ਸਰੀ- ਬੀਤੇ ਦਿਨ ਸਰੀ ਵਿਖੇ ਸਥਿਤ ਪ੍ਰਸਿੱਧ ਕੈਨੇਡੀਅਨ ਮੱਲ ਅਖਾੜਾ ਦੇ ਪ੍ਰਬੰਧਕਾਂ ਵਲੋਂ ਇਕ ਵਿਸ਼ੇਸ਼ ਚੋਣ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸਰੀ ਸੈਂਟਰ ਤੋਂ ਕੰਸਰਵੇਟਿਵ ਉਮੀਦਵਾਰ ਰਾਜਵੀਰ ਢਿੱਲੋਂ ਅਤੇ ਸਰੀ ਨਿਊਟਨ ਤੋਂ ਉਮੀਦਵਾਰ ਹਰਜੀਤ ਸਿੰਘ ਗਿੱਲ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ। ਇਸ ਮੌਕੇ ਦੋਵਾਂ ਉਮੀਦਵਾਰਾਂ ਨੇ ਆਪਣੀ ਜਾਣ ਪਛਾਣ ਤੇ ਪਿਛੋਕੜ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪਾਰਟੀ ਅਤੇ ਹਲਕੇ ਸਬੰਧੀ ਯੋਜਨਾਵਾਂ ਦਾ ਖੁਲਾਸਾ ਕੀਤਾ। ਉਹਨਾਂ ਕਿਹਾ ਕਿ ਅਗਰ ਉਹ ਕਾਮਯਾਬ ਹੁੰਦੇ ਹਨ ਤਾਂ ਬੱਚਿਆਂ ਲਈ ਬੇਹਤਰ ਖੇਡ ਸਹੂਲਤਾਂ ਲਈ ਕੰਮ ਕਰਨਗੇ। ਸਰੀ ਦਾ ਆਬਾਦੀ ਵਿਚ ਪਿਛਲੇ ਸਮੇਂ ਦੌਰਾਨ ਭਾਰੀ ਵਾਧਾ ਹੋਇਆ ਹੈ ਪਰ ਸਿਹਤ ਸਹੂਲਤਾਂ, ਰਿਹਾਇਸ਼, ਸਕੂਲ ਅਤੇ ਰੋਜਗਾਰ ਦੇ ਸਰੋਤਾਂ ਵਿਚ ਕੋਈ ਤਬਦੀਲੀ ਨਹੀਂ ਆਈ। ਲਿਬਰਲ ਪਾਰਟੀ ਦੇ ਰਾਜਕਾਲ ਦੌਰਾਨ ਨੌਕਰੀ ਪੇਸ਼ਾ ਲੋਕਾਂ ਤੋਂ ਇਲਾਵਾ ਕਾਰੋਬਾਰੀਆਂ ਤੇ ਵਪਾਰ ਦਾ ਵੀ ਮੰਦਾ ਹਾਲ ਹੋਇਆ ਹੈ। ਅਖਾੜੇ ਦੇ ਪ੍ਰਬੰਧਕ ਸਿੰਗਾਰਾ ਸਿੰਘ ਢੇਸੀ ਅਤੇ ਅਮਨ ਢਿੱਲੋਂ ਨੇ ਰਾਜਵੀਰ ਢਿੱਲੋਂ ਤੇ ਹਰਜੀਤ ਸਿੰਘ ਗਿੱਲ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਉਘੇ ਬਿਜਨਸਮੈਨ ਬਲਵੀਰ ਢੱਟ,ਤੇਗਜੋਤ ਬੱਲ, ਸੰਦੀਪ ਤੂਰ, ਰਿੱਕੀ ਬਾਜਵਾ, ਦੀਪ ਰੰਧਾਵਾ, ਪਰਮਿੰਦਰ ਚੌਹਾਨ ਤੇ ਜਗਜੀਤਪਾਲ ਸਿੰਘ ਸੰਧੂ ਵੀ ਹਾਜ਼ਰ ਸਨ।