Headlines

ਬੱਬੂ ਮਾਨ ਦੇ ਪ੍ਰਸੰਸਕਾਂ ਨੇ ਵੈਨਕੂਵਰ ਲਾਈਵ ਸ਼ੋਅ ਸੰਬੰਧੀ ਡੈਲਟਾ ਵਿਖੇ ਦਫਤਰ ਖੋਲ੍ਹਿਆ

ਸਰੀ, 11 ਅਪ੍ਰੈਲ (ਹਰਦਮ ਮਾਨ)-ਵੈਨਕੂਵਰ ਵਿਖੇ 3 ਮਈ 2025 ਨੂੰ ਨਾਮਵਰ ਗਾਇਕ ਬੱਬੂ ਮਾਨ ਦੇ ਹੋ ਰਹੇ ਸ਼ੋਅ ਅਤੇ ਟਿਕਟਾਂ ਦੀ ਜਾਣਕਾਰੀ ਸੰਬੰਧੀ ਬੱਬੂ ਮਾਨ ਦੇ ਪ੍ਰਸੰਸਕਾਂ ਵੱਲੋਂ ਡੈਲਟਾ ਵਿਖੇ ਅੱਜ ਵਿਸ਼ੇਸ਼ ਦਫਤਰ ਖੋਲ੍ਹਿਆ ਗਿਆ। ਇਸ ਦਫਤਰ ਦੇ ਉਦਘਾਟਨ ਸਮੇਂ ਵੱਡੀ ਗਿਣਤੀ ਵਿਚ ਬੱਬੂ ਮਾਨ ਦੇ ਪ੍ਰਸੰਸਕ ਪਹੁੰਚੇ। ਇਸ ਦਫਤਰ ਦੇ ਸੰਚਾਲਕ ਅੰਗਰੇਜ਼ ਬਰਾੜ, ਬਲਜਿੰਦਰ ਸੰਘਾ, ਧਰਮਿੰਦਰ ਮਾਵੀ , ਮਨਜੀਤ ਸਿੰਘ ਮਾਂਗਟ, ਮਨਦੀਪ ਧਾਲੀਵਾਲ, ਹਰਮੀਤ ਖੁੱਡੀਆਂ ਅਤੇ ਜੀਵਨ ਸਿੱਧੂ ਨੇ ਸਭ ਨੂੰ ਜੀ ਆਇਆਂ ਕਿਹਾ।

ਇਸ ਮੌਕੇ ਬੋਲਦਿਆਂ ਪ੍ਰਸਿੱਧ ਸ਼ਾਇਰ ਮੋਹਨ ਗਿੱਲ, ਕਰਤਾਰ ਸਿੰਘ ਢਿੱਲੋਂ, ਪ੍ਰਸਿੱਧ ਗੀਤਕਾਰ ਜਸਬੀਰ ਗੁਣਾਚੌਰੀਆ, ਹਰਮਨ, ਨਵਦੀਪ ਗਿੱਲ, ਸੋਨੀ ਝਾਵਰ,ਹਰਪ੍ਰੀਤ ਸਿੱਧੂ ਨੇ ਕਿਹਾ ਕਿ ਬੱਬੂ ਮਾਨ ਨੇ ਆਪਣੀ ਗਾਇਕੀ ਅਤੇ ਗੀਤਕਾਰੀ ਰਾਹੀਂ ਪੰਜਾਬੀਆਂ ਦਾ ਮਨੋਰੰਜਨ ਕਰਨ ਦੇ ਨਾਲ਼ ਨਾਲ਼ ਸਮਾਜ ਨੂੰ ਸੇਧ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਹ ਪੰਜਾਬ ਦੀ ਮਿੱਟੀ ਦੇ ਨਾਲ ਜੁੜਿਆ ਹੋਇਆ ਹੈ, ਪੰਜਾਬ ਤੇ ਪੰਜਾਬ ਦੀ ਕਿਸਾਨੀ ਦਾ ਖੈਰ-ਖੁਆਹ ਹੈ ਅਤੇ ਜਿੱਥੇ ਕਿਤੇ ਉਸ ਨੂੰ ਸਮਾਜ ਵਿੱਚ ਕੋਈ ਊਣਤਾਈ ਨਜ਼ਰ ਆਈ ਤਾਂ ਉੱਥੇ ਉਸ ਨੇ ਬੜੀ ਸ਼ਿੱਦਤ ਅਤੇ ਨਿੱਡਰਤਾ ਨਾਲ ਆਪਣੇ ਗੀਤਾਂ ਰਾਹੀਂ ਆਵਾਜ਼ ਬੁਲੰਦ ਕੀਤੀ ਹੈ। ਉਸ ਨੇ ਪੰਜਾਬੀ ਸਮਾਜ ਅਤੇ ਦੇਸ਼ ਵਿਦੇਸ਼ ਵਿਚ ਆਪਣਾ ਫ਼ਖ਼ਰਯੋਗ ਮੁਕਾਮ ਆਪਣੀ ਮਿਹਨਤ ਅਤੇ ਲਗਨ ਨਾਲ਼ ਬਣਾਇਆ ਹੈ ਅਤੇ ਪੰਜਾਬੀ ਪ੍ਰੇਮੀਆਂ ਦਾ ਫਰਜ਼ ਬਣਦਾ ਹੈ ਕਿ ਉਸ ਨੂੰ ਬਣਦਾ ਮਾਣ ਸਤਿਕਾਰ, ਪਿਆਰ ਦਿੱਤਾ ਜਾਵੇ।

ਅੰਤ ਵਿਚ ਹਾਜਰ ਦੋਸਤਾਂ ਦਾ ਧੰਨਵਾਦ ਕਰਦਿਆਂ ਅੰਗਰੇਜ਼ ਬਰਾੜ ਨੇ ਕਿਹਾ ਕਿ ਇਸ ਦਫਤਰ (7915-120 ਸਟਰੀਟ, ਡੈਲਟਾ) ਵਿਚ ਬੱਬੂ ਮਾਨ ਦੇ ਸ਼ੋਅ ਸਬੰਧੀ ਕੋਈ ਵੀ ਜਾਣਕਾਰੀ ਅਤੇ ਟਿਕਟਾਂ ਹਰ ਰੋਜ਼ ਸਵੇਰੇ 9 ਵਜੇ ਤੋਂ ਸ਼ਾਮ 9 ਵਜੇ ਹਾਸਲ ਕੀਤੀਆਂ ਜਾ ਸਕਣਗੀਆਂ। ਹੋਰ ਜਾਣਕਾਰੀ ਲਈ ਫੋਨ ਨੰਬਰ 604-345-2222 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *