-ਸੁਖਵਿੰਦਰ ਸਿੰਘ ਚੋਹਲਾ-
ਵੀਰਵਾਰ ਦੀ ਸ਼ਾਮ ਨੂੰ ਕੈਨੇਡਾ ਫੈਡਰਲ ਚੋਣਾਂ ਲੜ ਰਹੀਆਂ ਪ੍ਰਮੁੱਖ ਪਾਰਟੀਆਂ- ਲਿਬਰਲ, ਕੰਸਰਵੇਟਿਵ, ਐਨ ਡੀ ਪੀ ਤੇ ਬਲਾਕ ਕਿਊਬੈਕਾ ਦੇ ਆਗੂਆਂ ਵਿਚਾਲੇ ਅੰਗਰੇਜੀ ਭਾਸ਼ਾ ਵਿਚ ਬਹਿਸ ਹੋਈ। ਇਸਤੋਂ ਇਕ ਦਿਨਾਂ ਪਹਿਲਾਂ ਇਹਨਾਂ ਨੇਤਾਵਾਂ ਵਿਚਾਲੇ ਫਰੈਂਚ ਭਾਸ਼ਾ ਵਿਚ ਬਹਿਸ ਹੋਈ। ਇਹਨਾਂ ਦੋਵਾਂ ਬਹਿਸਾਂ ਨੂੰ ਸੁਣਨ ਤੇ ਵੇਖਣ ਉਪਰੰਤ ਸਿਆਸੀ ਮਾਹਿਰ ਅਤੇ ਵੋਟਰ ਆਪੋ ਆਪਣੇ ਪੱਧਰ ਤੇ ਇਹ ਨਤੀਜੇ ਕੱਢਣ ਦੀ ਕੋਸ਼ਿਸ਼ ਵਿਚ ਹਨ, ਇਹਨਾਂ ਦੋਵਾਂ ਬਹਿਸਾਂ ਵਿਚ ਕਿਹੜਾ ਆਗੂ ਕਿੰਨੇ ਪਾਣੀ ਵਿਚ ਰਿਹਾ ਤੇ ਕਿਹੜਾ ਆਗੂ ਪਾਰਟੀ ਨੀਤੀਆਂ ਅਤੇ ਆਪਣੀ ਪ੍ਰਤਿਭਾ ਦੇ ਮੁੱਦੇ ਤੇ ਲੋਕਾਂ ਨੂੰ ਵਧੇਰੇ ਪ੍ਰਭਾਵਿਤ ਕਰ ਸਕਿਆ। ਸਪੱਸ਼ਟ ਸ਼ਬਦਾਂ ਵਿਚ ਸਵਾਲ ਹੈ ਕਿ ਇਹਨਾਂ ਬਹਿਸਾਂ ਵਿਚ ਕਿਹੜਾ ਆਗੂ ਜੇਤੂ ਰਿਹਾ।
ਦੋਵਾਂ ਬਹਿਸਾਂ ਵਿਚ ਪਾਰਟੀ ਨੇਤਾਵਾਂ ਦੇ ਵਿਚਾਰਾਂ ਅਤੇ ਪਾਰਟੀ ਸਟੈਂਡ ਜਾਂ ਵਾਅਦਿਆਂ ਦਾਅਵਿਆਂ ਨੂੰ ਲੈਕੇ ਲੋਕਾਂ ਦੀ ਰਾਇ ਕੋਈ ਵੀ ਹੋ ਸਕਦੀ ਹੈ ਪਰ ਸਿਆਸੀ ਮਾਹਿਰਾਂ ਦਾ ਪ੍ਰਤੀਕਰਮ ਕੁਝ ਵਧੇਰੇ ਮਹੱਤਵਪੂਰਣ ਹੈ। ਕਿਉਂਕਿ ਸਿਆਸੀ ਮਾਹਿਰਾਂ ਦੀਆਂ ਟਿਪਣੀਆਂ ਉਪਰੰਤ ਹੀ ਲੋਕ ਰਾਇ ਜਾਂ ਕਿਸੇ ਵੋਟਰ ਨੇ ਆਪਣੀ ਰਾਇ ਨੂੰ ਠੁੰਮਣਾ ਦੇਣਾ ਹੁੰਦਾ ਹੈ।
ਅੰਗੇਰਜੀ ਮੀਡੀਆ ਵਿਚ ਉਘੇ ਸਿਆਸੀ ਵਿਸ਼ਲੇਸ਼ਕਾਂ ਬ੍ਰਿਗਿਟ ਪੈਲਰਿਨ, ਮੁਹੰਮਦ ਐਡਮ, ਰੈਂਡਲ ਡੈਨਲੀ, ਕ੍ਰਿਸਟੀਨਾ ਸਪੈਂਸਰ ਨੇ ਇਹਨਾਂ ਬਹਿਸਾਂ ਉਪਰੰਤ ਆਪਣੇ ਜੋ ਵਿਚਾਰ ਦਿੱਤੇ ਹਨ, ਉਹਨਾਂ ਉਪਰ ਸੰਖੇਪ ਝਾਤ ਇਸ ਪ੍ਰਕਾਰ ਹੈ-
ਮੁਹੰਮਦ ਐਡਮ (ਕਾਲਮਨਵੀਸ ) : -ਇਸ ਬਹਿਸ ਵਿਚ ਕੌਣ ਜਿੱਤਿਆ, ਕੁਝ ਨਹੀ ਕਿਹਾ ਜਾ ਸਕਦਾ ਪਰ ਇਹ ਜਰੂਰ ਹੈ ਕਿ ਇਸ ਦੌਰਾਨ ਕੰਸਰਵੇਟਿਵ ਆਗੂ ਪੀਅਰ ਪੋਲੀਵਰ ਆਪਣੇ ਸੁਨੇਹੇ ਵਿਚ ਪਿਛਲੇ ਇਕ ਦਹਾਕੇ ਤੋਂ ਲਿਬਰਲ ਸਰਕਾਰ ਦੇ ਕੁਸ਼ਾਸ਼ਨ ਬਾਰੇ ਦੱਸਣ ਵਿਚ ਕਾਮਯਾਬ ਰਿਹਾ। ਬਹਿਸ ਦੇ ਸ਼ੁਰੂ ਵਿਚ ਹੀ ਉਸਨੇ ਲਿਬਰਲ ਰਿਕਾਰਡ ‘ਤੇ ਹੱਲਾ ਬੋਲਿਆ। ਉਸਨੇ ਉਸ ਲਿਬਰਲ ਆਗੂ ਨੂੰ ਜਵਾਬਦੇਹੀ ਲਈ ਮਜ਼ਬੂਰ ਕੀਤਾ ਜੋ ਉਸਦੀ ਲੋਕਪ੍ਰਿਯਤਾ ਦਾ ਗਲਾ ਘੁਟਦਾ ਆ ਰਿਹਾ ਹੈ। ਪੋਲੀਵਰ ਨੇ ਕੈਨੇਡੀਅਨ ਰਹਿਣ ਸਹਿਣ ਲਈ ਲਾਗਤਾਂ ਵਿਚ ਵਾਧੇ , ਬਚਤਾਂ ਵਿਚ ਕਮੀ , ਰਿਹਾਇਸ਼, ਇਮੀਗ੍ਰੇਸ਼ਨ ਅਤੇ ਅਪਰਾਧ ਦਰ ਵਿਚ ਵਾਧੇ ਬਾਰੇ ਆਪਣੇ ਮੁੱਖ ਸੰਦੇਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾਇਆ।
ਫ੍ਰੈਂਚ-ਭਾਸ਼ਾ ਦੀ ਬਹਿਸ ਦੇ ਦੌਰਾਨ, ਲਿਬਰਲ ਆਗੂ ਕਾਰਨੀ ਵਿਰੋਧੀ ਆਗੂਆਂ ਦੇ ਹਮਲੇ ਵਿਚ ਘਿਰਿਆ ਰਿਹਾ। ਪਹਿਲੀ ਬਹਿਸ ਵਿਚ ਉਹ ਕੁਝ ਨੁਕਸਾਨ ਵਿੱਚ ਰਿਹਾ ਪਰ ਦੂਸਰੀ ਬਹਿਸ ਦੌਰਾਨ ਵਿਰੋਧੀ ਉਸ ਉਪਰ ਹਮਲੇ ਕਰਦੇ ਰਹੇ ਪਰ ਉਸਨੇ ਆਪਣੀ ਗੱਲ ਰੱਖੀ ਜੋ ਪਹਿਲੀ ਬਹਿਸ ਨਾਲੋਂ ਵਧੀਆ ਸੀ।
ਬਹੁਗਿਣਤੀ ਕੈਨੇਡੀਅਨਾਂ ਦਾ ਸਵਾਲ ਇਹ ਹੈ ਕਿ ਟਰੰਪ ਦੀਆਂ ਧਮਕੀਆਂ ਅਤੇ ਉਚ ਟੈਰਿਫਾਂ ਦੇ ਮੁਸ਼ਕਲ ਭਰੇ ਸਮੇਂ ਦੌਰਾਨ ਦੇਸ਼ ਦੀ ਅਗਵਾਈ ਕਰਨ ਲਈ ਸਭ ਤੋਂ ਵੱਧ ਯੋਗ ਕੌਣ ਹੈ। ਇਸ ਮੁੱਦੇ ਤੇ ਲਿਬਰਲ ਆਗੂ ਕਾਰਨੀ ਨੇ ਖੁਦ ਨੂੰ ਕੇਂਦਰ ਵਿਚ ਲਿਆਉਣ ਦਾ ਯਤਨ ਕੀਤਾ। ਪਰ ਉਸਨੇ ਮਿਸਟਰ ਸਿੰਘ ਵਲੋਂ ਅਮੀਰਾਂ ਦੇ ਹੱਕ ਵਿਚ ਕੰਮ ਕਰਨ ਅਤੇ ਹੋਰ ਸਵਾਲਾਂ ਤੋਂ ਆਪਣੇ ਆਪ ਨੂੰ ਭਟਕਾਉਣ ਦੀ ਇਜਾਜ਼ਤ ਦੇ ਕੇ ਆਪਣੇ ਭੋਲੇਪਣ ਦਾ ਪ੍ਰਗਟਾਵਾ ਕੀਤਾ। ਇਸਦੇ ਉਲਟ, ਪੋਲੀਵਰ ਨੇ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ, ਉਹ ਆਪਣੇ ਵਲੋਂ ਉਠਾਏ ਮੁੱਦਿਆਂ ਤੇ ਟਿਕੇ ਰਹੇ। ਕਾਰਨੀ ਨੇ ਆਰਥਿਕ ਉਥਲ-ਪੁਥਲ ਦੀ ਸਥਿਤੀ ਵਿਚ ਕੈਨੇਡਾ-ਅਮਰੀਕਾ ਸਬੰਧਾਂ ਦੀ ਚਰਚਾ ਨੂੰ ਅੱਗੇ ਵਧਾਇਆ ਤੇ ਇਹ ਉਹ ਸੀ ਜੋ ਉਸਨੂੰ ਕਰਨਾ ਚਾਹੀਦਾ ਸੀ।
ਰੈਂਡਲ ਡੈਨਲੀ (ਕਾਲਮਨਵੀਸ ):– ਇਹ ਅਸਲ ਵਿੱਚ ਦੋ-ਆਗੂਆਂ ਵਿਚਾਲੇ ਬਹਿਸ ਸੀ। ਬਲਾਕ ਕਿਊਬੈਕਵਾ ਨੇਤਾ ਫਰਾਂਸਵਾ ਬਲਾਸ਼ੇ ਪ੍ਰਧਾਨ ਮੰਤਰੀ ਬਣਨ ਦਾ ਦਾਅਵੇਦਾਰ ਨਹੀਂ ਹੈ। ਉਹ ਸਿਰਫ ਕਿਊਬੈਕ ਦੇ ਹੱਕਾਂ ਦੀ ਗੱਲ ਕਰਨ ਵਾਲਾ ਵਕੀਲ ਹੈ। ਐਨ ਡੀ ਪੀ ਨੇਤਾ ਜਗਮੀਤ ਸਿੰਘ ਆਪਣੇ ਆਖਰੀ ਸਫਰ ਦੇ ਟੂਰ ‘ਤੇ ਹਨ, ਹਾਲਾਂਕਿ ਉਸਨੇ ਵੀਰਵਾਰ ਰਾਤ ਨੂੰ ਬਹਿਸ ਵਿਚ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ। ਲਿਬਰਲ ਆਗੂ ਮਾਰਕ ਕਾਰਨੀ ਆਪਣੇ ਸੁਭਾਅ ਕਾਰਣ ਸ਼ਾਂਤ ਸੀ। ਸਵਾਲ ਹੈ ਕਿ ਕੀ ਇਸ ਬੰਦੇ ਕੋਲ ਕੰਮ ਕਰਨ ਲਈ ਕੋਈ ਜਨੂੰਨ ਹੈ? ਮਿਸਟਰ ਕਾਰਨੀ ਕੈਨੇਡੀਅਨ ਲੋਕਾਂ ਦੀ ਪਸੰਦ ਜਾਂ ਨਾਪਸੰਦੀ ਨੂੰ ਸਮਝਣ ਪ੍ਰਤੀ ਕਾਫੀ ਨਰਮ ਹੈ। ਬਹਿਸ ਦੌਰਾਨ ਕੰਸਰਵੇਟਿਵ ਨੇਤਾ ਪੀਅਰ ਪੋਲੀਵਰ ਲਿਬਰਲ ਰਿਕਾਰਡ ਦੀ ਪ੍ਰਭਾਵਸ਼ਾਲੀ ਢੰਗ ਨਾਲ ਆਲੋਚਨਾ ਕਰਨ ਵਿਚ ਸਫਲ ਰਿਹਾ। ਨਾਲ ਹੀ ਇਹ ਸਪੱਸ਼ਟ ਹੈ ਕਿ ਉਹ ਕੀ ਕਰੇਗਾ ਤੇ ਕੀ ਕਰਨਾ ਚਾਹੁੰਦਾ ਹੈ। ਕਾਰਨੀ ਵਿਚ ਇਸ ਪੱਖੋਂ ਜਨੂੰਨ ਦੀ ਘਾਟ ਦਿਸੀ।
ਕ੍ਰਿਸਟੀਨਾ ਸਪੈਂਸਰ (ਸੰਪਾਦਕ):- ਇਸ ਬਹਿਸ ਵਿਚ ਲਿਬਰਲ ਨੇਤਾ ਮਾਰਕ ਕਾਰਨੀ ਨੇ ਜਿੱਤ ਪ੍ਰਾਪਤ ਕੀਤੀ, ਇਸ ਲਈ ਨਹੀਂ ਕਿ ਉਹ ਸਭ ਤੋਂ ਮਜ਼ਬੂਤ ਬਹਿਸ ਕਰਨ ਵਾਲਾ ਸੀ, ਬਲਕਿ ਇਸ ਲਈ ਕਿਉਂਕਿ ਉਸਨੇ ਵਧੇਰੇ ਤਜਰਬੇਕਾਰ ਜਨਤਕ ਬਹਿਸ ਕਰਨ ਵਾਲੇ ਸਿਆਸੀ ਆਗੂਆਂ ਸਾਹਮਣੇ ਆਪਣਾ ਪੱਖ ਰੱਖਿਆ। ਆਪਣੇ ਵਿਰੋਧੀਆਂ ਦੇ ਲਗਾਤਾਰ ਹਮਲਿਆਂ ਦੇ ਬਾਵਜੂਦ ਉਹ ਘਭਰਾਇਆ ਨਹੀਂ,ਬਲਿਕ ਵਿਚਾਰਵਾਨ ਦਿਖਾਈ ਦਿੱਤਾ। ਬਹੁਗਿਣਤੀ ਕੈਨੇਡੀਅਨਾਂ ਨੇ ਉਸਨੂੰ ਬਹੁਤ ਜ਼ਿਆਦਾ ਨਹੀਂ ਦੇਖਿਆ ਹੈ, ਅਤੇ ਮੈਂ ਅੰਦਾਜ਼ਾ ਲਗਾ ਰਹੀ ਹਾਂ ਕਿ ਉਹਨਾਂ ਨੇ ਇਸ ਬਹਿਸ ਵਿੱਚ ਜੋ ਕੁਝ ਦੇਖਿਆ ਹੈ, ਉਸ ਨਾਲ ਉਹਨਾਂ ਨੇ ਠੀਕ ਮਹਿਸੂਸ ਕੀਤਾ ਹੋਵੇਗਾ।
ਮੁਹੰਮਦ ਐਡਮ: ਕਹਿਣਾ ਔਖਾ ਹੈ ਕਿ ਇਸ ਬਹਿਸ ਦੌਰਾਨ ਪੋਲੀਵਰ ਦੀ ਕਾਰਗੁਜਾਰੀ ਜ਼ਬਰਦਸਤ ਸੀ ਪਰ ਸੱਚ ਇਹ ਹੈ ਕਿ ਉਸ ਨੂੰ ਚੋਣ ਮੁਹਿੰਮ ਵਿਚ ਸਭ ਤੋਂ ਮੋਹਰੀ ਚੱਲ ਰਹੇ ਕਾਰਨੀ ਨੂੰ ਹੇਠਾਂ ਲਿਆਉਣ ਲਈ ਨਾਕਆਊਟ ਪੰਚ ਦੀ ਲੋੜ ਸੀ। ਉਸਦੇ ਸਮਰਥਕ ਉਮੀਦ ਕਰਦੇ ਸਨ ਕਿ ਉਹ ਕਾਰਨੀ ਨੂੰ ਅਯੋਗ ਸਾਬਿਤ ਕਰ ਦੇਵੇਗਾ। ਪਰ ਅਜਿਹਾ ਨਹੀਂ ਹੋਇਆ। ਉਸਨੇ ਕਾਰਨੀ ਨੂੰ ਪਟਕਣ ਦਾ ਯਤਨ ਕੀਤਾ ਪਰ ਉਹ ਬਚ ਨਿਕਲਿਆ। ਟਰੰਪ ਟੈਰਿਫ ਦਾ ਮੁੱਦਾ ਕਾਰਨੀ ਨੂੰ ਲਾਭ ਪਹੁੰਚਾ ਰਿਹਾ ਹੈ। ਪੋਲੀਵਰ ਨੂੰ ਲੋੜ ਹੈ ਇਕ ਉਹ ਚੋਣਾਂ ਦੇ ਆਖਰੀ ਹਫਤੇ ਕੈਨੇਡੀਅਨਾਂ ਦੇ ਮਨਾਂ ਚੋ ਟਰੰਪ ਦਾ ਸਵਾਲ ਬਦਲ ਦੇਵੇ । ਜੇਕਰ ਟਰੰਪ ਮੁੱਦਾ ਭਾਰੂ ਰਿਹਾ ਤਾਂ ਕਾਰਨੀ ਵੀ ਉਸ ਉਪਰ ਭਾਰੀ ਪਵੇਗਾ।
ਸਪੈਂਸਰ:– ਸਿੱਟਾ ਕੱਢਿਆ ਜਾ ਸਕਦਾ ਹੈ ਕਿ ਇਹ ਬਹਿਸ ਪੋਲੀਵਰ ਜਾਂ ਕਾਰਨੀ ਦੇ ਸਮਰਥਕਾਂ ਵਿਚਾਲੇ ਆਪੋ ਆਪਣੇ ਆਗੂ ਵਿਚ ਭਰੋਸੇ ਨੂੰ ਵਧਾਉਣ ਵਾਲੀ ਰਹੀ। ਸ਼ਾਇਦ ਲਿਬਰਲ ਸਮਰਥਕਾਂ ਲਈ ਕੁਝ ਵਧੇਰੇ। ਸਿੰਘ ਦੇ ਉਤਸ਼ਾਹੀ ਯਤਨਾਂ ਦੇ ਬਾਵਜੂਦ ਐਨ ਡੀ ਪੀ ਵੋਟ ਵਧਣ ਦੀ ਉਮੀਦ ਨਹੀ। ਬਲਾਂਸ਼ੇ ਕੋਲ ਪਹਿਲਾਂ ਹੀ ਆਪਣਾ ਇਕ ਫਰੈਂਚ ਵੋਟ ਬੈਂਕ ਹੈ। ਉਸਨੂੰ ਉਹੀ ਵੋਟ ਪਾਉਣਗੇ ਜੋ ਉਸਨੂੰ ਪਸੰਦ ਕਰਦੇ ਹਨ।
ਸਿਆਸੀ ਮਾਹਿਰਾਂ ਦੀਆਂ ਟਿਪਣੀਆਂ ਨੂੰ ਵਾਚਿਆਂ ਇਹ ਸਮਝਿਆ ਜਾ ਸਕਦਾ ਹੈ ਕਿ ਪਾਰਟੀ ਆਗੂਆਂ ਵਿਚਾਲੇ ਬਹਿਸ ਦੇ ਨਤੀਜੇ ਕੀ ਸਕਦੇ ਹਨ। ਕੰਸਰਵੇਟਿਵ ਆਗੂ ਪੀਅਰ ਪੋਲੀਵਰ ਦਾ ਇਹ ਸਵਾਲ ਵੱਡਾ ਹੈ ਕਿ ਪਿਛਲੇ 10 ਸਾਲ ਲਿਬਰਲ ਸਰਕਾਰ ਦੌਰਾਨ ਮਹਿੰਗਾਈ, ਬੇਰੁਜਗਾਰੀ, ਰਿਹਾਇਸ਼ੀ ਸੰਕਟ, ਡਰੱਗ, ਗੈਂਗਵਾਰ, ਅਪਰਾਧ, ਬੇਕਾਬੂ ਇਮੀਗ੍ਰੇਸ਼ਨ ਨੀਤੀ ਤੇ ਹੋਰ ਸਮੱਸਿਆਵਾਂ ਵਿਚ ਵਾਧੇ ਲਈ ਜਿੰਮੇਵਾਰ ਕੌਣ ਹੈ। ਪਰ ਇਸ ਸਮੇਂ ਇਸਤੋਂ ਵੱਡਾ ਸਵਾਲ ਇਹ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਵਲੋਂ ਧਮਕੀਆਂ ਅਤੇ ਸ਼ੁਰੂ ਕੀਤੀ ਵਪਾਰਕ ਜੰਗ ਦਰਮਿਆਨ ਕੈਨੇਡਾ ਨੂੰ ਸਹੀ ਤੇ ਯੋਗ ਅਗਵਾਈ ਕੌਣ ਦੇ ਸਕਦਾ ਹੈ। ਸਵਾਲ ਇਹ ਵੀ ਹੈ ਕਿ ਇਕ ਪਾਰਟੀ ਆਗੂ ਦਾ ਚਿਹਰਾ ਬਦਲਣ ਨਾਲ ਕੀ ਉਸ ਪਾਰਟੀ ਦੀਆਂ ਨੀਤੀਆਂ ਜਾਂ ਦ੍ਰਿਸ਼ਟੀਕੋਣ ਵੀ ਬਦਲ ਜਾਂਦਾ ਹੈ। ਬਹਿਸ ਦੌਰਾਨ ਪੋਲੀਵਰ ਵਲੋਂ ਕਾਰਨੀ ਖਿਲਾਫ ਇਹ ਟਿਪਣੀ ਕਰਨਾ ਕਿ ਉਹ ਮਿਸਟਰ ਟਰੂਡੋ ਦਾ ਹੀ ਦੂਸਰਾ ਰੂਪ ਹਨ ਤੇ ਉਹ ਜੋ ਕੁਝ ਬੋਲ ਰਹੇ ਹਨ ਟਰੂਡੋ ਦੇ ਸਟਾਫ ਵਲੋਂ ਲਿਖਿਆ ਹੀ ਬੋਲ ਰਹੇ ਹਨ। ਪਰ ਇਸਦੇ ਜਵਾਬ ਵਿਚ ਕਾਰਨੀ ਵਲੋਂ ਧੰਨਵਾਦ ਕਰਦਿਆਂ ਇਹ ਕਹਿਣਾ ਕਿ ਨਹੀਂ ਇਹ ਮੇਰੇ ਆਪਣੇ ਨੁਕਤੇ ਹਨ, ਵੋਟਰਾਂ ਦੇ ਸਮਝਣ ਜਾਂ ਭੰਬਲਭੂਸਾ ਪੈਦਾ ਕਰਨ ਵਾਲਾ ਹੈ। ਮਾਹਿਰਾਂ ਦੀ ਇਸ ਰਾਇ ਵੱਲ ਤਵੱਜੋ ਦੇਣੀ ਬਣਦੀ ਹੈ ਕਿ ਚੋਣ ਪ੍ਰਚਾਰ ਦੇ ਆਖਰੀ ਹਫਤੇ ਜੇ ਪੋਲੀਵਰ ਕੈਨੇਡੀਅਨ ਲੋਕਾਂ ਵਿਚ ਟਰੰਪ ਸਵਾਲ ਬਦਲਣ ਵਿਚ ਸਫਲ ਨਹੀ ਹੁੰਦੇ ਤਾਂ ਨਤੀਜੇ ਸਮਝੇ ਜਾ ਸਕਦੇ ਹਨ ਜਾਂ ਕਹਿ ਲਵੋ ਕਿ ਨਤੀਜੇ ਭੁਗਤਣੇ ਪੈ ਸਕਦੇ ਹਨ।