Headlines

ਲਿਬਰਲ ਲੀਡਰ ਕਾਰਨੀ ਨੇ ਟਰੰਪ ਨਾਲ ਗੱਲਬਾਤ ਦਾ ਸੱਚ ਛੁਪਾਇਆ

ਟਰੰਪ ਕੈਨੇਡਾ ਨੂੰ 51 ਵੀਂ ਸਟੇਟ ਬਣਾਉਣ ਦੇ ਵਿਚਾਰ ਤੇ ਕਾਇਮ-

ਪੋਰਟ ਮੂਡੀ- ਫੈਡਰਲ ਚੋਣਾਂ ਦੇ ਆਖਰੀ ਪੜਾਅ ਦੇ ਚਲਦਿਆਂ ਲਿਬਰਲ ਲੀਡਰ ਮਾਰਕ ਕਾਰਨੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਹਨਾਂ ਨਾਲ 28 ਮਾਰਚ ਨੂੰ ਕੀਤੀ ਗੱਲਬਾਤ ਦੌਰਾਨ ਕੈਨੇਡਾ ਨੂੰ 51ਵਾਂ ਰਾਜ ਬਣਾਏ ਜਾਣ ਦੀ ਸੰਭਾਵਨਾ ਬਾਰੇ ਕਿਹਾ ਸੀ ਪਰ ਉਹਨਾਂ ਨੇ ਇੱਕ ਪ੍ਰਭੂਸੱਤਾ ਸੰਪੰਨ ਰਾਸ਼ਟਰ ਵਜੋਂ ਦੇਸ਼ ਦਾ ਸਤਿਕਾਰ ਕਰਨ ‘ਤੇ ਜ਼ੋਰ ਦਿੱਤਾ ਸੀ।
ਇਸਤੋਂ ਪਹਿਲਾਂ ਉਹਨਾਂ ਨੇ ਰਾਸ਼ਟਰਪਤੀ ਟਰੰਪ ਨਾਲ ਹੋਈ ਆਪਣੀ ਗੱਲਬਾਤ ਦੌਰਾਨ ਇਸ ਟਿਪਣੀ ਦਾ ਜ਼ਿਕਰ ਨਹੀ ਸੀ ਕੀਤਾ। ਉਹਨਾਂ ਇਸ ਗੱਲ ਤੇ ਪਰਦਾ ਪਾਉਂਦਿਆਂ ਕਿਹਾ ਕਿ ਰਾਸ਼ਟਰਪਤੀ ਬਹੁਤ ਸਾਰੀਆਂ ਗੱਲਾਂ ਕਹਿੰਦੇ ਹਨ, ਪਰ ਚਰਚਾ ਦਾ ਸਾਰ ਇਹ ਸੀ ਕਿ ਅਸੀਂ ਗੱਲਬਾਤ ਨੂੰ ਕਿੱਥੇ ਲੈ ਕੇ ਗਏ। ਉਹ ਬਿਲਕੁਲ ਉਹੀ ਸੀ ਜੋ ਮੈਂ ਕਿਹਾ ਸੀ। ਪਰ ਇਸ ਗੱਲ ਦਾ ਖੁਲਾਸਾ ਸੀਬੀਸੀ ਰੇਡੀਓ ਵਲੋਂ ਕੀਤੇ ਜਾਣ ਉਪਰੰਤ ਕਾਰਨੀ ਨੇ ਮੰਨਿਆ ਹੈ ਕਿ ਰਾਸ਼ਟਰਪਤੀ ਟਰੰਪ ਨੇ ਅਜਿਹਾ ਜ਼ਿਕਰ ਕੀਤਾ ਸੀ।
ਇਸ ਕਾਲ ਤੋਂ ਤੁਰੰਤ ਬਾਅਦ, ਅਮਰੀਕੀ ਰਾਸ਼ਟਰਪਤੀ ਨੇ ਕਾਰਨੀ ਨਾਲ ਆਪਣੀ ਮੁਲਾਕਾਤ ਨੂੰ “ਬਹੁਤ ਲਾਭਕਾਰੀ” ਦੱਸਿਆ ਸੀ ਤੇ ਉਹਨਾਂ ਨੂੰ ਪ੍ਰਧਾਨ ਮੰਤਰੀ ਕਹਿਕੇ ਸੰਬੋਧਨ ਕੀਤਾ ਸੀ। ਇਹ ਟੋਨ ਅਲਗ ਸੀ ਜਿਵੇ ਕਿ ਉਹ ਪਹਿਲਾਂ ਟਰੂਡੋ ਨੂੰ ਗਵਰਨਰ ਜਨਰਲ ਕਹਿਕੇ ਸੰਬੋਧਨ ਕਰਦੇ ਸਨ।
ਬੀਤੇ ਬੁੱਧਵਾਰ ਨੂੰ, ਟਰੰਪ ਨੇ ਕਾਰਨੀ ਦੀ ਦੁਬਾਰਾ ਤਾਰੀਫ ਕੀਤੀ  ਪਰ ਇਸਦੇ ਨਾਲ ਹੀ ਉਹਨਾਂ ਨੇ ਕੈਨੇਡਾ ਨੂੰ ਅਮਰੀਕਾ ਦਾ  51ਵੇਂ ਰਾਜ ਬਣਾਉਣ ਦੇ  ਸੰਕਲਪ ਨੂੰ ਵੀ ਦੁਬਾਰਾ ਪੇਸ਼ ਕੀਤਾ।
ਟਰੰਪ ਨੇ ਕਿਹਾ, “ਮੈਨੂੰ ਇਮਾਨਦਾਰ ਹੋਣਾ ਪਏਗਾ, ਇੱਕ ਰਾਜ ਵਜੋਂ ਇਹ ਬਹੁਤ ਵਧੀਆ ਕੰਮ ਕਰੇਗਾ । ਉਹਨਾਂ ਹੋਰ ਕਿਹਾ ਕਿ ਕੈਨੇਡਾ ਵਾਲੇ ਜੋ ਕਰਦੇ ਹਨ ਉਸ ਦਾ 95 ਪ੍ਰਤੀਸ਼ਤ ਉਹ ਸਾਡੇ ਤੋਂ ਖਰੀਦਦੇ ਹਨ ਅਤੇ ਉਹੀ ਸਾਨੂੰ ਵੇਚਦੇ ਹਨ।
ਵ੍ਹਾਈਟ ਹਾਊਸ ਦੀ ਬੁਲਾਰੀ ਕੈਰੋਲਿਨ ਲੀਵਿਟ ਨੇ ਵੀ ਪਿਛਲੇ ਹਫ਼ਤੇ ਕਿਹਾ ਸੀ ਕਿ ਰਾਸ਼ਟਰਪਤੀ ਦੀ ਸਥਿਤੀ ਨਹੀਂ ਬਦਲੀ ।  ਉਹ  ਮੰਨਦੇ ਹਨ  ਕਿ ਕੈਨੇਡੀਅਨਾਂ ਨੂੰ ਅਮਰੀਕਾ ਦਾ 51ਵਾਂ ਰਾਜ ਬਣਨ ਨਾਲ ਬਹੁਤ ਫਾਇਦਾ ਹੋਵੇਗਾ।
ਇਸੇ ਦੌਰਾਨ ਕੰਸਵੇਟਿਵ ਲੀਡਰ ਪੀਅਰ ਪੋਲੀਵਰ ਨੇ ਕਾਰਨੀ ਦੀ ਸਥਿਤੀ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਉਸਨੇ ਝੂਠਾ ਦਾਅਵਾ ਕੀਤਾ ਹੈ ਕਿ ਉਹ ਟਰੰਪ ਨੂੰ ਕੰਟਰੋਲ ਕਰ ਸਕਦਾ ਹੈ। ਹੈਲੀਫੈਕਸ ਵਿਚ ਵੀਰਵਾਰ ਨੂੰ, ਇਸ ਕਹਾਣੀ ਬਾਰੇ ਪੁੱਛਿਆ ਗਿਆ ਤਾਂ ਪੋਲੀਵਰ ਨੇ ਕਿਹਾ ਕਿ ਕਾਰਨੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਰਾਸ਼ਟਰਪਤੀ ਟਰੰਪ ਨਾਲ  ਕਾਲ ਦੌਰਾਨ ਅਸਲ ਗੱਲ ਕੀ ਹੋਈ ਸੀ।
ਉਹਨਾਂ ਹੋਰ ਕਿਹਾ ਕਿ ਇਹ ਮਿਸਟਰ ਕਾਰਨੀ ਲਈ ਇੱਕ ਸਵਾਲ ਹੈ। ਮੈਂ ਉੱਥੇ ਨਹੀਂ ਸੀ। ਪਰ ਜੋ ਸਪੱਸ਼ਟ ਹੈ ਉਹ ਇਹ ਹੈ ਕਿ ਅਸੀਂ ਆਪਣੀ ਪ੍ਰਭੂਸੱਤਾ ਲਈ ਖੜ੍ਹੇ ਹੋਵਾਂਗੇ। ਅਸੀਂ ਕਦੇ ਵੀ ਇੱਕ ਅਮਰੀਕੀ ਰਾਜ ਨਹੀਂ ਬਣਾਂਗੇ।

ਬਲਾਕ ਕਿਊਬੈਕਾ ਦੇ  ਲੀਡਰ ਬਲਾਂਸ਼ੇ ਨੇ ਬੁੱਧਵਾਰ ਨੂੰ ਕਿਹਾ ਕਿ ਅਸੀਂ ਨਹੀ ਸਮਝਦੇ ਕਿ  ਕਿ ਕਾਰਨੀ ਇਕ ਸੰਕਟ ਮੋਚਨ ਵਜੋਂ ਆਪਣੇ ਦਾਅਵਿਆਂ ਦੇ ਖਰੇ ਉਤਰ ਰਹੇ ਹਨ।
ਐਨਡੀਪੀ ਆਗੂ ਜਗਮੀਤ ਸਿੰਘ ਨੇ ਸਵਾਲ ਕੀਤਾ ਕਿ ਜੇਕਰ ਕਾਰਨੀ ਚੋਣ ਜਿੱਤ ਜਾਂਦੇ ਹਨ ਤਾਂ ਕੀ ਟਰੰਪ ਨਾਲ ਗੱਲਬਾਤ ਬਾਰੇ ਸੱਚ ਦੱਸਣ ਲਈ ਉਹਨਾਂ ਤੇ ਭਰੋਸਾ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *