Headlines

ਵਿਸ਼ਵ ਭਰ ਚ ਕੈਨੇਡਾ ਦਾ ਅਕਸ ਵਿਗਾੜਨ ਵਾਲੀ ਲਿਬਰਲ ਲੋਕਾਂ ਤੋਂ ਵੋਟਾਂ ਮੰਗਣ ਦੀ ਹੱਕਦਾਰ ਨਹੀਂ- ਅਮਨਪ੍ਰੀਤ ਗਿੱਲ

ਕੈਲਗਰੀ (ਦਲਵੀਰ ਜੱਲੋਵਾਲੀਆ)-ਕੈਨੇਡਾ ਦਾ ਅਕਸ ਦੁਨੀਆ ਭਰ ਚ ਵਿਗਾੜਨ ਵਾਲੀ ਤੇ ਲੋਕ ਮਾਰੂ ਨੀਤੀਆਂ ਨਾਲ ਲੋਕਾਂ ਦਾ ਜੀਵਨ ਮੁਸ਼ਕਲਾਂ ਚ ਪਾਉਣ ਵਾਲ ਲਿਬਰਲ ਪਾਰਟੀ ਕੈਨੇਡੀਅਨ ਦੀਆਂ ਵੋਟਾਂ ਦੀ ਹੱਕਦਾਰ ਨਹੀ। ਕੈਲਗਰੀ ਸਕਾਈਵਿਊ ਤੋਂ ਕੰਸਰਵੇਟਿਵ ਉਮੀਦਵਾਰ ਅਮਨਪ੍ਰੀਤ ਸਿੰਘ ਗਿੱਲ ਨੇ ਉਕਤ ਸ਼ਬਦ ਉਹਨਾਂ ਦੇ ਹੱਕ ਵਿਚ ਕਰਵਾਈ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਹੇ। ਉਹਨਾਂ ਹੋਰ ਕਿਹਾ ਕਿ ਅੱਜ ਜਿਸ ਮਿਸਟਰ ਕਾਰਨੀ ਦੇ ਹੱਥ ਲਿਬਰਲ ਦੀ ਅਗਵਾਈ ਹੈ, ਇਹ ਉਹੀ ਅਰਥ ਸਾਸ਼ਤਰੀ ਹੈ ਜੋ ਪਿਛਲੇ ਕਈ ਸਾਲਾਂ ਤੋਂ ਸਾਬਕਾ ਪ੍ਰਧਾਨ ਮੰਤਰੀ ਟਰੂਡੋ ਦਾ ਸਲਾਹਕਾਰ ਸੀ।ਉਸਦੀਆਂ ਆਰਥਿਕ ਸਲਾਹਾਂ ਕਾਰਣ ਹੀ ਅੱਜ ਮੁਲਕ ਡੂੰਘੇ ਆਰਥਿਕ ਸੰਕਟ ਵਿਚ ਫਸਿਆ ਪਿਆ ਹੈ। ਉਹਨਾਂ ਹੈਰਾਨੀ ਪ੍ਰਗਟ ਕੀਤੀ ਕਿ ਜਿਸ ਵਿਅਕਤੀ ਦੀਆਂ ਲੋਕ ਵਿਰੋਧੀ ਸਲਾਹਾਂ ਕਾਰਣ ਮੁਲਕ ਨੂੰ ਮਾੜੇ ਦਿਨ ਵੇਖਣੇ ਪੈ ਰਹੇ ਹਨ, ਉਹ ਹੁਣ ਪ੍ਰਧਾਨ ਮੰਤਰੀ ਬਣਕੇ ਇਕ ਮਜਬੂਤ ਸਰਕਾਰ ਲਈ ਫਤਵਾ ਮੰਗ ਰਿਹਾ ਹੈ। ਉਹਨਾਂ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਕਾਰਨੀ ਪ੍ਰਤੀ ਸਦਭਾਵ ਨੂੰ ਵਪਾਰੀਆਂ ਦੀ ਗੰਢਤੁਪ ਕਿਹਾ। ਉਹਨਾਂ ਖੁਲਾਸਾ ਕੀਤਾ ਕਿ  ਮਿਸਟਰ ਕਾਰਨੀ ਦੀ ਟਰੰਪ ਦੀਆਂ ਕੰਪਨੀਆਂ ਵਿਚ ਇਨਵੈਸਮੈਂਟ ਹੈ. ਇਸ ਲਈ ਕਾਰਨੀ ਵੱਲੋਂ ਮਜਬੂਤ ਕੈਨੇਡਾ ਲਈ ਵੋਟਾਂ ਮੰਗਣਾ ਲੋਕਾਂ ਨਾਲ ਧੋਖਾ ਹੈ। ਉਹਨਾਂ ਹੋਰ ਕਿਹਾ ਇਕ ਮਜਬੂਤ ਕੈਨੇਡਾ ਤੇ ਲੋਕਾਂ ਲਈ ਕੰਮ ਕਰਨ ਵਾਲੀ ਸਰਕਾਰ ਕੰਸਰਵੇਟਿਵ  ਪਾਰਟੀ ਤੇ ਇਸਦੇ ਆਗੂ ਪੀਅਰ ਪੋਲੀਅਰ ਹੀ ਦੇ ਸਕਦੇ ਹਨ। ਉਹਨਾਂ ਕੰਸਰਵੇਟਿਵ ਪਾਰਟੀ ਦੇ ਕਾਮਨ ਸੈਂਸ ਪ੍ਰੋਗਰਾਮ ਨੂੰ ਮੁਲਕ ਦੀ ਬੇਹਤਰੀ ਤੇ ਮਜਬੂਤੀ ਕਰਨ ਵਾਲਾ ਦੱਸਿਆ। ਇਸ ਮੌਕੇ ਉਹਨਾਂ ਇਕੱਠ ਚ ਸ਼ਾਮਿਲ ਲੋਕਾਂ ਦੇ ਇਮੀਗ੍ਰੇਸ਼ਨ, ਮਾਪਿਆਂ ਦੀ ਇਮੀਗ੍ਰੇਸ਼ਨ, ਰੋਜ਼ਗਾਰ, ਸਨਅਤ, ਊਰਜਾ, ਨਿਰਮਾਣ ਖੇਤਰ ਤੇ ਪ੍ਰਸਾਸ਼ਕੀ ਮੁੱਦਿਆਂ ਬਾਰੇ ਸਵਾਲਾਂ ਦੇ ਜਵਾਬ ਵੀ ਦਿੱਤੇ। ਉਹਨਾਂ ਹਾਜ਼ਰ ਲੋਕਾਂ ਨੂੰ ਕੰਸਰਵੇਟਿਵ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ। ਮੰਚ ਸੰਚਾਲਨ ਦੀ ਜਿੰਮੇਵਾਰੀ ਰਮਨ ਭੰਗੂ ਨੇ ਨਿਭਾਈ। ਇਸਤੋਂ ਪਹਿਲਾਂ ਉਘੇ ਗਾਇਕ ਜਾਨ ਹੀਰ ਤੇ ਤੇਜੀ ਸੰਧੂ ਨੇ ਆਪਣੇ ਗੀਤਾਂ ਨਾਲ ਚੁਣਾਵੀ ਮਾਹੌਲ ਨੂੰ ਸੁਰਸਾਜ਼ ਕੀਤਾ।

Leave a Reply

Your email address will not be published. Required fields are marked *