ਇਕ ਪਲ ਵਿਚ ਜਾ ਪਹੁੰਚੇਗਾ।
- ਗੁਰੂ ਜੀ ਅਤੇ ਹੰਦਾਲ ਗੁਰ ਭਾਈ ਹਨ। ਗੁਰੂ ਜੀ ਦਾ ਗੁਰੂ ਜਿੰਦ ਪੀਰ ਹੈ, ਇਸ ਲਈ ਉਹ ਹੰਦਾਲ ਦਾ ਗੁਰ ਭਾਈ ਹੋਣ ਸਦਕਾ ਹੀ ਹੰਦਾਲ ਗੁਰੂ ਜੀ ਦੀ ਆਣ ਮੰਨੇਗਾ, ਨਹੀਂ ਤਾਂ ਅਸਲ ਵਿਚ ਉਹ ਗੁਰੂ ਜੀ ਨਾਲੋਂ ਬਹੁਤ ਵੱਡਾ ਹੈ।
ਕੱਤਕ ਜਨਮ-ਸਾਖੀ ਵਾਲੀ ਕੁਰੀਤ ਦਾ ਮੁੱਢ ਕਦੋਂ ਤੇ ਕਿਵੇਂ ਬੱਝਿਆ?
ਹੁਣ ਦੇਖਣਾ ਬਣਦਾ ਹੈ ਕਿ ਵੈਸਾਖ, 15 ਅਪਰੈਲ ਵਾਲੀ ਅਸਲੀ ਤਰੀਕ ਬਦਲ ਕੇ ਕੱਤਕ ਦੀ ਪੂਰਨਮਾਸ਼ੀ ਨੰ ਗੁਰੂ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਵਾਲੀ ਕੁਰੀਤ ਦਾ ਮੁੱਢ ਕਦੋਂ ਤੇ ਕਿਵੇਂ ਬੱਝਿਆ?
(1) ਮੈਕਸ ਮੈੱਕਾਲਿਫ ਅਨੁਸਾਰ ਸ਼ਰੂ ਵਿਚ ਨਨਕਾਣਾ ਵਿਖੇ ਗੁਰਪੁਰਬ ਵੈਸਾਖ ਵਿਚ ਹੀ ਮਨਾਇਆ ਜਾਂਦਾ ਸੀ। ਪਰ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਦੌਰਾਨ ਸੰਨ 1816 ਵਿਚ ਇਸ ਨੂੰ ਬਦਲ ਕੇ ਕੱਤਕ ਦੀ ਪੂਰਨਮਾਸ਼ੀ ਨੂੰ ਕਰ ਦਿਤਾ ਗਿਆ। ਮਿ: ਮੈੱਕਾਲਿਫ਼ ਲਿਖਦੇ ਹਨ: “ਸਾਰੇ ਹੰਦਾਲੀਏ ਅਤੇ ਅਜੋਕੀਆਂ ਜਨਮਸਾਖੀਆਂ ਕਾਰਤੱਕ ਮਹੀਨਾ ਹੀ ਮੰਨਦੀਆਂ ਹਨ ਜਿਸ ਵਿਚ ਬਾਬਾ ਨਾਨਕ ਜਨਮਿਆ ਸੀ। ਮਨੀ ਸਿੰਘ ਅਤੇ ਹੋਰ ਪੁਰਾਤਨ ਜਨਮਸਾਖੀਆਂ ਗੁਰੂ ਦਾ ਜਨਮ ਬੈਸਾਖ ਦਾ ਦੱਸਦੀਆਂ ਹਨ। ਹੇਠ ਲਿਖੀ ਰੀਤ ਕਰਕੇ ਕਾਰਤੱਕ ਨੂੰ ਗੁਰੂ ਦਾ ਜਨਮ ਮਹੀਨਾ ਬਣਾ ਦਿਤਾ ਗਿਆ: ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅੰਮ੍ਰਿਤਸਰ ਵਿਚ ਭਾਈ ਸੰਤ ਸਿੰਘ ਗਿਆਨੀ ਹੋਇਆ ਹੈ ਜਿਸ ਦਾ ਸ਼ਾਹੀ ਘਰਾਣੇ ਦੀਆਂ ਨਜ਼ਰਾਂ ਵਿਚ ਉਚਾ ਮੁਰੁਾਤਬਾ ਸੀ। ਅੰਮ੍ਰਿਤਸਰ ਤੋਂ ਕੋਈ ਪੰਜ ਮੀਲ ਦੀ ਦੂਰੀ ’ਤੇ ਇਕ ਸਰੋਵਰ ਹੈ ਜਿਸਨੂੰ ਰਾਮ ਤੀਰਥ ਜਾਂ ਹਿੰਦੂ ਦੇਵਤਾ ਰਾਮ ਦਾ ਤੀਰਥ-ਅਸਥਾਨ ਆਖਿਆ ਜਾਂਦਾ ਹੈ।”
(ਸ਼੍ਰੀ ਰਾਮ ਤੀਰਥ ਮੰਦਿਰ, ਅੰਮ੍ਰਿਤਸਰ – ਉੱਤਰੀ ਭਾਰਤ ਦੇ ਪੰਜਾਬ ਸੂਬੇ ਵਿਚ ਅੰਮ੍ਰਿਤਸਰ ਸ਼ਹਿਰ ਤੋਂ 11 ਕਿਲੋਮੀਟਰ ਦੂਰ ਅੰਮ੍ਰਿਤਸਰ-ਚੌਗਾਵਾਂ ਰੋਡ ’ਤੇ ਪਰਾਚੀਨ ਅਤੇ ਇਤਿਹਾਸਕ ਧਾਰਮਿਕ ਸਥਾਨ ਸ਼੍ਰੀ ਰਾਮ ਤੀਰਥ ਮੰਦਿਰ ਸਥਿਤ ਹੈ। ਨਾ ਕੇਵਲ ਇਸ ਮੰਦਿਰ ਦਾ, ਬਲਕਿ ਇਸ ਪਵਿੱਤਰ ਸਥਾਨ ਦਾ ਇਤਿਹਾਸ ਰਾਮਾਇਣ ਕਾਲ ਨਾਲ਼ ਜੁੜਿਆ ਜੋਇਆ ਹੈ। ਇਸ ਸਥਾਨ ’ਤੇ ਮਹਾਂਰਿਸ਼ੀ ਵਾਲਮੀਕ ਦਾ ਆਸ਼ਰਮ ਅਤੇ ਕੁਟੀਆ ਸਥਿੱਤ ਹੈ। ਕਿਹਾ ਜਾਂਦਾ ਹੈ ਕਿ ਸ਼੍ਰੀ ਰਾਮ ਜੀ ਦਵਾਰਾ ਮਾਤਾ ਸੀਤਾ ਦਾ ਪਰਿਤਯਾਗ ਕਰਨ ਤੋਂ ਬਾਅਦ ਰਿਸ਼ੀ ਵਾਲਮੀਕ ਨੇ ਉਸਨੂੰ ਇਸ ਸਥਾਨ ’ਤੇ ਆਪਣੇ ਆਸ਼ਰਮ ਵਿਚ ਆਸਰਾ ਦਿੱਤਾ ਸੀ। ਮਾਤਾ ਸੀਤਾ ਨੇ ਇਸ ਆਸ਼ਰਮ ਵਿਚ ਹੀ ਨਿਵਾਸ ਕੀਤਾ ਸੀ, ਇਸ ਕਰਕੇ ਇਸ ਨੂੰ ਮਾਤਾ ਸੀਤਾ ਦਾ ਆਸਰਾ-ਸਥਾਨ ਵੀ ਕਿਹਾ ਜਾਂਦਾ ਹੈ। ਇਥੇ ਹੀ ਲਵ- ਕੁਸ਼ ਦਾ ਜਨਮ ਹੋਇਆ ਦੱਸਿਆ ਜਾਂਦਾ ਹੈ। ਮਹਾਂਰਿਸ਼ੀ ਵਾਲਮੀਕ ਨੇ ਰਾਮਾਇਣ ਦੀ ਰਚਨਾ ਇਥੇ ਹੀ ਕੀਤੀ ਸੀ। ਇਸੇ ਆਸ਼ਰਮ ਵਿਚ ਵਾਲਮੀਕ ਨੇ ਲਵ ਅਤੇ ਕੁਸ਼ ਨੂੰ ਸ਼ਸ਼ਤਰ ਚਲਾਉਣ ਦੀ ਸਿਖਿਆ ਦਿਤੀ ਸੀ। ਜਦੋਂ ਸ਼੍ਰੀ ਰਾਮ ਨੇ ਅੱਛਵਮੇਧ ਯੱਗ ਲਈ ਘੋੜਾ ਛੱਡਿਆ ਸੀ, ਤਾਂ ਇਸੇ ਸਥਾਨ ’ਤੇ ਲਵ-ਕੁਸ਼ ਨੇ ਉਸ ਘੋੜੇ ਨੂੰ ਫੜ੍ਹਿਆ ਸੀ ਅਤੇ ਸ਼੍ਰੀ ਰਾਮ ਨਾਲ਼ ਯੁੱਧ ਕੀਤਾ ਸੀ – ਲੇਖਕ)
ਮਿ: ਮੈੱਕਾਲਿਫ਼ ਅੱਗੇ ਲਿਖਦੇ ਹਨ “ਇਸ ਸਥਾਨ ’ਤੇ ਪਹਿਲਾਂ ਅਤੇ ਅੱਜਕਲ ਵੀ ਕਾਰਤੱਕ ਮਹੀਨੇ ਦੀ ਪੂਰਨਮਾਸ਼ੀ ਨੂੰ ਮੇਲਾ ਲੱਗਦਾ ਹੈ। ਮੂਲ ਰੂਪ ਵਿਚ ਇਹ ਹਿੰਦੂ ਸਥਾਨ ਹੀ ਸੀ ਅਤੇ ਸਿੱਖਾਂ ’ਤੇ ਅਣਮਨੁੱਖੀ ਮੁਕੱਦਮੇ ਚਲਾਉਣ ਵਾਲ਼ੇ ਜ਼ਕਰੀਆ ਖ਼ਾਨ ਬਹਾਦਰ ਦੇ ਪ੍ਰਧਾਨ ਮੰਤਰੀ ਲੱਖਪਤ ਰਾਇ ਨੇ ਇਸ ਦੀ ਮੁਰੰਮਤ ਕਰਵਾਈ ਹੋਣ ਕਰਕੇ ਭਾਈ (ਸੰਤ ਸਿੰਘ) ਦੀਆਂ ਨਜ਼ਰਾਂ ਵਿਚ ਰੜਕਦਾ ਸੀ। ਭਾਈ ਸੰਤ ਸਿੰਘ ਦੀ ਲਾਲਸਾ ਸੀ ਕਿ ਇਸ ਦੇ ਵਿਰੋਧ ਵਿਚ ਇਸੇ ਦਿਨ ’ਤੇ ਅੰਮ੍ਰਿਤਸਰ ਵਿਖ਼ੇ ਮੇਲਾ ਲਗਾਇਆ ਜਾਵੇ ਤਾਂ ਕਿ ਸਿੱਖਾਂ ਨੂੰ ਰਾਮ ਤੀਰਥ ਦੀ ਤੀਰਥ-ਯਾਤਰਾ ਤੋਂ ਰੋਕਿਆ ਜਾ ਸਕੇ। ਉਸਨੇ ਗੁਰੂ ਨਾਨਕ ਦਾ ਜਨਮ ਹੰਦਾਲੀ ਤਿਥ ਮੁਤਾਬਕ ਅਪਣਾ ਲਿਆ ਅਤੇ ਕਾਰਤੱਕ ਮਹੀਨੇ ਦੀ ਪੂਰਨਮਾਸ਼ੀ ਦਾ ਦਿਨ (ਸਿਖ) ਧਰਮ ਦੇ ਬਾਨੀ ਦਾ ਪ੍ਰਕਾਸ਼ ਪੁਰਬ ਐਲਾਨ ਕਰ ਦਿਤਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਗੁਰੂ ਨਾਨਕ ਜੀ ਵੈਸਾਖ ਵਿਚ ਜਨਮੇ ਸਨ। ਸਾਰੀਆਂ ਪੁਰਾਤਨ ਜਨਮ-ਸਾਖੀਆਂ ਇਸੇ (ਵੈਸਾਖ) ਮਹੀਨੇ ਹੀ ਗੁਰੂ ਨਾਨਕ ਜੀ ਦਾ ਜਨਮ ਮਹੀਨਾਂ ਮੰਨਦੀਆਂ ਹਨ। ਸੰਬਤ 1872 (1825 ਈਸਵੀ) ਤੱਕ ਨਨਕਾਣਾ ਵਿਖੇ ਗੁਰੂ ਨਾਨਕ ਦਾ ਜਨਮ ਪੁਰਬ ਹਮੇਸ਼ਾ ਵੈਸਾਖ ਵਿਚ ਹੀ ਮਨਾਇਆ ਜਾਂਦਾ ਰਿਹਾ ਹੈ। ”
ਬਾਅਦ ਵਿਚ ਜਦ ਸੰਨ 1823 ਵਿਚ ਭਾਈ ਸੰਤੋਖ ਸਿੰਘ ਦਾ ‘ਗੁਰੂ ਨਾਨਕ ਪਰਕਾਸ਼’ ਗ੍ਰੰਥ ਛਪਿਆ, ਜਿਸਦਾ ਸਰੋਤ ਭਾਈ ਬਾਲੇ ਵਾਲ਼ੀ ਸਾਖੀ ਸੀ, ਤਾਂ ਇਸ ਜਨਮ ਸਾਖੀ ਤੋਂ ਪ੍ਰਾਪਤ ਗਿਆਨ ਦੇ ਅਧਾਰ ’ਤੇ ਜਿਸਨੇ ਕਾਰਤਿਕ ਦੀ ਪੂਰਨਮਾਸ਼ੀ ਸੰਮਤ 1526 (ਨਵੰਬਰ 1469) ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਦੀ ਤਰੀਕ ਵੱਡੇ ਪੱਧਰ ’ਤੇ ਪ੍ਰਚੱਲਤ ਕਰ ਦਿਤੀ।
ਕੀ ਕਰਨਾ ਲੋੜੀਏ
ਕੂੜ ਨਿਖੁਟੇ ਨਾਨਕਾ ਓੜਕਿ ਸਚ ਰਹੀ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਨਾ 953)
ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਲਕੀਰ ਦੇ ਫ਼ਕੀਰ ਕਿਉਂ ਬਣੀ ਜਾ ਰਹੇ ਹਾਂ? ਸਿੱਖ ਧਾਰਮਕ ਅਦਾਰਿਆਂ ਦੇ ਪ੍ਰਬੰਧਕ, ਗਿਆਨੀ-ਧਿਆਨੀ, ਰਾਗੀ-ਢਾਡੀ, ਕਥਾਵਾਚਕ, ਕਵੀ-ਕਵਿੱਸ਼ਰ ਮਲ਼ਵੀਂ ਜਿਹੀ ਜੀਭ ਨਾਲ਼ ਵੈਸਾਖ ਮਹੀਨੇ ਵਿਚ ਗੁਰੂ ਨਾਨਕ ਜੀ ਦੇ ਪ੍ਰਕਾਸ਼ ਦਿਵਸ ਹੋਣ ਦੀ ਗੱਲ ਤਾਂ ਕਰਦੇ ਹਨ, ਪਰ ਦੂਸਰੇ ਪਾਸੇ ਢੋਲ-ਢਮੱਕੇ, ਰੌਲੇ਼-ਰੱਪੇ, ਤਬਲੇ, ਵਾਜੇ, ਟੱਲੀਆਂ, ਛੈਣੇ-ਚਿਮਟਿਆਂ, ਢੱਡ-ਸਾਰੰਗੀਆਂ, ਜਲਸੇ- ਜਲੂਸਾਂ, ਸਮਾਗਮਾਂ, ਪ੍ਰਭਾਤ-ਫੇਰੀਆਂ, ਨਗਰ-ਕੀਰਤਨਾਂ ਦੇ ਧੰਦੂਕਾਰੇ ਵਿਚ ਉਹੀ ਕੱਤਕ ਦੀ ਪੂਰਨਮਾਸ਼ੀ ਵਾਲਾ ਰਾਗ ਅਲਾਪੀ ਜਾ ਰਹੇ ਹਨ, ਸੋ ਪਰਨਾਲ਼ਾ ਉਥੇ ਦਾ ਉਥੇ ਹੀ ਹੈ। ਆਮ ਸੰਗਤਾਂ ਬਿਨਾ ਕੋਈ ਕਿੰਤੂ ਪਰੰਤੂ ਕੀਤਿਆਂ, ‘ਸੱਤਿ ਬਚਨ’ ਸਮਝ ਕੇ ਸਰਵਣ ਕਰੀ ਜਾਂਦੀਆਂ ਹਨ। ਸਿੱਖ ਧਾਰਮਕ ਅਦਾਰਿਆਂ ਤੋਂ ਇਲਾਵਾ ਢੇਰ ਸਾਰੇ ਤੁਕ-ਬੰਦ ਲੇਖਕਾਂ, ਗੀਤਕਾਰਾਂ, ਅਖੌਤੀ ਸਿੱਖ ਬੁੱਧੀਜੀਵੀਆਂ ਦੀ ਗਰਾਰੀ ਵੀ ਕੱਤਕ ’ਤੇ ਜਾ ਅੜਦੀ ਹੈ। ਇਸ ਮਨਮੱਤ ਵਿਚ ਸੋਸ਼ਲ ਮੀਡੀਆ ਕਿਹੜਾ ਪਿੱਛੇ ਹੈ? ਪੰਜਾਬੀ ਟੀ ਵੀ ਚੈਨਲ, ਰੇਡੀਉ, ਅਖ਼ਬਾਰ ਕੱਤਕ ਵਾਲ਼ੀ ਮੁਹਾਰਨੀ ਰਟਾਈ ਜਾਂਦੇ ਹਨ। ਜਿਵੇਂ ਕਹਾਵਤ ਹੈ ਕਿ ਇਕੋ ਝੂਠ ਨੂੰ ਸੌ ਵਾਰ ਬੋਲਿਆਂ ਸੱਚਾ ਪਰਤੀਤ ਹੋਣ ਲੱਗ ਪੈਂਦਾ ਹੈ, ਠੀਕ ਇਵੇਂ ਹੀ ਕੱਤਕ ਵਾਲ਼ੀ ਤਰੀਕ ਸਹੀ ਹੋਣ ਦਾ ਭੁਲੇਖਾ ਪਾਉਂਦੀ ਹੈ ਕਿਉਂਕਿ ਇਹ ਕੁਰੀਤ ਠੀਕ 200 ਸਾਲ ਪਹਿਲਾਂ ਸ਼ੁਰੂ ਹੋਈ ਸੀ ਜਦੋਂ ਸੰਨ 1825 ਵਿਚ ਪਹਿਲੀ ਵਾਰੀ ਨਨਕਾਣਾ ਸਾਹਿਬ ਵਿਖੇ ਕੱਤਕ ਪੂਰਨਮਾਸ਼ੀ ਨੂੰ ਗੁਰਪੁਰਬ ਮਨਾਉਣਾ ਅਰੰਭ ਹੋਇਆ। ਹੁਣ ਕੁੱਝ ਸਿੱਖ ਪਰਚਾਰਕਾਂ ਤੇ ਵਿਦਵਾਨਾਂ ਨੇ ਵਿਸਾਖ (15 ਅਪਰੈਲ) ਵਿਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਹੈ, ਜਿਹੜਾ ਕਿ ਸ਼ਲਾਘਾਯੋਗ ਕਦਮ ਹੈ।
ਗੁਰੂ ਨਾਨਕ ਜੀ ਦੀ ਵਿਚਾਰਧਾਰਾ ਦੀ ਸੁਹਿਰਦ ਸੰਗਤ ਨੇ ਫ਼ੈਸਲਾ ਕਰਨਾ ਹੈ ਕਿ ਲਕੀਰ ਦੇ ਫ਼ਕੀਰ ਬਣੇ ਰਹਿਣਾ ਹੈ ਜਾਂ 200 ਸਾਲ ਪਹਿਲਾਂ ਕੀਤੀ ਗ਼ਲਤੀ ਨੂੰ ਸੁਧਾਰਨਾ ਹੈ। ਤੱਥ ਤੁਹਾਡੇ ਸਾਹਮਣੇ ਹਨ। ਉੱਚ ਸਿੱਖ ਧਾਰਮਕ ਸੰਸਥਾਵਾਂ ਤੋਂ ਝਾਕ ਨਹੀਂ ਰੱਖਣੀ ਚਾਹੀਦੀ ਕਿ ਉਹ ਇਸ ਕੁਰੀਤ ਨੂੰ ਬਦਲਣ ਲਈ ਕੁਝ ਕਰਨਗੇ, ਕਿਉਂਕਿ ਇਹ ਉਹਨਾਂ ਦੇ ਆਰਥਿਕ ਹਿੱਤਾਂ ਅਨੁਸਾਰ ਨਹੀਂ ਹੈ।
ਸ਼ੁਭ ਕਰਮਨ ਦੀ ਸ਼ੁਰੂਆਤ ਆਪਣੇ ਘਰ ਤੋਂ ਹੀ ਹੁੰਦੀ ਹੈ! ਸੁਹਿਰਦ ਲੋਕ ਆਪਣੇ ਘਰ (ਗਰਾਸ ਰੂਟ) ਤੋਂ ਸ਼ੁਰੂ ਕਰਨ, ਉਹ ਆਪਣੇ ਆਪਣੇ ਪਰਵਾਰਾਂ ਵਿਚ ਇਸ ਬਾਰੇ ਵਿਚਾਰ ਕਰ ਕੇ ਸਮੁੱਚੇ ਪਰਵਾਰ ਦੀ ਸਹਿਮਤੀ ਲੈਣ। ਸੁਹਿਰਦ ਲੋਕ ਆਪਣੇ ਰਿਸ਼ਤੇਦਾਰਾਂ, ਸਨੇਹੀਆਂ ਨਾਲ਼ ਦਲੀਲ ਨਾਲ਼ ਵਿਚਾਰ ਵਿਟਾਂਦਰਾ ਕਰਕੇ ਉਹਨਾਂ ਦੀ ਸਹਿਮਤੀ ਆਪਣੇ ਪੱਖ ਵਿਚ ਕਰਨ। ਆਪਣੇ ਸਥਾਨਕ ਧਾਰਮਕ ਅਦਾਰਿਆਂ ਦੇ ਸੁਹਿਰਦ ਪ੍ਰਬੰਧਕਾਂ ਨਾਲ਼ ਦਲੀਲ ਨਾਲ਼ ਵਿਚਾਰ ਵਿਟਾਂਦਰਾ ਕਰਕੇ ਉਹਨਾਂ ਦੀ ਪਰਵਾਨਗੀ ਲੈਣੀ ਚਾਹੀਦੀ ਹੈ। ਸੰਗਤਾਂ ਕੱਤਕ ਦੀ ਪੂਰਨਮਾਸ਼ੀ ਨੂੰ ਸ਼੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਜਾਂ ਨਨਕਾਣਾ ਸਾਹਿਬ ਅਤੇ ਬਾਕੀ ਸਭ ਗੁਰਦਵਾਰਿਆਂ ਵਿਚ ਜਾਣ ਤੋਂ ਗੁਰੇਜ਼ ਕਰਨ। ਵਿਸਾਖੀ ਮੌਕੇ ਦੇਸ਼ਾਂ ਵਿਦੇਸ਼ਾਂ ’ਚ ਆਯੋਜਿਤ ਕੀਤੇ ਜਾਂਦੇ ਨਗਰ-ਕੀਰਤਨਾਂ ਵਿਚ ਖ਼ਾਲਸਾਈ ਫਲੋਟਾਂ ਦੇ ਨਾਲ਼ ਨਾਲ਼ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਫਲੋਟ ਵੀ ਸ਼ਾਮਲ ਕੀਤੇ ਜਾਣ। ਇਸ ਤਰ੍ਹਾਂ ਗਰਾਸ ਰੂਟ ਤੋਂ ਸ਼ਰੂ ਕਰਕੇ ਜਦ ਇਕ ਲੋਕ-ਰਾਇ ਬਣ ਗਈ ਤਾਂ ਉਸਨੂੰ ਕੋਈ ਵੀ ਧਾਰਮਕ ਅਦਾਰਾ ਰੱਦ ਨਹੀਂ ਕਰ ਸਕੇਗਾ। ਇਸ ਲਈ ਆਓ, ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ 15 ਅਪਰੈਲ ਨੂੰ ਮਨਾਉਣ ਦੀ ਸਹੀ ਰੀਤ ਦਾ ਸ਼ੁਭ ਆਰੰਭ ਕਰੀਏ!
ਰੈਫ਼ਰੈਂਸ (ਧੰਨਵਾਦ ਸਹਿਤ ਹਵਾਲੇ)
- ਸ੍ਰੀ ਗੁਰੂ ਗਰੰਥ ਸਾਹਿਬ ਜੀ
- ਵਾਰਾਂ ਭਾਈ ਗੁਰਦਾਸ ਜੀ
- ਗਿਆਨ ਰਤਨਾਵਲੀ: ਭਾਈ ਮਨੀ ਸਿੰਘ ਜੀ ਵਾਲੀ ਜਨਮ ਸਾਖੀ
- ਸ੍ਰੀ ਮਿਹਰਬਾਨ ਜੀ ਸੋਢੀ: ਜਨਮਸਾਖੀ ਸ੍ਰੀ ਗੁਰੂ ਨਾਨਕ ਦੇਵ
- ਭਾਈ ਸਰੂਪ ਦਾਸ ਭੱਲਾ: ਮਹਿਮਾਂ ਪ੍ਰਕਾਸ਼
- ਕੋਲਬ੍ਰੱਕ (ਵਲਾਇਤ ਵਾਲੀ) ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ: ਸੰਪਾਦਕ ਭਾਈ ਵੀਰ ਸਿੰਘ
- ਜਨਮਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ, ਇੰਡੀਆ ਆਫਿ਼ਸ ਲਾਇਬ੍ਰੇਰੀ (ਲੰਡਨ) ਹੱਥ-ਲਿਖਤ Panj B-40
- ਹਾਫਜ਼ਾਬਾਦ ਵਾਲੀ਼ ਜਨਮਸਾਖੀ, ਜਨਮ ਸਾਖੀ ਬਾਬੇ ਨਾਨਕ ਜੀ ਕੀ, ਮਿ: ਮੈਕਸ ਮੈਕਾਲਿਫ਼ ਦੁਆਰਾ ਸੰਪਾਦਿਤ
- ਭਾਈ ਬਾਲੇ ਵਾਲੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ
- ਦਾਬਿਸਤਾਨ- ਏ-ਮੁਜ਼ਾਹਿਬ (ਮੂਲ ਲੇਖਕ ਮੋਹਸਨ ਫਾਨੀ) ਪੁਸਤਕ ਵਿਚੋਂ ਡਾ: ਗੰਡਾ ਸਿੰਘ ਵੱਲੋਂ ਅਨੁਵਾਦਿਤ ਅਧਿਆਇ “ਨਾਨਕ ਪੰਥੀ”
- ਆਦਿ ਗਰੰਥ: ਡਾ: ਅਰਨੈੱਸਟ ਟਰੰਪ
- The Sikh Religion: ਮੈਕਸ ਮੈਕਾਲਿਫ਼
- ਕੱਤਕ ਕਿ ਵਿਸਾਖ (1930): ਕਰਮ ਸਿੰਘ ਹਿਸਟੋਰੀਅਨ
- ਵਸਾਖ ਨਹੀਂ ਕਤੱਕ (1970): ਗਿਆਨੀ ਈਸ਼ਰ ਸਿੰਘ ਨਾਰਾ
- ਸ੍ਰੀ ਗੁਰੂ ਹੰਦਾਲ ਪ੍ਰਕਾਸ਼ ਗ੍ਰੰਥ (ਪ੍ਰਕਾਸ਼ਨ 1954), ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਧੰਨਵਾਦ ਸਹਿਤ
- ਮਹਾਨ ਕੋਸ਼: ਭਾਈ ਕਾਹਨ ਸਿੰਘ ਨਾਭਾ
- ਸਿੱਖ ਇਤਿਹਾਸ ਭਾਗ ਪਹਿਲਾ: ਖੁਸ਼ਵੰਤ ਸਿੰਘ
- ਜੀਵਨ ਬਿਰਤਾਂਤ ਸ੍ਰੀ ਗੁਰੂ ਨਾਨਕ ਦੇਵ: ਡਾਕਟਰ ਸਾਹਿਬ ਸਿੰਘ
- ਸਿੱਖ ਇਤਿਹਾਸ: ਪ੍ਰਿੰਸੀਪਲ ਤੇਜਾ ਸਿੰਘ, ਡਾ: ਗੰਡਾ ਸਿੰਘ
- ਬਲਿਓ ਚਿਰਾਗ: ਪ੍ਰਿੰਸੀਪਲ ਸਤਿਬੀਰ ਸਿੰਘ
- Birth Date of Guru Nanak Sahib: ਸਵ: ਸ: ਪਾਲ ਸਿੰਘ ਪੁਰੇਵਾਲ ਦਾ ਲੇਖ