ਕੈਨੇਡਾ ਵਿੱਚ ਸਿੱਖਾਂ ਦਾ ਅਕਸ ਵਿਗਾੜਨ ਦੀ ਸਾਜਿਸ਼ ਦਾ ਪਰਦਾਫਾਸ਼ ਹੋਣਾ ਜ਼ਰੂਰੀ-
ਵੈਨਕੂਵਰ (ਡਾ. ਗੁਰਵਿੰਦਰ ਸਿੰਘ)--ਇਹ ਬੜੀ ਦੁਖਦਾਈ ਅਤੇ ਨਿੰਦਣਯੋਗ ਗੱਲ ਹੈ ਕਿ ਜਦੋਂ ਇੱਕ ਪਾਸੇ ਸਰੀ ਵਿੱਚ ਵਿਸ਼ਾਲ ਨਗਰ ਕੀਰਤਨ ਆਪਣੇ ਜਾਹੋ-ਜਲਾਲ ਨਾਲ ਸਜਾਇਆ ਜਾ ਰਿਹਾ ਸੀ, ਉਦੋਂ ਹੀ ਦੂਜੇ ਪਾਸੇ ਵੈਨਕੂਵਰ ਦੇ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਦੇ ਬਾਹਰ ‘ਖਾਲਿਸਤਾਨੀ ਪੱਖੀ’ ਨਾਅਰਿਆਂ ਅਤੇ ਤੋੜਭੰਨ ਦੀਆਂ ਖਬਰਾਂ ਆ ਰਹੀਆਂ ਸਨ। ਇਸੇ ਹੀ ਤਰਾਂ ਸਰੀ ਦੇ ਲਕਸ਼ਮੀ ਨਰਾਇਣ ਮੰਦਰ ਦੇ ਬਾਹਰ ਵੀ ਖਾਲਿਸਤਾਨੀ ਨਾਅਰੇ ਅਤੇ ਤੋੜਭੰਨ ਦੀਆਂ ਖਬਰਾਂ ਮੀਡੀਏ ਵਿੱਚ ਨਸ਼ਰ ਹੋਈਆਂ। ਪ੍ਰਬੰਧਕਾਂ ਨੇ ਇਹ ਦੋਸ਼ ਲਾਇਆ ਹੈ ਕਿ ਇਹ ‘ਖਾਲਸਤਾਨੀਆਂ ਦੇ ਕਾਰੇ’ ਹਨ ਅਤੇ ਇਸ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਿਆ ਕੀਤੀ। ਨਿੰਦਿਆ ਕਰਨੀ ਤਾਂ ਬਣਦੀ ਹੀ ਹੈ, ਪਰ ਜਦੋਂ ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਅਜੇ ਤੱਕ ਇਸ ਸਾਰੇ ਘਟਨਾਕ੍ਰਮ ਦੀ ਜਾਂਚ ਹੋ ਰਹੀ ਹੈ, ਉਸ ਤੋਂ ਪਹਿਲਾਂ ਕਿਸੇ ਇੱਕ ਧਿਰ ਨੂੰ ਦੋਸ਼ੀ ਬਣਾ ਕੇ ਕਟਹਿਰੇ ਵਿੱਚ ਖੜਾ ਕਰ ਦੇਣਾ, ਕਿੰਨੀ ਕੁ ਸੂਝ ਬੂਝ ਦੀ ਗੱਲ ਹੈ, ਇਹ ਸੋਚਣ ਵਾਲਾ ਪੱਖ ਹੈ।
ਜਦੋਂ ਪੰਜਾਬ ਤੋਂ ਬਾਹਰ ਸਿੱਖਾਂ ਦੇ ਸਭ ਤੋਂ ਵੱਡੇ ਨਗਰ ਕੀਰਤਨ (ਸਰੀ ਨਗਰ ਕੀਰਤਨ) ਵਿੱਚ ਲੱਖਾਂ ਦੀ ਤਦਾਦ ਵਿੱਚ ਸੰਗਤਾਂ ਅਨੁਸ਼ਾਸਨਈ ਅਤੇ ਸ਼ਾਂਤਮਈ ਰੂਪ ਵਿੱਚ ਸ਼ਾਮਿਲ ਹੋ ਰਹੀਆਂ ਹੋਣ ਅਤੇ ਨਗਰ ਕੀਰਤਨ ਦੇ ਪ੍ਰਬੰਧਕ ਖਾਲਿਸਤਾਨ ਪੱਖੀ ਧਿਰਾਂ ਦੇ ਆਗੂ ਹੋਣ ਤੇ ਸਾਰੀਆਂ ਖਾਲਿਸਤਾਨ ਪੱਖੀ ਜਥੇਬੰਦੀਆਂ ਨਗਰ ਕੀਰਤਨ ਨੂੰ ਸਫਲ ਬਣਾਉਣ ਲਈ ਪੱਬਾਂ ਭਾਰ ਹੋਣ, ਤਾਂ ਕੀ ਉਸ ਵੇਲੇ ਉਹ ਖਾਲਿਸਤਾਨ ਪੱਖੀ ਨਾਅਰੇ ਕਿਸੇ ਮੰਦਰ ਜਾਂ ਗੁਰਦੁਆਰੇ ਬਾਹਰ ਲਿਖ ਕੇ ਆਪਣੀ ਬਦਨਾਮੀ ਖੁਦ ਕਰਵਾਉਣਗੇ ਜਾਂ ਆਪਣੇ ਲਈ ਮੁਸੀਬਤ ਖੜੀ ਕਰਨਗੇ? ਇਹ ਵੱਡਾ ਸਵਾਲ ਹੈ।
ਵੈਨਕੂਵਰ ਅਤੇ ਸਰੀ ਦੇ ਪੁਲਿਸ ਪ੍ਰਸ਼ਾਸਨ ਨੂੰ ਇਸ ਗੰਭੀਰ ਮਾਮਲੇ ਦੀ ਪੁਰਜ਼ੋਰ ਢੰਗ ਨਾਲ ਜਾਂਚ ਕਰਨੀ ਚਾਹੀਦੀ ਹੈ। ਇਸ ਤੋਂ ਪਹਿਲਾਂ ਆਸਟਰੇਲੀਆ ਅਤੇ ਕਈ ਮੁਲਕਾਂ ‘ਚ ਇਹ ਸੱਚ ਸਾਹਮਣੇ ਆ ਚੁੱਕਿਆ ਹੈ ਜਦੋਂ ਸਿੱਖਾਂ ਦਾ ਨਾਂ ਬਦਨਾਮ ਕਰਨ ਲਈ, ਮਿਥ ਕੇ ਅਜਿਹੇ ਤੋੜਭੰਨ ਤੇ ਖਾਲਿਸਤਾਨ ਪੱਖੀ ਨਾਅਰਿਆਂ ਦੇ ਕਾਰੇ ਕੀਤੇ ਗਏ। ਇਹ ਗੱਲ ਸੋਚਣ ਵਾਲੀ ਹੈ ਕਿ ਭਾਈਚਾਰੇ ਅੰਦਰ ਫੁੱਟ ਪਾਉਣ ਦੀ ਅਜਿਹੀ ਸ਼ਰਾਰਤ ਕੋਈ ਨਾ ਕੋਈ ‘ਤੀਜੀ ਧਿਰ’ ਵੀ ਹੋ ਸਕਦੀ ਹੈ।
ਇਸ ਗੱਲ ਵਿੱਚ ਦੋ ਰਾਵਾਂ ਨਹੀਂ ਕਿ ਸਰੀ ਦਾ ਲਕਸਮੀ ਨਰਾਇਣ ਮੰਦਰ ਅਤੇ ਵੈਨਕੂਵਰ ਦਾ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਦੋਵੇਂ ਅਸਥਾਨ, ਭਾਰਤੀ ਸਫਾਰਤਖਾਨੇ ਅਤੇ ਭਾਰਤ ਸਰਕਾਰ ਨਜ਼ਦੀਕੀ ਹਨ ਅਤੇ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਨੇਡਾ ਫੇਰੀ ਦੌਰਾਨ ਵਿਸ਼ੇਸ਼ ਤੌਰ ‘ਤੇ ਆਏ ਵੀ ਸੀ, ਜਿਨਾਂ ਦਾ ਵਿਰੋਧ ਸਿੱਖ ਹਲਕਿਆਂ; ਖਾਸ ਕਰ ਖਾਲਿਸਤਾਨ ਪੱਖੀ ਧਿਰਾਂ ਵੱਲੋਂ ਹੋਇਆ ਸੀ। ਇਹ ਵਿਚਾਰਧਾਰਕ ਵਿਰੋਧ ਹੋ ਸਕਦਾ ਹੈ, ਪਰ ਇਸ ਦੇ ਲਈ ਤੋੜਭੰਨ ਕਦੇ ਵੀ ਜਾਇਜ਼ ਨਹੀਂ। ਸਵਾਲ ਇਹ ਪੈਦਾ ਹੁੰਦਾ ਹੈ ਕਿ ਖਾਲਿਸਤਾਨੀ ਐਕਟਵਿਸਟ ਅਜਿਹਾ ਕਾਰਾ ਉਸ ਦਿਨ ਹੀ ਕਿਉਂ ਕਰਨਗੇ, ਜਿਸ ਦਿਨ ਵੈਸਾਖੀ ਅਤੇ ਖਾਲਸਾ ਦਿਹਾੜੇ ਦੇ ਨਗਰ ਕੀਰਤਨ ਲਈ ਉਹਨਾਂ ਦੀ ਸਾਰੀ ਸ਼ਕਤੀ ਕੇਂਦਰਿਤ ਹੋਵੇ।
ਇਹ ਜਾਂਚ ਪਹਿਲ ਦੇ ਆਧਾਰ ਤੇ ਕੀਤੀ ਜਾਣੀ ਚਾਹੀਦੀ ਹੈ ਅਤੇ ਦੋਵੇਂ ਪਾਸਿਆਂ ਤੋਂ ਧਿਰਾਂ ਨੂੰ ਬਹੁਤ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ।
ਇੱਥੇ ਜ਼ਿਕਰਯੋਗ ਹੈ ਕਿ 28 ਅਪ੍ਰੈਲ ਨੂੰ ਕੈਨੇਡਾ ਵਿੱਚ ਫੈਡਰਲ ਚੋਣ ਹੋ ਰਹੀ ਹੈ। ਜਿਥੇ ਇਕ ਪਾਸੇ ਲਿਬਰਲ ਪਾਰਟੀ ਵਿਦੇਸ਼ੀ ਦਖਲ ਅੰਦਾਜੀ ਦੇ ਮਾਮਲੇ ਵਿੱਚ ਆਵਾਜ਼ ਬੁਲੰਦ ਕਰਦੀ ਰਹੀ ਹੈ, ਉਥੇ ਕੰਜ਼ਰਵਟਿਵ ਪਾਰਟੀ ਉੱਪਰ ਭਾਰਤ ਤੋਂ ਹਮਾਇਤ ਅਤੇ ਦਖਲਅੰਦਾਜ਼ੀ ਦੇ ਸਬੰਧ ਵਿੱਚ ਗੰਭੀਰ ਦੋਸ਼ ਵੀ ਲੱਗ ਰਹੇ ਹਨ। ਅਜਿਹੇ ਮੌਕੇ ‘ਤੇ ਇੱਕ ਗੁਰਦੁਆਰੇ ਅਤੇ ਮੰਦਿਰ ਵਿੱਚ ਤੋੜਭੰਨ ਦੇ ਘਟਨਾਕ੍ਰਮ ਦਾ ਸੰਬੰਧ, ਕੀ ਕੈਨੇਡਾ ਦੀਆਂ ਫੈਡਰਲ ਚੋਣਾਂ ਨਾਲ ਵੀ ਜਾ ਜੁੜਦਾ ਹੈ, ਇਹ ਵੀ ਵੇਖਣਾ ਹੋਵੇਗਾ। ਇਹਨਾਂ ਸਾਰੇ ਪਹਿਲੂਆਂ ਤੋਂ ਇਸ ਕੱਚ ਸੱਚ ਦਾ ਨਬੇੜਾ ਹੋਵੇ, ਤਾਂ ਕਿ ਕੈਨੇਡਾ ਵਿੱਚ ਸਿੱਖਾਂ ਦਾ ਅਕਸ ਵਿਗਾੜਨ ਦੀਆਂ ਸਾਜਿਸ਼ਾਂ ਨੰਗੀਆਂ ਕੀਤੀਆਂ ਜਾ ਸਕਣ।
ਤਸਵੀਰਾਂ: ਵੈਨਕੂਵਰ ਦੇ ਖਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ ਗੁਰਦੁਆਰੇ ਅਤੇ ਸਰੀ ਦੇ ਲਕਸ਼ਮੀ ਨਰਾਇਣ ਮੰਦਿਰ ਦੇ ਬਾਹਰ ਲਿਖੇ ਖਾਲਿਸਤਾਨੀ ਪੱਖੀ ਨਾਅਰੇ।