Headlines

ਨਾਮਵਰ ਸ਼ਾਇਰ ਨਦੀਮ ਪਰਮਾਰ ਦੇ ਸਦੀਵੀ ਵਿਛੋੜੇ ‘ਤੇ ਸਾਹਿਤਕਾਰਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

26 ਅਪ੍ਰੈਲ ਨੂੰ ਡੈਲਟਾ ਵਿਖੇ ਹੋਵੇਗਾ ਮਰਹੂਮ ਸ਼ਾਇਰ ਦਾ ਅੰਤਿਮ ਸੰਸਕਾਰ-

ਸਰੀ, 22 ਅਪ੍ਰੈਲ (ਹਰਦਮ ਮਾਨ)-ਉਰਦੂ ਅਤੇ ਪੰਜਾਬੀ ਦੇ ਨਾਮਵਰ ਸਾਹਿਤਕਾਰ ਨਦੀਮ ਪਰਮਾਰ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ। ਉਹ 88 ਵਰ੍ਹਿਆਂ ਦੇ ਸਨ ਅਤੇ ਪੰਜਾਬੀ ਲੇਖਕ ਮੰਚ ਵੈਨਕੂਵਰ ਦੇ ਲੰਮੇ ਸਮੇਂ ਤੋਂ ਸਰਗਰਮ ਮੈਂਬਰ ਸਨ। ਉਨ੍ਹਾਂ ਆਪਣਾ ਸਾਹਿਤਕ ਸਫਰ ਉਰਦੂ ਗ਼ਜ਼ਲ ਤੋਂ ਕੀਤਾ ਅਤੇ ਫਿਰ ਪੰਜਾਬੀ ਗ਼ਜ਼ਲ ਵੱਲ ਰੁਖ਼ ਕੀਤਾ। ਉਹ ਗ਼ਜ਼ਲ ਅਤੇ ਪਿੰਗਲ-ਅਰੂਜ਼ ਦੇ ਮਾਹਿਰ ਸਨ। ਗ਼ਜ਼ਲ ਦੇ ਨਾਲ ਨਾਲ ਉਨ੍ਹਾਂ ਨਾਵਲ ਅਤੇ ਕਹਾਣੀਆਂ ਦੀ ਰਚਨਾ ਵੀ ਕੀਤੀ। ਉਨ੍ਹਾਂ ਦੇ 11 ਨਾਵਲ ਪ੍ਰਕਾਸ਼ਿਤ ਹੋ ਚੁੱਕੇ ਹਨ। ਨਾਮਵਰ ਗ਼ਜ਼ਲ ਗਾਇਕ ਜਗਜੀਤ ਸਿੰਘ ਵੱਲੋਂ ਉਨ੍ਹਾਂ ਦੀ ਗ਼ਜ਼ਲ ‘ਜ਼ਖ਼ਮ ਮਿਲੇ ਤੋ ਸੀ ਲੇਤੇ ਹੈਂ, ਅਸ਼ਕ ਮਿਲੇ ਤੋ ਪੀ ਲੇਤੇ ਹੈਂ’ ਨੂੰ ਆਪਣਾ ਸੁਰ ਦੇਣਾ ਅਤੇ ਵੈਨਕੂਵਰ ਵਿਖੇ ਆਪਣੇ ਇਕ ਸਮਾਗਮ ਦੌਰਾਨ ਉਨ੍ਹਾਂ ਨੂੰ ਸਟੇਜ ‘ਤੇ ਬੁਲਾ ਕੇ ਵਡੇਰਾ ਮਾਣ ਦੇਣਾ ਉਨ੍ਹਾਂ ਲਈ ਸਭ ਤੋਂ ਵੱਡੀ ਸਾਹਿਤਕ ਪ੍ਰਾਪਤੀ ਰਹੀ। ਉਨ੍ਹਾਂ ਨੂੰ ਕਈ ਸੰਸਥਾਵਾਂ ਵੱਲੋਂ ਮਾਣ ਸਨਮਾਨ ਦਿੱਤੇ ਗਏ।

ਉਨ੍ਹਾਂ ਦੇ ਰੁਖ਼ਸਤ ਹੋ ਜਾਣ ‘ਤੇ ਵੈਨਕੂਵਰ, ਸਰੀ ਅਤੇ ਕੈਨੇਡਾ ਦੇ ਸਾਹਿਤਕਾਰਾਂ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਵੈਨਕੂਵਰ ਵਿਚਾਰ ਮੰਚ ਦੇ ਆਗੂ ਮੋਹਨ ਗਿੱਲ, ਅੰਗਰੇਜ਼ ਬਰਾੜ, ਪਰਮਜੀਤ ਸਿੰਘ ਸੇਖੋਂ, ਸ਼ਾਇਰ ਪਾਲ ਢਿੱਲੋਂ (ਵਰਨਣ), ਗ਼ਜ਼ਲ ਮੰਚ ਸਰੀ ਦੇ ਨਾਮਵਰ ਸ਼ਾਇਰ ਜਸਵਿੰਦਰ, ਰਾਜਵੰਤ ਰਾਜ, ਹਰਦਮ ਸਿੰਘ ਮਾਨ, ਦਵਿੰਦਰ ਗੌਤਮ, ਪ੍ਰੀਤ ਮਨਪ੍ਰੀਤ, ਦਸ਼ਮੇਸ਼ ਗਿੱਲ, ਗੁਰਮੀਤ ਸਿੱਧੂ, ਸੁਖਜੀਤ ਕੌਰ ਤੇ ਬਲਦੇਵ ਸੀਰਾ, ਪੰਜਾਬੀ ਲੇਖਕ ਮੰਚ ਵੈਨਕੂਵਰ ਦੇ ਅਮਰੀਕ ਪਲਾਹੀ, ਅਜਮੇਰ ਰੋਡੇ, ਸੁਰਜੀਤ ਕਲਸੀ, ਜਸਬੀਰ ਮਾਨ, ਹਰਕੀਰਤ ਕੌਰ ਚਾਹਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਿਤਪਾਲ ਗਿੱਲ, ਸੁਰਜੀਤ ਸਿੰਘ ਮਾਧੋਪੁਰੀ, ਪਲਵਿੰਦਰ ਰੰਧਾਵਾ, ਚਰਨ ਸਿੰਘ, ਸਾਹਿਤ ਸਭਾ ਸਰੀ ਦੇ ਇੰਦਰਜੀਤ ਧਾਮੀ, ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਦੇ ਸੰਚਾਲਕ ਸਤੀਸ਼ ਗੁਲਾਟੀ, ਨਵਨੀਤ ਕੌਰ ਵਿਨੀਪੈੱਗ, ਦੇਸ ਪ੍ਰਦੇਸ ਟਾਈਮਜ਼ ਦੇ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ, ਤਰਲੋਚਨ ਤਰਨਤਾਰਨ ਅਤੇ ਰਣਧੀਰ ਢਿੱਲੋਂ ਨੇ ਵੱਖ ਵੱਖ ਬਿਆਨਾਂ ਰਾਹੀਂ ਮਰਹੂਮ ਨਦੀਮ ਪਰਮਾਰ ਵੱਲੋਂ ਪੰਜਾਬੀ ਸਾਹਿਤ ਅਤੇ ਵਿਸ਼ੇਸ਼ ਕਰ ਕੇ ਕੈਨੇਡੀਅਨ ਪੰਜਾਬੀ ਸਾਹਿਤ ਵਿਚ ਪਾਏ ਵੱਡਮੁੱਲੇ ਯੋਗਦਾਨ ਨੂੰ ਸਿਜਦਾ ਕਰਦਿਆਂ ਕਿਹਾ ਹੈ ਕਿ ਪਰਮਾਰ ਸਾਹਿਬ ਆਪਣੀਆਂ ਰਚਨਾਵਾਂ ਨਾਲ ਹਮੇਸ਼ਾ ਪੰਜਾਬੀ ਸਾਹਿਤ ਪ੍ਰੇਮੀਆਂ ਦੇ ਦਿਲਾਂ ਵਿਚ ਧੜਕਦੇ ਰਹਿਣਗੇ।

ਪਰਿਵਾਰ ਵੱਲੋਂ ਮਿਲੀ ਸੂਚਨਾ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ 26 ਅਪ੍ਰੈਲ 2025 (ਸਨਿੱਚਰਵਾਰ) ਨੂੰ ਬਾਅਦ ਦੁਪਹਿਰ 3 ਵਜੇ ਰਿਵਰਸਾਈਡ ਫਿਊਨਰਲ ਹੋਮ (7410 ਹੌਪਕੌਟ ਰੋਡ) ਡੈਲਟਾ ਵਿਖੇ ਹੋਵੇਗਾ ਅਤੇ ਉਪਰੰਤ ਅਕਾਲੀ ਸਿੰਘ ਗੁਰਦੁਆਰਾ ਵੈਨਕੂਵਰ (1890 ਸਕੀਨਾ ਰੋਡ) ਵਿਚ ਭੋਗ ਪਾਇਆ ਜਾਵੇਗਾ ਅਤੇ ਅੰਤਿਮ ਅਰਦਾਸ ਹੋਵੇਗੀ।

Leave a Reply

Your email address will not be published. Required fields are marked *