Headlines

ਹੁਕਮਨਾਮੇ ਦੀ ਉਲੰਘਣਾ ਲਈ ਬੀਬੀ ਜਗੀਰ ਕੌਰ ਨੂੰ ਤਲਬ ਕੀਤਾ ਜਾਵੇ – ਪ੍ਰੋ. ਸਰਚਾਂਦ ਸਿੰਘ ਖਿਆਲਾ

ਅੰਮ੍ਰਿਤਸਰ, 21 ਅਪ੍ਰੈਲ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਰਣਜੀਤ ਸਿੰਘ ਢੱਡਰੀਆਂਵਾਲਾ ਦੇ ਸਮਾਗਮ ਵਿਚ ਸ਼ਿਰਕਤ ਕਰਦਿਆਂ ਹੁਕਮਨਾਮੇ ਦੀ ਕੀਤੀ ਗਈ ਉਲੰਘਣਾ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜ ਗਿਆ ਹੈ। ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਿਹਾ ਕਿ ਬੀਬੀ ਜਗੀਰ ਕੌਰ ਨੂੰ ਰਣਜੀਤ ਸਿੰਘ ਢੱਡਰੀਆਂਵਾਲਾ ਦੇ ਸਮਾਗਮ ਵਿਚ ਸ਼ਿਰਕਤ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਢੱਡਰੀਆਂਵਾਲਾ ਦੇ ਬਾਈਕਾਟ ਸੰਬੰਧੀ ਜਾਰੀ ਹੁਕਮਨਾਮੇ ਦੀ ਉਲੰਘਣਾ ਕਰਨ ਲਈ ਤਲਬ ਕੀਤਾ ਜਾਣਾ ਚਾਹੀਦਾ ਹੈ ਅਤੇ ਪੰਥ ਰਵਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਇਕ ਪੱਤਰ ਲਿਖਦਿਆਂ ਕਿਹਾ ਕਿ ਬੀਬੀ ਜਗੀਰ ਕੌਰ ਨੇ 19 ਅਪ੍ਰੈਲ 2025 ਨੂੰ ਕਪੂਰਥਲਾ ਜ਼ਿਲ੍ਹੇ ਦੇ ਨਡਾਲਾ ਵਿਖੇ ਢੱਡਰੀਆਂਵਾਲਾ ਦੇ ਡੇਰੇ ਦੀ ਨਵੀਂ ਸ਼ਾਖਾ ਦੇ ਉਦਘਾਟਨ ਮੌਕੇ ਢੱਡਰੀਆਂਵਾਲਾ ਨਾਲ ਸਟੇਜ ਸਾਂਝੀ ਕੀਤੀ। ਇਹ ਹੋਰ ਵੀ ਸ਼ਰਮਿੰਦਗੀ ਵਾਲੀ ਗੱਲ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਦੀ ਉਲੰਘਣਾ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਮੈਂਬਰ ਨੇ ਕੀਤੀ, ਜਿਨ੍ਹਾਂ ਤੋਂ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਹੋਣ ਅਤੇ ਪਰੰਪਰਾਵਾਂ ਦੀ ਰੱਖਿਆ ਲਈ ਵਚਨਬੱਧ ਹੋਣ ਦੀ ਆਸ ਕੀਤੀ ਜਾਂਦੀ ਹੈ। ਇਕ ਜ਼ਿੰਮੇਵਾਰ ਵਿਅਕਤੀ ਵਜੋਂ ਪੰਥਕ ਸਿਧਾਂਤ ਅਤੇ ਪਰੰਪਰਾਵਾਂ ਨਾਲ ਖਿਲਵਾੜ ਕਰਕੇ ਗੁਨਾਹ ਹੀ ਨਹੀਂ ਕੀਤਾ ਸਗੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿੱਧੀ ਚੁਨੌਤੀ ਦਿੱਤੀ ਹੈ।  ਸਵਾਲ ਪੈਦਾ ਹੁੰਦਾ ਹੈ ਕਿ, ਕੀ ਢੱਡਰੀਆਂਵਾਲਾ ਸਬੰਧੀ ਜਾਰੀ ਹੁਕਮਨਾਮਾ ਬੀਬੀ ਜਗੀਰ ਕੌਰ ‘ਤੇ ਲਾਗੂ ਨਹੀਂ ਹੁੰਦਾ? ਜਾਂ ਉਹ ਆਪਣੇ ਆਪ ਨੂੰ ਸੰਗਤ ਤੋਂ ਉੱਪਰ ਸਮਝਦੀ ਹੈ? ਕੀ ਦੂਜਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਸਮਰਪਣ ਹੋਣ ਲਈ ਮੱਤਾਂ ਦੇਣ ਵਾਲੀ ਬੀਬੀ ਜੀ ਦੀ ਇਹ ਹੀ ਸਚਾਈ ਹੈ?

ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਨੇ ਮਿਤੀ 24 ਅਗਸਤ, 2020 ਨੂੰ ਇਕੱਤਰਤਾ ਦੌਰਾਨ ਰਣਜੀਤ ਸਿੰਘ ਢੱਡਰੀਆਂਵਾਲਾ ਵੱਲੋਂ ਪੰਥਕ ਪਰੰਪਰਾਵਾਂ ਅਤੇ ਗੁਰਮਤਿ ਪ੍ਰਤੀ ਬੋਲੇ ਕਥਨਾਂ ਦੇ ਸੰਬੰਧ ਵਿਚ ਪੜਤਾਲ ਲਈ ਬਣਾਈ ਗਈ ਵਿਦਵਾਨਾਂ ਦੀ ਇੱਕ ਸਬ-ਕਮੇਟੀ ਦੀ ਰਿਪੋਰਟ ’ਤੇ ਗੁਰਮਤਿ ਦੀ ਰੋਸ਼ਨੀ ਵਿਚ ਵਿਚਾਰ ਕਰਨ ਉਪਰੰਤ ਇਕ ਆਦੇਸ਼ ਜਾਰੀ ਕਰਦਿਆਂ ਕਿਹਾ ਸੀ ਕਿ ਰਣਜੀਤ ਸਿੰਘ ਢੱਡਰੀਆਂਵਾਲਾ ਨੇ ਗੁਰਮਤਿ ਪ੍ਰਤੀ ਕੁਝ ਗ਼ਲਤ ਬਿਆਨੀਆਂ ਕੀਤੀਆਂ ਹਨ ਅਤੇ ਇਹ ਇਨ੍ਹਾਂ ਕਥਨਾਂ ਸਬੰਧੀ ਸਪਸ਼ਟੀਕਰਨ ਦੇਣ ਤੋਂ ਵੀ ਇਨਕਾਰੀ ਹੋਇਆ ਹੈ। ਇਸ ਲਈ ਆਦੇਸ਼ ਦਿੱਤਾ ਕਿ ਜਦੋਂ ਤਕ ਉਹ ਆਪਣੀਆਂ ਗ਼ਲਤ ਬਿਆਨੀਆਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਮੁਆਫ਼ੀ ਨਹੀਂ ਮੰਗਦਾ, ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ, ਸੰਸਥਾਵਾਂ ਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਢੱਡਰੀਆਂ ਵਾਲਾ ਦੇ ਸਮਾਗਮਾਂ ਦਾ ਬਾਈਕਾਟ ਕਰਨ । ਉਸ ਵਕਤ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਉਸ ਨੂੰ ਸਖ਼ਤ ਵੀ ਚਿਤਾਵਨੀ ਵੀ ਦਿੱਤੀ ਸੀ। ਉਨਾਂ ’ਜਥੇਦਾਰ’ ਨੂੰ ਕਿਹਾ ਕਿ ਤੁਹਾਨੂੰ ਗਿਆਤ ਹੈ ਕਿ ਢੱਡਰੀਆਂਵਾਲਾ ਅੱਜ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਨਾ ਹੋਣ ਕਰਕੇ ਇਕ ਭਗੌੜਾ ਹੈ। ਜੋ ਅਕਾਲ ਤਖ਼ਤ ਸਾਹਿਬ ਤੇ ਸਿੱਖੀ ਸਿਧਾਂਤਾਂ ਪ੍ਰਤੀ ਉਸ ਦੇ ਵਿਸ਼ਵਾਸ ‘ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ। ਉਸ ਦੀ ਹਉਮੈ ਹੰਕਾਰ ਉਸ ਨੂੰ ਅਕਾਲ ਤਖ਼ਤ ਪ੍ਰਤੀ ਆਪਣੇ ਆਪ ਨੂੰ ਸਮਰਪਿਤ ਨਹੀਂ ਹੋਣ ਦੇ ਰਿਹਾ। ਉੱਪਰੋਂ, ਬੀਬੀ ਜਗੀਰ ਕੌਰ ਵਰਗੀਆਂ ਸ਼ਖ਼ਸੀਅਤਾਂ ਉਸ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਹਨ ਅਤੇ ਉਸ ਦੀ ਹਉਮੈ ਹੰਕਾਰ ਨੂੰ ਪੱਠੇ ਪਾ ਕੇ ਹੋਰ ਮਜ਼ਬੂਤਕਰਨ ’ਚ ਲੱਗੀਆਂ ਹੋਈਆਂ ਹਨ।

Leave a Reply

Your email address will not be published. Required fields are marked *