-ਆਪੋ ਆਪਣੀ ਪਸੰਦ, ਆਪੋ ਆਪਣੇ ਖ਼ਿਆਲ-
ਨਵਜੋਤ ਢਿੱਲੋਂ-
ਸਰੀ-ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਅਕਾਲ’ ਇਸ ਹਫਤੇ ਰਿਲੀਜ਼ ਹੋ ਗਈ। ਦੇਖਣ ਤੋਂ ਪਹਿਲਾਂ ਹੀ ਮੈਂ ਇਹ ਧਾਰਣਾ ਬਣਾ ਬੈਠੀ ਕਿ ਇਹ ਫ਼ਿਲਮ ਕਿਸੇ ਇਤਿਹਾਸਿਕ ਘਟਨਾ ‘ਤੇ ਅਧਾਰਿਤ ਹੋਵੇਗੀ, ਪਰ ਅਜਿਹਾ ਨਹੀਂ ਹੋਇਆ। ਇਹ ‘ਪੀਰੀਅਡ ਐਕਸ਼ਨ ਡਰਾਮਾ’ ਸ਼੍ਰੇਣੀ ਦੀ ਫਿਲਮ ਹੈ ਜਿਸ ਦੇ ਸ਼ੁਰੂ ‘ਚ ਸ. ਹਰੀ ਸਿੰਘ ਨਲੂਆ ਦੀ ਬੇਮਿਸਾਲ ਬਹਾਦਰੀ, ਮਹਾਰਾਜਾ ਰਣਜੀਤ ਸਿੰਘ ਵਲੋਂ ਆਪਣੇ ਰਾਜ ‘ਚ ਜਨਤਾ ਦੀ ਹਿਫ਼ਾਜ਼ਤ ਕਰਨ ਨੂੰ ਪਹਿਲ ਦੇਣ ਅਤੇ ਜਨਤਾ ਵੱਲੋਂ ਉਨ੍ਹਾਂ ਨੂੰ ਬੇਹੱਦ ਆਦਰ ਮਾਣ ਦਿੱਤੇ ਜਾਣ ਦਾ ਜ਼ਿਕਰ ਹੈ ।ਪਰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ, ਹੋਈ ਟੁੱਟ-ਭੱਜ ਵੇਲੇ ਦਰਿਆ ਪਾਰ ਰਹਿੰਦਾ ਜ਼ਾਲਮ ‘ਮਾਰਖਾਣਿਆਂ’ ਦਾ ਕਬੀਲਾ ਆਸ-ਪਾਸ ਦੇ ਇਲਾਕਿਆਂ ‘ਚ ਲੋਕਾਂ ‘ਦੀ ਵੱਢ-ਟੁੱਕ ਕਰਦਾ ਉੱਥੇ ਆਪਣਾ ਕਬਜ਼ਾ ਜਮਾਈ ਜਾਂਦਾ ਹੈ। ਇਸੇ ਦੌਰਾਨ ਉਨ੍ਹਾਂ ਦਾ ਸਾਹਮਣਾ ਖ਼ਾਲਸਾ ਫੌਜ ਦੇ ਅਕਾਲ ਸਿੰਘ (ਗਿੱਪੀ ਗਰੇਵਾਲ) ਨਾਲ ਹੁੰਦਾ ਹੈ ਤਾਂ ‘ਮਾਰਖਾਣਿਆਂ’ ਦੀ ਸਭ ਤੋਂ ਡਰਾਉਣੀ ਅਤੇ ਖੂੰਖਾਰ ਔਰਤ ‘ਕਤਰੋ’ ( ਮੀਤਾ ਵਸ਼ਿਸ਼ਟ) ਦਾ ਦਿਲ ਵੀ ਦਹਿਲ ਜਾਂਦਾ ਹੈ। ਖ਼ਾਲਸਾ ਫ਼ੌਜ ਹੱਥੋਂ ਕਰਾਰੀ ਹਾਰ ਖਾਣ ਮਗਰੋਂ ‘ਮਾਰਖਾਣੇ’ ਕਦੇ ਵੀ ਦਰਿਆ ਨਾ ਪਾਰ ਕਰਨ ਦਾ ਫ਼ੈਸਲਾ ਕਰਦੇ ਹਨ। ਸਮਾਂ ਪਾ ਕੇ ਪਹਿਲਾਂ ‘ਕਤਰੋ’ ਦੇ ਪੁੱਤ ‘ਨੂਰਾ’ ਤੇ ਬਾਦ ‘ਚ ਉਸ ਦੇ ਭਰਾ ‘ਜੰਗੀ ਜਹਾਨਾਂ’ (ਨਿਕਿਤਨ ਧੀਰ) ਵੱਲੋਂ ਵਾਅਦਾ ਤੋੜ ਕੇ ਦਰਿਆ ਪਾਰ ਕਰ ਕੇ ਹਮਲਾ ਬੋਲਿਆ ਜਾਂਦਾ ਜਿਸ ਦੌਰਾਨ ਅਕਾਲ ਸਿੰਘ ਦੀ ਪਤਨੀ ਸਹਿਜ ਕੌਰ (ਨਿਮਰਤ ਖੈਰਾ) ਤੇ ਉਸ ਦਾ ਪੁੱਤਰ ਜ਼ੋਰਾ ਸਿੰਘ ( ਸ਼ਿੰਦਾ ਗਰੇਵਾਲ ) ਸਾਹਸ ਨਾਲ ਲੜਦੇ ਹਨ, ਪਰ ਸਹਿਜ ਕੌਰ ਦਮ ਤੋੜ ਦਿੰਦੀ ਹੈ ਅਤੇ ਇਸੇ ਦੌਰਾਨ ਹੀ ਉਨ੍ਹਾਂ ਦੇ ਗੁਆਂਢ ‘ਚ ਰਹਿੰਦਾ ਮੁੱਛ ਫੁੱਟ ਗੱਭਰੂ ‘ਚੀਚੀ’ ( ਏਕਮ ਗਰੇਵਾਲ’) ਵੀ ਦੁਸ਼ਮਣ ਦੀ ਈਨ ਨਾ ਮੰਨਦਾ ਹੋਇਆ ਸ਼ਹੀਦ ਹੋ ਜਾਂਦਾ ਹੈ। ਉਸ ਮਗਰੋਂ ਖ਼ਾਲਸਾ ਫ਼ੌਜ ਦਰਿਆ ਪਾਰ ਕਰ ਕੇ ‘ਮਾਰਖਾਣਿਆਂ’ ਨੂੰ ਸਬਕ ਸਿਖਾਉਂਦੀ ਹੈ ਅਤੇ ਅਕਾਲ ਸਿੰਘ ਵੱਲੋਂ ‘ਮਾਰਖਾਣਿਆਂ’ ਦੇ ਮੋਹਰੀ ‘ਜੰਗੀ ਜਹਾਨਾ’ ਤੇ ਟੱਬਰ ਦਾ ਸਫ਼ਾਇਆ ਕਰ ਦਿੱਤਾ ਜਾਂਦਾ ਹੈ।
ਇਸ ਫ਼ਿਲਮ ਨੂੰ ਦੇਖਣ ਦੇ ਹਰ ਦਰਸ਼ਕ ਦੇ ਆਪੋ ਆਪਣੇ ਦ੍ਰਿਸ਼ਟੀਕੋਣ ਹੋ ਸਕਦੇ ਹਨ। ਕਿਸੇ ਨੂੰ ਇਹ ਖ਼ਾਲਸੇ ਦੇ ਜਾਹੋ-ਜਲਾਲ ਦੀ ਉੱਤਮ ਪੇਸ਼ਕਾਰੀ ਲੱਗ ਸਕਦੀ ਹੈ, ਕਿਸੇ ਨੂੰ ਇਹ ਦੱਖਣ ਦੀਆਂ ਐਕਸ਼ਨ ਨਾਲ ਭਰਪੂਰ ਫਿਲਮਾਂ ਦੀ ਤਰਜ਼ ‘ਤੇ ਬਣੀ ਪਹਿਲੀ ਪੰਜਾਬੀ ਫਿਲਮ ਪ੍ਰਤੀਤ ਹੋ ਸਕਦੀ ਹੈ, ਕਿਸੇ ਲਈ ਇਹ ਫਿਲਮ ਬਹੁਤ ਮਨੋਰੰਜਕ ਹੋ ਸਕਦੀ ਹੈ, ਕਿਸੇ ਹੋਰ ਲਈ ਇਹ ਕੁਝ ਤੇ ਕਿਸੇ ਹੋਰ ਲਈ ਇਹ ਬਹੁਤ ਕੁਝ ਹੋ ਸਕਦੀ ਹੈ।
ਖ਼ੈਰ ਮੈਂ ਆਪਣੇ ਕੁਝ ਪ੍ਰਭਾਵ ਸਾਂਝੇ ਕਰਦੀ ਹਾਂ।
-ਆਪਣੀ ਗੱਲ ਕਰਾਂ ਤਾਂ ਐਕਸ਼ਨ ਫਿਲਮਾਂ ਕਦੇ ਵੀ ਮੇਰੀ ਪਸੰਦ ਨਹੀਂ ਬਣ ਸਕੀਆਂ, ਸ਼ਾਇਦ ਇਸ ਲਈ ਕਿ ਇਨ੍ਹਾਂ ‘ਚ ਕਲਾ ਨਾਲੋਂ ਵੱਧ ਤਕਨਾਲੋਜੀ ਦਾ ਪੱਖ ਭਾਰੂ ਰਹਿੰਦਾ ਹੈ। ਹਾਲਾਂ ਕਿ ਤਕਨਾਲੋਜੀ ਨੂੰ ਕਲਾਤਮਕ ਢੰਗ ਨਾਲ ਵਰਤਣਾ ਵੀ ਕਲਾਕਾਰੀ ਹੀ ਹੈ। ਫਿਲਮ ‘ਅਕਾਲ’ ਵਿੱਚ ਵੀ ਗਿੱਪੀ ਗਰੇਵਾਲ ਨੇ ਲੇਖਕ, ਨਿਰਦੇਸ਼ਕ ਤੇ ਅਦਾਕਾਰ ਵਜੋਂ ਤਕਨੀਕ ਨੂੰ ਕਲਾਕਾਰੀ ਨਾਲ ਵਰਤਣ ‘ਚ ਕੋਈ ਕਸਰ ਨਹੀਂ ਛੱਡੀ। ਮੈਨੂੰ ਯਾਦ ਆਇਆ ਉਹ ਇੰਟਰਵਿਊ ਜਿਹੜਾ 2010 ‘ਚ ‘ਮੇਲ ਕਰਾ ਦੇ ਰੱਬਾ’ ਫਿਲਮ ਦੀ ਪ੍ਰਮੋਸ਼ਨ ਵੇਲੇ ਮੈਂ ਗਿੱਪੀ ਨਾਲ ਕੀਤਾ ਸੀ। ਉਹ ਉਸ ਦੀ ਪਹਿਲੀ ਫਿਲਮ ਸੀ। ਉਹ ਖ਼ੁਸ਼ ਸੀ ਕਿ ਉਹ ਇੱਕ ਗਾਇਕ ਤੋਂ ਅਦਾਕਾਰ ਬਣ ਗਿਆ ਸੀ। ਪਰ ਮੈਂ ਆਫ ਦਾ ਏਅਰ ਮਹਿਸੂਸ ਕਰ ਰਹੀ ਸਾਂ ਕਿ ਉਹ ਧੁਰ ਅੰਦਰੋਂ ਜ਼ਰਾ ਉਦਾਸ ਸੀ ਤੇ ਨਿਰਾਸ਼ ਵੀ। ਸੰਕੋਚਵੀਂ ਜਿਹੀ ਅਵਾਜ਼ ‘ਚ ਉਸ ਨੇ ਜ਼ਿਕਰ ਕੀਤਾ ਸੀ ਕਿ ਉਸ (ਨਿਹਾਲ) ਦੇ ਬਹੁਤ ਸਾਰੇ ਰੋਲ ‘ਤੇ ਕੈਂਚੀ ਫੇਰ ਦਿੱਤੀ ਗਈ ਸੀ, ਪਰ ਉਸ ਨੇ ਉਨ੍ਹਾਂ ਪਲਾਂ ਦੌਰਾਨ ਹੀ ਦ੍ਰਿੜਤਾ ਨਾਲ ਕਿਹਾ ਸੀ,”ਕੋਈ ਨਾ … ਹਾਲੇ ਤਾਂ ਸ਼ੁਰੂਆਤ ਹੈ… ਸਭ ਦੇਖਣਗੇ।” ਹੁਣ 15 ਸਾਲ ਬਾਦ ਰਾਤੀਂ ‘ਅਕਾਲ’ ਦੇਖਦਿਆਂ ਮੈਨੂੰ ਗਿੱਪੀ ਦੇ ਚਿਹਰੇ ਦੇ ਉਹ ਹਾਵਭਾਵ ਅਤੇ ਅਲਫ਼ਾਜ਼ ਯਾਦ ਆ ਰਹੇ ਸਨ। ਗਿੱਪੀ ਦੇ ਕੰਮ ਨੂੰ ਸਭ ਦੇਖ ਰਹੇ ਹਨ… ਬਾਲੀਵੁੱਡ ਵੀ ਦੇਖ ਰਿਹੈ। ਉਹ ਸਮੇਂ ਦਾ ਹਾਣੀ ਬਣ ਕੇ ਚੱਲ ਰਿਹਾ ਤੇ ਉਸ ‘ਚ ਸਮੇਂ ਤੋਂ ਵੀ ਅਗਾਂਹ ਚੱਲਣ ਦੀਆਂ ਪੂਰੀਆਂ ਸੰਭਾਵਨਾਵਾਂ ਮੌਜੂਦ ਹਨ। ‘ਅਕਾਲ’ ਵਿੱਚ ਆਪਣੇ ਤਿੰਨਾਂ ਬੱਚਿਆਂ ਕੋਲੋਂ ਗਿੱਪੀ ਨੇ ਬਹੁਤ ਸੋਹਣਾ ਕੰਮ ਲਿਆ ਹੈ। ਬੱਚਿਆਂ ਨੂੰ ਸ਼ਾਬਾਸ਼!! ਗਿੱਪੀ ਦੇ ਨਾਲ ਉਨ੍ਹਾਂ ਦੀ ਪਤਨੀ ਰਵਨੀਤ ਨੂੰ ਸਾਰੇ ਪਰਿਵਾਰ ਦੀ ਸਾਂਝੀ ਕੋਸ਼ਿਸ਼ ਲਈ ਬਹੁਤ ਮੁਬਾਰਕਾਂ।
ਇਥੇ ਕੁਝ ਮੁੱਖ ਕਲਾਕਾਰਾਂ ਦੀ ਗੱਲ ਕਰਨੀ ਜ਼ਰੂਰੀ ਹੈ।
ਨਿਕਤਿਨ ਧੀਰ ਆਪਣੀ ਵਿਲੱਖਣ ਜਿਹੀ ਦਿੱਖ ‘ਚ ਆਪਣੇ ਰੋਲ ‘ਚ ਅਜਿਹੀ ਛਾਪ ਛੱਡ ਗਿਆ ਕਿ ਸ਼ਾਇਦ ਉਹ ਹੁਣ ‘ਜੰਗੀ ਜਹਾਨਾਂ’ ਵਜੋਂ ਹੀ ਜਾਣਿਆ ਜਾਇਆ ਕਰੇਗਾ, ਬਿਲਕੁਲ ਉਸੇ ਤਰਾਂ ਜਿਵੇਂ ਉਸ ਦੇ ਪਿਤਾ ਪੰਕਜ ਧੀਰ ਨੂੰ ਹੁਣ ਤੱਕ ਲੜੀਵਾਰ ਮਹਾਂਭਾਰਤ ਦੇ ‘ਕਰਨ’ ਜਾਂ ‘ਅਮਜਦ ਖਾਨ ਨੂੰ ‘ਸ਼ੋਅਲੇ’ ਦੇ ‘ਗੱਬਰ ਸਿੰਘ’ ਵਜੋਂ ਜਾਣਦੇ ਹਾਂ।
ਕਿਸੇ ਪੰਜਾਬੀ ਫਿਲਮ ‘ਚ ਮੀਤਾ ਵਸ਼ਿਸ਼ਟ ਨੂੰ ਬਹੁਤ ਚਿਰ ਬਾਦ, ਸ਼ਾਇਦ ਪਹਿਲੀ ਵਾਰ ਹੀ ਦੇਖਿਆ, ਉਸ ਦਾ ਕੰਮ ਹਮੇਸ਼ਾ ਵਾਂਗ ਖ਼ਰਾ ਤੇ ਪ੍ਰਭਾਵਸ਼ਾਲੀ ਲੱਗਾ। ਨਿਮਰਿਤ ਖੈਰਾ ਵੀ ਆਪਣੇ ਰੋਲ ‘ਚ ਖ਼ੂਬ ਜਚੀ ਹੈ, ਇਸ ਫਿਲਮ ‘ਚ ਉਸ ਵਲੋਂ ਨਿਭਾਈ ਗਈ ਭੂਮਿਕਾ ਉਸ ਨੂੰ ਸਥਾਪਿਤ ਅਦਾਕਾਰਾਂ ਦੀ ਕਤਾਰ ‘ਚ ਖੜ੍ਹਾ ਕਰ ਰਹੀ ਹੈ। ਆਪਣੀ ਹੀ ਕਿਸਮ ਦੀ ਅਦਾਕਾਰੀ ਕਰਨ ਲਈ ਜਾਣੇ ਜਾਂਦੇ ਪ੍ਰਿੰਸ ਕੰਵਲਜੀਤ ਸਿੰਘ ਨੇ ਇਸ ਫਿਲਮ ‘ਚ ਵੀ ਆਪਣੀ ਕਲਾ ਦਾ ਲੋਹਾ ਮਨਵਾਇਆ ਹੈ।
ਗੁਰਪ੍ਰੀਤ ਘੁੱਗੀ ਇਸ ਫਿਲਮ ਦਾ ਧੁਰਾ ਹੈ, ਸ਼ੁਰੂ ਤੋਂ ਅੰਤ ਤੱਕ ਫਿਲਮ ਉਨ੍ਹਾਂ ਦੁਆਲੇ ਘੁੰਮਦੀ ਹੈ। ਅਰਦਾਸ, ਅਰਦਾਸ ਕਰਾਂ ਤੇ ਹੋਰ ਕਈ ਫਿਲਮਾਂ ਮਗਰੋਂ ‘ਸਿਰਫ਼ ਕਾਮੇਡੀਅਨ‘ ਹੋਣ ਦਾ ਟੈਗ, ਦਰਸ਼ਕਾਂ ਨੇ ਆਪ ਹੀ ਉਨ੍ਹਾਂ ਤੋਂ ਲਾਹ ਦਿੱਤਾ ਸੀ। ਗੁਰਪ੍ਰੀਤ ਘੁੱਗੀ ਬਹੁ-ਪੱਖੀ ਕਲਾਕਾਰ ਹੈ ਤੇ ਇਸ ਫਿਲਮ ਵਿਚਲੇ ਉਸਦੇ ਕਿਰਦਾਰ ਨੇ ਬਤੌਰ ਕਲਾਕਾਰ ਉਸਦਾ ਕੱਦ ਹੋਰ ਉੱਚਾ ਕੀਤਾ ਹੈ।
ਇਸ ਫਿਲਮ ਵਿੱਚ ਸੈੱਟ, ਸੈਟਿੰਗਜ਼, ਵੇਸਭੂਸ਼ਾ ਆਦਿ ਦਾ ਵਿਸ਼ੇਸ਼ ਖਿਆਲ ਰੱਖਿਆ ਗਿਆ ਹੈ। ਬਲਜੀਤ ਸਿੰਘ ਦਿਓ ਦੀ ਸਿਨੇਮਾਟੋਗਰਾਫ਼ੀ ਦਾ ਜ਼ਿਕਰ ਕੀਤੇ ਬਿਨਾਂ ਇਸ ਫਿਲਮ ਦਾ ਰੀਵਿਊ ਅਧੂਰਾ ਰਹੇਗਾ। ਬਲਜੀਤ ਦਿਓ ਦੀ ਪਾਰਖੂ ਅੱਖ ਖ਼ੂਬ ਜਾਣਦੀ ਹੈ ਕਿ ਕੈਮਰੇ ਦੀ ਅੱਖ ਨੂੰ ਕੀ ਤੇ ਕਿਵੇਂ ਦਿਖਾਉਣਾ ਹੈ। ਕੈਮਰਾ ਤਾਂ ਉਨ੍ਹਾਂ ਦਾ ਖਿਡੌਣਾ ਹੈ ਜਿਸ ਨਾਲ ਖੇਡਣ ਦਾ ਉਨ੍ਹਾਂ ਦਾ ਨਿਰਾਲਾ ਅੰਦਾਜ਼ ਦਰਸ਼ਕ ਨੂੰ ਹਮੇਸ਼ਾ ਭਾਉਂਦਾ ਹੈ। ਬੱਲ ਦਿਓ ਦੀ ਗ਼ੈਰਹਾਜ਼ਰੀ ‘ਚ ਇਸ ਫਿਲਮ ਨੂੰ ਅਮਲੀ ਰੂਪ ਦੇਣਾ ਔਖਾ ਸੀ, ਸ਼ਾਇਦ ਖ਼ੁਦ ਗਿੱਪੀ ਗਰੇਵਾਲ ਤੇ ਦਰਸ਼ਕ ਵੀ ਇਸ ਗੱਲ ਨਾਲ ਸਹਿਮਤ ਹੋਣਗੇ।
ਪ੍ਰਤੀਤ ਹੁੰਦਾ ਹੈ ਕਿ ਹੰਬਲ ਮੋਸ਼ਨ ਪਿਕਚਰ ਅਤੇ ਧਰਮਾ ਪ੍ਰੋਡਕਸ਼ਨ ਨੇ ‘ਅਕਾਲ’ ਦੀ ਪ੍ਰੋਡਕਸ਼ਨ ਅਤੇ ਪ੍ਰੋਮੋਸ਼ਨ ‘ਤੇ ਮਿਹਨਤ ਤੇ ਪੈਸਾ ਦੋਵੇਂ ਦਿਲ ਖੋਲ੍ਹ ਕੇ ਲਾਏ ਹਨ । ਦੇਖਦੇ ਹਾਂ ਕਿ ਦਰਸ਼ਕ ਮੁੱਲ ਮੋੜ ਸਕਣਗੇ ਜਾਂ ਨਹੀਂ।