ਕੈਲਗਰੀ : (ਜਸਵਿੰਦਰ ਸਿੰਘ ਰੁਪਾਲ) ਈ ਦੀਵਾਨ ਸੋਸਾਇਟੀ, ਕੈਲਗਰੀ ਵੱਲੋਂ ਆਪਣੇ ਹਫਤਾਵਾਰੀ ਪ੍ਰੋਗਰਾਮ ਵਿੱਚ 12 ਅਪ੍ਰੈਲ 2025 ਨੂੰ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ , ਇੱਕ ਅੰਤਰਰਾਸ਼ਟਰੀ ਮਹਾਨ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਕਵੀ ਜਨ ਔਨਲਾਈਨ ਸ਼ਾਮਲ ਹੋਏ। ਇਹ ਸੋਸਾਇਟੀ ਗੁਰੂ ਗੋਬਿੰਦ ਸਿੰਘ ਜੀ ਦੀ ਚਲਾਈ ਹੋਈ ਕਵੀ ਦਰਬਾਰਾਂ ਦੀ ਪਰੰਪਰਾ ਨੂੰ ਅੱਗੇ ਤੋਰਨ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ। ਸਭ ਤੋਂ ਪਹਿਲਾਂ ਸੋਸਾਇਟੀ ਦੇ ਸੰਸਥਾਪਕ ਸ.ਬਲਰਾਜ ਸਿੰਘ ਜੀ ਨੇ ਸਭ ਨੂੰ ‘ਜੀ ਆਇਆਂ’ ਆਖਦੇ ਹੋਏ ਕਵੀ ਦਰਬਾਰ ਦੇ ਮਕਸਦ ਤੇ ਚਾਨਣਾ ਪਾਇਆ। ਪ੍ਰੋਗਰਾਮ ਦਾ ਆਰੰਭ ਟੋਰੰਟੋ ਤੋਂ ਬੇਟੀ ਅਮਿਤੋਜ ਕੌਰ ਵਲੋਂ ਗਾਏ ਸ਼ਬਦ “ਚਰਨ ਸਰਨ ਗੁਰੂ ਏਕ ਪੈਂਡਾ ਜਾਇ ਚੱਲ..” ਨਾਲ ਹੋਇਆ। ਜੈਪੁਰ ਇੰਡੀਆ ਤੋਂ ਭੈਣ ਬ੍ਰਿਜਮੰਦਰ ਕੌਰ ਜੀਂ ਨੇ ਸ਼ਬਦ “ਇਹ ਮਨ ਸੁੰਦਰ ਆਪਣਾ ਹਰਿ ਨਾਮ ਮਜੀਠੈ ਰੰਗਿ ਰੀ” ਗਾ ਕੇ ਸੁਣਾਇਆ ਗਿਆ। ਕਵੀ ਦਰਬਾਰ ਦੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦਿਆ ਹੋਇਆਂ ਗੁਰਦੀਸ਼ ਕੌਰ ਗਰੇਵਾਲ ਅਤੇ ਸੁਜਾਨ ਸਿੰਘ ਸੁਜਾਨ ਜੀ ਨੇ ਕਵੀਆਂ ਦੀ ਜਾਣ ਪਛਾਣ ਕਰਾਉਣ ਉਪਰੰਤ ਸਭ ਨੂੰ ਵਾਰੀ ਵਾਰੀ ਮੰਚ ਤੇ ਆਉਣ ਦਾ ਸੱਦਾ ਦਿੱਤਾ।
ਕਵੀ ਦਰਬਾਰ ਦਾ ਆਰੰਭ ਪਟਿਆਲੇ ਤੋਂ ਛੰਦਾਬੰਦੀ ਦੇ ਮਾਹਰ ਕਵੀ ਸ ਕੁਲਵੰਤ ਸਿੰਘ ਸੇਦੋਕੇ ਜੀ ਨੇ ਆਪਣੀ ਸੁਰੀਲੀ ਆਵਾਜ ਵਿਚ ਬੈਂਤ ਛੰਦ ਵਿਚ ਆਪਣੀ ਕਵਿਤਾ ਗਾ ਕੇ ਸੁਣਾਈ । ਜਸਪ੍ਰੀਤ ਕੌਰ ਨੋਇਡਾ ਜੀਂ ਨਯ ਗੁਰਦੀਸ਼ ਕੌਰ ਗਰੇਵਾਲ ਦਾ ਲਿਖਿਆ ਗੀਤ ” ਉਸ ਪੰਥ ਸਜਾਇਆ ਏ, ਤੇਗਾਂ ਦੀਆਂ ਧਾਰਾਂ ਤੇ” ਤਰੰਨਮ ਵਿਚ ਗਾ ਕੇ ਸੁਣਾਇਆ। ਰਾਣਾ ਸਿੰਘ ਚਾਨਾ ਵਿਨੀਪੈਗ ਨੇ ਹਾਸ ਰਸ ਤੋਂ ਬੀਰ ਰਸ ਵੱਲ ਜਾਂਦੀ ਆਪਣੀ ਕਵਿਤਾ “ਅਣਖੀ ਵਿਸਾਖੀ” ਸੁਣਾਈ।ਜਸਵੀਰ ਸ਼ਰਮਾ ਦੱਧਾਹੂਰ ਜੀਂ ਨੇ ਆਪਣਾ ਗੀਤ “ਏਸ ਪੰਥ ਨੇ ਦੁਨੀਆਂ ਦੇ ਵਿਚ ਖੇਲੇ ਖੇਲ ਨਿਰਾਲੇ” ਸੁਣਾ ਕੇ ਰੰਗ ਬੰਨ੍ਹਿਆ। ਗੁਰਜੀਤ ਸਿੰਘ ਖਾਲਸਾ ਐਡਮਿੰਟਨ ਜੀਂ ਨੇ 13 ਅਪ੍ਰੈਲ 1978 ਦੀ ਵਿਸਾਖੀ ਦੇ ਸ਼ਹੀਦਾਂ ਨੂੰ ਸਟੇਜੀ ਕਵਿਤਾ ਦੇ ਅੰਦਾਜ਼ ਵਿਚ ਸ਼ਰਧਾਂਜਲੀ ਦਿੱਤੀ । ਕੈਲਗਰੀ ਤੋਂ ਖਾਲਸਈ ਸਰੂਪ ਵਿੱਚ ਸਜੇ 12 ਸਾਲ ਦੇ ਬੱਚੇ ਮੁਹਕਮ ਸਿੰਘ ਚੌਹਾਨ ਨੇ ਆਪਣੇ ਪਿਤਾ ਸ.ਬੂਟਾ ਸਿੰਘ ਚੌਹਾਨ ਜੀਂ ਦੀ ਲਿਖੀ ਕਵਿਤਾ ” ਖਾਲਸੇ ਦੇ ਝੂਲਦੇ ਨਿਸ਼ਾਨ ਰਹਿਣਗੇ ” ਖੂਬਸੂਰਤ ਅੰਦਾਜ਼ ਵਿਚ ਸੁਣਾ ਕੇ ਸਰੋਤਿਆਂ ਦੀ ਵਾਹ ਵਾਹ ਖੱਟੀ। ਕੈਲਗਰੀ ਤੋਂ ਹੀ ਸ.ਜਸਵਿੰਦਰ ਸਿੰਘ ਰੁਪਾਲ ਜੀ ਨੇ ਆਪਣੀ ਕਵਿਤਾ “ਸਿੱਖ ਤੋਂ ਗੁਰਾਂ ਨੇ ਐਸਾ ਸਿੰਘ ਘੜਿਆ, ਖਾਲਸਾ ਕਹਾਂਵਦਾ, ਜੱਗ ਤੋਂ ਨਿਆਰਾ ਏ” ‘ਦੂਣਾ ਯਮਕਦਾਰ ਕੇਸਰੀ ਛੰਦ’ ਵਿਚ ਸੁਣਾਈ ,ਜਿਸ ਵਿਚ ਤੀਹਰਾ ਕਾਫ਼ੀਆ ਹੋਣ ਕਰਕੇ ਉਸਨੂੰ ਗਾਉਣ ਲਈ ਲੰਮਾ ਸਾਹ ਚਾਹੀਦਾ ਹੈ।ਕੁਲਵਿੰਦਰ ਸਿੰਘ ਗਾਖਲ ਅਤੇ ਬੀਬੀ ਸਰਬਜੀਤ ਕੌਰ ਸੈਕਰਾਮੈਂਟੋ ਮਜਬੂਰੀਆਂ ਕਾਰਨ ਕਵੀ ਦਰਬਾਰ ਵਿਚ ਸ਼ਾਮਲ ਨਹੀਂ ਹੋ ਸਕੇ। ਅਮਨਪ੍ਰੀਤ ਸਿੰਘ ਕੈਲਗਰੀ ਨੇ “ਅੰਮ੍ਰਿਤ ਦੀ ਇਸ ਦਾਤ ਨਾਲ ਸਾਡੇ ਜਿਹੇ ਵੀ ਤਰ ਗਏ” ਸੁਣਾ ਕੇ ਅੰਮ੍ਰਿਤ ਦੀ ਮਹੱਤਤਾ ਦਰਸਾਈ।
ਸ੍ਰੀ ਮਤੀ ਗੁਰਦੀਸ਼ ਕੌਰ ਗਰੇਵਾਲ ਜੀਂ ਨੇ “ਖਾਲਸੇ ਦਾ ਰੁਤਬਾ ਬੜਾ ਮਹਾਨ ਹੈ” ਤਰੰਨਮ ਵਿਚ ਗਾ ਕੇ ਸਭ ਦਾ ਮਨ ਮੋਹ ਲਿਆ। ਟੋਰਾਂਟੋ ਤੋਂ ਸ.ਸੁਜਾਨ ਸਿੰਘ ਸੁਜਾਨ ਜੀਂ ਨੇ ਆਪਣਾ ਗੀਤ ” ਸਿੰਘੋ ਪਾਹੁਲ ਪੀ ਲਵੋ ਖੰਡੇ ਦੀ ਧਾਰ ਦੀ” ਸੁਣਾ ਕੇ ਵਿਸਾਖੀ ਦਾ ਇਤਿਹਾਸ ਦੱਸਦੇ ਹੋਏ ਇਸਦਾ ਖੂਬਸੂਰਤ ਸੰਦੇਸ਼ ਦੇ ਕੇ ਸਭ ਨੂੰ ਅੰਮ੍ਰਿਤ ਛਕਣ ਦੀ ਪ੍ਰੇਰਨਾ ਦਿੱਤੀ। ਅੰਤ ਤੇ ਡਾਕਟਰ ਸੁਰਜੀਤ ਸਿੰਘ ਭੱਟੀ ਜੀ ਨੇ ਦੂਰੋਂ ਨੇੜਿਉਂ ਆਏ ਸਮੂਹ ਕਵੀਆਂ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਕੈਨੇਡਾ ਵਿੱਚ ਅਪ੍ਰੈਲ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨੇ ਵਜੋਂ ਅਤੇ ਅਮਰੀਕਾ ਵਿੱਚ 14 ਅਪ੍ਰੈਲ ਨੂੰ ਸਿੱਖ ਵਿਰਾਸਤੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸਮਾਗਮ ਦੀ ਸਮਾਪਤੀ ਤੇ ਆਨੰਦ ਸਾਹਿਬ, ਅਰਦਾਸ ਅਤੇ ਹੁਕਮਨਾਮੇ ਦੀ ਸੇਵਾ, ਡਾਕਟਰ ਬਲਰਾਜ ਸਿੰਘ ਅਤੇ ਜਗਬੀਰ ਸਿੰਘ ਜੀ ਨੇ ਨਿਭਾਈ।
ਸੰਪਰਕ : ਗੁਰਦੀਸ਼ ਕੌਰ ਗਰੇਵਾਲ ਕੈਲਗਰੀ*
: +1 403 404 1450*