ਪੋਲੀਵਰ ਨੇ ਕਾਰਨੀ ਨੂੰ ਟਰੂਡੋ ਦਾ ਦੂਸਰਾ ਰੂਪ ਦੱਸਿਆ- ਬਲਾਂਸ਼ੇ ਨੇ ਸਿਆਸੀ ਅਨਾੜੀ ਤੇ ਸਿੰਘ ਨੇ ਨਿੱਜੀ ਜਾਇਦਾਦਾਂ ਤੇ ਸਵਾਲ ਚੁੱਕੇ-
ਮਾਂਟਰੀਅਲ ( ਦੇ ਪ੍ਰ ਬਿ)- ਬੁੱਧਵਾਰ ਸ਼ਾਮ ਨੂੰ ਕੈਨਡਾ ਫੈਡਰਲ ਚੋਣਾਂ ਲੜ ਰਹੀਆਂ ਪ੍ਰਮੁੱਖ ਪਾਰਟੀਆਂ ਦੇ ਆਗੂਆਂ ਵਿਚਾਲੇ ਫਰੈਂਚ ਭਾਸ਼ਾ ਵਿਚ ਹੋਈ ਪਹਿਲੀ ਬਹਿਸ ਦੌਰਾਨ ਕੈਨੇਡੀਅਨ ਲੋਕਾਂ ਦੇ ਰਹਿਣ ਸਹਿਣ ਦੀਆ ਲਾਗਤਾਂ ਵਿਚ ਲਗਾਤਾਰ ਵਾਧਾ, ਊਰਜਾ ਅਤੇ ਜਲਵਾਯੂ, ਵਪਾਰ ਯੁੱਧ, ਕੈੇਨੇਡੀਅਨ ਪਛਾਣ, ਪ੍ਰਭੂਸੱਤਾ , ਵਿਦੇਸ਼ੀ ਮਾਮਲੇ ਅਤੇ ਇਮੀਗ੍ਰੇਸ਼ਨ ਆਦਿ ਮੁੱਦਿਆਂ ਤੋਂ ਇਲਾਵਾ ਇਸ ਸਵਾਲ ‘ਤੇ ਜ਼ੋਰ ਦਿੱਤਾ ਗਿਆ ਕਿ ਕੈਨੇਡਾ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਕਿਵੇਂ ਨਿਪਟਣਾ ਚਾਹੀਦਾ ਹੈ ਅਤੇ ਪਾਰਟੀ ਆਗੂ ਵਪਾਰਕ ਸੰਕਟ ਦੌਰਾਨ ਕਰਮਚਾਰੀਆਂ ਅਤੇ ਆਰਥਿਕਤਾ ਦੀ ਰਾਖੀ ਕਿਵੇਂ ਕਰਨਗੇ।
ਬਹਿਸ ਦੇ ਸੰਚਾਲਕ ਪੈਟਰਿਸ ਰਾਏ, ਜੋ ਕਿ ਇੱਕ ਪੱਤਰਕਾਰ ਅਤੇ ਰੇਡੀਓ-ਕੈਨੇਡਾ ਦੇ ਨਿਊਜ਼ ਐਂਕਰ ਹਨ ਨੇ ਇਸ ਮੁੱਦੇ ਨੂੰ “ਕਮਰੇ ਵਿੱਚ ਹਾਥੀ” ਨਾਲ ਤੁਲਨਾ ਦਿੰਦਿਆਂ ਅਤੇ ਹਰ ਨੇਤਾ ਨੂੰ ਪੁੱਛਿਆ ਕਿ ਉਹ ਰਾਸ਼ਟਰਪਤੀ ਟਰੰਪ ਨਾਲ ਗੱਲਬਾਤ ਕਰਨ ਲਈ ਸਭ ਤੋਂ ਉਚਿਤ ਵਿਅਕਤੀ ਕਿਉਂ ਹਨ। ਕੰਸਰਵੇਟਿਵ ਆਗੂ ਪੀਅਰ ਪੋਲੀਵਰ ਅਤੇ ਲਿਬਰਲ ਆਗੂ ਮਾਰਕ ਕਾਰਨੀ ਦੋਵਾਂ ਨੇ ਟਰੰਪ ਨਾਲ ਸੰਬੰਧ ਬਣਾਈ ਰੱਖਣ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ‘ਤੇ ਧਿਆਨ ਕੇਂਦਰਤ ਕਰਨ ਦਾ ਜ਼ੋਰ ਦਿੱਤਾ।
ਕੰਸਰਵੇਟਿਵ ਆਗੂ ਨੇ ਅਮਰੀਕੀ ਰਾਸ਼ਟਰਪਤੀ ਨਾਲ ਨਿਪਟਣ ਦੇ ਨਾਲ ਕੈਨੇਡੀਅਨਾਂ ਦੇ ਰਹਿਣ-ਸਹਿਣ ਦੀਆਂ ਚਿੰਤਾਵਾਂ, ਅਪਰਾਧ ਵਿਚ ਵਾਧਾ ਅਤੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਧੀਨ ਲਿਬਰਲ ਸਰਕਾਰ ਦੀਆਂ ਗਲਤ ਨੀਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੈਨੇਡੀਅਨ ਕਿਸੇ ਵੀ ਹਾਲਤ ਵਿਚ ਮਿਸਟਰ ਕਾਰਨੀ ਦੀ ਪਾਰਟੀ ਨੂੰ ਚੌਥੀ ਵਾਰ ਸਹਿਣ ਨਹੀ ਕਰ ਸਕਦੇ। ਬਹਿਸ ਦੌਰਾਨ ਕਈ ਮੌਕਿਆਂ ਤੇ ਮਿਸਟਰ ਕਾਰਨੀ ਆਪਣੀ ਯੋਜਨਾ ਦਾ ਕੋਈ ਠੋਸ ਖੁਲਾਸਾ ਨਾ ਕਰ ਸਕੇ ਤੇ ਫਰੈਂਚ ਭਾਸ਼ਾ ਤੇ ਵਧੇਰੇ ਪਕੜ ਨਾ ਹੋਣ ਕਾਰਣ ਬਚਦੇ ਨਜ਼ਰ ਆਏ।
ਐਨ ਡੀ ਪੀ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਉਹ ਬੇਰੁਜ਼ਗਾਰ ਮਜ਼ਦੂਰਾਂ ਦੀ ਸਹਾਇਤਾ ‘ਤੇ ਧਿਆਨ ਦੇਣਗੇ, ਜਦਕਿ ਬਲਾਕ ਕਿਉਬੈਕ ਦੇ ਆਗੂ ਬਲਾਂਸ਼ੇ ਨੇ ਮਾਰਕ ਕਾਰਨੀ ਦੇ ਰਾਜਨੀਤਕ ਤਜਰਬੇ ਦੀ ਘਾਟ ਲਈ ਆਲੋਚਨਾ ਕੀਤੀ। ਵਪਾਰ ਅਤੇ ਆਰਥਿਕਤਾ ਬਾਰੇ ਪੁੱਛੇ ਗਏ ਸਵਾਲਾਂ ਦੌਰਾਨ ਬਹਿਸ ਸ਼ਾਂਤ ਰਹੀ ਜਿਸ ਵਿੱਚ ਆਗੂਆਂ ਨੇ ਆਪਣੇ ਮੁੱਖ ਚੁਣਾਵੀ ਵਾਅਦੇ ਪੇਸ਼ ਕੀਤੇ। ਉਸ ਸਮੇਂ ਹਲਕਾ ਹਾਸਾ ਠੱਠਾ ਹੋਇਆ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਮਿਸਟਰ ਟਰੰਪ ਦੇ ਟੈਰਿਫ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹੜੀਆਂ ਅਮਰੀਕੀ ਚੀਜ਼ਾਂ ਦਾ ਬਾਈਕਾਟ ਕੀਤਾ ਹੈ । ਮਿਸਟਰ ਬਲਾਂਸ਼ੇ ਅਤੇ ਮਿਸਟਰ ਸਿੰਘ ਨੇ ਸਟਰਾਬੈਰੀਆਂ ਅਤੇ ਹੋਰ ਫਲਾਂ ਦਾ ਨਾਮ ਲਿਆ, ਜਦਕਿ ਮਿਸਟਰ ਕਾਰਨੀ ਨੇ ਵਾਈਨ ਅਤੇ ਹੋਰ ਅਮਰੀਕੀ ਸ਼ਰਾਬਾਂ ਬਾਰੇ ਦੱਸਿਆ। ਮਿਸਟਰ ਪੋਲੀਵਰ ਨੇ ਕਿਹਾ ਕਿ ਉਹ ਸਿਰਫ਼ ਕੈਨੇਡੀਅਨ ਬੀਫ ਖਰੀਦਣ ਨੂੰ ਤਰਜੀਹ ਦਿੰਦੇ ਹਨ। ਜਦਕਿ ਸਾਰੇ ਆਗੂ ਇਹ ਗੱਲ ਮੰਨਦੇ ਰਹੇ ਕਿ ਮਿਸਟਰ ਟਰੰਪ ਨੂੰ ਨਿਯੰਤਰਿਤ ਨਹੀਂ ਕੀਤਾ ਜਾ ਸਕਦਾ ਪਰ ਮਿਸਟਰ ਕਾਰਨੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਟਰੰਪ ਨਾਲ ਕੰਮ ਕਰਨ ਦਾ ਲੋੜੀਦਾ ਤਜਰਬਾ ਹੈ। ਮਿਸਟਰ ਬਲਾਂਸ਼ੇ ਨੇ ਕਿਹਾ ਕਿ ਟਰੰਪ ਦੀਆਂ ਨੀਤੀਆਂ ਅਮਰੀਕੀ ਅਰਥਚਾਰੇ ਲਈ ਜ਼ਹਿਰ ਸਾਬਤ ਹੋ ਸਕਦੀਆਂ ਹਨ। “ਸਾਨੂੰ ਹਰ ਗੱਲ ਤਰਕਸੰਗਤ ਤਰੀਕੇ ਨਾਲ ਕਰਨੀ ਚਾਹੀਦੀ ਹੈ।
ਮਿਸਟਰ ਪੋਲੀਵਰ ਨੇ ਕਿਹਾ ਕਿ ਟਰੰਪ ਨੂੰ ਜਵਾਬ ਦੇਣ ਵਿੱਚ ਕੈਨੇਡਾ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਕੁਦਰਤੀ ਸਰੋਤਾਂ ਦੇ ਵਪਾਰ ਵਿਚ ਵਾਧਾ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਟਰੰਪ ਦੇ ਫੈਸਲੇ ਨਿਯੰਤਰਿਤ ਨਹੀਂ ਕੀਤੇ ਜਾ ਸਕਦੇ, ਪਰ ਅਸੀਂ ਉਹ ਆਰਥਿਕ ਨੀਤੀਆਂ ਬਦਲ ਸਕਦੇ ਹਾਂ ਜੋ ਲਿਬਰਲਾਂ ਨੇ ਲਾਗੂ ਕੀਤੀਆਂ ਅਤੇ ਜੋ ਸਾਡੀ ਆਰਥਿਕਤਾ ਨੂੰ ਕਮਜ਼ੋਰ ਕਰ ਰਹੀਆਂ ਹਨ। ਹਾਲਾਂਕਿ ਟਰੰਪ ਨਾਲ ਨਿਪਟਣਾ ਇੱਕ ਵੱਡਾ ਚੁਣਾਵੀ ਮੁੱਦਾ ਹੈ, ਪਰ ਕੈਨੇਡੀਅਨਾਂ ਲਈ ਰੋਜ਼ਾਨਾ ਦੀ ਜੀਵਨ ਲਾਗਤ ਅਤੇ ਇਹ ਗੱਲ ਕਿ ਉਹਨਾਂ ਦੀ ਸਹਾਇਤਾ ਕੌਣ ਕਰੇਗਾ — ਇਹ ਵੀ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ।
ਇਸ ਮੁੱਦੇ ‘ਤੇ ਚਰਚਾ ਦੌਰਾਨ, ਮਿਸਟਰ ਕਾਰਨੀ ਨੂੰ ਸਾਰੇ ਆਗੂਆਂ ਵਲੋਂ ਨਿਸ਼ਾਨਾ ਬਣਾਇਆ ਗਿਆ। ਮਿਸਟਰ ਪੋਲੀਵਰ, ਬਲਾਂਸ਼ੇ ਅਤੇ ਸਿੰਘ ਨੇ ਆਪਣੇ-ਆਪਣੇ ਢੰਗ ਨਾਲ ਇਹ ਦਲੀਲ ਦਿੱਤੀ ਕਿ ਮੌਜੂਦਾ ਆਰਥਿਕ ਸੰਕਟ ਲਈ ਲਿਬਰਲ ਸਰਕਾਰ ਅਤੇ ਉਹਨਾਂ ਦੇ ਸਲਾਹਕਾਰ ਰਹੇ ਮਿਸਟਰ ਕਾਰਨੀ ਜ਼ਿੰਮੇਵਾਰ ਹਨ। ਮਿਸਟਰ ਬਲਾਂਸ਼ੇ ਨੇ ਕਿਹਾ ਕਿ ਕਾਰਨੀ ਦੀ ਅਗਵਾਈ ਹੇਠ ਲਿਬਰਲ ਸਰਕਾਰ ਵਿੱਚ ਉਹੀ ਮੰਤਰੀ, ਉਹੀ ਸੰਸਦ ਮੈਂਬਰ ਅਤੇ ਕਿਊਬੈਕ ਨਾਲ ਉਹੀ ਪੁਰਾਣਾ ਵੈਰ ਜਾਰੀ ਰਹੇਗਾ । ਪੋਲੀਵਰ ਨੇ ਕਾਰਨੂੀ ਨੂੰ ਦੂਸਰਾ ਮਿਸਟਰ ਜਸਟਿਨ ਕਿਹਾ।
ਬਹਿਸ ਦੌਰਾਨ ਕੰਸਰਵੇਟਿਵ ਅਤੇ ਐਨਡੀਪੀ ਨੇ ਮਿਸਟਰ ਕਾਰਨੀ ਦੁਆਰਾ ਆਪਣੀਆਂ ਨਿੱਜੀ ਜਾਇਦਾਦਾਂ ਦੇ ਪ੍ਰਬੰਧਨ ਅਤੇ ਹਿੱਤਾਂ ਦੇ ਸੰਭਾਵੀ ਟਕਰਾਅ ਦੀ ਵੀ ਆਲੋਚਨਾ ਵੀ ਕੀਤੀ।
ਮਿਸਟਰ ਪੋਲੀਵਰ ਨੇ ਮਿਸਟਰ ਕਾਰਨੀ ਵਲੋਂ ਆਪਣੀ ਜਾਇਦਾਦ ਦਾ ਜਨਤਕ ਤੌਰ ‘ਤੇ ਐਲਾਨ ਨਾ ਕਰਨ ਦੇ ਫੈਸਲੇ ਦੀ ਆਲੋਚਨਾ ਕੀਤੀ ਹੈ।
ਮਿਸਟਰ ਕਾਰਨੀ ਨੇ ਆਪਣੀਆਂ ਸੰਪਤੀਆਂ ਨੂੰ ਇੱਕ ਬਲਾਈਂਡ ਟਰੱਸਟ ਵਿੱਚ ਰੱਖਿਆ ਹੈ – ਮਤਲਬ ਕਿ ਉਸ ਕੋਲ ਹੁਣ ਇਸ ਗੱਲ ਦੀ ਨਿਗਰਾਨੀ ਨਹੀਂ ਹੈ ਕਿ ਉਸਦੇ ਪੈਸੇ ਦਾ ਪ੍ਰਬੰਧ ਕਿਵੇਂ ਕੀਤਾ ਜਾਂਦਾ ਹੈ – ਪਰ ਉਸਨੇ ਇਹ ਦੱਸਣ ਤੋਂ ਲਗਾਤਾਰ ਇਨਕਾਰ ਕੀਤਾ ਹੈ ਕਿ ਬਲਾਈਂਡ ਟਰੱਸਟ ਵਿੱਚ ਕਿਹੜੀਆਂ ਸੰਪਤੀਆਂ ਹਨ। ਮਿਸਟਰ ਸਿੰਘ ਨੇ ਮਿਸਟਰ ਕਾਰਨੀ ਦੀ ਬਰੁੱਕਫੀਲਡ ਇਨਵੈਸਟਮੈਂਟ ਕੰਪਨੀ ਅਤੇ ਹੋਰ ਨਿੱਜੀ ਜਾਇਦਾਦਾਂ ਤੇ ਸਵਾਲ ਚੁੱਕੇ।
ਫੈਡਰਲ ਚੋਣ ਮੁਹਿੰਮ 23 ਮਾਰਚ ਨੂੰ ਸ਼ੁਰੂ ਹੋਈ ਸੀ ਅਤੇ ਵੋਟਾਂ 28 ਅਪ੍ਰੈਲ ਦਿਨ ਸੋਮਵਾਰ ਨੂੰ ਪੈਣੀਆਂ ਹਨ । ਅਡਵਾਂਸ ਵੋਟਿੰਗ ਸ਼ੁੱਕਰਵਾਰ ਤੋਂ ਚਾਰ ਦਿਨਾਂ ਲਈ ਹੋਏਗੀ।