Headlines

ਕੈਲਗਰੀ ਵਿਚ ਪਹਿਲੀਆਂ ਸਿੱਖ ਖੇਡਾਂ 18 ਅਪ੍ਰੈਲ ਤੋਂ

ਵਿਰਾਸਤ ਤੇ ਆਧੁਨਿਕਤਾ ਦਾ ਪ੍ਰਤੀਕ ਹੋਣਗੀਆਂ ਅਲਬਰਟਾ ਸਿੱਖ ਖੇਡਾਂ-ਚੇਅਰਮੈਨ ਗੁਰਜੀਤ ਸਿੰਘ ਸਿੱਧੂ
ਕੈਲਗਰੀ ( ਦਲਵੀਰ ਜੱਲੋਵਾਲੀਆ)- ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੇ ਚੇਅਰਮੈਨ ਗੁਰਜੀਤ ਸਿੰਘ ਸਿੱਧੂ ਨੇ ਇਥੇ ਜਾਰੀ ਇਕ ਪ੍ਰੈਸ ਬਿਆਨ ਰਾਹੀਂ  ਕੈਲਗਰੀ ਵਿਚ ਪਹਿਲੀਆਂ ਸਿੱਖ ਖੇਡਾਂ 18, 19 ਤੇ 20 ਅਪ੍ਰੈਲ ਨੂੰ ਜੈਨੇਸਿਸ ਸੈਂਟਰ ਦੀਆਂ ਗਰਾਉਂਡਾਂ ਵਿਚ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਖੇਡ ਕਲੱਬਾਂ, ਖਿਡਾਰੀਆਂ ਤੇ ਮਾਪਿਆਂ ਨੂੰ ਇਹਨਾਂ ਖੇਡਾਂ ਵਿਚ ਹੁੰਮਹੁਮਾ ਕੇ ਸ਼ਾਮਿਲ ਹੋਣ ਦਾ ਸੱਦਾ ਦਿਂਦਿਆਂ ਕਿਹਾ ਹੈ ਕਿ ਸਿੱਖ ਕੌਮ ਨੂੰ ਦੁਨੀਆ ਭਰ ਵਿੱਚ ਭਗਤੀ ਤੇ ਸ਼ਕਤੀ ਵਾਲੀ ਕੌਮ ਵਜੋਂ ਜਾਣਿਆ ਜਾਂਦਾ ਹੈ। ਭਗਤੀ ਤੋਂ ਭਾਵ ਹੈ ਵਾਹਿਗੁਰੂ ਦੀ ਰਜ਼ਾ ’ਚ ਰਹਿੰਦਿਆਂ ਮਿਲਵਰਤਣ ਅਤੇ ਮਾਨਵਤਾ ਦਾ ਸੰਦੇਸ਼ ਦੇਣ ਲਈ ਤੱਤਪਰ ਰਹਿਣਾ। ਸ਼ਕਤੀ ਤੋਂ ਭਾਵ ਸਰੀਰ ਨੂੰ ਹਰ ਪੱਖੋਂ ਸਡੌਲ ਤੇ ਚੜਦੀ ਕਲਾ ’ਚ ਰੱਖਣਾ। ਇਹ ਦੋ ਵਿਲੱਖਣ ਗੁਣਾਂ ਸਦਕਾ ਹੀ ਦੁਨੀਆ ਦੇ ਹਰ ਕੋਨੇ ’ਚ ਖਾਲਸੇ ਦੇ ਨਿਸ਼ਾਨ ਝੂਲ ਰਹੇ ਹਨ। ਚਾਹੇ ਖੇਡਾਂ ਦਾ ਖੇਤਰ ਹੋਵੇ, ਲੋਕ ਸੇਵਾ ਦਾ ਕਾਰਜ ਹੋਵੇ ਜਾਂ ਭਾਈਚਾਰਕ ਸਾਂਝ ਦਾ ਪ੍ਰਚਾਰ ਹੋਵੇ, ਸਿੱਖ ਦੁਨੀਆ ਭਰ ’ਚ ਸਭ ਤੋਂ ਅੱਗੇ ਹੁੰਦੇ ਹਨ। ਸਿੱਖ ਖਿਡਾਰੀਆਂ ਨੇ ਆਪਣੀ ਜਨਮ-ਭੋਇੰ ਦੀ ਵੱਖ-ਵੱਖ ਖੇਡਾਂ ’ਚ ਵਿਸ਼ਵ ਪੱਧਰੀ ਖੇਡ ਸਮਾਗਮਾਂ ’ਚ ਨੁਮਾਇੰਦਗੀ ਕਰਦਿਆਂ ਬੁਲੰਦੀਆਂ ਨੂੰ ਛੂਹਿਆ ਹੈ। ਸਿੱਖਾਂ ਦੇ ਦੁਨੀਆ ਦੇ ਕੋਨੇ-ਕੋਨੇ ’ਚ ਪੁੱਜਣ ਸਦਕਾ ਹੁਣ ਖੇਡਾਂ ਦੇ ਖੇਤਰ ’ਚ ਵੀ ਸਿੱਖਾਂ ਦਾ ਦਾਇਰਾ ਵਿਸ਼ਵਵਿਆਪੀ ਬਣਨ ਵੱਲ ਵਧ ਰਿਹਾ ਹੈ। ਸਿੱਖ ਖਿਡਾਰੀ ਦੁਨੀਆ ਦੇ ਵੱਡੇ-ਵੱਡੇ ਮੁਲਕਾਂ ਦੀਆਂ ਵੱਖ-ਵੱਖ ਖੇਡਾਂ ਨਾਲ ਸਬੰਧਤ ਟੀਮਾਂ ਦਾ ਸ਼ਿੰਗਾਰ ਬਣਨ ਲੱਗੇ ਹਨ। ਇਸੇ ਧਾਰਨਾ ’ਤੇ ਚਲਦਿਆਂ ਹਰ ਸਾਲ ਵੱਖ-ਵੱਖ ਮੁਲਕਾਂ ’ਚ ਸਿੱਖਾਂ ਵੱਲੋਂ ਖੇਡ ਸਮਾਗਮ ਕਰਵਾਏ ਜਾਣ ਲੱਗੇ ਹਨ। ਇਸ ਰੁਝਾਨ ਨੂੰ ਇੱਕ ਵਿਲੱਖਣ ਰੂਪ ਦੇਣ ਦੀ ਆਸਟਰੇਲੀਆ ਵਸਦੇ ਸਿੱਖਾਂ ਵੱਲੋਂ ‘ਸਿੱਖ ਖੇਡਾਂ’ ਦਾ ਆਯੋਜਨ ਕਈ ਵਰਿਆਂ ਤੋਂ ਕੀਤਾ ਜਾ ਰਿਹਾ ਹੈ। ਇਸੇ ਲੜੀ ਨੂੰ ਅੱਗੇ ਤੋਰਦਿਆਂ ਕੈਨੇਡਾ ਦੇ ਸੂਬੇ ਅਲਬਰਟਾ ਦੇ ਸਿੱਖ ਵੀ ਇਸੇ ਤਰ੍ਹਾਂ ਦਾ ਹੰਭਲਾ ਮਾਰਨ ਦੀ ਸ਼ੁਰੂਆਤ ਕਰਨ ਜਾ ਰਹੇ ਹਨ।

ਵਿਦੇਸ਼ਾਂ ਵਿੱਚ ਪੰਜਾਬੀਆਂ ਵੱਲੋਂ ਕਰਵਾਈਆਂ ਜਾਂਦੀਆਂ ਖੇਡਾਂ ’ਚ ਪ੍ਰਮੁੱਖ ਤੌਰ ’ਤੇ ਕਬੱਡੀ ਕੱਪ ਹੀ ਕਰਵਾਏ ਜਾਂਦੇ ਹਨ। ਜਿੰਨ੍ਹਾਂ ਵਿੱਚ ਭਾਰਤ ਤੋਂ ਬੁਲਾਏ ਖਿਡਾਰੀਆਂ ’ਤੇ ਅਧਾਰਤ ਕਲੱਬਾਂ ਦੀਆਂ ਟੀਮਾਂ ਬਣਾਕੇ ਮੁਕਾਬਲੇ ਕਰਵਾਏ ਜਾਂਦੇ ਹਨ।  ਪਰ ਦਸ਼ਮੇਸ਼ ਕਲਚਰ ਗੁਰੂ ਘਰ ਦੇ ਬੋਰਡ ਦੀ ਅਗਵਾਈ ’ਚ ਅਲਬਰਟਾ ਦੀ ਸਿੱਖ ਸੰਗਤ ਦੇ ਸਹਿਯੋਗ ਨਾਲ ਕਰਵਾਈਆਂ ਜਾਣ ਵਾਲੀਆਂ ‘ਸਿੱਖ ਖੇਡਾਂ’ ’ਚ ਸਿਰਫ਼ ਕੈਨੇਡਾ ਰਹਿੰਦੇ ਪੰਜਾਬੀਆਂ ਦੀ ਪੁਰਾਣੀ ਤੇ ਨਵੀਂ ਪੀੜ੍ਹੀ ਦੇ ਖਿਡਾਰੀਆਂ ’ਤੇ ਅਧਾਰਤ ਟੀਮਾਂ ਹੀ ਸ਼ਮੂਲੀਅਤ ਕਰਨਗੀਆਂ। ਕੋਈ ਵੀ ਖਿਡਾਰੀ ਬਾਹਰੋਂ ਨਹੀਂ ਬੁਲਾਇਆ ਜਾਵੇਗਾ। ਸਗੋਂ ਕੈਨੇਡਾ ਵਸਦੇ ਸਿੱਖਾਂ ਦੀ ਨਵੀਂ ਪੀੜ੍ਹੀ ’ਚ ਪਾਈ ਜਾਂਦੀ ਖੇਡ ਪ੍ਰਤਿਭਾ ਨੂੰ ਨਿਖਾਰਨ ਤੇ ਪਹਿਚਾਣਨ ਦੇ ਮਕਸਦ ਨਾਲ ਇਹ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਪਹਿਲੀਆਂ ਸਿੱਖ ਖੇਡਾਂ ’ਚ 9 ਖੇਡ ਵੰਨਗੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਜਿੰਨ੍ਹਾਂ ’ਚ ਵਾਲੀਬਾਲ (ਸ਼ੂਟਿੰਗ ਤੇ ਸਮੈਸ਼ਿੰਗ), ਬਾਸਕਟਬਾਲ, ਹਾਕੀ, ਅਥਲੈਟਿਕਸ, ਕਬੱਡੀ, ਫੁੱਟਬਾਲ ਤੇ ਰੱਸਾਕਸੀ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ।

ਪਿਛਲੇ ਲੰਮੇ ਸਮੇਂ ਤੋਂ ਆਸਟਰੇਲੀਆ ਵਿੱਚ ਸਿੱਖ ਖੇਡਾਂ ਹੋ ਰਹੀਆਂ ਹਨ। ਇੰਨ੍ਹਾਂ ਖੇਡਾਂ ਤੋਂ ਪ੍ਰੇਰਿਤ ਹੋ ਕੇ ਹੀ ਪਹਿਲੀਆਂ ‘ਅਲਬਰਟਾ ਸਿੱਖ ਖੇਡਾਂ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਹ ਦਿਨ ਦੂਰ ਨਹੀਂ ਜਦੋਂ ਦੁਨੀਆ ਦੇ ਜਿਸ ਖਿੱਤੇ ’ਚ ਵੀ ਸਿੱਖ ਵਸਦੇ ਹਨ, ਉੱਥੇ ਹੀ ਇਹਨਾਂ ਖੇਡਾਂ ਦਾ ਆਯੋਜਨ ਕੀਤਾ ਜਾਵੇ ਅਤੇ ਫਿਰ ਵਿਸ਼ਵ ਸਿੱਖ ਖੇਡਾਂ ਦਾ ਆਯੋਜਨ ਕੀਤਾ ਜਾਵੇ। ਜਿਸ ਵਿੱਚ ਦੁਨੀਆ ਦੇ ਵੱਖ-ਵੱਖ ਮੁਲਕਾਂ ’ਚ ਵਸਦੇ ਸਿੱਖਾਂ ਦੀਆਂ ਟੀਮਾਂ ਹੀ ਹਿੱਸਾ ਲੈਣ।
ਕੈਨੇਡਾ ਵਸਦੇ ਸਿੱਖ ਭਾਈਚਾਰੇ ਦੇ ਸਹਿਯੋਗ ਦੇ ਨਾਲ ਕਰਵਾਈਆਂ ਜਾਣ ਵਾਲੀਆਂ ਇੰਨ੍ਹਾਂ ਖੇਡਾਂ ਲਈ ਪ੍ਰਬੰਧਕਾਂ ਵੱਲੋਂ ਖਿਡਾਰੀਆਂ ਤੇ ਮਾਪਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇੰਨ੍ਹਾਂ ਖੇਡਾਂ ’ਚ ਕਿਸੇ ਨਾ ਕਿਸੇ ਰੂਪ ’ਚ ਆਪਣੀ ਭਾਗੀਦਾਰ ਜ਼ਰੂਰ ਬਣਨ।

Leave a Reply

Your email address will not be published. Required fields are marked *