ਕੈਲਗਰੀ ( ਦਲਵੀਰ ਜੱਲੋਵਾਲੀਆ)-ਬੀਤੇ ਦਿਨ ਗੁਰਦੁਆਰਾ ਸਿੰਘ ਸਭਾ ਏਅਰਡਰੀ ਵਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਤੇ ਵਿਸਾਖੀ ਦਿਹਾੜੇ ਨੂੰ ਸਮਰਪਿਤ ਇਕ ਪ੍ਰੋਗਰਾਮ ਨਾਰਥਕੋਟ ਪਰੇਰੀ ਸਕੂਲ 275 ਹਿਲਕਰੈਸਟ ਡਰਾਈਵ ਸਾਊਥ ਵੈਸਟ ਏਅਰਡਰੀ ਵਿਖੇ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਬੱਚਿਆਂ ਅਤੇ ਰਾਗੀ ਜਥਿਆਂ ਵਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ। ਇਸ ਮੌਕੇ ਇਕੱਤਰ ਹੋਈ ਸੰਗਤ ਨੂੰ ਅਲਬਰਟਾ ਪ੍ਰੀਮੀਅਰ ਦੇ ਸਲਾਹਕਾਰ ਹਰਦਿਆਲ ਸਿੰਘ ਹੈਪੀ ਮਾਨ, ਕਿਰਨ ਰੰਧਾਵਾ ਤੇ ਐਮ ਪੀ ਰਿਚਰਡ ਬਲੇਕ ਵਲੋਂ ਸੰਬੋਧਨ ਕਰਦਿਆਂ ਵਿਸਾਖੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਗਈਆਂ। ਸਟੇਜ ਸੈਕਟਰੀ ਦੀ ਸੇਵਾ ਸੰਦੀਪ ਸਿੰਘ ਰੰਧਾਵਾ ਤੇ ਕਮੇਟੀ ਮੈਂਬਰ ਰਾਜਵੰਤ ਕੌਰ ਵਲੋਂ ਨਿਭਾਈ ਗਈ। ਇਸ ਮੌਕੇ ਐਮ ਐਲ ਏ ਗੁਰਿੰਦਰ ਸਿੰਘ ਬਰਾੜ, ਐਮ ਐਲ ਏ ਪਰਮੀਤ ਸਿੰਘ ਬੋਪਾਰਾਏ, ਮੇਅਰ ਪੀਟਰ ਬਰਾਉਨ, ਡਿਪਟੀ ਮੇਅਰ ਕਿਰਨ ਰੰਧਾਵਾ, ਜਤਿੰਦਰ ਸਿੰਘ ਤਾਤਲਾ, ਵਾਈਟਹੌਰਨ ਕਮਿਊਨਿਟੀ ਸੈਂਟਰ ਤੋਂ ਦਰਸ਼ਨ ਸਿੰਘ ਅਤੇ ਸਰੋਜ, ਸਿੱਖ ਮੋਟਰਸਾਈਕਲ ਰਾਈਡਰ ਕਲੱਬ ਤੇ ਗੁਰੂ ਨਾਨਕ ਫਰੀ ਕਿਚਨ ਵਲੋਂ ਸੰਦੀਪ ਸਿੰਘ ਸੰਧੂ ਦੀ ਟੀਮ ਦੇ ਮੈਂਬਰ ਹਾਜ਼ਰ ਸਨ। ਏਅਰਡਰੀ ਦੀ ਸੰਗਤ ਵਲੋਂ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਅਤੇ ਆਈਸ ਕਰੀਮ ਦੀ ਸੇਵਾ ਗੁਰੂ ਨਾਨਕ ਫੜੀ ਕਿਚਨ ਕੈਲਗਰੀ ਵਲੋਂ ਕੀਤੀ ਗਈ। ਇਸ ਮੌਕੇ ਬੱਚਿਆਂ ਤੇ ਨੌਜਵਾਨਾਂ ਲਈ ਦਸਤਾਰ ਸਜਾਉਣ ਦਾ ਕੈਂਪ ਵੀ ਲਗਾਇਆ ਗਿਆ ਜਿਥੇ ਵੱਡੀ ਗਿਣਤੀ ਵਿਚ ਬੱਚਿਆਂ ਤੇ ਨੌਜਵਾਨਾਂ ਨੇ ਦਸਤਾਰਾਂ ਸਜਾਈਆਂ ਤੇ ਗੁਰੂ ਦੀਆਂ ਖੁਸੀਆਂ ਪ੍ਰਾਪਤ ਕੀਤੀਆਂ। ਵਿਸਾਖੀ ਦਿਹਾੜੇ ਕਰਵਾਏ ਇਸ ਸਮਾਗਮ ਮੌਕੇ ਪੁੱਜੀਆਂ ਸੰਗਤਾਂ ਦਾ ਪ੍ਰਬੰਧਕਾਂ ਅਮਰਜੀਤ ਸਿੰਘ, ਸੁਖਵਿੰਦਰ ਸਿੰਘ ਅਤੇ ਰਮਨ ਕੌਰ ਵਲੋਂ ਧੰਨਵਾਦ ਕੀਤਾ ਗਿਆ।
ਗੁਰਦੁਆਰਾ ਸਿੰਘ ਸਭਾ ਏਅਰਡਰੀ ਵਲੋਂ ਵਿਸਾਖੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ
