ਵੈਨਕੂਵਰ, 12 ਅਪਰੈਲ ( ਸੰਦੀਪ ਧੰਜੂ)- ਅੱਜ ਖਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ ਵੈਨਕੂਵਰ ਵੱਲੋਂ ਹਰ ਸਾਲ ਦੀ ਤਰ੍ਹਾਂ ਵਿਸਾਖੀ ਨਗਰ ਕੀਰਤਨ ਧੂਮਧਾਮ ਤੇ ਭਾਰੀ ਉਤਸ਼ਾਹ ਨਾਲ ਸਜਾਇਆ ਗਿਆ। 46 ਸਾਲ ਪਹਿਲਾਂ 1979 ਵਿੱਚ ਸ਼ੁਰੂ ਹੋਇਆ ਵਿਸਾਖੀ ਨਗਰ ਕੀਰਤਨ ਵਿਸਾਖੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਸਜਾਇਆ ਜਾਂਦਾ ਹੈ।
ਦੁਪਹਿਰੇ 11-30 ਵਜੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਰੌਸ ਸਟਰੀਟ, ਮਰੀਨ ਡਰਾਈਵ, ਮੇਨ ਸਟਰੀਟ, 49 ਸਟਰੀਟ ਤੋਂ ਮੁੜ ਕੇ ਫਰੇਜਰ ਸਟਰੀਟ ਰਸਤੇ ਹੁੰਦੇ ਹੋਏ ਸ਼ਾਮ ਨੂੰ ਵਾਪਸ ਗੁਰਦੁਆਰਾ ਸਾਹਿਬ ਪਹੁੰਚ ਕੇ ਸਮਾਪਤ ਹੋਇਆ। ਨਗਰ ਕੀਰਤਨ ਦੌਰਾਨ ਵੈਨਕੂਵਰ ਪੁਲੀਸ ਟੁਕੜੀ ਵੱਲੋਂ ਵੀ ਸਲਾਮੀ ਦਿੱਤੀ ਗਈ ਤੇ ਬੈਂਡ ਧੁਨਾਂ ਨਾਲ ਸਵਾਗਤ ਕੀਤਾ ਗਿਆ। ਗਤਕਾ ਪਾਰਟੀਆਂ ਨੇ ਵੀ ਆਪਣੇ ਜੌਹਰ ਵਿਖਾਏ। ਸਾਰੇ ਰਸਤੇ ’ਚ ਸ਼ਰਧਾਲੂਆਂ ਨੇ ਵੱਖ ਵੱਖ ਸਵਾਦੀ ਪਕਵਾਨਾਂ ਦੇ ਲੰਗਰ ਲਾਏ ਹੋਏ ਸਨ। ਰੂਟ ਦੇ ਪਾਸਿਆਂ ਤੇ ਕਈ ਵਪਾਰਕ ਅਦਾਰਿਆਂ ਵਲੋਂ ਸਟੇਜਾਂ ਲਾਈਆਂ ਗਈਆਂ । ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਗੁਰਬਾਣੀ ਜਾਪ ਕਰਦੀ ਹੋਈ ਨਾਲ ਨਾਲ ਪੈਦਲ ਚਲ ਰਹੀ ਸੀ। ਨਗਰ ਕੀਰਤਨ ਦੀ ਸਾਂਝਾ ਟੀਵੀ , ਰੇਡੀਓ ਸ਼ੇਰੇ ਪੰਜਾਬ, ਕੁਨੈਕਟ ਰੇਡੀਓ ਤੇ ਰੈਡ ਐਫ ਐਮ ਵਲੋਂ ਲਾਈਵ ਕਵਰੇਜ ਕੀਤੀ ਗਈ। ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਅਤੇ ਗੁਰੂ ਰਵਿਦਾਸ ਸਭਾ ਵੈਨਕੂਵਰ ਦੇ ਪ੍ਰਬੰਧਕਾਂ ਨੇ ਨਗਰ ਕੀਰਤਨ ਵਿਚ ਵਿਸ਼ੇਸ਼ ਹਾਜ਼ਰੀ ਭਰੀ ਤੇ ਸੰਗਤਾਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ।
ਮੌਸਮ ਸਾਫ ਅਤੇ ਧੁੱਪ ਕਾਰਣ ਨਗਰ ਕੀਰਤਨ ਵਿਚ ਸ਼ਾਮਿਲ ਸ਼ਰਧਾਲੂਆਂ ਨੇ ਸੁਹਾਵਣੇ ਮੌਸਮ ਦਾ ਆਨੰਦ ਵੀ ਮਾਣਿਆ। ਨਗਰ ਕੀਰਤਨ ਦੀ ਸਫਲਤਾ ਲਈ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਕੁਲਦੀਪ ਸਿੰਘ ਥਾਂਦੀ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਵਿਸਾਖੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ।
ਨਗਰ ਕੀਰਤਨ ਦੌਰਾਨ ਜਿਥੇ ਵੱਖ ਵੱਖ ਸੰਸਥਾਵਾਂ ਵਲੋਂ ਸਟਾਲ ਲਗਾਏ ਗਏ, ਉਥੇ ਉਘੇ ਪੰਜਾਬੀ ਪ੍ਰਕਾਸ਼ਕ ਸਤੀਸ਼ ਗੁਲਾਟੀ ਵਲੋਂ ਪੰਜਾਬੀ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ ਜਿਸਨੂੰ ਨਗਰ ਕੀਰਤਨ ਵਿਚ ਸ਼ਾਮਿਲ ਪੰਜਾਬੀ ਪਿਆਰਿਆਂ ਨੇ ਭਰਪੂਰ ਹੁੰਗਾਰਾ ਦਿੱਤਾ। ਪੁਸਤਕਾਂ ਦੇ ਸਟਾਲ ਉਪਰ ਉਘੇ ਫਿਲਮੀ ਕਲਾਕਾਰ ਤੇ ਲੇਖਕ ਰਣਬੀਰ ਰਾਣਾ ਵੀ ਪੁੱਜੇ ਤੇ ਲੋਕਾਂ ਨੂੰ ਪੁਸਤਕਾਂ ਪੜਨ ਲਈ ਪ੍ਰੇਰਿਆ।