Headlines

ਹਿੰਦੂ ਮੰਦਿਰ ਕਮੇਟੀ ਵਲੋਂ ਪ੍ਰੈਸ ਕਾਨਫਰੰਸ ਦੌਰਾਨ ਬੀਸੀ ਸਰਕਾਰ, ਸਰੀ ਪੁਲਿਸ ਅਤੇ ਮੇਅਰ ਤੇ ਸਵਾਲਾਂ ਦੀ ਬੁਛਾੜ…

ਭੰਨਤੋੜ ਦੀਆਂ ਘਟਨਾਵਾਂ ਨੂੰ ਰੋਕਣ ਲਈ ਠੋਸ ਕਾਰਵਾਈ ਨਾ ਹੋਣ ਤੇ ਰੋਸ ਪ੍ਰਗਟਾਵਾ-

ਪੱਤਰਕਾਰਾਂ ਵਲੋਂ ਘੱਟ ਤੇ ਕਮੇਟੀ ਮੈਂਬਰਾਂ ਨੇ ਉਠਾਏ ਵਧੇਰੇ ਸਵਾਲ-

ਸਰੀ ਨਗਰ ਕੀਰਤਨ ਵਿਚ ਖਾਲਿਸਤਾਨੀ  ਤੇ ਜੰਜੀਰਾਂ ਵਿਚ ਜਕੜੇ ਮੋਦੀ ਦੇ ਫਲੋਟਾਂ ਦੀ ਚਰਚਾ ਛਿੜੀ-

ਸਰੀ ( ਦੇ ਪ੍ਰ ਬਿ )- ਬੀਤੀ 19 ਅਪ੍ਰੈਲ ਦੀ ਸਵੇਰ ਨੂੰ  ਸਰੀ  ਦੇ ਲਕਸ਼ਮੀ ਨਾਰਾਇਣ ਮੰਦਿਰ ਵਿੱਚ ਵਾਪਰੀ ਨਫਰਤੀ ਅਤੇ ਭੰਨਤੋੜ ਦੀ ਘਟਨਾ ਸਬੰਧੀ ਮੰਦਿਰ ਕਮੇਟੀ ਵਲੋਂ ਸੱਦੀ ਗਈ ਇਕ ਪ੍ਰੈਸ ਕਾਨਫਰੰਸ ਦੌਰਾਨ ਘਟਨਾ ਉਪਰੰਤ ਭਾਈਚਾਰੇ ਵਿਚ ਪੈਦਾ ਹੋਏ ਡਰ ਅਤੇ ਰੋਸ ਦੇ ਮਾਹੌਲ ਦੀ ਜਾਣਕਾਰੀ ਦਿੰਦਿਆਂ ਮੌਕੇ ਤੇ ਹਾਜ਼ਰ ਸੂਬੇ ਦੀ ਅਟਾਰਨੀ ਜਨਰਲ, ਸਰੀ ਪੁਲਿਸ ਮੁਖੀ, ਸਰੀ ਮੇਅਰ ਤੇ ਪ੍ਰਸ਼ਾਸਨ ਤੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਤੁਰੰਤ ਤੇ ਸਖਤ ਕਾਰਵਾਈ ਦੀ ਮੰਗ ਕਰਦਿਆਂ ਅਜਿਹੀਆਂ ਘਟਨਾਵਾਂ ਦੇ ਵਾਰ ਵਾਰ ਵਾਪਰਨ ਤੇ ਗਹਿਰੀ ਚਿੰਤਾ ਪ੍ਰਗਟ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸ ਘਟਨਾ ਤੋਂ ਪਹਿਲਾਂ ਸਰੀ ਹਿੰਦੂ ਮੰਦਿਰ ਦੇ ਬਾਹਰ ਅਜਿਹੀਆਂ 5-6 ਘਟਨਾਵਾਂ ਵਾਪਰ ਚੁੱਕੀਆਂ ਹਨ ਜਦੋਂਕਿ ਬੀਤੀ 19 ਅਪ੍ਰੈਲ ਨੂੰ ਖਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ ਵੈਨਕੂਵਰ ਗੁਰੂ ਘਰ ਵਿਖੇ ਵੀ ਨਫਰਤੀ ਨਾਅਰੇ ਲਿਖੇ ਜਾਣ ਦੀ ਘਟਨਾ ਵਾਪਰੀ ਹੈ।

ਹਿੰਦੂ ਮੰਦਿਰ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਸ਼ਰਮਾ ਤੇ ਜਨਰਲ ਸਕੱਤਰ ਵਿਨੇ ਸ਼ਰਮਾ ਨੇ  ਮੰਦਿਰ ਦੇ ਗੇਟ ਅਤੇ ਦੀਵਾਰਾਂ ਉਪਰ ਨਫਰਤੀ ਨਾਅਰੇ ਲਿਖਣ, ਕੈਮਰੇ ਚੋਰੀ ਕਰਨ ਅਤੇ ਭੰਨਤੋੜ ਕੀਤੇ ਜਾਣ ਦੇ ਵੇਰਵੇ ਦਿੰਦਿਆਂ ਘਟਨਾ ਦੀ ਜਿੱਥੇ ਨਿੰਦਿਆ ਕੀਤੀ, ਉਥੇ ਪ੍ਰਸ਼ਾਸਨ ਨੂੰ ਦੋਸ਼ੀਆਂ ਨੂੰ ਫੜਨ ਅਤੇ  ਸਖਤ ਕਾਰਵਾਈ ਕਰਨ ਲਈ ਅਪੀਲ ਕੀਤੀ। ਇਸ ਮੌਕੇ  ਸਰੀ ਦੀ ਮੇਅਰ ਬਰੈਂਡਾ ਲੌਕ ਨੇ ਸਪੱਸ਼ਟ ਕੀਤਾ ਕਿ ਸ਼ਹਿਰ ਵਿੱਚ ਨਿਆਂ ਅਤੇ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣਾ ਉਹਨਾਂ ਦਾ ਪਹਿਲਾ ਫਰਜ਼ ਹੈ ਅਤੇ ਇਸ ਵਿੱਚ ਉਹ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਇਸ ਤਰਾਂ ਦੀਆਂ ਘਟਨਾਵਾਂ ਨੂੰ ਹਰ ਹਾਲਤ ਦੇ ਵਿੱਚ ਰੋਕਣ ਦਾ ਯਤਨ ਕਰਨਗੇ। ਡਿਪਟੀ ਪ੍ਰੀਮੀਅਰ ਅਤੇ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਇਸ ਮੌਕੇ  ਜਿੱਥੇ ਇਸ ਘਟਨਾ ਦੀ ਮੁਕੰਮਲ ਜਾਂਚ ਕਰਵਾਉਣ ਦਾ ਵਿਸ਼ਵਾਸ ਦਵਾਇਆ, ਉਥੇ ਮੰਦਿਰ ਕਮੇਟੀ ਦੇ ਕੁਝ ਮੈਂਬਰਾਂ ਵਲੋਂ ਸ਼ਹਿਰ ਵਿਚ ਕੱਟੜਪੰਥੀ ਲੋਕਾਂ ਦੀਆਂ ਸਰਗਰਮੀਆਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ  ਕਿਹਾ ਕਿ ਕੈਨੇਡਾ ਵਿੱਚ ਹਰ ਕਿਸੇ ਨੂੰ ਆਪਣੇ ਵਿਚਾਰ ਸ਼ਾਂਤੀਪੂਰਵਕ ਰੱਖਣ ਦੀ ਆਜ਼ਾਦੀ ਹੈ। ਸਰੀ ਪੁਲਿਸ ਮੁਖੀ ਨੌਰਮ ਲਪਿੰਸਕੀ ਨੇ ਇਸ ਘਟਨਾ ਦੀ ਜਾਂਚ ਲਈ ਸਰੀ ਪੁਲਿਸ ਵੱਲੋਂ ਉਠਾਏ ਜਾ ਰਹੇ ਕਦਮਾਂ ਦੀ ਵਿਸ਼ੇਸ਼  ਜਾਣਕਾਰੀ ਸਾਂਝੀ ਕੀਤੀ ਤੇ ਯਕੀਨ ਦਿਵਾਇਆ ਕਿ ਸ਼ਹਿਰੀਆਂ ਦੀ ਸੁਰੱਖਿਆ ਅਤੇ ਅਮਨ ਕਨੂੰਨ ਦੀ ਸਥਾਪਤੀ ਲਈ ਠੋਸ ਕਦਮ ਉਠਾਏ ਜਾਣਗੇ।

ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਤੋਂ ਇਲਾਵਾ ਕਮੇਟੀ ਮੈਂਬਰਾਂ ਵਲੋਂ ਉਠਾਏ ਗਏ ਸਵਾਲਾਂ ਤੋਂ ਇਹ ਸਪੱਸ਼ਟ ਸੀ ਕਿ ਹਿੰਦੂ ਮੰਦਿਰ ਦੇ ਬਾਹਰ ਰੋਸ ਮੁਜ਼ਾਹਰੇ ਅਤੇ ਭੰਨਤੋੜ ਦੀਆਂ ਘਟਨਾਵਾਂ ਵਾਪਰਨ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਵਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਕੋਈ ਸਖਤ ਕਾਰਵਾਈ ਦੇ ਨਾਲ ਸ਼ਹਿਰੀਆਂ ਦੀ ਸੁਰੱਖਿਆ ਤੇ ਸਦਭਾਵਨਾ ਲਈ ਕੋਈ ਠੋਸ ਉਪਰਾਲੇ ਦਿਖਾਈ ਨਹੀ ਦਿੱਤੇ। ਇਹਨਾਂ ਸਵਾਲਾਂ ਦੇ ਰੂਬਰੂ ਪੁਲਿਸ ਮੁਖੀ ਨੇ ਸਪੱਸ਼ਟ ਕੀਤਾ ਹੈ ਕਿ ਉਹਨਾਂ ਨੂੰ ਲੋਕਾਂ ਦੀ ਚਿੰਤਾ ਬਾਰੇ ਸਮਝ ਹੈ। ਉਹਨਾਂ ਯਕੀਨ ਦਿਵਾਇਆ ਕਿ ਧਾਰਮਿਕ ਸਥਾਨ ਨੂੰ ਨਿਸ਼ਾਨਾ ਬਣਾਕੇ ਭੰਨਤੋੜ ਦੀ ਇਕ ਘਟਨਾ ਬਾਰੇ ਉਹਨਾਂ ਦੇ ਅਫਸਰਾਂ ਦੀ ਇਕ ਟੀਮ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤੇ ਅਗਲੇ ਦਿਨਾਂ ਵਿਚ ਇਸ ਜਾਂਚ ਦੇ ਨਤੀਜੇ ਸਾਹਮਣੇ ਆਉਣਗੇ। ਉਹਨਾਂ ਸ਼ਹਿਰ ਵਿਚ ਅਮਨ ਕਨੂੰਨ  ਤੇ ਸ਼ਾਂਤੀ ਬਣਾਈ ਰੱਖਣ ਨੂੰ ਸਰੀ ਪੁਲਿਸ ਦਾ ਪਹਿਲਾ ਮਕਸਦ ਦੱਸਿਆ। ਇਸ ਦੌਰਾਨ ਕੁਝ ਕਮੇਟੀ ਮੈਂਬਰਾਂ ਵਲੋਂ ਸ਼ਹਿਰ ਵਿਚ ਖਾਲਿਸਤਾਨੀ ਸਮਰਥਕਾਂ ਵਲੋਂ ਫਿਰਕੂ ਸਦਭਾਵਨਾ ਨੂੰ ਠੇਸ ਪਹੁੰਚਾਉਣ ਦੇ ਯਤਨ ਅਤੇ ਬੀਤੇ ਦਿਨੀਂ ਸਰੀ ਨਗਰ ਕੀਰਤਨ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜ਼ੰਜੀਰਾਂ ਵਿਚ ਜਕੜਕੇ, ਕਾਤਲਾਂ ਵਜੋਂ ਪੇਸ਼ ਕੀਤੀ ਗਈ ਝਾਕੀ  ਤੇ ਇਤਰਾਜ਼ ਪ੍ਰਗਟ ਕਰਦਿਆਂ ਸੁਰੱਖਿਆ ਏਜੰਸੀਆਂ ਦੇ ਮੂਕ ਦਰਸ਼ਕ ਬਣੇ ਰਹਿਣ ਬਾਰੇ ਪੁੱਛੇ ਜਾਣ ਤੇ ਸੂਬੇ ਦੀ ਅਟਾਰਨੀ ਜਰਨਲ ਨਿੱਕੀ ਸ਼ਰਮਾ ਅਤੇ ਪੁਲਿਸ ਮੁਖੀ ਨੌਰਮ ਲਪਿੰਸਕੀ ਨੇ ਸਪੱਸ਼ਟ ਕੀਤਾ ਹੈ ਕਿ ਕੈਨੇਡਾ ਉਹ ਮੁਲਕ ਹੈ ਜਿਥੇ ਵੱਖ-ਵੱਖ ਸਭਿਆਚਾਰਾਂ ਅਤੇ ਵਿਚਾਰਧਾਰਾਵਾਂ ਦੇ ਲੋਕ ਵਸਦੇ ਹਨ ਤੇ ਉਹਨਾਂ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ। ਕਨੂੰਨ ਦੇ ਦਾਇਰੇ ਵਿਚ ਰਹਿ ਕੇ ਆਪਣੀ ਗੱਲ ਕਹਿਣ ਵਾਲਿਆਂ ਨੂੰ ਪੂਰੀ ਆਜ਼ਾਦੀ ਹੈ। ਅਗਰ ਕੋਈ ਕਨੂੰਨੀ ਸੀਮਾਵਾਂ ਦਾ ਉਲੰਘਣਾ ਕਰਦਾ ਹੈ ਤਾਂ ਹੀ ਉਸਦੇ ਖਿਲਾਫ ਕੋਈ ਕਨੂੰਨੀ ਕਾਰਵਾਈ ਸੰਭਵ ਹੈ। ਮੰਦਿਰ ਕਮੇਟੀ ਦੇ ਇਕ ਮੈਂਬਰ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਇਸ ਵਿਵਹਾਰ ਨੂੰ ਕੱਟੜਪੰਥੀਆਂ ਪ੍ਰਤੀ ਨਰਮ ਗੋਸ਼ਾ  ਕਰਾਰ ਦਿੱਤਾ।

ਮੰਦਿਰ ਕਮੇਟੀ ਦੇ ਮੈਂਬਰਾਂ ਨੇ ਨਗਰ ਕੀਰਤਨ ਵਿਚ ਖਾਲਿਸਤਾਨੀ ਫਲੋਟਾਂ ਦਾ ਮੁੱਦਾ ਉਠਾਇਆ-

ਸਰੀ (ਡਾ. ਗੁਰਵਿੰਦਰ ਸਿੰਘ)-ਪ੍ਰਬੰਧਕਾਂ ਦੀ ਸੂਝ-ਬੂਝ ਦੇ ਬਾਵਜੂਦ ਕੁਝ ਕੁ ਬੰਦਿਆਂ ਦੀ ਆਪੋ-ਧਾਪੀ ਕਰਕੇ, ਪ੍ਰੈਸ ਕਾਨਫਰੰਸ ਵਿੱਚ ਸਵਾਲਾਂ ਦੀ ਗਿਣਤੀ ਘੱਟ ਰਹੀ ਤੇ ਜੋਸ਼ ਵਿੱਚ ਆ ਕੇ ਕੁਝ ਵਿਅਕਤੀਆਂ ਵੱਲੋਂ ਸਰੀ ਨਗਰ ਕੀਰਤਨ ਤੇ ਖਾਲਿਸਤਾਨ ਆਦਿ ਤੇ ਮੁੱਦਿਆਂ ਅਤੇ ਫਲੋਟਾਂ ਤੇ ਭਾਰਤੀ ਪ੍ਰਧਾਨ ਮੰਤਰੀ, ਭਾਰਤ ਸਰਕਾਰ ਵਿਰੋਧੀ ਨਾਅਰੇਬਾਜ਼ੀ ਤੇ ਪਾਬੰਦੀ ਲਾਉਣ ਦੀ ਗੱਲਬਾਤ ਦੁਹਰਾਈ ਜਾਂਦੀ ਰਹੀ। ਜਿਸ ਤੋਂ ਬਾਅਦ ਇਸ ਪੱਤਰਕਾਰ ਨੇ ਇਹ ਪੁੱਛਿਆ ਕਿ ਇਹ ਪ੍ਰੈਸ ਕਾਨਫਰਸ ਭੰਨ-ਤੋੜ ਦੇ ਖਿਲਾਫ ਹੈ ਜਾਂ ਖਾਲਿਸਤਾਨੀ ਵਿਚਾਰਧਾਰਾ ਦੇ ਖਿਲਾਫ ? ਇਸ ‘ਤੇ ਪ੍ਰਬੰਧਕਾਂ ਨੇ ਸਪੱਸ਼ਟ ਕੀਤਾ ਕਿ ਇਸ ਪ੍ਰੈਸ ਕਾਨਫਰੰਸ ਦਾ ਸਰੀ ਨਗਰ ਕੀਰਤਨ ਜਾਂ ਖਾਲਿਸਤਾਨ ਦੀ ਵਿਚਾਰਧਾਰਾ ਨਾਲ ਕੋਈ ਲੈਣ-ਦੇਣ ਨਹੀਂ ਹੈ। ਮੰਦਿਰ ਵਿੱਚ ਹੋਈ ਭੰਨਤੋੜ ਸਬੰਧੀ ਸੀਸੀਟੀਵੀ ਕੈਮਰਿਆਂ ਅਤੇ ਹੋਰਨਾਂ ਸਰੋਤਾਂ ਬਾਰੇ ਵੀ ਸਵਾਲ ਕੀਤਾ ਗਿਆ, ਤਾਂ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਸਭ ਕੁਝ ਪੁਲਿਸ ਨੂੰ ਸੌਂਪਿਆ ਜਾ ਚੁੱਕਿਆ ਹੈ।
ਇਹ ਪੁੱਛਣ ‘ਤੇ ਕਿ ਸਰੀ ਦੀਆਂ ਨਗਰ ਕੀਰਤਨ ਨਾਲ ਸਬੰਧਿਤ ਸਿੱਖ ਸੰਸਥਾਵਾਂ ਵੱਲੋਂ ਮੰਦਿਰ ਦੇ ਪ੍ਰਬੰਧਕਾਂ ਨਾਲ ਕਿਸੇ ਨੇ ਸੰਪਰਕ ਕੀਤਾ ਹੈ, ਜਿਸ ਦੇ ਉੱਤਰ ਵਿੱਚ ਪ੍ਰਧਾਨ ਸਤੀਸ਼ ਸ਼ਰਮਾ ਨੇ ਕਿਹਾ ਕਿ ਖਾਲਿਸਤਾਨ ਪੱਖੀ ਆਗੂ ਮਨਜਿੰਦਰ ਸਿੰਘ ਗਿੱਲ ਵੱਲੋਂ ਉਹਨਾਂ ਨਾਲ ਗੱਲਬਾਤ ਕਰਦਿਆਂ ਇਸ ਘਟਨਾ ਦੀ ਨਿੰਦਿਆ ਕੀਤੀ ਗਈ ਹੈ। ਇਸ ਦੌਰਾਨ ਪ੍ਰੈਸ ਕਾਨਫਰੰਸ ਵਿਚ ਸ਼ਾਮਿਲ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਜਨਰਲ ਸਕੱਤਰ ਕਸ਼ਮੀਰ ਸਿੰਘ ਧਾਲੀਵਾਲ ਤੇ ਬੁਲਾਰੇ ਜਗਦੀਪ ਸਿੰਘ ਸੰਘੇੜਾ ਨੇ ਕਿਹਾ ਕਿ ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਅਤੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਦੇ ਨੁਮਾਇੰਦੇ ਵੱਲੋਂ ਉਹਨਾਂ ਨਾਲ ਸੰਪਰਕ ਕਰਕੇ ਘਟਨਾਵਾਂ ਦੀ ਘਟਨਾ ਦੀ ਨਿਖੇਧੀ ਕੀਤੀ ਗਈ ਹੈ। ਨਾਲ ਹੀ ਉਹਨਾਂ ਸਪੱਸ਼ਟ ਕੀਤਾ ਕਿ ਘਟਨਾਵਾਂ ਲਈ ਕਿਸੇ ਇੱਕ ਸੰਸਥਾ ਜਾਂ ਵਿਅਕਤੀ ਵਿਸ਼ੇਸ਼ ‘ਤੇ ਉਗਲ ਨਹੀਂ ਉਠਾ ਰਹੇ, ਬਲਕਿ ਨਿਰਪੱਖ ਜਾਂਚ ਦੀ ਮੰਗ ਕਰ ਰਹੀ ਹਨ।
ਜਦੋਂ ਇਕਾ-ਦੁਕਾ ਵਿਅਕਤੀਆਂ ਨੇ ਸਵਾਲ ਕਰ ਰਹੇ ਪੱਤਰਕਾਰਾਂ ਤੋਂ ਅੱਗੇ ਹੋ ਕੇ ਵਾਰ-ਵਾਰ ਦੁਹਰਾਇਆ ਕਿ ਸਰੀ ਨਗਰ ਕੀਰਤਨ ਦੇ ਭਾਰਤ ਵਿਰੋਧੀ ਫਲੋਟਾਂ ‘ਤੇ ਪਾਬੰਦੀ ਲੱਗਣੀ ਚਾਹੀਦੀ ਹੈ, ਤਾਂ ਆਖਿਰਕਾਰ ਅਟੌਰਨੀ ਜਨਰਲ ਨਿੱਕੀ ਸ਼ਰਮਾ ਨੇ ਕਿਹਾ ਕਿ ਕੈਨੇਡਾ ਵਿੱਚ ਰਾਈਟ ਆਫ ਐਕਸਪ੍ਰੈਸ਼ਨ (ਵਿਚਾਰਾਂ ਦੀ ਆਜ਼ਾਦੀ) ਹੈ ਅਤੇ ਇਸ ਤਰੀਕੇ ਨਾਲ ਕਿਸੇ ਨੂੰ ਧੱਕੇ ਨਾਲ ਨਹੀਂ ਰੋਕਿਆ ਜਾ ਸਕਦਾ। ਪੁਲਿਸ ਮੁਖੀ ਨੌਰਮ ਲਪਿੰਸਕੀ ਅਤੇ ਸਿਟੀ ਮੇਅਰ ਬ੍ਰਿੰਡਾ ਲੌਕ ਨੇ ਵੀ ਵਿਚਾਰਾਂ ਦੀ ਆਜ਼ਾਦੀ ਦੀ ਸ਼ਾਂਤੀ ਪੂਰਵਕ ਢੰਗ ਨਾਲ ਪੇਸ਼ਕਾਰੀ ਦੀ ਪਰੋੜਤਾ ਕੀਤੀ। ਸਰੀ ਪੁਲਿਸ ਮੁਖੀ ਦੇ ਨਾਲ ਬੈਠੇ ਪੁਲਿਸ ਅਧਿਕਾਰੀ ਜੈਗ ਖੋਸਾ ਨੇ ਪ੍ਰਸ਼ਾਸਨ ਵੱਲੋਂ ਇਸ ਮੰਦਭਾਗੀ ਘਟਨਾ ਸਬੰਧੀ ਚੁੱਕੇ ਜਾ ਰਹੇ ਕਦਮਾਂ ਦੇ ਨਾਲ ਨਾਲ, ਭਾਈਚਾਰਕ ਸਾਂਝ ਬਾਰੇ ਭਾਵਪੂਰਤ ਵਿਚਾਰ ਦੇ ਕੇ ਕਾਨਫਰੰਸ ਨੂੰ ਸਮੇਟਿਆ।

Leave a Reply

Your email address will not be published. Required fields are marked *