Headlines

ਲੈਸਟਰ ਚ ਦੋਵਾਂ ਗੁਰੂ ਘਰਾਂ ਵਲੋਂ ਵੱਖੋ ਵੱਖ ਮਨਾਇਆ ਗਿਆ ਖਾਲਸਾ ਸਾਜਨਾ ਦਿਵਸ

*ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਹੋਲੀ ਬੋਨ ਦੀ ਪ੍ਰਬੰਧਕ ਕਮੇਟੀ ਵੱਲੋਂ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
*ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਪਾਰਕ ਚ ਕਰਵਾਇਆ ਗਿਆ ਵਿਸ਼ਾਲ ਧਾਰਮਿਕ ਸਮਾਗਮ

ਲੈਸਟਰ (ਇੰਗਲੈਂਡ), 28 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਪਿਛਲੇ ਲੰਮੇ ਸਮੇਂ ਤੋਂ ਇੰਗਲੈਂਡ ਦੇ ਸ਼ਹਿਰ ਲੈਸਟਰ ਵਿੱਚ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਹੋਲੀ ਬੋਨ ਤੋਂ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਸੀ,ਜੋ ਵੱਖ ਵੱਖ ਰਸਤਿਆਂ ਰਾਹੀਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਈਸਟ ਪਾਰਕ ਰੋਡ ਵਿਖੇ ਸਮਾਪਤ ਸੀ,ਪਰ ਇਸ ਵਾਰ ਦੋਵਾਂ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਚ ਸਹਿਮਤੀ ਨਾ ਬਣਨ ਕਾਰਨ ਦੋਵਾਂ ਗੁਰੂ ਘਰਾਂ ਵੱਲੋਂ ਵੱਖੋ ਵੱਖ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ।ਇਸ ਵਾਰ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਵਿਸਾਲ ਨਗਰ ਕੀਰਤਨ ਸਜਾਇਆ ਗਿਆ,ਜੋ ਟਾਊਨ ਸੈਂਟਰ ਰਾਹੀਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਹੋਲੀ ਬੋਨ ਵਿਖੇ ਸਮਾਪਤ ਹੋਇਆ। ਇਸੇ ਨਗਰ ਕੀਰਤਨ ਦੌਰਾਨ ਨਗਰ ਕੀਰਤਨ ਦੇ ਅੱਗੇ ਅੱਗੇ ਸਿੱਖ ਮੋਟਰ ਕਲੱਬ ਵੱਲੋਂ ਆਪਣੇ ਮੋਟਰਸਾਈਕਲਾਂ ਸਮੇਤ ਪਾਲਕੀ ਸਾਹਿਬ ਦੇ ਅੱਗੇ ਅੱਗੇ ਚੱਲ ਕੇ ਇਸ ਨਗਰ ਕੀਰਤਨ ਦੀ ਸ਼ਾਨ ਨੂੰ ਹੋਰ ਵਧਾਇਆ ਗਿਆ। ਨਗਰ ਕੀਰਤਨ ਦੌਰਾਨ ਟਾਊਨ ਸੈਂਟਰ ਵਿੱਚ ਵੱਖ-ਵੱਖ ਕਮਿਊਨਿਟੀ ਦੇ ਲੋਕਾਂ ਸਮੇਤ ਗੋਰਿਆਂ ਵੱਲੋਂ ਸੜਕਾਂ ਤੇ ਖੜੇ ਹੋ ਹੋ ਕੇ ਇਸ ਨਗਰ ਕੀਰਤਨ ਦਾ ਜਿੱਥੇ ਸਵਾਗਤ ਕੀਤਾ ਉਥੇ ਸਿੱਖ ਇਤਿਹਾਸ ਤੋਂ ਵੀ ਜਾਣੂ ਹੋਏ। ਨਗਰ ਕੀਰਤਨ ਦੇ ਰਸਤੇ ਚ ਮਿਡਲੈਂਡ ਲੰਗਰ ਸੇਵਾ ਸੁਸਾਇਟੀ ਸਮੇਤ ਲੈਸਟਰ ਦੀਆਂ ਵੱਖ ਵੱਖ ਸੰਗਤਾ ਨੂੰ ਅਤੇ ਦੁਕਾਨਦਾਰਾਂ ਵੱਲੋਂ ਵੱਖ-ਵੱਖ ਪ੍ਰਕਾਰ ਦੇ ਲੰਗਰਾਂ ਦੇ ਸਟਾਲ ਵੀ ਲਗਾਏ ਗਏ ਜਿਨਾਂ ਤੋਂ ਗੋਰੇ ਲੋਕ ਬਹੁਤ ਪ੍ਰਭਾਵਿਤ ਹੋਏ। ਇਸੇ ਤਰ੍ਹਾਂ ਦੂਜੇ ਪਾਸੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਘਰ ਦੇ ਨੇੜਲੇ ਸਪਿਨ ਹਿਲ  ਪਾਰਕ ਵਿੱਚ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ।ਜਿਸ ਵਿੱਚ ਪੰਜਾਬ ਭਰ ਤੋਂ ਪੁੱਜੇ ਵੱਖ-ਵੱਖ ਰਾਗੀ ਢਾਡੀ ਅਤੇ ਕਵਿਸਰੀ ਜਥਿਆਂ ਨੇ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਤੇ ਪਾਰਕ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਦੁਕਾਨਾਂ ਅਤੇ ਲੰਗਰਾਂ ਦੇ ਸਟਾਲ ਵੀ ਲਗਾਏ ਗਏ। ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਸਪਿਨ ਹਿਲ ਪਾਰਕ ‘ਚ ਕਰਵਾਏ ਗਏ ਵਿਸ਼ਾਲ ਧਾਰਮਿਕ ਸਮਾਗਮ ਸਬੰਧੀ ਅਜੀਤ ਨਾਲ ਗੱਲਬਾਤ ਕਰਦਿਆਂ ਤੀਰ ਗਰੁੱਪ ਦੇ ਚੇਅਰਮੈਨ ਬਰਿੰਦਰ ਸਿੰਘ ਬਿੱਟੂ ਅਤੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਧਾਨ ਸ ਗੁਰਨਾਮ ਸਿੰਘ ਨਵਾਂ ਸ਼ਹਿਰ ਨੇ ਦੱਸਿਆ ਕਿ ਇਸ ਵਾਰ ਸੰਗਤਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਖੁੱਲੀ ਜਗ੍ਹਾ ਚ ਪੰਡਾਲ ਲਗਾ ਕੇ ਧਾਰਮਿਕ ਦੀਵਾਨ ਦਾ ਪ੍ਰਬੰਧ ਕੀਤਾ ਗਿਆ ਹੈ, ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਚ ਸੰਗਤਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਇਹ ਧਾਰਮਿਕ ਸਮਾਗਮ ਦੋ ਰੋਜ਼ ਕਰਵਾਇਆ ਜਾਇਆ ਕਰਨਗੇ। ਇਸ ਧਾਰਮਿਕ ਸਮਾਗਮ ਚ ਜਿੱਥੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਚ ਸ਼ਿਰਕਤ ਕੀਤੀ, ਉੱਥੇ ਸ ਅਮਰੀਕ ਸਿੰਘ ਗਿੱਲ, ਜਸਵਿੰਦਰ ਸਿੰਘ ਸੰਧੂ ,ਹਾਰਕੀਰਤ ਸਿੰਘ ਸੰਧੂ, ਸੁਰਿੰਦਰ ਬੀਰ ਸਿੰਘ ਭਾਊ, ਜਲਵੰਤ ਸਿੰਘ ਢੱਡੇ ,ਸਤਵਿੰਦਰ ਸਿੰਘ ਦਿਓਲ ਨਿਰਵੈਰ ਸਿੰਘ ,ਮੰਗਲ ਸਿੰਘ ਕੰਗ ਸਾਹਿਬ ਰਾਏ, ਵਿਰਸਾ ਸਿੰਘ, ਮੰਗਤ ਸਿੰਘ ਪਲਾਹੀ,ਸੀਤਲ ਸਿੰਘ ਗਿੱਲ ਕੇਬੀ ਢੀਡਸਾ, ਗੁਰੂ ਘਰ ਦੇ ਹਜੂਰੀ ਰੰਗੀ ਜਸਵਿੰਦਰ ਸਿੰਘ,ਗੁਰੂ ਘਰ ਦੇ ਹੈੱਡ ਗ੍ਰੰਥੀ ਬਾਬਾ ਮਲੂਕ ਸਿੰਘ ਸਮੇਤ ਵੱਡੀ ਗਿਣਤੀ ਚ ਸੰਗਤਾਂ ਨੇ ਸ਼ਮੁਲੀਅਤ ਕੀਤੀ।

ਕੈਪਸਨ:-
ਲੈਸਟਰ ਚ ਸਜ਼ਾਏ ਗਏ ਨਗਰ ਕੀਰਤਨ ਦੀਆਂ ਅਤੇ ਧਾਰਮਿਕ ਸਮਾਗਮ ਦੀਆਂ ਵੱਖ ਵੱਖ ਤਸਵੀਰਾਂ।
ਤਸਵੀਰਾਂ:-ਸੁਖਜਿੰਦਰ ਸਿੰਘ ਢੱਡੇ

Leave a Reply

Your email address will not be published. Required fields are marked *