ਸਮੀਖਿਆਕਾਰ – ਜਗਦੇਵ ਸਿੱਧੂ 825 712 1135-
ਇਹ ਦੋ ਪੁਸਤਕਾਂ ਸਰਦੂਲ ਸਿੰਘ ਲੱਖਾ ਦੇ ਕਹਾਣੀ-ਸੰਗ੍ਰਹਿ ਹਨ। ਸਰਵਣ ਸਿੰਘ ਖੇਡ-ਲਿਖਾਰੀ ਤੇ ਮੰਗਲ਼ ਹਠੂਰ ਗੀਤਕਾਰ, ਸਰਦੂਲ ਦੇ ਗਵਾਂਢੀ ਪਿੰਡ ਚਕਰ ਅਤੇ ਹਠੂਰ ਦੇ ਉੱਘੇ ਨਾਂ ਹਨ। ਸਰਦੂਲ ਨੇ ਭਾਰਤੀ ਹਵਾਈ ਸੈਨਾ ਦੀ ਨੌਕਰੀ ਕੀਤੀ, ਸੇਵਾ-ਮੁਕਤੀ ਮਗਰੋਂ ਕਈ ਸਾਲ ਆਪਣੇ ਪਿੰਡ ਲੱਖਾ ਵਿਚ ਸਕੂਲ ਖੋਲ੍ਹ ਕੇ ਬੱਚਿਆਂ ਨੂੰ ਪੜ੍ਹਾਇਆ, ਉਨ੍ਹਾਂ ਤੋਂ ਆਪਣੇ ਲਿਖੇ ਨਾਟਕ ਖਿਡਵਾਏ। ਆਪ ਉਹ ਹਾਕੀ ਅਤੇ ਕਬੱਡੀ ਦਾ ਖਿਡਾਰੀ, ਕੋਚ ਤੇ ਰੈਫ਼ਰੀ। ਉਸ ਨੇ ਟਿੰਡਾਂ ਵਾਲ਼ੇ ਖੂਹ ਵੀ ਗੇੜੇ, ਮੋਟਰਾਂ ਵਾਲ਼ੀਆਂ ਬੰਬੀਆਂ ਦੇ ਔਲ਼ੂਆਂ `ਚ ਵੀ ਨਹਾਇਆ, ਉਸ ਨੇ ਬੱਕਰੀਆਂ ਦੇ ਇੱਜੜ ਅਤੇ ਗਊਆਂ ਦੇ ਵੱਗ ਚਰਦੇ ਵੀ ਵੇਖੇ, ਰਾਹਾਂ `ਚ ਉਡਦੀ ਧੂੜ ਵੀ ਫੱਕੀ, ਖੇਤੀ ਕੀਤੀ, ਮਸਤ ਬੋਤਿਆਂ ਦੀਆਂ ਮੁਹਾਰਾਂ ਫੜੀਆਂ, ਬਲ਼ਦਾਂ ਦੇ ਹਰਨਾੜੀਆਂ ਪਾਈਆਂ, ਕੁੜੀਆ-ਕੱਤਰੀਆਂ ਦੀਆਂ, ਭਰਜਾਈਆਂ, ਚਾਚੀਆਂ, ਤਾਈਆਂ ਦੀਆਂ ਗੱਲਾਂ ਸੁਣੀਆਂ, ਤੀਆਂ ਦੇ ਝੁਰਮਟ ਵਿਚ ਜਾ ਕੇ ਗੀਤ ਸੁਣੇ, ਨਾਨੀਆਂ, ਦਾਦੀਆਂ ਤੋਂ ਬਾਤਾਂ ਸੁਣੀਆਂ, ਖੁੰਢਾਂ `ਤੇ ਬੈਠ ਕੇ ਆੜੀਆਂ-ਬੇਲੀਆਂ ਨਾਲ਼ ਜੱਕੜ ਮਾਰੇ, ਸੱਥਾਂ ਵਿਚ ਬਹਿ ਕੇ ਬਜ਼ੁਰਗਾਂ ਦੀਆਂ ਨਸੀਹਤਾਂ, ਹਾਸੇ-ਮਖੌਲ ਵਾਲ਼ੀਆਂ ਟਿੱਚਰਾਂ ਸੁਣੀਆਂ ਅਤੇ ਇਤਿਹਾਸ ਦੇ ਪ੍ਰਸੰਗ ਸੁਣੇ, ਅਖਾੜਿਆਂ ਵਿਚ ਮੱਲਾਂ ਦੇ ਘੋਲ਼ ਵੇਖੇ, ਬਾਜ਼ੀਆਂ ਪੈਂਦੀਆਂ ਵੇਖੀਆਂ, ਮੇਲਿਆਂ ਵਿਚ ਕਵੀਸ਼ਰਾਂ ਦੇ ਗੌਣ ਸੁਣੇ। ਪਿੰਡ ਦੀ ਫ਼ਿਜ਼ਾ ਵਿਚ ਗੂੰਜਦੇ ਲੋਕ-ਗੀਤ ਸੁਣੇ। ਸੁਰਤ ਸੰਭਾਲਣ ਤੋਂ ਲੈ ਕੇ ਹੁਣ ਤੱਕ ਹੋਈ ਯੁਗ-ਬਦਲੀ ਵੇਖੀ। ਏਨੇ ਤਜਰਬੇ, ਅਹਿਸਾਸ, ਵਲਵਲੇ, ਨਜ਼ਾਰੇ, ਕੌੜੇ-ਮਿੱਠੇ ਅਨੁਭਵ, ਵੰਨ-ਸੁਵੰਨੇ ਖਿਆਲ ਉਸ ਦੇ ਸੰਵੇਦਨਸ਼ੀਲ ਮਨ ਅੰਦਰ ਖੌਰੂ ਪਾਉਣ ਲੱਗੇ ਤਾਂ ਕਲਮ ਫੜ ਲਈ। ਕਦੇ ਕਵਿਤਾ ਲਿਖਦਾ, ਕਦੇ ਲਘੂ ਨਾਟਕ, ਕਦੇ ਇਕਾਂਗੀ ਨਾਟਕ, ਕਦੇ ਨਿੱਕੀ ਕਹਾਣੀ ਕਦੇ ਬਾਲ-ਕਹਾਣੀ। ਉਹ ਆਸਟਰੇਲੀਆ ਵੀ ਗਿਆ, ਬਰਤਾਨੀਆਂ ਵੀ, ਅਮਰੀਕਾ ਵੀ ਤੇ ਅੱਜ ਕੱਲ੍ਹ ਕੈਨੇਡਾ ਦੀ ਮਹਾਂਨਗਰੀ ਕੈਲਗਰੀ ਵਿਚ ਇੱਥੋਂ ਦੀਆਂ ਸਾਹਿਤ ਸਭਾਵਾਂ ਦਾ ਸਰਗਰਮ ਮੈਂਬਰ ਹੈ। ਜੋ ਭਾਂਤ-ਸੁਭਾਂਤੀ ਸਮੱਗਰੀ ਉਸ ਦੇ ਚੇਤਨ-ਅਵਚੇਤਨ ਮਨ ਵਿਚ ਭਰੀ ਪਈ ਉੱਸਲ਼ਵੱਟੇ ਲੈ ਰਹੀ ਹੈ, ਉਸ ਨੂੰ ਕਾਗਜ਼ਾਂ`ਤੇ ਵਿਛਾਉਣ ਲਈ ਕਾਹਲ਼ਾ ਜਾਪਦਾ ਹੈ। ਇੱਥੇ ਉਸ ਦੇ ਦੋ ਉਪ੍ਰੋਕਤ ਕਹਾਣੀ-ਸੰਗ੍ਰਹਿਆਂ ਦਾ ਲੇਖਾ-ਜੋਖਾ ਕਰਨਾ ਹੈ।
`ਸਰਹੱਦਾਂ ਨੀਂ ਬੋਲਦੀਆਂ` ਸਰਦੂਲ ਸਿੰਘ ਲੱਖਾ ਦਾ ਪਲੇਠਾ ਕਹਾਣੀ-ਸੰਗ੍ਰਹਿ ਹੈ ਜਿਸ ਦੇ 124 ਸਫ਼ਿਆਂ ਅੰਦਰ ਵੀਹ ਕਹਾਣੀਆਂ ਸ਼ਾਮਲ ਹਨ। ਸਾਰੀਆਂ ਕਹਾਣੀਆਂ ਪੇਂਡੂ ਜੀਵਨ ਦੀ ਅਮੀਰ ਵਿਰਾਸਤ ਵਿੱਚੋਂ ਪੈਦਾ ਹੋਈਆਂ ਹਨ। ਪਿੰਡਾਂ ਦੀ ਆਰਥਿਕਤਾ, ਕਿਰਸਾਨੀ ਦੀ ਰੂਪ-ਰੇਖਾ ਅਤੇ ਦਸ਼ਾ, ਪਰਿਵਾਰਿਕ ਰਿਸ਼ਤੇ, ਪਰਵਾਸ ਦੀ ਬਿਰਤੀ ਅਤੇ ਇਸ ਦੇ ਅਸਰ, ਸਮੇਂ ਦੇ ਨਾਲ਼ ਬਦਲਦੀਆਂ ਕਦਰਾਂ-ਕੀਮਤਾਂ, ਵੋਟਾਂ ਦੀ ਰਾਜਨੀਤੀ, ਨਸ਼ਿਆਂ ਦਾ ਪ੍ਰਕੋਪ, ਰਿਸ਼ਵਤਖੋਰੀ, ਗ਼ੁਰਬਤ, ਭਾਈਚਾਰਕ ਸਾਂਝ ਦੀਆਂ ਤੰਦਾਂ ਆਦਿ ਇਨ੍ਹਾਂ ਕਹਾਣੀਆਂ ਦੇ ਸਰੋਕਾਰੀ ਵਿਸ਼ੇ ਹਨ।
ਕਹਾਣੀ `ਲੀਡਰੀ` ਵਿਚ ਚੋਣ ਜਿੱਤਣ ਖਾਤਰ ਕੀਤੀ ਜਾ ਰਹੀ ਫ਼ਜ਼ੂਲ ਖ਼ਰਚੀ, ਘਰ ਅਤੇ ਰਿਸ਼ਤਿਆਂ ਦੇ ਨਿਘਾਰ ਦੀ ਗੱਲ ਕੀਤੀ ਹੈ। ` `ਸ਼ਰਧਾਂਜਲੀ` ਵਿਚ ਬਜ਼ੁਰਗ ਜੋੜੀ ਦੁਆਰਾ ਪੁੱਤ ਦੇ ਬਾਹਰ ਜਾਣ ਕਾਰਨ ਇਕਲਾਪੇ ਦਾ ਸੰਤਾਪ ਹੰਢਾਉਣ ਦਾ ਮੁੱਦਾ ਹੈ। ਕਹਾਣੀ `ਛੱਪੜ ਦੇ ਕਿਨਾਰੇ` ਪੇਂਡੂ ਜੀਵਨ ਦੀ ਤਸਵੀਰ ਪੇਸ਼ ਕਰਦੀ ਹੈ ਜਿੱਥੇ ਨਸ਼ੇ ਅਤੇ ਕਰਜ਼ੇ ਦੀਆਂ ਅਲਾਮਤਾਂ ਭਾਰੂ ਹਨ। ਕਹਾਣੀ `ਵਗਦੇ ਦਰਿਆਵਾਂ ਵਰਗੇ` ਜਾਤ-ਪਾਤ ਉਪਰ ਤਕੜਾ ਵਿਅੰਗ ਕਸਦੀ ਹੈ, ਵਾਰਤਾਲਾਪ ਕਮਾਲ ਦੀ ਹੈ, ਉਾਰੀ ਵੀ ਵਧੀਆ ਅਤੇ ਅੰਤ ਕਲਾਤਮਿਕ ਹੈ। ਕਹਾਣੀ `498 ਏ` ਅੰਤਰਜਾਤੀ ਵਿਆਹ ਬਾਰੇ ਹੈ, ਕਹਾਣੀ ਦੀ ਉਸਾਰੀ ਕਰਦਿਆਂ ਰਿਸ਼ਤਿਆਂ ਦੀ ਟੁੱਟ-ਭੱਜ ਅਤੇ ਰਿਸ਼ਵਤਖੋਰੀ ਦੇ ਮੁੱਦਿਆਂ ਨੂੰ ਉਭਾਰਿਆ ਗਿਆ ਹੈ। `ਕਸਤੂਰੀ` ਵਿਚ ਸਰਕਾਰੀ ਦਫ਼ਤਰਾਂ ਅੰਦਰ ਘਰ ਕਰ ਚੁੱਕੀ ਰਿਸ਼ਵਤਖੋਰੀ ਦੀ ਵਿਥਿਆ ਹੈ। ਕਹਾਣੀ `ਉਹ ਸ਼ੀਲਾ ਮਰ ਗਈ` ਗ਼ੁਰਬਤ ਦੀ ਦਾਸਤਾਨ ਤਾਂ ਹੈ ਹੀ, ਸ਼ਰਾਬੀ ਪਿਉ ਦੁਆਰਾ ਧੀ ਨੂੰ ਵੇਚਣ ਦੀ ਨੌਬਤ ਵੀ ਹੈ। ਅੰਤ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਸੋਚ ਨੂੰ ਝੰਜੋੜਨ ਵਾਲ਼ਾ ਹੈ – 26 ਜਨਵਰੀ ਦੀ ਪਰੇਡ ਮੌਕੇ ਤਿਰੰਗੇ ਅੱਗੋਂ ਲੰਘਦੇ ਨੂੰ ਮੈਨੂੰ ਇਉਂ ਲੱਗ ਰਿਹਾ ਸੀ ਕਿ ਜਿਵੇਂ ਇਹ ਟੈਂਕ, ਹਾਥੀ, ਊਠ, ਘੋੜੇ ਦੇਸ਼ ਦੀਆਂ ਲੱਖਾਂ ਸ਼ੀਲਾਵਾਂ ਨੂੰ ਪੈਰੀਂ ਲਿਤਾੜਦੇ ਲੰਘ ਰਹੇ ਹੋਣ। ਕਹਾਣੀ `ਇੱਕ ਦਿਲ ਟੁਕੜੇ-ਟੁਕੜੇ` ਦੋ ਭਾਈਚਾਰਿਆਂ ਅੰਦਰ ਗੂਹੜੀ ਸਾਂਝ ਅਤੇ ਸੰਤਾਲ਼ੀ ਦੇ ਸੰਤਾਪ ਦਾ ਅੱਖੀਂ ਦੇਖਿਆ ਦ੍ਰਿਸ਼ ਪੇਸ਼ ਕਰਦੀ ਹੈ।
ਦੂਜੀ ਪੁਸਤਕ `ਜਿਊਣ ਜੋਗੇ`ਇੱਕੀ ਕਹਾਣੀਆਂ ਦਾ ਸੰਗ੍ਰਹਿ ਹੈ , ਇਸ ਦੇ 125 ਸਫ਼ੇ ਹਨ। ਗੁਰਦਿਆਲ ਸਿੰਘ ਆਪਣੇ ਇੱਕ ਨਾਵਲ ਵਿਚ ਆਪਣੇ ਪਾਤਰਾਂ ਨੂੰ ਅਣਹੋਏ ਦੱਸਦਾ ਹੈ ਪਰ ਇੱਥੇ ਸਰਦੂਲ ਆਪਣੇ ਪਾਤਰਾਂ ਨੂੰ ਹਾਂ-ਪੱਖੀ ਨਜ਼ਰੀਏ ਰਾਹੀਂ ਜਿਊਣ ਜੋਗੇ ਮੰਨਦਾ ਹੈ। ਇਨ੍ਹਾਂ ਕਹਾਣੀਆਂ ਵਿੱਚੋਂ ਵੀ ਮਿੱਟੀ ਦੀ ਮਹਿਕ ਆਉਂਦੀ ਹੈ। ਪਿੰਡਾਂ ਦਾ ਸਮਾਜਿਕ ਤਾਣਾ-ਬਾਣਾ, ਨਿੱਤ ਵਾਪਰਦੀਆਂ ਘਟਨਾਵਾਂ, ਆ ਰਹੀ ਤਬਦੀਲੀ, ਪਰਵਾਸ, ਰਿਸ਼ਤੇ ਵਗੈਰਾ ਆਪਣੇ ਅਸਲੀ ਰੰਗ ਵਿਚ ਪੇਸ਼ ਹਨ। ਕਹਾਣੀ `ਦੇਸ ਵਿਚਲਾ ਪਰਦੇਸ` ਯੂ.ਪੀ., ਬਿਹਾਰ ਤੋਂ ਆਏ ਭਈਆ ਪਰਿਵਾਰ ਬਾਰੇ ਆਮ ਲੋਕਾਂ ਦੀ ਹਮਦਰਦੀ ਪਰ ਉਨ੍ਹਾਂ ਨੂੰ ਕਿਸੇ ਹੱਦ ਤੱਕ ਭੇਦ-ਭਾਵ ਭਰੀ ਨਜ਼ਰ ਨਾਲ਼ ਸ਼ੱਕੀ ਅਤੇ ਮੁਜਰਮ ਕਰਾਰ ਦੇਣ ਦੇ ਵਰਤਾਰੇ ਨੂੰ ਸਾਮਰਤੱਖ ਕਰਦੀ ਹੈ। ਪੁਲੀਸ ਦਾ ਸਤਾਇਆ ਹੋਇਆ ਪਰਿਵਾਰ ਵਾਪਸ ਯੂ.ਪੀ. ਚਲਾ ਜਾਂਦਾ ਹੈ ਅਤੇ ਛੋਟੂ ਰਾਮ ਉਧਰੋਂ ਹੀ ਫ਼ੋਨ ਕਰ ਕੇ ਕਹਿੰਦਾ ਹੈ,“ਅਪਨਾ ਦੇਸ ਅਪਨਾ ਹੀ ਹੋਤਾ ਹੈ“। ਇਹ ਇੱਕ ਸਚਾਈ ਹੈ। ਗ਼ੁਰਬਤ ਦੀ ਮਾਰੀ ਔਰਤ ਬਾਰੇ ਨਿਹਾਲੋ ਕਹਿੰਦੀ ਹੈ,“ਰੱਬ ਵੀ ਕੁੜੇ ਬੰਦਾ ਹੋਵੇ“। ਇਹ ਧਾਰਮਿਕ ਵਿਸ਼ਵਾਸ `ਤੇ ਕਰਾਰੀ ਚੋਟ ਹੈ। `ਮੀਤਾ ਸਰਦਾਰ` ਵਿਚ ਹਰੇ ਇਨਕਲਾਬ ਸਮੇਂ ਬਦਲਦੇ ਖੇਤੀ ਦੇ ਧੰਦੇ ਦੀ ਤਸਵੀਰ ਹੈ ਜਿੱਥੇ ਝੋਨਾ ਲਾਉਣ ਲਈ ਹਰ ਸਾਲ ਯੂ.ਪੀ. ਬਿਹਾਰ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਖੇਤ-ਮਜ਼ਦੂਰ ( ਭਈਏ ) ਪੰਜਾਬ ਆਉਂਦੇ ਹਨ। ਖੇਤੀ ਦੀਆਂ ਲਾਗਤਾਂ ਵਧਣ ਅਤੇ ਜਿਨਾਂ ਦੇ ਭਾਅ ਲਾਹੇਵੰਦ ਨਾ ਹੋਣ ਕਾਰਨ ਕਿਸਾਨ ਕਰਜ਼ੇ ਦੀ ਮਾਰ ਹੇਠ ਆ ਰਹੇ ਹਨ ਅਤੇ ਬਹੁਤ ਗਿਣਤੀ ਵਿਚ ਖ਼ੁਦਕੁਸ਼ੀਆਂ ਕਰ ਰਹੇ ਹਨ। ਕਹਾਣੀ `ਪਟੜੀ ਪਟੜੀ` ਪੈਨਸ਼ਨ ਆਏ ਫੌਜੀ ਦੀ ਪ੍ਰਤੀਨਿਧ ਕਹਾਣੀ ਹੈ। ਵਿਖਾਇਆ ਗਿਆ ਹੈ ਕਿਵੇਂ ਉਹ ਹੱਡ-ਭੰਨਵੀਂ ਮਿਹਨਤ ਕਰ ਕੇ ਗੁਜ਼ਾਰੇ ਜੋਗਾ ਹੁੰਦਾ ਹੈ, ਕਿਵੇਂ ਉਸ ਦੇ ਪਰਦੇਸ ਗਏ ਪੁੱਤ ਨੂੰ ਕਾਹਲ਼ੀ ਹੈ ਕਿ ਜ਼ਮੀਨ ਵੇਚ ਦੇਵੇ ਪਰ ਫੌਜੀ ਬਿੱਕਰ ਸਿਹੁੰ ਜੱਦੀ ਜ਼ਮੀਨ ਨਾ ਵੇਚਣ ਦਾ ਫੈਸਲਾ ਕਰ ਕੇ ਹੌਸਲੇ ਅਤੇ ਸ੍ਵੈਵਿਸ਼ਵਾਸ ਨਾਲ਼ ਰਹਿੰਦਾ ਹੈ। ਬਿੱਕਰ ਸਿੰਘ ਬਾਰੇ ਪਤੀ-ਪਤਨੀ ਦੇ ਆਦਰਸ਼ ਮੋਹ-ਪਿਆਰ ਅਤੇ ਤਿਆਗ ਦੀ ਭਾਵਨਾ ਦਾ ਪ੍ਰਗਟਾਵਾ ਹਰਮੇਲ ਕੌਰ ਮੁਕੰਦ ਸਿੰਘ ਕੋਲ਼ ਇਉਂ ਕਰਦੀ ਹੈ,“ਮੈਨੂੰ ਇਹ ਚਾਹੀਦੇ ਹਨ, ਪੁੱਤ ਬਾਅਦ `ਚ ਹੁੰਦਾ“। ਕਹਾਣੀ `ਮੋਹ ਦੀਆਂ ਗੰਢਾਂ` ਵਿਚ ਸਮਾਜ ਅੰਦਰ ਕੁੜੀਆਂ ਪ੍ਰਤੀ ਨਜ਼ਰੀਆ, ਨਸ਼ੇ ਦੀ ਮਾਰ ਅਤੇ ਮੋਹ ਭਰੇ ਸ਼ਬਦਾਂ ਦੇ ਅਸਰ ਨੂੰ ਉਜਾਗਰ ਕੀਤਾ ਹੈ। ਕਰਮੇ ਦੀ ਵਹੁਟੀ ਦੋ ਕੁੜੀਆਂ ਜੰਮਣ ਬਾਰੇ ਲੋਕਾਂ ਦੇ ਨਜ਼ਰੀਏ ਨੂੰ ਨਕਾਰਦੀ ਹੋਈ ਕਹਿੰਦੀ ਹੈ, “ਬੀਬੀ ਜੀ, ਇਹ ਆਪਣੀ ਨਾਲ਼ ਲੈ ਕੇ ਆਈਆਂ, ਆਪਾਂ ਵੀ ਕੁੜੀਆਂ ਈ ਆਂ ਕਿਸੇ ਦੀਆਂ“। ਸੱਚੇ ਮੋਹ-ਪਿਆਰ ਦੀ ਤਾਕਤ ਬੜੇ ਮਨੋਵਿਗਿਆਨਕ ਢੰਗ ਨਾਲ਼ ਦਰਸਾਈ ਹੈ, “ਮੈਂ ਉਸ ਦਾ ਹੱਥ ਫੜ ਕੇ ਉਹ ਕੁੱਝ ਕਿਹਾ ਜੋ ਬੰਦੇ ਦਾ ਨਵਾਂ ਜਨਮ ਕਰਾ ਦਿੰਦਾ। ਮੈਂ ਆਪਣੇ ਹੱਥਾਂ ਨਾਲ਼ ਬੋਲੀ, ਜੀਭ ਨਾਲ਼ ਨਹੀਂ“। ਤੇ ਕਰਮੇ ਨੇ ਨਸ਼ੇ ਛੱਡ ਦਿੱਤੇ।
`ਮੋਹ ਮਾਰੇ ਲੋਕ` ਵਿਚ ਮਨੁੱਖੀ ਸੁਭਾਅ ਦਾ ਨਮੂਨਾ – ਇਕੱਲਾ ਤਾਂ ਪਸ਼ੂ ਵੀ ਓਦਰ ਜਾਂਦਾ। `ਰੌਸ਼ਨਦਾਨ` ਵਿਚ – ਮੈਨੂੰ ਕੀ ਹੋਣਾ ਸੀ ਜੇ ਜਿਉਂਦੀ ਰਹਿੰਦੀ ਰੱਬ ਦੀ ਬੰਦੀ। `ਨਿੰਮ ਕੋਲ਼ੇ`ਵਿਚ ਪਿੰਡਾਂ ਦਾ ਉਸ ਵੇਲ਼ੇ ਦਾ ਭਾਈਚਾਰਕ ਮਾਹੌਲ ਹੈ – ਕਿਵੇਂ ਤੀਆਂ ਲਗਦੀਆਂ, ਪੀਂਘਾਂ ਪੈਂਦੀਆਂ, ਗੌਣ ਲਗਦੇ, ਨਕਲੀਏ ਮਨ-ਪਰਚਾਵਾ ਕਰਦੇ। ਸੰਤਾਲ਼ੀ ਦੀ ਵੰਡ ਵੇਲ਼ੇ ਕਿਵੇਂ ਲੋਕਾਂ ਦਾ ਖ਼ੂਨ ਚਿੱਟਾ ਹੋਇਆ। ਵਹਿਸ਼ਤ ਅਤੇ ਹਮਦਰਦੀ ਦੋਵੇਂ ਤਰ੍ਹਾਂ ਦੇ ਕਿਰਦਾਰ ਵਿਖਾਏ ਗਏ ਹਨ। `ਕਤੂਰਾ` ਵਿਚ ਇਨਸਾਨ ਅਤੇ ਜਾਨਵਰ ਵਿਚਲੇ ਕੁਦਰਤੀ ਪਿਆਰ ਦੇ ਰਿਸ਼ਤੇ ਨੂੰ ਉਭਾਰਿਆ ਹੈ। ਤਕਨੀਕ ਪੱਖੋਂ ਕਹਾਣੀ ਦਾ ਸਿਖਰ ਅਤੇ ਅੰਤ ਕਮਾਲ ਦਾ ਹੈ। ਜਦੋਂ ਗੁਰਦੁਆਰੇ ਅਰਦਾਸ ਹੋ ਰਹੀ ਹੈ ਤਾਂ ਤੇਜਾ ਜ਼ਖ਼ਮੀ ਕਤੂਰੇ ਦੀ ਸਲਾਮਤੀ ਲਈ ਅਰਦਾਸ ਕਰ ਰਿਹਾ ਹੈ – ਦਾਤਿਆ, ਜਿਵੇਂ ਮੋੜਿਆ ਉਵੇਂ ਠੀਕ ਵੀ ਕਰਦੇ ਦਰਵੇਸ਼ ਨੂੰ। ਕਹਾਣੀ `ਵੀਰ ਜੀ` ਮਨੁੱਖ ਦੀਆਂ ਪਵਿੱਤਰ ਸਦੀਵੀ ਭਾਵਨਾਵਾਂ ਦੀ ਤਰਜਮਾਨੀ ਕਰਦੀ ਹੈ। ਇੱਕ ਨਰਸ, ਜਿਸ ਦਾ ਭਰਾ ਐਕਸੀਡੈਂਟ ਸਮੇਂ ਸਦੀਵੀ ਵਿਛੋੜਾ ਦੇ ਗਿਆ ਸੀ, ਹਸਪਤਾਲ਼ ਵਿਚ ਦਾਖਲ ਐਕਸੀਡੈਂਟ ਦੇ ਮਰੀਜ਼ ਨਿਰਮਲ ਵਿਚ ਆਪਣੇ ਵੀਰ ਦਾ ਅਕਸ ਵੇਖਦੀ ਹੈ। ਇਸ ਕਿਰਦਾਰ ਅਤੇ ਭਾਵਨਾ ਨੂੰ ਬਹੁਤ ਹੀ ਜੁਗਤ ਅਤੇ ਬਾਰੀਕੀ ਨਾਲ਼ ਦਰਸਾਇਆ ਗਿਆ ਹੈ।
ਪੰਜਾਬ ਵਿਚ ਹਰਾ ਇਨਕਲਾਬ ਆਉਣ ਤੋਂ ਪਹਿਲਾਂ ਕੁਦਰਤੀ ਵਸੀਲਿਆਂ, ਦੇਸੀ ਢੰਗਾਂ ਅਤੇ ਸੰਦਾਂ ਨਾਲ਼ ਖੇਤੀ ਹੁੰਦੀ ਸੀ। ਉਦੋਂ ਊਠ ਤੇ ਬਲਦਾਂ ਤੋਂ ਵਾਹੀ-ਢੁਆਈ ਦਾ ਕੰਮ ਲਿਆ ਜਾਂਦਾ ਸੀ। ਇਸੇ ਸਮੇਂ ਦਾ ਬ੍ਰਿਤਾਂਤ ਹੈ ਕਹਾਣੀ `ਮੀਣਾ` ਵਿਚ। ਮੀਣੇ ਬਲਦ ਦੀ ਕਮਾਈ ਦੀ ਕਦਰ ਪਾਈ ਗਈ ਹੈ। ਉਦੋਂ ਹੁਣ ਵਾਂਗ ਵੱਡੀ ਉਮਰ ਦੇ ਬੈਲਾਂ ਨੂੰ ਅਣਗੌਲ਼ਿਆ ਨਹੀਂ ਸੀ ਜਾਂਦਾ ਸਗੋਂ ਗਊ ਦੇ ਜਾਇਆਂ ਦੀ ਪਹਿਲਾਂ ਵਾਂਗ ਹੀ ਸਾਂਭ-ਸੰਭਾਲ਼ ਕੀਤੀ ਜਾਂਦੀ ਸੀ। ਅਜਿਹੇ ਹੀ ਇੱਕ ਮੀਣੇ ਬਲਦ ਨੂੰ ਕਿਸਾਨੀ ਪਰਿਵਾਰ ਵਾਹੀ ਛੱਡਣ ਬਾਦ ਵੀ ਆਪਣੇ ਮੈਂਬਰ ਵਜੋਂ ਸਾਂਭਦਾ ਹੈ। ਜਦੋਂ ਉਸ ਦੀ ਮੌਤ ਹੁੰਦੀ ਹੈ ਤਾਂ ਘਰ ਦੇ ਦਰਵਾਜ਼ੇ ਅੰਦਰ ਟੋਆ ਪੁੱਟ ਕੇ ਦਫ਼ਨਾਇਆ ਜਾਂਦਾ ਹੈ। ਇੱਥੋਂ ਤੱਕ ਕਿ ਵਿਦੇਸ਼ੀਂ ਵਸਦਾ ਪੁੱਤਰ ਇਸ ਘਰ ਦੀ ਥਾਂ `ਤੇ ਸ਼ਾਨਦਾਰ ਕੋਠੀ ਪਾਉਂਦਾ ਹੈ ਜਿਸ ਦੀ ਛੱਤ ਉੱਤੇ ਮੀਣੇ ਬਲਦ ਦਾ ਵੱਡ-ਆਕਾਰੀ ਬੁੱਤ ਸਜਾਇਆ ਜਾਂਦਾ ਹੈ। ਕਹਾਣੀ ਦਾ ਵਿਸ਼ਾ, ਵਸਤੂ, ਉਸਾਰੀ, ਸਿਖਰ ਅਤੇ ਅੰਤ ਸ਼ਲਾਘਾਯੋਗ ਹੈ । ਮਨੁੱਖ ਅਤੇ ਜਾਨਵਰ ਦੇ ਰਿਸ਼ਤੇ ਅਤੇ ਕਿਰਤ ਦੀ ਕਦਰ ਨੂੰ ਕੁਦਰਤੀ ਸਿਰਜਣਾ ਦੀ ਇਕਮਿਕਤਾ ਨਾਲ਼ ਜੋੜਿਆ ਗਿਆ ਹੈ। ਪਿੰਡਾਂ ਵਿਚ ਪਾਰੰਪ੍ਰਿਕ ਆਪਸੀ ਸਾਂਝ, ਪੇਕਿਆਂ ਦਾ ਹੇਰਵਾ, ਜੱਟ-ਸੀਰੀ ਦਾ ਭਰਾਵਾਂ ਵਰਗਾ ਰਿਸ਼ਤਾ, ਇਹ ਸਭ `ਭੁਲਦੇ ਨਹੀਂ ਪੇਕੇ` ਵਿਚ ਬੜੀ ਜੁਗਤ ਨਾਲ਼ ਉਜਾਗਰ ਕੀਤਾ ਗਿਆ ਹੈ। ਕਹਾਣੀ `ਲੰਗੋਟੀਏ ਯਾਰ` ਕਰੋਨਾ ਮਹਾਂਮਾਰੀ (2019-20) ਦੇ ਦਿਨਾਂ ਦੀ ਯਾਦ ਤਾਜ਼ਾ ਕਰਾਉਂਦੀ ਹੈ। ਕਿਵੇਂ ਲਾਕ-ਡਾਊਨ ਹੋਣ ਕਰ ਕੇ ਜਨ-ਜੀਵਨ ਉਲਟ-ਪੁਲਟ ਹੋ ਗਿਆ ਸੀ, ਕਿਵੇਂ ਉਪਰੋਥਲੀ ਮੌਤਾਂ ਹੋ ਰਹੀਆਂ ਸਨ, ਕਿਵੇਂ ਸਕੇ ਸੰਬੰਧੀ ਵੀ ਸਸਕਾਰ ਕਰਨ ਜਾਣ ਤੋਂ ਇਨਕਾਰੀ ਹੋ ਗਏ ਸਨ। ਅਜਿਹੇ ਸਮੇਂ ਗੇਬੇ ਦੀ ਮੌਤ ਮਗਰੋਂ ਉਸ ਦੇ ਸਸਕਾਰ ਲਈ ਉਸ ਦਾ ਪੁੱਤ ਨਹੀਂ ਜਾਂਦਾ ਪਰ ਉਸ ਦਾ ਲੰਗੋਟੀਆ ਯਾਰ ਮ੍ਹਿੰਦਾ ਜਾਂਦਾ ਹੈ। ਕਿਵੇਂ ਆਫ਼ਤਾਂ ਮਨੁੱਖੀ ਕਿਰਦਾਰ ਅਤੇ ਰਿਸ਼ਤਿਆਂ ਨੂੰ ਪ੍ਰਭਾਵਿਤ ਕਰਦੀਆਂ ਹਨ। `ਖੋਲ਼ੇ` ਨਾਂ ਦੀ ਕਹਾਣੀ ਪਿੰਡਾਂ ਦੀ ਨੁਹਾਰ ਵਿਚ ਆਈ ਭਾਰੀ ਤਬਦੀਲੀ ਦੀ ਸੂਚਕ ਹੈ। ਹਰਾ ਇਨਕਲਾਬ ਆਉਣ ਨਾਲ਼, ਸੰਘਣੀ ਖੇਤੀ ਕਰਨ ਨਾਲ਼, ਨਵੇਂ ਸਾਧਨ ਜੁਟਾਉਣ ਨਾਲ਼ ਘਰ ਪੱਕੇ ਹੋ ਗਏ, ਭਰਤ ਪਾ ਕੇ ਸਰਦੇ-ਬਰਦੇ ਲੋਕਾਂ ਦੇ ਵਿਹੜੇ ਉੱਚੇ ਹੋ ਗਏ, ਗਲ਼ੀਆਂ ਉੱਚੀਆਂ ਹੋ ਗਈਆਂ। ਮਸ਼ੀਨੀਕਰਨ ਨੇ ਦਸਤਕਾਰੀ ਨੂੰ ਤਕੜੀ ਢਾਹ ਲਾਈ। ਜਮੀਤਾ ਜੁਲਾਹਾ ਵਿਹਲਾ ਹੋ ਗਿਆ। ਉਸ ਦਾ ਕੱਚਾ ਘਰ ਨੀਵਾਂ ਹੋ ਗਿਆ। ਸ਼ਹਿਰ ਵਿਚ ਰਹਿੰਦੀ ਧੀ ਪਿੰਡ ਛੱਡਣ ਦੀ ਸਲਾਹ ਦਿਦੀ ਹੈ ਜੋ ਜਮੀਤੇ ਲਈ ਅਸਹਿ ਹੈ। ਕਹਾਣੀ ਦਾ ਅੰਤ ਦੁਖਾਂਤਮਈ ਹੈ ਪਰ ਚਿਤਰਿਆ ਦ੍ਰਿਸ਼ ਬੜਾ ਤਕੜਾ ਪ੍ਰਭਾਵ ਛਡਦਾ ਹੈ – ਜਮੀਤੇ ਦਾ ਇੱਕ ਹੱਥ ਹਿੱਕ ਉੱਤੇ ਸੀ ਤੇ ਦੂਜਾ ਘਰ ਦੀ ਦੇਹਲ਼ੀ `ਤੇ।
ਇਹ ਕਹਾਣੀਆਂ ਧਰਾਤਲ ਨਾਲ਼ ਜੁੜੀਆਂ ਹੋਈਆਂ ਹਨ, ਪੇਂਡੂ ਜੀਵਨ ਦੀ ਸਹੀ ਤਰਜਮਾਨੀ ਕਰਦੀਆਂ ਹਨ ਅਤੇ ਆਪਣੇ ਸਮੇਂ ਦਾ ਇਤਿਹਾਸ ਹਨ। ਪਾਤਰ ਅਣਹੋਏ ਵਰਗੇ ਹੁੰਦਿਆਂ ਵੀ ਜਿਊਣ ਜੋਗੇ ਹਨ। ਭਾਸ਼ਾ ਨਿਰੋਲ ਪੇਂਡੂ ਹੈ। ਜ਼ਮੀਨੀ ਪੱਧਰ ਦੀ ਬੋਲੀ ਅਨੇਕਾਂ ਸ਼ਬਦਾਂ ਅਤੇ ਮੁਹਾਵਰਿਆਂ ਨਾਲ਼ ਕਥਾ ਨੂੰ ਰੌਚਿਕ ਬਣਾਉਂਦੀ ਹੈ ਮਿਸਾਲ ਵਜੋਂ – ਬਿੜਕ ਲੈਣੀ, ਭਰਿੰਡਾਂ ਦੀ ਖੱਖਰ, ਦੱਦ ਲਾਉਣਾ, ਡੱਕਾ ਦੂਹਰਾ ਨਾ ਕਰਨਾ, ਵਾਹਣੀਂ ਪਾਈ ਫਿਰਨਾ, ਤੜਾਗੀਆਂ ਆਲ਼ੇ, ਲਾਂਗਾ, ਬੱਕਰੀਆਂ ਛਿਛਕੇਰਤੀਆਂ, ਬੁਸ਼ਕਰਨਾ, ਬੁਖਾਰ ਦਾ ਭਮਾਰਾ, ਮੀਣਾ, ਨਾਰਾ ਆਦਿ। ਨਾ ਪਾਤਰ ਬਨਾਉਟੀ ਲਗਦੇ ਹਨ ਨਾ ਮਾਹੌਲ ਨਾ ਘਟਨਾਵਾਂ ਤੇ ਨਾ ਬੋਲ-ਚਾਲ। ਕਹਾਣੀਆਂ ਦੀ ਤੋਰ ਸਹਿਜ ਅਤੇ ਆਪ-ਮੁਹਾਰੀ ਹੈ। ਕਿਤੇ ਵੀ ਪਾਠਕ ਨੂੰ ਅਕੇਵਾਂ ਨਹੀਂ ਲਗਦਾ।
ਕਹਿਣਾ ਉਚਿਤ ਹੈ ਕਿ ਇਹ ਦੋਵੇਂ ਪੁਸਤਕਾਂ ਲੇਖਕ ਨੂੰ ਸਫਲ ਕਹਾਣੀਕਾਰ ਵਜੋਂ ਸਥਾਪਿਤ ਕਰਦੀਆਂ ਹਨ ਅਤੇ ਉਸ ਤੋਂ ਹੋਰ ਵੀ ਮਿਆਰੀ ਕਹਾਣੀਆਂ ਦੀ ਸਿਰਜਣਾ ਦੀ ਉਮੀਦ ਬੰਨ੍ਹਾਉਂਦੀਆਂ ਹਨ।