*ਭਾਈ ਕਾਦੀਆਂ ਨੇ ਆਪਣੀ ਮਾਂ ਤੋਂ ਵਿਛੜ ਕੇ ਗੁਜ਼ਾਰੇ 35 ਸਾਲਾਂ ਦੀ ਦਾਸਤਾਂ ਕੀਤੀ ਸਾਂਝੀ-
ਲੈਸਟਰ(ਇੰਗਲੈਂਡ),22ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-35 ਸਾਲ ਬਾਅਦ ਆਪਣੀ ਮਾਂ ਨੂੰ ਮਿਲਣ ਵਾਲੇ ਗੁਰਦਾਸਪੁਰ ਜਿਲੇ ਦੇ ਕਸਬਾ ਕਾਦੀਆਂ ਨਾਲ ਸੰਬੰਧਿਤ ਪ੍ਰਸਿੱਧ ਰਾਗੀ ਭਾਈ ਜਗਜੀਤ ਸਿੰਘ ਕਾਦੀਆਂ ਇਸ ਵੇਲੇ ਆਪਣੇ ਕੀਰਤਨੀ ਜਥੇ ਸਮੇਤ ਇੰਗਲੈਂਡ ਦੇ ਵੱਖ ਵੱਖ ਗੁਰੂ ਘਰਾਂ ਚ ਕੀਰਤਨ ਰਾਹੀਂ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ। ਉਨਾਂ ਨੇ ਆਪਣੀ ਇੰਗਲੈਂਡ ਫੇਰੀ ਦੌਰਾਨ ਵਿਸ਼ੇਸ਼ ਤੌਰ ਤੇ ਅਜੀਤ ਨਾਲ ਗੱਲਬਾਤ ਕਰਦਿਆਂ ਜਿੱਥੇ ਆਪਣੀ ਹੱਡ ਬੀਤੀ ਸੁਣਾਈ ਉੱਥੇ ਆਪਣੀ ਮਾਂ ਨਾਲੋਂ ਵਿਛੜ ਕੇ ਗੁਜਾਰੇ 35 ਸਾਲਾ ਦੀ ਦਾਸਤਾਨ ਵੀ ਬਿਆਨ ਕੀਤੀ। ਭਾਈ ਕਾਦੀਆਂ ਨੇ ਦੱਸਿਆ ਕਿ ਉਹ ਤਕਰੀਬਨ ਛੇ ਮਹੀਨੇ ਦੇ ਸਨ ਜਦ ਉਹਨਾਂ ਦੇ ਮਾਤਾ ਅਤੇ ਪਿਤਾ ਦਾ ਦੇਹਾਂਤ ਹੋ ਗਿਆ। ਉਨਾਂ ਦੇ ਮਾਤਾ ਪਿਤਾ ਦੇ ਦਿਹਾਂਤ ਤੋਂ ਬਾਅਦ ਉਨਾਂ ਦੇ ਦਾਦਾ ਦਾਦੀ ਨੇ ਹੀ ਇਹਨਾਂ ਨੂੰ ਪਾਲਿਆ ਤੇ ਪਾਲ ਪੋਸ਼ ਕੇ ਵੱਡਾ ਕੀਤਾ। ਜਦ ਉਹ ਦਸਵੀਂ ਜਮਾਤ ਵਿੱਚ ਪੜ੍ਹਦੇ ਸਨ ਤਾਂ ਉਹਨਾਂ ਨੂੰ ਆਪਣੇ ਘਰ ਵਿੱਚੋਂ ਇੱਕ ਐਲਬਮ ਲੱਭੀ ਜਿਸ ਵਿੱਚ ਉਹਨਾਂ ਨੂੰ ਆਪਣੇ ਮਾਤਾ ਪਿਤਾ ਦੀਆਂ ਤਸਵੀਰਾਂ ਮਿਲੀਆਂ। ਜਿਨਾਂ ਬਾਰੇ ਉਸਨੇ ਆਪਣੀ ਦਾਦੀ ਅਤੇ ਦਾਦਾ ਜੀ ਤੋਂ ਸਾਰੀ ਸੱਚਾਈ ਜਾਣੀ ਅਤੇ ਉਸ ਦੇ ਦਾਦੇ ਅਤੇ ਦਾਦੀ ਨੇ ਦੱਸਿਆ ਕਿ ਉਸ ਦਾ ਨਾਨਕਾ ਪਰਿਵਾਰ ਪਟਿਆਲਾ ਜਿਲ੍ਹੇ ਦੇ ਇੱਕ ਪਿੰਡ ਵਿੱਚ ਰਹਿ ਰਿਹਾ ਹੈ, ਜਿਸ ਬਾਰੇ ਜਾਣਨ ਲਈ ਉਸ ਨੇ ਆਪਣੇ ਨਾਨਕੇ ਪਿੰਡ ਤੱਕ ਪਹੁੰਚ ਕੀਤੀ । ਕੁਝ ਸਾਲ ਪਹਿਲਾਂ ਪੰਜਾਬ ਚ ਆਏ ਹੜਾਂ ਦੌਰਾਨ ਉਨਾਂ ਵਲੋਂ ਖਾਲਸਾ ਏਡ ਦੇ ਵਲੰਟੀਅਰ ਵਜੋਂ ਆਰੰਭੀ ਗਈ ਸੇਵਾ ਦੌਰਾਨ ਪਟਿਆਲਾ ਜਿਲ੍ਹੇ ਦੇ ਇੱਕ ਪਿੰਡਾਂ ਚ ਸੇਵਾ ਕਰਦਿਆ ਭਾਈ ਕਾਦੀਆਂ ਨੂੰ ਆਪਣੇ ਨਾਨਕਾ ਪਿੰਡ ਚ ਰਹਿੰਦੇ ਉਸਦੇ ਨਾਨਕੇ ਪਰਿਵਾਰ ਨਾਲ ਮਿਲਾਪ ਹੋਇਆ। ਜਿਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਦੀ ਮਾਂ ਅਜੇ ਵੀ ਜ਼ਿੰਦਾ ਹੈ , ਜਿਸ ਤੋਂ ਬਾਅਦ ਭਾਈ ਕਾਦੀਆਂ ਨੇ ਦੱਸਿਆ ਕਿ ਉਸ ਨੂੰ ਆਪਣੀ ਮਾਂ ਨੂੰ ਮਿਲਣ ਦੀ ਇੱਛਾ ਜਾਗੀ। ਅਤੇ ਉਸਨੇ ਆਪਣੇ ਨਾਨਕੇ ਪਰਿਵਾਰ ਨੂੰ ਆਪਣੀ ਮਾਂ ਨੂੰ ਮਿਲਾਉਣ ਬਾਰੇ ਕਿਹਾ। ਭਾਈ ਕਾਦੀਆਂ ਨੇ ਕਿਹਾ ਕਿ ਉਸ ਦੀ ਮਾਂ ਦੀ ਦੂਸਰੀ ਸ਼ਾਦੀ ਹੋ ਜਾਣ ਕਰਕੇ ਉਹ ਆਪਣੇ ਬੱਚਿਆਂ ਸਮੇਤ ਆਪਣੇ ਸਹੁਰੇ ਪਰਿਵਾਰ ਚ ਰਹਿ ਰਹੀ ਸੀ ।ਇਸ ਲਈ ਉਸ ਦੇ ਨਾਨਕੇ ਪਰਿਵਾਰ ਨੇ ਉਸ ਦੀ ਮਾਂ ਨੂੰ ਦੂਸਰੇ ਦਿਨ ਆਪਣੇ ਪਿੰਡ ਬੁਲਾਇਆ ਅਤੇ ਮੇਰੇ ਨਾਲ ਮਿਲਾਪ ਕਰਵਾਇਆ ।ਭਾਈ ਕਾਦੀਆਂ ਨੇ ਦੱਸਿਆ ਕਿ ਜਿਸ ਦਿਨ ਮੈਂ ਆਪਣੀ ਮਾਂ ਨੂੰ ਮਿਲਣਾ ਸੀ ਉਹ ਰਾਤ ਮੇਰੇ ਲਈ ਜ਼ਿੰਦਗੀ ਸਭ ਤੋਂ ਲੰਮੀ ਰਾਤ ਸੀ। ਭਾਈ ਜਗਜੀਤ ਸਿੰਘ ਕਾਦੀਆਂ ਇੰਨੀ ਦਿਨੀ ਆਪਣੇ ਕੀਰਤਨੀ ਜਥੇ ਨਾਲ ਇੰਗਲੈਂਡ ਦੇ ਵੱਖ ਵੱਖ ਗੁਰੂ ਘਰਾਂ ਚ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ ਤੇ ਸਿੱਖੀ ਨਾਲ ਜੋੜ ਰਹੇ ਹਨ ।