Headlines

ਲਿਬਰਲ ਲੀਡਰ ਮਾਰਕ ਕਾਰਨੀ ਵਲੋਂ ਕਲੋਵਰਡੇਲ ਵਿਚ ਭਾਰੀ ਰੈਲੀ

ਸਰੀ ( ਦੇ ਪ੍ਰ ਬਿ)-2025 ਦੀਆਂ ਫੈਡਰਲ ਚੋਣਾਂ ਤੋਂ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਲੋਵਰਡੇਲ ਵਿਚ ਰੈਲੀ ਕੀਤੀ। ਪ੍ਰਧਾਨ ਮੰਤਰੀ ਕਲੋਵਰਡੇਲ-ਲੈਂਗਲੀ ਸਿਟੀ ਤੋਂ ਸਥਾਨਕ ਲਿਬਰਲ ਉਮੀਦਵਾਰ ਕਾਇਲ ਲੈਚਫੋਰਡ ਦੀ ਕੰਪੇਨ ਅਤੇ ਪਾਰਟੀ ਹਮਾਇਤੀਆਂ ਤੱਕ ਪਹੁੰਚ ਕਰਨ ਲਈ ਹਲਕੇ ਵਿਚ ਆਏ ਸਨ। ਲੈਚਫੋਰਡ ਦੀਆਂ ਸ਼ੁਰੂਆਤੀ ਟਿੱਪਣੀਆਂ ਪਿੱਛੋਂ ਕਾਰਨੀ ਦੀ ਪਤਨੀ ਡਾਇਨਾ ਨੇ ਪ੍ਰਧਾਨ ਮੰਤਰੀ ਦੀ ਜਾਣ ਪਛਾਣ ਕਰਵਾਈ। ਕਾਰਨੀ ਨੇ ਮੰਚ ਨੂੰ ਸੰਭਾਲਦਿਆਂ ਹੀ ਟੈਰਿਫ ਬਾਰੇ ਗੱਲਬਾਤ ਕੀਤੀ। ਉਨ੍ਹਾਂ ਕਲੋਵਰਡੇਲ ਐਗਰੀਪਲੈਕਸ ਦੇ ਅੰਦਰ ਇਕੱਤਰ ਹੋਏ ਲਗਪਗ 1500  ਤੋ ਉਪਰ ਲੋਕਾਂ ਦੇ ਇਕੱਠ ਸੰਬੋਧਨ ਕਰਦਿਆਂ ਦੱਸਿਆ ਕਿ ਟਰੰਪ ਦੀ ਵਪਾਰ ਜੰਗ ਨੇ ਵਿਸ਼ਵ ਆਰਥਿਕਤਾ ਨੂੰ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਟਰੰਪ ਨੇ ਅਮਰੀਕਾ ਦੇ ਸਭ ਤੋਂ ਨੇੜਲੇ ਮਿੱਤਰ ਕੈਨੇਡਾ ਨੂੰ ਧੋਖਾ ਦਿੱਤਾ ਹੈ। ਉਨ੍ਹਾਂ ਨੇ ਸਥਿਤੀ ਨੂੰ ਤਰਾਸਦੀ ਵਾਲੀ ਆਖਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਕੈਨੇਡਾ ਵਾਸੀਆਂ ਨਵੀਂ ਹਕੀਕਤ ਦਾ ਸਾਹਮਣਾ ਕਰਨਾ ਪਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਅਸੀਂ ਇਕੱਠੇ ਹੋਵਾਂਗੇ ਤਾਂ ਇਹ ਸੰਕਟ ਪਾਰ ਕਰ ਲਵਾਂਗੇ। ਇਸ ਮੌਕੇ ਸਰੀ ਨਿਊਟਨ ਤੋਂ ਸੁੱਖ ਧਾਲੀਵਾਲ, ਸਰੀ ਸੈਂਟਰ ਤੋਂ ਰਣਦੀਪ ਸਰਾਏ, ਸਰੀ ਫਲੀਟਵੁੱਡ ਤੋ ਗੁਰਬਖਸ਼ ਸੈਣੀ, ਲੈਂਗਲੀ ਤੋਂ ਜੌਹਨ ਐਲਡਗ ਵੀ ਆਪਣੇ ਸਮਰਥਕਾਂ ਸਮੇਤ ਪੁੱਜੇ ਹੋਏ ਸਨ।
* ਅਮਰੀਕੀ ਤਕਨੀਕੀ ਕੰਪਨੀਆਂ ’ਤੇ  ਨਿਰਭਰਤਾ ਘਟਾਉਣ ਦਾ ਵਾਅਦਾ-
ਇਸੇ ਦੌਰਾਨ ਮਾਰਕ ਕਾਰਨੀ ਨੇ ਕਿਹਾ ਕਿ ਇਕ ਲਿਬਰਲ ਸਰਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ ਦੇ ਜਵਾਬ ਦੀ ਕੋਸ਼ਿਸ਼ ਵਿਚ ਕੈਨੇਡਾ ਦੀਆਂ ਬਣੀਆਂ ਚੀਜ਼ਾਂ ਖਰੀਦਣ ਦੇ ਯਤਨਾਂ ਦੇ ਹਿੱਸੇ ਵਜੋਂ ਅਮਰੀਕੀ ਤਕਨੀਕੀ ਦਿਗਜ ਕੰਪਨੀਆਂ ਨਾਲ ਫੈਡਰਲ ਸਮਝੌਤਿਆਂ ਵਿਚ ਕਟੌਤੀ ਦੇ ਟੀਚੇ ਰੱਖੇਗੀ। ਲਿਬਰਲ ਨੇਤਾ ਨੇ ਹੋਰ ਕਿਹਾ ਕਿ ਫੈਡਰਲ ਅਧਿਕਾਰੀ ਅਜਿਹੇ ਕੰਮ ਲਈ ਸ਼ਾਰਟਲਿਸਟ ਕੀਤੀਆਂ ਥੋੜੀਆਂ ਜਿਹੀਆਂ ਅਮਰੀਕੀ ਬਹੁ-ਰਾਸ਼ਟਰੀ ਕੰਪਨੀਆਂ ਨਾਲ ਮੌਜੂਦਾ ਮੁਕਾਬਲੇਬਾਜ਼ੀ ਨੂੰ ਲੈ ਕੇ ਇੰਡਸਟਰੀ ਦੀ ਨਾਂਹਪੱਖੀ ਪ੍ਰਤੀਕਿਰਿਆ ਪ੍ਰਾਪਤ ਕਰਨ ਪਿੱਛੋਂ ਕੈਨੇਡੀਅਨ ਕੰਪਨੀਆਂ ਨੂੰ ਸਿੱਧਾ ਕਲਾਊਡ-ਕੰਪਿਊਟਿੰਗ ਕੰਟਰੈਕਟ ਦੇਣ ਦੀ ਯੋਜਨਾ ’ਤੇ ਕੰਮ ਕਰ ਰਹੇ ਹਨ। ਮੌਜੂਦਾ ਮੁਕਾਬਲੇ ਵਿਚ ਚਾਰ ਸ਼ਾਰਟਲਿਸਟ ਕੀਤੀਆਂ ਕੰਪਨੀਆਂ ਵਿਚ ਐਮਾਜ਼ੋਨ ਵੈੱਬ ਸਰਵਸਿਜ਼ ਕੈਨੇਡਾ ਇੰਕ, ਗੂਗਲ ਕਲਾਊਡ ਕੈਨੇਡਾ ਕਾਰਪ, ਮਾਈਕਰੋਸਾਫਟ ਕਾਰਪ ਅਤੇ ਓਰਾਕਲ ਕੈਨੇਡਾ ਯੂਐਲਸੀ ਸ਼ਾਮਿਲ ਹੈ। ਇਸ ਪ੍ਰਕਿਰਿਆ ਨਾਲ ਚੁਣੀਆਂ ਗਈਆਂ ਕੰਪਨੀਆਂ ਅਤੇ ਫੈਡਰਲ ਸਰਕਾਰ ਵਿਚਕਾਰ 25 ਸਾਲ ਦਾ ਇਕਰਾਰਨਾਮਾ ਹੋਵੇਗਾ। ਟਿੱਪਣੀ ਕਰਨ ਲਈ ਪੁੱਛੇ ਜਾਣ ’ਤੇ ਕਾਰਨੀ ਨੇ ਚਾਰਲੋਟਟਾਊਨ ਵਿਚ ਕੰਪੇਨ ਕਰਦਿਆਂ ਕਿਹਾ ਕਿ ਕੈਨੇਡੀਅਨ ਤਕਨਾਲੋਜੀ ਕੰਪਨੀਆਂ ਦੀ ਸਮਰੱਥਾ ਵਧਾਉਣ ਅਤੇ ਅਮਰੀਕੀ ਪ੍ਰੋਵਾਈਡਰਾਂ ਦੀ ਵਰਤੋਂ ’ਤੇ ਨਿਰਭਰਤਾ ਘਟਾਉਣਾ ਉਨ੍ਹਾਂ ਦੀ ਪਾਰਟੀ ਦੀ ਰਣਨੀਤੀ ਦਾ ਮਹੱਤਵਪੂਰਣ ਤੱਤ ਹੈ। ਕਲਾਊਡ ਕੰਪਿਊਟਿੰਗ ਵਿਚ ਆਮ ਤੌਰ ’ਤੇ ਜਾਣਕਾਰੀ ਸਟੋਰ ਕਰਨ ਅਤੇ ਹੋਰ ਜ਼ਰੂਰਤਾਂ ਲਈ ਇੰਟਰਨੈੱਟ ’ਤੇ ਕੰਪਿਊਟਰ ਤਾਕਤ ਮੁਹੱਈਆ ਕਰਨ ਲਈ ਬਾਹਰੀ ਕੰਪਨੀ ਨੂੰ ਹਾਇਰ ਕਰਨਾ ਸ਼ਾਮਿਲ ਹੁੰਦਾ ਹੈ। ਇਸ ਨੂੰ ਸਰਕਾਰ ਵਲੋਂ ਚਲਾਏ ਜਾਂਦੇ ਡਾਟਾ ਸੈਂਟਰਾਂ ਦੇ ਇਕ ਬਦਲ ਵਜੋਂ ਵਰਤਿਆ ਜਾਂਦਾ ਹੈ।

Leave a Reply

Your email address will not be published. Required fields are marked *