Headlines

ਭਾਜਪਾ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਤੇ ਗ੍ਰੀਨੇਡ ਹਮਲਾ

ਜਲੰਧਰ, 8 ਅਪਰੈਲ-ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਦੇਰ ਰਾਤ ਇਕ – ਡੇਢ ਵਜੇ ਦੇ ਕਰੀਬ ਜ਼ੋਰਦਾਰ ਧਮਾਕਾ ਹੋਇਆ, ਜਿਸ ਨਾਲ ਘਰ ’ਚ ਖੜ੍ਹੀ ਕਾਰ, ਮੋਟਰਸਾਈਕਲ ਅਤੇ ਦਰਵਾਜ਼ਿਆਂ ਦੇ ਸ਼ੀਸ਼ੇ ਟੁੱਟ ਗਏ। ਗ਼ਨੀਮਤ ਰਹੀ ਕਿ ਇਸ ਧਮਾਕੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਮਨੋਰੰਜਨ ਕਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਰਾਤ ਕਰੀਬ 12 ਵਜੇ ਆਪਣੇ ਘਰ ਦੇ ਵਿਹੜੇ ’ਚ ਘੁੰਮ ਰਹੇ ਸਨ। ਜਦੋਂ ਉਹ ਆਪਣੇ ਕਮਰੇ ਵਿਚ ਸੌਣ ਲਈ ਗਏ ਤਾਂ ਕੁਝ ਹੀ ਦੇਰ ਬਾਅਦ ਜ਼ਬਰਦਸਤ ਧਮਾਕਾ ਹੋਇਆ, ਜਿਸ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਮੁਲਾਜ਼ਮ ਸਹਿਮ ਗਏ। ਸ੍ਰੀ ਕਾਲੀਆ ਨੇ ਦੱਸਿਆ ਕਿ ਧਮਾਕਾ ਐਨਾ ਜ਼ਬਰਦਸਤ ਸੀ ਕਿ ਇਸ ਨਾਲ ਵਿਹੜੇ ਵਿਚ ਲੱਗੇ ਪੱਥਰ ’ਚ ਟੋਇਆ ਪੈ ਗਿਆ ਅਤੇ ਮੋਟਰਸਾਈਕਲ ਅਤੇ ਕਾਰ ਦਾ ਵੀ ਭਾਰੀ ਨੁਕਸਾਨ ਹੋਇਆ। ਦਰਵਾਜ਼ਿਆਂ ਤੇ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ।

ਦੋ ਸ਼ੱਕੀ ਕਾਬੂ-ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਹੋਏ ਗ੍ਰੇਨੇਡ ਹਮਲੇ ਦੇ ਮਾਮਲੇ ਨੂੰ ਪੁਲੀਸ ਨੇ 12 ਘੰਟਿਆਂ ਦੇ ਅੰਦਰ ਸੁਲਝਾ ਲਿਆ ਹੈ। ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਲਾਰੈਂਸ, ਸ਼ਹਿਜ਼ਾਦ ਭੱਟੀ ਅਤੇ ਜ਼ੀਸ਼ਾਨ ਅਖ਼ਤਰ ਨੇ ਇਸ ਹਮਲੇ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚੀ ਸੀ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਰਿਕਸ਼ਾ ਚਾਲਕ ਦੀ ਵੀ ਭਾਲ ਕੀਤੀ ਜਾ ਰਹੀ ਹੈ, ਜੋ ਜਲਦੀ ਹੀ ਪੁਲੀਸ ਹਿਰਾਸਤ ’ਚ ਹੋਵੇਗਾ। ਪੁਲੀਸ ਨੇ ਆਟੋ ਰਿਕਸ਼ਾ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ। ਪੁਲੀਸ ਅਨੁਸਾਰ ਇਹ ਹਮਲਾ ਪੰਜਾਬ ’ਚ ਧਾਰਮਿਕ ਸਾਂਝ ਨੂੰ ਖਰਾਬ ਕਰਨ ਲਈ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦਾ ਕੰਮ ਸੀ।

ਹਮਲੇ ਦੇ ਮਾਸਟਰਮਾਈਂਡ ਦੀ ਪਛਾਣ ਜ਼ੀਸ਼ਾਨ ਅਖ਼ਤਰ ਦੇ ਰੂਪ ’ਚ ਹੋਈ ਹੈ, ਜੋ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਾਥੀ ਹੈ। ਇਹ ਸਰਹੱਦ ਪਾਰੋਂ ਯੋਜਨਾਬੱਧ ਹਮਲਾ ਸੀ। ਜ਼ੀਸ਼ਾਨ ਅਖ਼ਤਰ ਐਨਸੀਪੀ ਦੇ ਆਗੂ ਬਾਬਾ ਸਿੱਦੀਕੀ ਦੀ ਹੱਤਿਆ ਦੇ ਮਾਮਲੇ ’ਚ ਵੀ ਲੋੜੀਂਦਾ ਹੈ।