ਕੈਲਗਰੀ-ਕੈਨੇਡਾ ਅਤੇ ਵਿਸ਼ਵ ਭਰ ਦੀਆਂ ਖੇਡ ਗਤੀਵਿਧੀਆਂ ਨੂੰ ਪੇਸ਼ ਕਰਦਾ ਖੇਡਾਂ ਦਾ ਰਸਾਲਾ ‘ਖੇਡ ਪੰਜਾਬੀ’ ਦਾ ਪਹਿਲਾ ਅੰਕ ਅਲਬਰਟਾ ਸਿੱਖ ਖੇਡਾਂ ਨੂੰ ਸਮਰਪਿਤ ਹੋਵੇਗਾ।ਇਹ ਖੇਡਾਂ ਕੈਲਗਰੀ ਦੇ ਗੁਰੂ ਘਰ ਦਸਮੇਸ਼ ਕਲਚਰ ਸੈਂਟਰ ਵਲੋਂ 18 ਤੋਂ 20 ਅਪਰੈਲ ਤੱਕ ਕਰਵਾਈਆਂ ਜਾ ਰਹੀਆਂ ਹਨ।ਇਸ ਬਾਰੇ ਜਾਣਕਾਰੀ ਦਿੰਦਿਆਂ ਸੁਖਵੀਰ ਗਰੇਵਾਲ ਨੇ ਦੱਸਿਆ ਕਿ ਪੰਜਾਬੀ ਭਾਈਚਾਰੇ ਨੇ ਚੰਗੇ ਭਵਿੱਖ ਅਤੇ ਰੋਜ਼ਗਾਰ ਦੀ ਖਾਤਰ ਦੁਨੀਆਂ ਭਰ ਦੇ ਮੁਲਕਾਂ ਵਿੱਚ ਜਾ ਕੇ ਤਰੱਕੀਆਂ ਕੀਤੀਆਂ ਹਨ। ਇਸ ਦੇ ਨਾਲ਼ ਉਹਨਾਂ ਖੇਡ ਮੇਲੇ ਕਰਵਾਉਣ ਦੇ ਨਾਲ-ਨਾਲ ਖੇਡਾਂ ਵਿੱਚ ਵੀ ਮੱਲਾਂ ਮਾਰੀਆਂ ਹਨ। ਇਹਨਾਂ ਪ੍ਰਾਪਤੀਆਂ ਨੂੰ ਇੱਕ ਮੰਚ ਤੋਂ ਪੇਸ਼ ਕਰਨ ਦੇ ਉਦੇਸ਼ ਨਾਲ਼ ਖੇਡ ਪੰਜਾਬੀ ਮੈਗਜ਼ੀਨ ਦੀ ਸ਼ੁਰੂਆਤ ਕੀਤੀ ਗਈ ਹੈ।ਪਲੇਠੇ ਅੰਕ ਵਿੱਚ ਸਿੱਖ ਖੇਡ ਵਿਰਾਸਤ ਨੂੰ ਦਰਸਾਉਂਦੇ ਕਈ ਲੇਖਾਂ ਤੋਂ ਇਲਾਵਾ ਅਲਬਰਟਾ ਸੂਬੇ ਦੇ ਪੰਜਾਬੀ ਖੇਡ ਵਿਰਸੇ ਅਤੇ ਕੈਨੇਡਾ ਦੇ ਟੂਰਨਾਮੈਂਟਾਂ ਬਾਰੇ ਜ਼ਿਕਰ ਹੋਵੇਗਾ।