ਵਾਸ਼ਿੰਗਟਨ-
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਸਣੇ ਬਹੁਤੇ ਮੁਲਕਾਂ ’ਤੇ ਲਾਏ ‘ਜਵਾਬੀ ਟੈਕਸ’ ਦੇ ਅਮਲ ’ਤੇ ਅਗਲੇ 90 ਦਿਨਾਂ ਲਈ ਰੋਕ ਲਾਉਣ ਦਾ ਐਲਾਨ ਕੀਤਾ ਹੈ। ਟਰੰਪ ਨੇ ਹਾਲਾਂਕਿ ਦਾਅਵਾ ਕੀਤਾ ਕਿ ਚੀਨ ਨੂੰ ਇਸ ਆਰਜ਼ੀ ਰਾਹਤ ਤੋਂ ਛੋਟ ਨਹੀਂ ਮਿਲੇਗੀ ਤੇ ਉਹ ਚੀਨੀ ਦਰਾਮਦਾਂ ’ਤੇ ਟੈਕਸ ਵਧਾ ਰਹੇ ਹਨ। ਟਰੰਪ ਦੇ ਇਸ ਬਿਆਨ ਨਾਲ ਆਲਮੀ ਬਾਜ਼ਾਰਾਂ ਨੇ ਮੁੜ ਸ਼ੁਟ ਵੱਟ ਲਈ ਹੈ।
ਕਾਬਿਲੇਗੌਰ ਹੈ ਕਿ ਟਰੰਪ ਨੇ ਆਲਮੀ ਪੱਧਰ ’ਤੇ ਅਮਰੀਕੀ ਉਤਪਾਦਾਂ ’ਤੇ ਲਗਾਏ ਗਏ ਉੱਚ ਟੈਕਸਾਂ ਦੇ ਟਾਕਰੇ ਲਈ ਇਤਿਹਾਸਕ ਪੇਸ਼ਕਦਮੀ ਤਹਿਤ 2 ਅਪਰੈਲ ਨੂੰ ਭਾਰਤ ਸਣੇ ਕਰੀਬ 60 ਮੁਲਕਾਂ ’ਤੇ ਪਰਸਪਰ (ਜਵਾਬੀ) ਟੈਕਸ ਲਗਾਉਣ ਦਾ ਐਲਾਨ ਕੀਤਾ ਸੀ। ਟਰੰਪ ਨੇ ਉਦੋਂ ਕਿਹਾ ਸੀ, ‘‘ਇਹ ਮੁਕਤੀ ਦਿਹਾੜਾ ਹੈ, ਜਿਸ ਦੀ ਲੰਮੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ। ਦੋ ਅਪਰੈਲ 2025 ਨੂੰ ਹਮੇਸ਼ਾ ਲਈ ਉਸ ਦਿਨ ਵਜੋਂ ਯਾਦ ਕੀਤਾ ਜਾਵੇਗਾ, ਜਿਸ ਦਿਨ ਅਮਰੀਕੀ ਉਦਯੋਗ ਦਾ ਪੁਨਰ ਜਨਮ ਹੋਇਆ, ਜਿਸ ਦਿਨ ਅਮਰੀਕਾ ਦੇ ਭਾਗ ਮੁੜ ਖੁੱਲ੍ਹੇ, ਜਿਸ ਦਿਨ ਅਸੀਂ ਅਮਰੀਕਾ ਨੂੰ ਮੁੜ ਤੋਂ ਖ਼ੁਸ਼ਹਾਲ ਬਣਾਉਣ ਦਾ ਕੰਮ ਸ਼ੁਰੂ ਕੀਤਾ। ਅਸੀਂ ਅਮਰੀਕਾ ਨੂੰ ਖ਼ੁਸ਼ਹਾਲ, ਚੰਗਾ ਤੇ ਸਮਰਿੱਧ ਬਣਾਉਣ ਜਾ ਰਹੇ ਹਾਂ।’’ ਟਰੰਪ ਨੇ ਟੈਕਸਾਂ ਦਾ ਐਲਾਨ ਕਰਦਿਆਂ ਇਕ ਚਾਰਟ ਵੀ ਦਿਖਾਇਆ ਸੀ ਜਿਸ ਵਿਚ ਭਾਰਤ, ਚੀਨ, ਬ੍ਰਿਟੇਨ ਤੇ ਯੂਰਪੀ ਸੰਘ ਜਿਹੇ ਮੁਲਕਾਂ ਵੱਲੋਂ ਲਗਾਏ ਗਏ ਟੈਕਸ ਨਾਲ ਜਵਾਬੀ ਟੈਕਸ ਵੀ ਦਰਸਾਇਆ ਗਿਆ ਸੀ।