Headlines

ਈਸਟ ਐਬਸਫੋਰਡ-ਮਿਸ਼ਨ ਮੈਸਕੂਈ ਤੋਂ ਕੰਸਰਵੇਟਿਵ ਉਮੀਦਵਾਰ ਬਰੈਡ ਵਿਸ ਦੇ ਹੱਕ ਵਿਚ ਸ਼ਾਨਦਾਰ ਫੰਡਰੇਜਿੰਗ ਡਿਨਰ

ਐਬਸਫੋਰਡ ( ਦੇ ਪ੍ਰ ਬਿ)- ਬੀਤੇ ਦਿਨ ਈਸਟ ਐਬਸਫੋਰਡ- ਮਿਸ਼ਨ-ਮੈਸਕੂਈ ਤੋਂ ਕੰਸਰਵੇਟਿਵ ਉਮੀਦਵਾਰ ਬਰੈਡ ਵਿਸ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਉਹਨਾਂ ਦੇ ਸਮਰਥਕਾਂ ਜੋਧਾ ਸਿੱਧੂ, ਨਿਰਵੈਰ ਪੱਡਾ ਤੇ ਹਰਮਨ ਪੱਡਾ ਵਲੋਂ ਫੰਡਰੇਜਿੰਗ ਡਿਨਰ ਦਾ ਆਯੋਜਨ ਲੈਂਗਲੀ ਬੈਂਕੁਇਟ ਹਾਲ ਵਿਖੇ ਕੀਤਾ ਗਿਆ। ਇਸ ਮੌਕੇ ਬੋਲਦਿਆਂ ਬਰੈਡ ਵਿਸ ਨੇ ਸਫਲ ਫੰਡਰੇਜਿੰਗ ਡਿਨਰ ਕਰਨ ਲਈ ਪ੍ਰਬੰਧਕਾਂ ਤੇ ਕੈਨੇਡੀਅਨ ਪੰਜਾਬੀ ਭਾਈਚਾਰੇ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਹਨਾਂ ਕੈਨੇਡਾ ਵਿਚ ਵਸਦੇ ਪੰਜਾਬੀ ਤੇ ਸਿੱਖ ਭਾਈਚਾਰੇ ਦੀ ਮੁਲਕ ਦੀ ਤਰੱਕੀ ਤੇ ਵਿਕਾਸ ਲਈ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਪੰਜਾਬੀਆਂ ਨੂੰ ਇਸ ਧਰਤੀ ਨਾਲ ਪਿਆਰ ਹੈ ਤੇ ਉਹਨਾਂ ਨੇ ਹਰ ਖੇਤਰ ਵਿਚ ਸਫਲਤਾ ਹਾਸਲ ਕੀਤੀ ਹੈ। ਉਹਨਾਂ ਪਿਛਲੀ ਲਿਬਰਲ ਸਰਕਾਰ ਦੇ ਸਮੇਂ ਕੈਨੇਡੀਅਨ ਪੰਜਾਬੀ ਭਾਈਚਾਰੇ ਨੂੰ ਗੈਂਗਸਟਰਾਂ ਦੀਆਂ  ਧਮਕੀਆਂ, ਲੁੱਟਾਂ ਖੋਹਾਂ  ਤੇ ਕਤਲ ਆਦਿ ਘਟਨਾਵਾਂ ਕਾਰਣ ਅਰਾਜਕਤਾ ਵਾਲੇ ਮਾਹੌਲ ਦਾ ਸਾਹਮਣਾ ਕਰਨਾ ਪਿਆ। ਉਹਨਾਂ ਕਿਹਾ ਕਿ ਇਹ ਸਭ ਲਿਬਰਲ ਦੀਆਂ ਗਲਤ ਨੀਤੀਆਂ ਦਾ ਨਤੀਜਾ ਸਨ। ਉਹਨਾਂ ਉਸ ਸਮੇਂ ਐਮ ਪੀ ਵਜੋਂ ਪਾਰਲੀਮੈਂਟ ਵਿਚ ਉਠਾਏ ਮੁੱਦਿਆਂ ਦਾ ਵੀ ਜ਼ਿਕਰ ਕੀਤਾ। ਇਸ ਮੌਕੇ ਉਹਨਾਂ ਦਾ ਇਸ ਸਬੰਧ ਵਿਚ ਹਾਊਸ ਆਫ ਕਾਮਨਜ਼ ਵਿਚ ਦਿੱਤਾ ਗਿਆ ਭਾਸ਼ਣ ਵੀ ਸੁਣਾਇਆ ਗਿਆ। ਉਹਨਾਂ ਇਕੱਠ ਨੂੰ ਸੰਬੋਧਨ ਕਰਦਿਆਂ ਮੁਲਕ ਦੀ ਮਜ਼ਬੂਤੀ ਤੇ ਚੰਗੀਆਂ ਆਰਥਿਕ ਨੀਤੀਆਂ ਲਈ ਪੀਅਰ ਪੋਲੀਅਰ ਦੀ ਅਗਵਾਈ ਹੇਠ ਕੰਸਰਵੇਟਿਵ ਪਾਰਟੀ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਐਬਸਫੋਰਡ ਸਾਊਥ ਲੈਂਗਲੀ ਤੋਂ ਕੰਸਰਵੇਟਿਵ ਉਮੀਦਵਾਰ ਸੁਖਮਨ ਗਿੱਲ, ਲੈਂਗਲੀ ਟਾਉਨਸ਼ਿਪ ਤੋਂ ਕੰਸਰਵੇਟਿਵ ਉਮੀਦਵਾਰ ਵੈਨ ਪੋਪਟਾ, ਮਨਜੀਤ ਸਿੰਘ ਸੋਹੀ, ਹਰਪਾਲ ਸਿੰਘ ਕੰਗ, ਸਤਨਾਮ ਸਿੰਘ ਗਿੱਲ, ਮਨਿੰਦਰ ਸਿੰਘ ਗਿੱਲ ਪ੍ਰਧਾਨ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ, ਹਰਦੀਪ ਸਿੰਘ ਪਰਮਾਰ ਜਗਜੀਤ ਸਿੰਘ ਜੱਗੀ ਤੂਰ, ਸੈਮ ਤੂਰ, ਹਰਵਿੰਦਰ ਸਿੰਘ ਤੂਰ, ਗੁਰਨੂਰ ਸਿੱਧੂ ਤੇ ਹੋਰ ਵੱਡੀ ਗਿਣਤੀ ਵਿਚ ਕੰਸਰਵੇਟਵਿ ਸਮਰਥਕ ਹਾਜ਼ਰ ਸਨ।

 

Leave a Reply

Your email address will not be published. Required fields are marked *