ਸਰੀ, 17 ਅਪ੍ਰੈਲ (ਹਰਦਮ ਮਾਨ)-ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵੱਲੋਂ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ। ਵਿਸਾਖੀ ਤਿਓਹਾਰ ਅਤੇ ਖਾਲਸਾ ਸਾਜਨਾ ਦਿਵਸ ‘ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਉਪਰੰਤ ਖਾਸ ਦੀਵਾਨ ਸਜਾਏ ਗਏ। ਹੈੱਡ ਗ੍ਰੰਥੀ ਗਿਆਨੀ ਸਤਵਿੰਦਰਪਾਲ ਸਿੰਘ ਨੇ ਖਾਲਸਾ ਸਾਜਨਾ ਦਿਨ ਦੇ ਇਤਿਹਾਸਕ ਪੱਖ ਤੋਂ ਸਾਰੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ। ਫੈਡਰਲ ਚੋਣ ਲੜ ਰਹੇ ਗੁਰਬਖਸ਼ ਸੈਣੀ (ਹਲਕਾ- ਫਲੀਟਵੁੱਡ-ਪੋਰਟ ਕੈੱਲਜ਼), ਰਣਦੀਪ ਸਰਾਏ (ਹਲਕਾ- ਸਰੀ ਸੈਂਟਰ), ਅਰਨੀ ਕਲੈਸਨ (ਹਲਕਾ- ਸਊਥ ਸਰੀ – ਵਾਈਟ ਰੌਕ) ਉਚੇਚੇ ਤੌਰ ‘ਤੇ ਪਹੁੰਚ ਕੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ। ਸਰੀ ਕੌਂਸਲਰ ਲਿੰਡਾ ਅੇਨਿਸ ਨੇ ਵੀ ਇਸ ਦਿਨ ‘ਤੇ ਹਾਜਰ ਸੰਗਤਾਂ ਨੂੰ ਵਧਾਈ ਦਿੱਤੀ।
ਇਸ ਤੋਂ ਕੁਝ ਦਿਨ ਪਹਿਲਾਂ ਨਿਸ਼ਾਨ ਸਾਹਿਬ ਦੇ ਚੋਲਾ ਬਦਲਣ ਦੀ ਸੇਵਾ ਮੀਂਹ ਦੀ ਬੂੰਦਾਬਾਂਦੀ ਵਿਚ ਸੇਵਾਦਾਰਾਂ ਨੇ ਬੜੇ ਹੀ ਉਤਸ਼ਾਹ ਨਾਲ ਨਿਭਾਈ। ਕੀਰਤਨੀਏ ਭਾਈ ਭੁਪਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤੇ ਭਾਈ ਬਲਵਿੰਦਰ ਸਿੰਘ ਦਿੱਲੀ ਵਾਲਿਆਂ ਨੇ ਸੰਗਤਾਂ ਨੂੰ ਦੋਵੇਂ ਸਮਾਗਮਾਂ ਤੇ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ।