ਵਿਕਟੋਰੀਆ – ਪ੍ਰੀਮੀਅਰ ਡੇਵਿਡ ਈਬੀ ਨੇ ਵਿਸਾਖੀ ਦੇ ਦਿਹਾੜੇ ਤੇ ਬੀਸੀ ਤੇ ਕੈਨੇਡਾ ਵਿਚ ਵਸਦੇ ਸਿੱਖ ਭਾਈਚਾਰੇ ਨੂੰ ਵਧਾਈ ਦਿੱਤੀ ਹੈ। ਉਹਨਾਂ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ
ਵਿਸਾਖੀ, ਸਿੱਖਾਂ ਦੇ ਸਭ ਤੋਂ ਪਵਿੱਤਰ ਦਿਹਾੜਿਆਂ ਵਿੱਚੋਂ ਇੱਕ ਹੈ ਅਤੇ ਇਸ ਨੂੰ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਹਾੜ੍ਹੀ ਦੀਆਂ ਫਸਲਾਂ ਦੀ ਵਾਢੀ ਦਾ ਜਸ਼ਨ ਵੀ ਮਨਾਉਂਦੀ ਹੈ। ਇਸ ਮੌਕੇ ‘ਤੇ ਲੋਕ ਗੁਰਦੁਆਰਿਆਂ ਵਿੱਚ ਪਾਠ ਅਤੇ ਅਰਦਾਸਾਂ ਕਰਦੇ ਹਨ, ਅਤੇ ਭਾਈਚਾਰੇ ਵੱਲੋਂ ਆਯੋਜਿਤ ਕੀਤੇ ਗਏ ਨਗਰ ਕੀਰਤਨਾਂ ਅਤੇ ਹੋਰ ਇਕੱਠਾਂ ਵਿੱਚ ਸ਼ਾਮਲ ਹੋਣ ਦਾ ਅਨੰਦ ਲੈਂਦੇ ਹਨ।
“ਬੀ.ਸੀ. ਸਭ ਤੋਂ ਵੱਡੇ ਸਿੱਖ ਭਾਈਚਾਰਿਆਂ ਵਿੱਚੋਂ ਇੱਕ ਦਾ ਘਰ ਹੈ ਅਤੇ ਭਾਰਤ ਤੋਂ ਬਾਹਰ ਵਿਸਾਖੀ ਦੇ ਕੁਝ ਸਭ ਤੋਂ ਵੱਡੇ ਸਮਾਗਮ ਇੱਥੇ ਆਯੋਜਿਤ ਕੀਤੇ ਜਾਂਦੇ ਹਨ, ਜਿਵੇਂ ਕਿ ਵੈਨਕੂਵਰ ਵਿੱਚ ਬੀਤੇ ਵੀਕਐਂਡ ‘ਤੇ ਹੋਇਆ ਨਗਰ ਕੀਰਤਨ ਅਤੇ ਇਸ ਆਉਣ ਵਾਲੇ ਸ਼ਨੀਵਾਰ ਨੂੰ ਸਰ੍ਹੀ ਵਿੱਚ ਆਯੋਜਿਤ ਕੀਤਾ ਜਾਣ ਵਾਲਾ ਨਗਰ ਕੀਰਤਨ। ਇਹਨਾਂ ਜੀਵੰਤ ਸੱਭਿਆਚਾਰਕ ਜਸ਼ਨਾਂ ਵਿੱਚ ਸਾਰੇ ਧਰਮਾਂ ਅਤੇ ਪਿਛੋਕੜਾਂ ਦੇ ਲੋਕ ਸ਼ਮੂਲੀਅਤ ਕਰ ਸਕਦੇ ਹਨ, ਅਤੇ ਇਹ ਜਸ਼ਨ ਆਪਣੇ ਸੁਆਗਤ ਭਰੇ ਮਾਹੌਲ ਅਤੇ ਸੁਆਦੀ ਭੋਜਨ ਲਈ ਜਾਣੇ ਜਾਂਦੇ ਹਨ।
“ਖ਼ਾਲਸੇ ਦਾ ਉਦੇਸ਼ ਹੈ ਦੇਗ ਤੇਗ਼ ਫ਼ਤਿਹ ਜਾਂ ਹਰ ਕਿਸੇ ਲਈ ਭੋਜਨ, ਅਜ਼ਾਦੀ ਅਤੇ ਜਿੱਤ ਲਈ ਕੰਮ ਕਰਨਾ, ਚਾਹੇ ਉਹ ਕਿਸੇ ਵੀ ਧਰਮ ਜਾਂ ਪਿਛੋਕੜ ਦੇ ਹੋਣ। ਬੀ.ਸੀ. ਦਾ ਸਿੱਖ ਭਾਈਚਾਰਾ ਵਿਸਾਖੀ ਦੌਰਾਨ ਅਤੇ ਰੋਜ਼ਾਨਾ ਜੀਵਨ ਵਿੱਚ ਸੇਵਾ ਕਾਰਜਾਂ ਰਾਹੀਂ ਜਾਂ ਦੂਜਿਆਂ ਦੀ ਨਿਰਸਵਾਰਥ ਸਹਾਇਤਾ ਰਾਹੀਂ ਦੇਣ ਦੀ ਇਸ ਭਾਵਨਾ ਦੀ ਮਿਸਾਲ ਕਾਇਮ ਕਰਦਾ ਹੈ।
ਅਪ੍ਰੈਲ ਸਿੱਖ ਵਿਰਾਸਤੀ ਮਹੀਨਾ ਵੀ ਹੈ, ਅਤੇ ਇਹ ਸਿੱਖ ਧਰਮ ਬਾਰੇ ਹੋਰ ਜਾਣਨ ਅਤੇ ਸਾਡੇ ਸੂਬੇ ਲਈ ਸਿੱਖ ਭਾਈਚਾਰੇ ਵੱਲੋਂ ਪਾਏ ਜਾਂਦੇ ਬਹੁਤ ਸਾਰੇ ਯੋਗਦਾਨਾਂ ਬਾਰੇ ਵਿਚਾਰ ਕਰਨ ਦਾ ਸਭ ਤੋਂ ਵਧੀਆ ਮੌਕਾ ਹੈ।
“ਮੈਂ ਇਹ ਦਿਨ ਮਨਾ ਰਹੇ ਸਾਰੇ ਲੋਕਾਂ ਨੂੰ ਵਿਸਾਖੀ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।
“ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ!”
ਪ੍ਰੀਮੀਅਰ ਡੇਵਿਡ ਈਬੀ ਵਿਸਾਖੀ ਮੌਕੇ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਆਪਣੇ ਕੈਬਨਿਟ ਸਾਥੀਆਂ ਸਮੇਤ ਨਤਮਸਤਕ ਹੋਣ ਸਮੇਂ।