Headlines

ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਗੁਰਦੁਆਰਾ ਅਤੇ ਸਰੀ ਮੰਦਿਰ ਦੇ ਬਾਹਰ ਨਫਰਤੀ ਨਾਅਰੇ ਲਿਖੇ

ਵੈਨਕੂਵਰ- ਬੀਤੇ ਸ਼ਨੀਵਾਰ ਦੀ ਸਵੇਰ ਨੂੰ ਵੈਨਕੂਵਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਅਤੇ ਸਰੀ ਦੇ ਲਕਸ਼ਮੀ ਨਾਰਾਇਣ ਮੰਦਿਰ ਦੇ ਗੇਟਾਂ ਅਤੇ ਕੰਧਾਂ ਉਪਰ ਸ਼ਰਾਰਤੀ ਅਨਸਰਾਂ ਵਲੋਂ ਖਾਲਿਸਤਾਨੀ ਨਾਅਰੇ, ਗਾਹਲਾਂ ਅਤੇ ਇੰਡੀਆ ਖਿਲਾਫ ਅਪਸ਼ਬਦ ਲਿਖੇ ਜਾਣ ਦੀਆਂ ਖਬਰਾਂ ਹਨ। ਖਾਲਸਾ ਦੀਵਾਨ ਸੁਸਾਇਟੀ ਦੇ ਗੁਰੂ ਘਰ ਦੇ ਪ੍ਰਵੇਸ਼ ਦੁਆਰਾ ਉਪਰ ਇਕ ਪਾਸੇ ਖਾਲਿਸਤਾਨ ਅਤੇ ਦੂਸਰੇ ਪਾਸੇ ਫੱਕ ਇੰਡੀਆ ਅਤੇ ਕੰਧਾਂ ਉਪਰ ਭਾਰਤ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਖਿਲਾਫ ਅਪਮਾਨਜਨਕ ਨਾਅਰੇ ਲਿਖੇ ਗਏ ਹਨ। ਵੈਨਕੂਵਰ ਗੁਰੂ ਘਰ ਅਤੇ ਸਰੀ ਮੰਦਿਰ ਦੇ ਗੇਟਾਂ ਅਤੇ ਦੀਵਾਰਾਂ ਉਪਰ ਇਹ ਸਪਰੇਅ ਕੀਤੇ ਗਏ ਅਪਮਾਨਜਨਕ ਸ਼ਬਦ ਉਸ ਸਮੇਂ ਵੇਖਣ ਨੂੰ ਮਿਲੇ ਜਦੋਂ ਸਰੀ ਵਿਚ ਸਾਲਾਨਾ ਵਿਸਾਖੀ ਨਗਰ ਕੀਰਤਨ ਹੋ ਰਿਹਾ ਸੀ।

ਘਟਨਾ ਦੀ ਜਾਂਚ ਹੋਵੇ-ਮਨਿੰਦਰ ਗਿੱਲ-

ਇਸੇ ਦੌਰਾਨ ਇਸ ਘਟਨਾ ਦੀ ਜ਼ੋਰਦਾਰ ਨਿੰਦਾ ਕਰਦਿਆਂ ਰੇਡੀਓ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਮਨਿੰਦਰ ਸਿੰਘ ਗਿੱਲ ਨੇ ਇਥੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ  ਖਾਲਸਾ ਦੀਵਾਨ ਸੁਸਾਇਟੀ ਦੇ ਗੁਰੂ ਘਰ ਅਤੇ ਸਰੀ ਦੇ ਲਕਸ਼ਮੀ ਨਰਾਇਣ ਮੰਦਿਰ ਵਿਖੇ ਨਫਰਤੀ ਨਾਅਰੇ ਲਿਖਣ ਦੀਆਂ ਘਿਨਾਉਣੀਆਂ ਘਟਨਾਵਾਂ ਨੇ ਹਰ ਸਹੀ ਸੋਚ ਰੱਖਣ ਵਾਲੇ ਕੈਨੇਡੀਅਨਾਂ ਦੀ ਜ਼ਮੀਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਇਤਿਹਾਸਕ ਸਰੀ ਖਾਲਸਾ ਡੇਅ ਪਰੇਡ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਇਹ ਨਾਪਾਕ ਹਰਕਤਾਂ ਕੀਤੀਆਂ ਗਈਆਂ ਹਨ, ਇਹ ਤੱਥ ਇਨ੍ਹਾਂ ਘਟਨਾਵਾਂ ਪਿੱਛੇ ਸਮਾਜ ਵਿਰੋਧੀ ਸ਼ਕਤੀਆਂ ਦੇ ਘਿਣਾਉਣੇ ਮਨਸੂਬੇ ਦਰਸਾਉਂਦਾ  ਹੈ।
ਇਹ ਕੁਕਰਮ ਕੈਨੇਡਾ ਵਿੱਚ ਚੱਲ ਰਹੀ ਸੰਘੀ ਚੋਣ ਮੁਹਿੰਮ ਦੌਰਾਨ ਸਮਾਜਿਕ ਸਦਭਾਵਨਾ ਨੂੰ ਵਿਗਾੜਨ ਲਈ ਕੀਤਾ ਗਿਆ ਹੈ। ਉਹਨਾਂ ਹੋਰ ਕਿਹਾ ਕਿ ਆਰ ਸੀ ਐਮ ਪੀ ਅਤੇ ਕੈਨੇਡੀਅਨ ਸੁਰੱਖਿਆ ਏਜੰਸੀਆਂ ਨੂੰ ਇਨ੍ਹਾਂ ਘਟਨਾਵਾਂ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ ਅਤੇ ਇਸ ਘਿਨੌਣੀ ਸਾਜ਼ਿਸ਼ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *