ਸ਼ਿਮਲਾ, 10 ਅਪਰੈਲ-ਸਿੱਖਸ ਫਾਰ ਜਸਟਿਸ (ਐਸਐਫਜੇ) ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਉਹ 14 ਅਪਰੈਲ ਨੂੰ ਬੀ ਆਰ ਅੰਬੇਡਕਰ ਦੀ ਜੈਅੰਤੀ ਨਾਲ ਸਬੰਧਤ ਸਾਰੇ ਜਸ਼ਨਾਂ ਨੂੰ ਸੂਬੇ ਵਿੱਚ ਬੰਦ ਕਰਨ। ਮੀਡੀਆ ਨਾਲ ਸਾਂਝੇ ਕੀਤੇ ਗਏ ਪੱਤਰ ਵਿੱਚ ਸਿੱਖਸ ਫਾਰ ਜਸਟਿਸ ਨੇ 14 ਅਪਰੈਲ ਨੂੰ ਸੂਬੇ ਦੀ ਵਿਧਾਨ ਸਭਾ ਦੇ ਨੇੜੇ ਚੌੜਾ ਮੈਦਾਨ ਵਿੱਚ ਸਥਿਤ ਅੰਬੇਡਕਰ ਦੇ ਬੁੱਤ ’ਤੇ ਖਾਲਿਸਤਾਨੀ ਝੰਡਾ ਲਹਿਰਾਉਣ ਵਾਲੇ ਨੂੰ 11 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ ।
ਐਸਐਫਜੇ ਨੇ ਪੱਤਰ ਜਾਰੀ ਕਰਦਿਆਂ ਕਿਹਾ ਕਿ ਜਨਤਕ ਜਾਂ ਵਿਦਿਅਕ ਸੰਸਥਾਵਾਂ ਵਿੱਚ ਭੀਮ ਜੈਅੰਤੀ ਨਾਲ ਸਬੰਧਤ ਸਮਾਗਮਾਂ ਨੂੰ ਰੱਦ ਕਰਨ ਅਤੇ ਸੂਬਾ ਸਰਕਾਰ ਵਲੋਂ ਚਲਾਈਆਂ ਜਾ ਸਾਰੀਆਂ ਸੰਸਥਾਵਾਂ ਤੋਂ ਅੰਬੇਡਕਰ ਦਾ ਨਾਮ ਅਤੇ ਚਿੱਤਰ ਹਟਾਉਣ ਲਈ ਕਿਹਾ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਅੰਬੇਡਕਰ ਨੇ ਭਾਰਤੀ ਸੰਵਿਧਾਨ ਦਾ ਖਰੜਾ ਤਿਆਰ ਕਰਦੇ ਹੋਏ ਧਾਰਾ 25 (ਬੀ) ਪਾਈ ਜੋ ਸਿੱਖਾਂ ਨੂੰ ਹਿੰਦੂ ਵਜੋਂ ਸ਼੍ਰੇਣੀਬੱਧ ਕਰਦੀ ਹੈ। ਪੱਤਰ ਵਿੱਚ ਅੱਗੇ ਕਿਹਾ ਗਿਆ ਹੈ ਕਿ ਹਿਮਾਚਲ ਨੂੰ 1984 ਤੋਂ 1995 ਤੱਕ ਸਿੱਖਾਂ ਦੀ ਨਸਲਕੁਸ਼ੀ ਲਈ ਸੰਵਿਧਾਨਕ ਆਧਾਰ ਬਣਾਉਣ ਵਾਲੀ ਸ਼ਖਸੀਅਤ ਦੀ ਵਡਿਆਈ ਵਿੱਚ ਹਿੱਸਾ ਨਹੀਂ ਲੈਣਾ ਚਾਹੀਦਾ।