ਚੰਡੀਗੜ੍ਹ- ‘ਦਿ ਟ੍ਰਿਬਿਊਨ’ ਦੇ ਸਾਬਕਾ ਮੁੱਖ ਸੰਪਾਦਕ ਹਰੀ ਜੈਸਿੰਘ ਦਾ ਅੱਜ ਇੱਥੇ ਦੇਹਾਂਤ ਹੋ ਗਿਆ। ਉਹ 85 ਵਰ੍ਹਿਆਂ ਦੇ ਸਨ ਅਤੇ ਸੰਖੇਪ ਬਿਮਾਰੀ ਕਾਰਨ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਹਰੀ ਜੈਸਿੰਘ ਨੇ ਸਾਲ 1994 ਤੋਂ 2003 ਤੱਕ ‘ਦਿ ਟ੍ਰਿਬਿਊਨ’ ਦੇ ਐਡੀਟਰ-ਇਨ-ਚੀਫ ਵਜੋਂ ਸੇਵਾਵਾਂ ਨਿਭਾਈਆਂ। ‘ਦਿ ਟ੍ਰਿਬਿਊਨ’ ਟਰੱਸਟ ਦੇ ਪ੍ਰਧਾਨ ਐੱਨਐੱਨ ਵੋਹਰਾ ਨੇ ਹਰੀ ਜੈਸਿੰਘ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਜਤਾਈ ਹੈ। ਜੈਸਿੰਘ ਨਿਡਰ ਸਨ ਅਤੇ ਉਹ ਸੱਤਾ ਦੇ ਸਾਹਮਣੇ ਸੱਚ ਬੋਲਣ ਤੋਂ ਨਹੀਂ ਡਰਦੇ ਸਨ। ਮੁੱਖ ਸੰਪਾਦਕ ਹੋਣ ਦੇ ਨਾਤੇ ਉਨ੍ਹਾਂ ਵੱਖ-ਵੱਖ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਅਖ਼ਬਾਰ ਦੇ ਮਿਆਰ ਨੂੰ ਕਾਇਮ ਰੱਖਿਆ। ਮਹਾਨ ਦੂਰਦਰਸ਼ੀ, ਸਰਦਾਰ ਦਿਆਲ ਸਿੰਘ ਮਜੀਠੀਆ ਵੱਲੋਂ ਸਥਾਪਤ ਕੀਤੀ ਗਈ ਸੰਸਥਾ ਦੇ ਮਿਸਾਲੀ ਪੱਤਰਕਾਰੀ ਕਦਰਾਂ ਕੀਮਤਾਂ ’ਤੇ ਖਰੇ ਉਤਰਨਾ ਉਨ੍ਹਾਂ ਦਾ ਅਟੱਲ ਧਰਮ ਸੀ।
‘ਦ੍ਰਿ ਟ੍ਰਿਬਿਊਨ’ ਦੀ ਆਪਣੀ ਆਖ਼ਰੀ ਸੰਪਾਦਕੀ ਵਿੱਚ ਉਨ੍ਹਾਂ ਲਿਖਿਆ ਸੀ, ‘‘ਪ੍ਰੈੱਸ ਦੀ ਆਜ਼ਾਦੀ ਨੂੰ ਇਕੱਲੇ ਰੂਪ ’ਤੇ ਨਹੀਂ ਦੇਖਿਆ ਜਾ ਸਕਦਾ ਤੇ ਨਾ ਹੀ ਇਹ ਖ਼ਤਮ ਹੋ ਸਕਦੀ ਹੈ। ਪ੍ਰੈੱਸ ਦੀ ਆਜ਼ਾਦੀ ਦੀ ਇੱਕ ਡੂੰਘੀ ਸਮਾਜਿਕ ਸਾਰਥਿਕਤਾ ਹੈ…ਆਜ਼ਾਦੀ ਨੂੰ ਨਿਆਂਪੂਰਨ ਕਾਰਨਾਂ ਦੇ ਪ੍ਰਚਾਰ ਅਤੇ ਇੱਕ ਉਦਾਰ ਅਤੇ ਸਮਾਨਤਾਵਾਦੀ ਰਾਜਨੀਤੀ ਦੇ ਨਿਰਮਾਣ ਅਤੇ ਅਧਿਕਾਰਾਂ ਵਿੱਚ ਰਹਿਣ ਵਾਲਿਆਂ ਦੀ ਜਵਾਬਦੇਹੀ ਨਾਲ ਜੋੜਿਆ ਜਾਣਾ ਚਾਹੀਦਾ ਹੈ।’’