Headlines

ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਤੇ ਹਿੰਦੂ ਮੰਦਿਰ ਕਮੇਟੀ ਵਲੋਂ ਫੁੱਟਪਾਊ ਤੇ ਸ਼ਰਾਰਤੀ ਅਨਸਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ

ਵੈਨਕੂਵਰ ਪੁਲਿਸ ਵਲੋਂ ਜਾਂਚ ਉਪਰੰਤ ਦੋਸ਼ੀਆਂ ਦੀ ਸ਼ਨਾਖਤ ਤੇ ਕਾਰਵਾਈ ਦਾ ਭਰੋਸਾ-

ਵੈਨਕੂਵਰ ਗੁਰੂ ਘਰ ਅਤੇ ਹਿੰਦੂ ਮੰਦਿਰ ਸਰੀ ਦੇ ਬਾਹਰ ਨਾਅਰੇ ਲਿਖਣ ਤੇ ਭੰਨਤੋੜ ਦਾ ਮਾਮਲਾ-

ਵੈਨਕੂਵਰ ( ਦੇ ਪ੍ਰ ਬਿ)– ਬੀਤੇ ਸ਼ਨੀਵਾਰ ਦੀ ਸਵੇਰ ਨੂੰ ਵੈਨਕੂਵਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਅਤੇ ਸਰੀ ਦੇ ਲਕਸ਼ਮੀ ਨਾਰਾਇਣ ਮੰਦਿਰ ਦੇ ਗੇਟਾਂ ਅਤੇ ਕੰਧਾਂ ਉਪਰ ਸ਼ਰਾਰਤੀ ਅਨਸਰਾਂ ਵਲੋਂ ਖਾਲਿਸਤਾਨੀ ਨਾਅਰੇ, ਗਾਹਲਾਂ ਅਤੇ ਇੰਡੀਆ ਖਿਲਾਫ ਅਪਸ਼ਬਦ ਲਿਖੇ ਜਾਣ ਦੀਆਂ ਖਬਰਾਂ ਹਨ। ਖਾਲਸਾ ਦੀਵਾਨ ਸੁਸਾਇਟੀ ਦੇ ਗੁਰੂ ਘਰ ਦੇ ਪ੍ਰਵੇਸ਼ ਦੁਆਰਾ ਉਪਰ ਇਕ ਪਾਸੇ ਖਾਲਿਸਤਾਨ ਅਤੇ ਦੂਸਰੇ ਪਾਸੇ ਫੱਕ ਇੰਡੀਆ ਅਤੇ ਕੰਧਾਂ ਉਪਰ ਭਾਰਤ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਖਿਲਾਫ ਅਪਮਾਨਜਨਕ ਨਾਅਰੇ ਲਿਖੇ ਗਏ ਹਨ। ਵੈਨਕੂਵਰ ਗੁਰੂ ਘਰ ਅਤੇ ਸਰੀ ਮੰਦਿਰ ਦੇ ਗੇਟਾਂ ਅਤੇ ਦੀਵਾਰਾਂ ਉਪਰ ਇਹ ਸਪਰੇਅ ਕੀਤੇ ਗਏ ਅਪਮਾਨਜਨਕ ਸ਼ਬਦ ਉਸ ਸਮੇਂ ਵੇਖਣ ਨੂੰ ਮਿਲੇ ਜਦੋਂ ਸਰੀ ਵਿਚ ਸਾਲਾਨਾ ਵਿਸਾਖੀ ਨਗਰ ਕੀਰਤਨ ਹੋ ਰਿਹਾ ਸੀ।

ਇਸ ਘਟਨਾ ਉਪਰੰਤ ਖਾਲਸਾ ਦੀਵਾਨ ਸੁਸਾਇਟੀ ਦੇ ਅਹੁਦੇਦਾਰਾਂ ਅਤੇ ਵੈਨਕੂਵਰ ਪੁਲਿਸ ਵਲੋਂ ਕੀਤੀ ਗਈ ਇਕ ਸਾਂਝੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਗਿਆ ਕਿ ਵੈਨਕੂਵਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਇਹ ਘਟਨਾ 19 ਅਪ੍ਰੈਲ ਦੀ ਸਵੇਰ ਨੂੰ ਲਗਪਗ ਸਵਾ ਚਾਰ ਵਜੇ ਵਾਪਰੀ। ਵੈਨਕੂਵਰ ਪੁਲਿਸ ਦੇ ਸਾਰਜੈਂਟ ਸਟੀਵ ਨੇ ਦੱਸਿਆ ਕਿ ਜਦੋਂ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਤੁਰੰਤ ਪੁੁਲਿਸ ਹਰਕਤ ਵਿਚ ਆਈ। ਉਹਨਾਂ ਦੱਸਿਆ ਕਿ ਗੁਰੂ ਘਰ ਦੇ ਆਸ ਪਾਸ ਲੱਗੇ ਕੈਮਰਿਆਂ ਤੋਂ ਜਾਣਕਾਰੀ ਇਕੱਠੀ ਕੀਤੀ ਗਈ ਹੈ। ਵੀਡੀਓ ਕਲਿਪਾਂ ਤੋਂ ਨਕਾਬਪੋਸ਼ ਅਨਸਰਾਂ ਵਲੋਂ ਕੀਤੀ ਗਈ ਕਾਰਵਾਈ ਕਾਫੀ  ਜਾਣਕਾਰੀ ਹਾਸਲ ਹੋਈ ਹੈ ਪਰ ਉਹ ਪੁਲਿਸ ਦੀ ਅਪਰਾਧ ਸ਼ਾਖਾ ਵਲੋਂ ਇਸਦੀ ਜਾਂਚ ਆਰੰਭ ਕਰਨ ਅਤੇ ਹੋਰ ਜਾਣਕਾਰੀ ਇਕੱਤਰ ਕੀਤੇ ਜਾਣ ਕਾਰਣ ਮੀਡੀਆ ਨੂੰ ਵਧੇਰੇ ਕੁਝ ਨਹੀ ਦੱਸਿਆ ਜਾ ਸਕਦਾ ਪਰ ਉਹਨਾਂ ਕਿਹਾ ਕਿ ਪੁਲਿਸ ਦੋਸ਼ੀਆਂ ਤੱਕ ਪੁੱਜ ਜਾਵੇਗੀ। ਉਹਨਾਂ ਕਿਹਾ ਦੋਸ਼ੀਆਂ ਦੀ ਸ਼ਨਾਖਤ ਕਰਕੇ ਉਹਨਾਂ ਖਿਲਾਫ ਬਣਦੇ ਚਾਰਜ ਲਗਾਏ ਜਾਣਗੇ। ਇਸ ਮੌਕੇ ਵੈਨਕੂਵਰ ਪੁਲਿਸ ਦੇ ਕਾਂਸਟੇਬਲ ਕੁਲਦੀਪ ਸਿੰਘ ਬੀਸਲਾ ਨੇ ਪੰਜਾਬੀ ਵਿਚ ਜਾਣਕਾਰੀ ਸਾਂਝੀ ਕੀਤੀ।

ਖਾਲਸਾ ਦੀਵਾਨ ਸੁਸਾਇਟੀ ਦੇ ਜਨਰਲ ਸਕੱਤਰ ਕਸ਼ਮੀਰ ਸਿੰਘ ਧਾਲੀਵਾਲ ਅਤੇ ਵਾਈਸ ਪ੍ਰੈਜੀਡੈਂਟ ਤੇ ਬੁਲਾਰੇ ਜਗਦੀਪ ਸਿੰਘ ਸੰਘੇੜਾ ਨੇ ਵੈਨਕੂਵਰ ਪੁਲਿਸ ਦੇ ਅਧਿਕਾਰੀਆਂ ਨਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ  ਕਿਹਾ ਕਿ ਭਾਵੇਂਕਿ ਇਸ ਘਟਨਾ ਦੀ ਪੁਲਿਸ ਵਲੋਂ ਜਾਂਚ ਆਰੰਭੀ ਗਈ ਹੈ ਪਰ ਇਹ ਇਹ ਘਟਨਾ ਪਹਿਲੀ ਵਾਰ ਨਹੀ ਵਾਪਰੀ ਜਦੋਂ ਕੱਟੜਪੰਥੀ ਤੇ ਫੁੱਟਪਾਊ ਤਾਕਤਾਂ ਵਲੋਂ ਗੁਰੂ ਘਰ ਨੂੰ ਨਿਸ਼ਾਨਾ ਬਣਾਇਆ ਹੋਵੇ। ਉਹਨਾਂ ਕਿਹਾ ਕਿ ਪਿਛਲੇ 18 ਮਹੀਨਿਆਂ ਦੌਰਾਨ ਕੱਟੜਪੰਥੀਆਂ ਵਲੋਂ ਕਈ ਨਿੰਦਾਜਨਕ ਕਾਰਵਾਈਆਂ ਕੀਤੀਆਂ ਹਨ ਜਿਹਨਾਂ ਵਿਚ ਪਿਛਲੇ ਸਾਲ ਵਿਸਾਖੀ ਨਗਰ ਕੀਰਤਨ ਦੌਰਾਨ ਧਮਕੀਆਂ ਤੇ ਝਗੜਾ ਕਰਨ, ਏਅਰ ਇੰਡੀਆ ਬੰਬ ਧਮਾਕੇ ਵਿਚ ਮਾਰੇ ਗਏ ਲੋਕਾਂ ਦੀ ਯਾਦ ਵਿਚ ਸਮਾਗਮ ਦੌਰਾਨ ਵਿਘਨ ਪਾਉਣ ਤੇ ਵੱਖਵਾਦੀ ਪ੍ਰਚਾਰ ਕਰਨ, ਗੁਰਦੁਆਰਾ ਸਾਹਿਬ ਵਿਖੇ ਕੌਂਸਲਰ ਸੇਵਾਵਾਂ ਕੈਂਪ ਦੌਰਾਨ ਨਾਅਰੇਬਾਜ਼ੀ ਤੇ ਤਿਰੰਗੇ ਨੂੁੰ ਸਾੜਨ, ਇਕ ਫਾਰਮ ਹਾਊਸ ਤੇ ਵਿਆਹ ਸਮਾਗਮ ਸਮੇਂ ਗੁਰੁ ਗਰੰਥ ਸਾਹਿਬ ਦੇ ਸਰੂਪ ਨੂੰ ਜਬਰੀ ਲਿਜਾਣਾ ਅਤੇ ਖਾਲਸਾ ਦੀਵਾਨ ਸੁਸਾਇਟੀ ਦੇ ਮੁੱਖ ਗਰੰਥੀ ਤੇ ਪ੍ਰਬੰਧਕੀ ਅਹੁਦੇਦਾਰਾਂ ਨੂੰ ਧਮਕੀਆਂ ਤੇ ਮੰਦੀ ਭਾਸ਼ਾ ਬੋਲਣ ਦੀਆਂ ਘਟਨਾਵਾਂ ਚੋ ਇਹ ਘਟਨਾ ਸਿਖਰ ਹੈ ਕਿ ਗੁਰੂ ਘਰ ਦੇ ਮੁੱਖ ਗੇਟ ਉਪਰ ਵੱਖਵਾਦੀ ਨਾਅਰੇ ਲਿਖਣ ਦੇ ਨਾਲ ਗਾਹਲਾਂ ਵੀ ਲਿਖੀਆਂ ਗਈਆਂ ਹਨ।

ਉਹਨਾਂ ਦੱਸਿਆ ਕਿ ਖਾਲਸਾ ਦੀਵਾਨ ਸੁਸਾਇਟੀ 1906 ਵਿਚ ਹੋਂਦ ਵਿਚ ਆਈ ਸੀ ਜੋ ਕੇਵਲ ਸਿੱਖ ਭਾਈਚਾਰੇ ਦੀ ਧਾਰਮਿਕ ਸੰਸਥਾ ਹੀ ਨਹੀਂ ਬਲਕਿ ਮਾਨਵੀ ਹੱਕਾਂ ਲਈ ਲੜਨ, ਵੋਟ ਦਾ ਅਧਿਕਾਰ ਲੈਣ, ਧਾਰਮਿਕ ਆਜ਼ਾਦੀ ਤੋਂ ਇਲਾਵਾ ਹੋਰ ਕਈ ਇਤਿਹਾਸਕ ਪ੍ਰਾਪਤੀ ਸਦਕਾ ਜਾਣੀ ਜਾਂਦੀ ਹੈ। ਉਹਨਾਂ ਅਫਸੋਸ ਪ੍ਰਗਟਾਇਆ ਕਿ ਸਾਡੇ ਪੁਰਖਿਆਂ ਵਲੋਂ ਕੀਤੀ ਗਈ ਸਖਤ ਘਾਲਣਾ ਅਤੇ ਕੁਰਬਾਨੀਆਂ ਨਾਲ ਸਥਾਪਿਤ  ਸਿੱਖ ਭਾਈਚਾਰੇ ਦੇ ਮਾਣ ਸਨਮਾਨ ਨੂੰ ਕੁਝ ਵੱਖਵਾਦੀ ਤੇ ਕੱਟੜਪੰਥੀ ਤਾਕਤਾਂ ਠੇਸ ਪਹੁੰਚਾ ਰਹੀਆਂ ਹਨ। ਸੁਸਾਇਟੀ ਦੇ ਬੁਲਾਰੇ ਜਗਦੀਪ ਸਿੰਘ ਸੰਘੇੜਾ ਨੇ ਕਿਹਾ ਕਿ ਕੱਟੜਪੰਥੀ ਤਾਕਤਾਂ ਵਲੋਂ ਕੀਤੇ ਗਏ ਇਸ ਕਾਰੇ ਨੇ ਕੈਨੇਡੀਅਨ ਸਿੱਖ ਭਾਈਚਾਰੇ ਨੂੰ ਠੇਸ ਪਹੁੰਚਾਉਣ ਦੇ ਨਾਲ ਇਕ ਡਰ ਅਤੇ ਵੰਡੀਆਂ ਪਾਉਣ ਵਾਲਾ ਮਾਹੌਲ ਪੈਦਾ ਕੀਤਾ ਹੈ। ਸੁਸਾਇਟੀ ਦੇ ਜਨਰਲ ਸਕੱਤਰ ਕਸ਼ਮੀਰ ਸਿੰਘ ਧਾਲੀਵਾਲ ਨੇ ਕਿਹਾ ਕੱਟੜਪੰਥੀ ਤਾਕਤਾਂ ਭਾਈਚਾਰਕ ਸਾਂਝ ਨੂੰ ਤੋੜਨ ਦਾ ਯਤਨ ਕਰ ਰਹੀਆਂ ਹਨ ਪਰ ਕੈਨੇਡੀਅਨ ਭਾਈਚਾਰਾ ਪੂਰੀ ਇਕਮੁੱਠਤਾ ਨਾਲ ਇਹਨਾਂ ਤਾਕਤਾਂ ਦਾ ਮੁਕਾਬਲਾ ਕਰੇਗਾ। ਇਸ ਮੌਕੇ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ, ਸਿੱਖ ਸੁਸਾਇਟੀ ਮਿਸ਼ਨ ਅਤੇ ਹਿੰਦੂ ਮੰਦਿਰ ਸਰੀ ਦੇ ਅਹੁਦੇਦਾਰ ਵੀ ਹਾਜ਼ਰ ਸਨ। ਇਸ ਮੌਕੇ ਲਕਸ਼ਮੀ ਨਾਰਾਇਣ ਮੰਦਿਰ ਸਰੀ ਦੇ ਬੁਲਾਰੇ ਵਿਨੇ ਸ਼ਰਮਾ ਨੇ ਵੀ ਮੰਦਿਰ ਦੇ ਗੇਟ ਉਪਰ ਨਾਅਰੇ ਲਿਖੇ ਜਾਣ ਅਤੇ ਭੰਨਤੋੜ ਦੀ ਘਟਨਾ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਸ਼ਰਾਰਤੀਆਂ ਨੇ ਇਹ ਨਿੰਦਾਜਨਕ ਕਾਰਵਾਈ ਦੌਰਾਨ ਉਥੇ ਲੱਗੇ ਕੈਮਰੇ ਵੀ ਚੋਰੀ ਕਰ ਲਏ। ਇਸ ਮੌਕੇ ਖਾਲਸਾ ਦੀਵਾਨ ਸੁਸਾਇਟੀ ਅਤੇ ਮੰਦਿਰ ਕਮੇਟੀ ਦੇ ਅਹੁਦੇਦਾਰਾਂ ਨੇ ਇਕਮੁੱਠਤਾ ਅਤੇ ਭਾਈਚਾਰਕ ਸਾਂਝ ਦੀ ਮਜ਼ਬੂਤੀ ਦੀ ਗੱਲ ਕਰਦਿਆਂ ਫੁੱਟਪਾਊ ਤਾਕਤਾਂ ਦੀਆਂ ਕਾਰਵਾਈਆਂ ਦੀ ਸਖਤ ਨਿੰਦਾ ਕੀਤੀ।

ਇਸ ਦੌਰਾਨ ਉਹਨਾਂ ਨੇ ਵੈਨਕੂਵਰ ਪੁਲਿਸ ਅਤੇ ਸਰੀ ਪੁਲਿਸ ਨੂੰ ਸ਼ਰਾਰਤੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਉਹਨਾਂ ਅਫਸੋਸ ਪ੍ਰਗਾਇਆ ਕਿ ਸੁਰੱਖਿਆ ਏਜੰਸੀਆਂ ਦਾ ਇਹਨਾਂ ਕੱਟੜਪੰਥੀਆਂ ਖਿਲਾਫ ਨਰਮ ਰਵੱਈਆ ਲੋਕਾਂ ਵਿਚ ਨਿਰਾਸ਼ਾ ਪੈਦਾ ਕਰ ਰਿਹਾ ਹੈ। ਕਸ਼ਮੀਰ ਸਿੰਘ ਧਾਲੀਵਾਲ ਨੇ ਪਿਛਲੇ ਸਮੇਂ ਵਿਚ ਕੱਟੜਪੰਥੀਆਂ ਵਲੋਂ ਗੁਰੂ ਗਰੰਥ ਸਾਹਿਬ ਦਾ ਸਰੂਪ ਜਬਰੀ ਲਿਜਾਏ ਜਾਣ ਤੇ ਦਰਜ ਕਰਵਾਏ ਗਏ ਮਾਮਲੇ ਉਪਰ ਪੁਲਿਸ ਵਲੋਂ ਕੋਈ ਸਖਤ ਕਾਰਵਾਈ ਨਾ ਕੀਤੇ ਜਾਣ ਤੇ ਅਫਸੋਸ ਪ੍ਰਗਟ ਕੀਤਾ।

ਤਸਵੀਰਾਂ- ਸੁਖਵੰਤ ਢਿੱਲੋਂ

 

Leave a Reply

Your email address will not be published. Required fields are marked *