(ਪ੍ਰਮੁੱਖ ਹਲਕਿਆਂ ਦੇ ਨਤੀਜੇ ਵੋਟਾਂ ਦੀ ਗਿਣਤੀ ਸਮੇਤ )
ਲਿਬਰਲ 169 ਸੀਟਾਂ, ਕੰਸਰਵੇਟਿਵ 144, ਬਲਾਕ ਕਿਊਬੈਕਾ 22 , ਐਨ ਡੀ ਪੀ 7 ਤੇ ਗਰੀਨ ਪਾਰਟੀ 1 ਸੀਟ ਜੇਤੂ-
ਕੰਸਰੇਟਿਵ ਆਗੂ ਪੋਲੀਵਰ ਤੇ ਐਨ ਡੀ ਪੀ ਆਗੂ ਜਗਮੀਤ ਸਿੰਘ ਆਪਣੀਆਂ ਸੀਟਾਂ ਹਾਰੇ-
ਦੋਵਾਂ ਮੁੱਖ ਪਾਰਟੀਆਂ ਦੀ ਤਰਫੋਂ 22 ਪੰਜਾਬੀ ਜਿੱਤੇ- ਬੀਸੀ ਵਿਚ ਸੁੱਖ ਧਾਲੀਵਾਲ, ਰਣਦੀਪ ਸਰਾਏ, ਗੁਰਬਖਸ਼ ਸੈਣੀ, ਪਰਮ ਬੈਂਸ ਤੇ ਸੁਖਮਨ ਗਿੱਲ ਜੇਤੂ ਰਹੇ-
ਕੈਲਗਰੀ ਤੋਂ ਜਸਰਾਜ ਸਿੰਘ ਹੱਲਣ, ਅਮਨਪ੍ਰੀਤ ਗਿੱਲ, ਦਲਵਿੰਦਰ ਗਿੱਲ, ਐਡਮਿੰਟਨ ਤੋਂ ਟਿਮ ਉਪਲ, ਜਗਸ਼ਰਨ ਮਾਹਲ ਜਿੱਤੇ-
ਓਨਟਾਰੀਓ ਵਿਚ ਅਮਨਦੀਪ ਸੋਢੀ, ਮਨਿੰਦਰ ਸਿੱਧੂ, ਸੋਨੀਆ ਸਿੱਧੂ, ਰੂਬੀ ਸਹੋਤਾ, ਇਕਵਿੰਦਰ ਸਿੰਘ ਗਹੀਰ , ਅਮਰਜੀਤ ਗਿੱਲ, ਪਰਮ ਗਿੱਲ, ਅਨੀਤਾ ਆਨੰਦ, ਬਰਦੀਸ਼ ਚੱਗਰ , ਅਰਪਨ ਖੰਨਾ, ਹਰਬ ਗਿੱਲ ਤੇ
ਕਿਊਬੈਕ ਚੋਂ ਅੰਜੂ ਢਿੱਲੋਂ ਸਫਲ ਹੋਏ-
ਕੈਲਗਰੀ ਤੋਂ ਲਿਬਰਲ ਉਮੀਦਵਾਰ ਜੌਰਜ ਚਾਹਲ, ਐਡਮਿੰਟਨ ਤੋਂ ਮੇਅਰ ਸੋਹੀ, ਬਰੈਂਪਟਨ ਤੋਂ ਕਮਲ ਖਹਿਰਾ ਚੋਣ ਹਾਰੇ-
ਵੈਨਕੂਵਰ ( ਸੁਖਵਿੰਦਰ ਸਿੰਘ ਚੋਹਲਾ, ਹਰਦਮ ਸਿੰਘ ਮਾਨ ) ਕੈਨੇਡਾ ਫੈਡਰਲ ਚੋਣਾਂ ਦੇ ਆਏ ਨਤੀਜਿਆਂ ਮੁਤਾਬਿਕ ਭਾਵੇਂਕਿ ਕਿਸੇ ਪਾਰਟੀ ਨੂੰ ਸਪੱਸ਼ਟ ਬਹੁਮਤ ( 172 ਸੀਟਾਂ) ਨਹੀ ਮਿਲਿਆ ਪਰ ਇਹ ਤੈਅ ਹੈ ਕਿ ਮਿਸਟਰ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਜਿਸਨੇ ਸਭ ਤੋਂ ਵੱਧ 168 ਸੀਟਾਂ ਜਿੱਤਣ ਵਿਚ ਸਫਲਤਾ ਹਾਸਲ ਕੀਤੀ ਹੈ ਉਹ ਚੌਥੀ ਵਾਰ ਸਰਕਾਰ ਬਣਾਉਣ ਜਾ ਰਹੀ ਹੈ। ਕੈਨੇਡੀਅਨ ਵੋਟਰਾਂ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੀਆਂ ਕੈਨੇਡਾ ਨੂੰ 51ਵੀ ਸਟੇਟ ਬਣਾਉਣ ਦੀਆਂ ਧਮਕੀਆਂ ਦਰਮਿਆਨ ਕੰਸਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਵਰ ਵਲੋਂ ਲਿਬਰਲ ਦੀ 10 ਸਾਲਾਂ ਹਕੂਮਤ ਦੇ ਖਿਲਾਫ ਦਿੱਤੇ ਗਏ ਤਬਦੀਲੀ ਦੇ ਸੱਦੇ ਨੂੰ ਅਣਦੇਖਾ ਕਰਦਿਆਂ ਲਿਬਰਲ ਆਗੂ ਮਾਰਕ ਕਾਰਨੀ ਵਿਚ ਵਧੇਰੇ ਵਿਸ਼ਵਾਸ ਪ੍ਰਗਟ ਕਰਦਿਆਂ ਉਹਨਾਂ ਨੂੰ ਮੁਲਕ ਦੀ ਅਗਵਾਈ ਕਰਨ ਦਾ ਮੌਕਾ ਦਿੱਤਾ ਹੈ।
ਲਿਬਰਲ ਆਗੂ ਮਾਰਕ ਕਾਰਨੀ ਜਿਹਨਾਂ ਨੇ ਪਹਿਲੀ ਵਾਰ ਚੋਣ ਲੜੀ ਓਟਵਾ ਦੇ ਨੇਪੀਅਰ ਹਲਕੇ ਤੋਂ 22056 ਵੋਟਾਂ ਦੇ ਭਾਰੀ ਫਰਕ ਨਾਲ ਜੇਤੂ ਰਹੇ। ਉਹਨਾਂ ਨੂੰ ਕੁਲ 46073 ਵੋਟਾਂ ਜਦੋਂ ਕਿ ਵਿਰੋਧ ਕੰਸਰਵੇਟਿਵ ਉਮੀਦਵਾਰ ਬਾਰਬਰਾ ਬਲ ਨੂੰ 24017 ਵੋਟਾਂ ਪਈਆਂ। ਉਧਰ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਕੰਸਰਵੇਟਿਵ ਆਗੂ ਪੀਅਰ ਪੋਲੀਵਰ ਕਾਰਲਟਨ ਹਲਕੇ ਤੋਂ ਆਪਣੀ ਸੀਟ ਹਾਰ ਗਏ। ਉਹਨਾਂ ਦੇ ਮੁੱਖ ਵਿਰੋਧੀ ਉਮੀਦਵਾਰ ਬਰੂਸ ਨੂੰ 43900 ਤੇ ਪੋਲੀਵਰ ਨੂੰ 39585 ਵੋਟ ਮਿਲੇ। ਉਹਨਾਂ ਦੇ ਖਿਲਾਫ ਚੋਣ ਸੁਧਾਰਾਂ ਦੀ ਮੰਗ ਕਰਨ ਵਾਲੇ ਇਕ ਗਰੁੱਪ ਨੇ 90 ਦੇ ਕਰੀਬ ਆਜ਼ਾਦ ਉਮੀਦਵਾਰ ਖੜੇ ਕੀਤੇ ਸਨ। ਵੋਟਾਂ ਦੀ ਗਿਣਤੀ ਦੌਰਾਨ ਚੋਣ ਸਟਾਫ ਨੂੰ 97. 03 ਸੈਂਟੀਮੀਟਰ ਲਗਪਗ ਤਿੰਨ ਫੁੱਟ ਤੋਂ ਉਪਰ ਦੇ ਬੈਲਟ ਪੇਪਰ ਨੂੰ ਵੇਖਣ ਅਤੇ ਪਰਖਣ ਵਿਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਹੁਣ ਤੱਕ ਆਏ ਚੋਣ ਨਤੀਜਿਆਂ ਤੇ ਰੂਝਾਨਾਂ ਮੁਤਾਬਿਕ ਲਿਬਰਲ ਨੂੰ 169 ਸੀਟਾਂ, ਕੰਸਰਵੇਟਿਵ ਨੂੰ 144 ਸੀਟਾਂ, ਬਲਾਕ ਕਿਊਬੈਕਾ ਨੂੰ 22, ਐਨਡੀ ਪੀ ਨੂੰ 7 ਅਤੇ ਗਰੀਨ ਪਾਰਟੀ ਨੂੰ ਇਕ ਸੀਟ ਮਿਲੀ ਹੈ। ਚੋਣ ਨਤੀਜਿਆਂ ਮੁਤਾਬਿਕ ਜੇ ਲਿਬਰਲ ਪਾਰਟੀ ਬਹੁਮਤ ਦੇ ਅੰਕੜੇ ਦੇ ਨਜ਼ਦੀਕ ਪੁੱਜੀ ਹੈ ਤਾਂ ਕੰਸਰਵੇਟਿਵ ਪਾਰਟੀ ਨੇ ਪਿਛਲੀ ਵਾਰ ਨਾਲੋਂ 20 ਸੀਟਾਂ ਵਿਚ ਵਾਧਾ ਕੀਤਾ ਹੈ ਪਰ ਇਸ ਦੌਰਾਨ ਬਲਾਕ ਕਿਊਬੈਕਾ ਜਿਸਦੀਆਂ ਪਿਛਲ਼ੀ ਵਾਰ 32 ਸੀਟਾਂ ਸਨ ਨੂੰ 10 ਸੀਟਾਂ ਦੇ ਨੁਕਸਾਨ ਦੇ ਨਾਲ ਐਨ ਡੀ ਪੀ ਨੂੰ ਸਭ ਤੋਂ ਵੱਡਾ ਝਟਕਾ ਲੱਗਾ ਹੈ।ਉਸਦੀਆਂ ਪਿਛਲ਼ੀ ਵਾਰ 24 ਸੀਟਾਂ ਸਨ ਪਰ ਇਸ ਵਾਰ ਉਹ ਕੇਵਲ 7 ਸੀਟਾਂ ਤੇ ਸਿਮਟ ਗਈ ਹੈ ਜਦੋਂ ਕਿ ਪਾਰਟੀ ਆਗੂ ਜਗਮੀਤ ਸਿੰਘ ਬਰਨਬੀ ਸੈਂਟਰ ਤੋਂ ਆਪਣੀ ਸੀਟ ਵੀ ਗਵਾ ਬੈਠੇ ਹਨ। ਉਹਨਾਂ ਨੇ ਚੋਣਾਂ ਵਿਚ ਸਭ ਤੋਂ ਵੱਡੀ ਹਾਰ ਨੂੰ ਕਬੂਲਦਿਆਂ ਪਾਰਟੀ ਆਗੂ ਵਜੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਕੰਸਰਵੇਟਿਵ ਆਗੂ ਪੀਅਰ ਪੋਲੀਵਰ ਜਿਹਨਾਂ ਦੀ ਟਰੂਡੋ ਦੇ ਲਿਬਰਲ ਆਗੂ ਹੁੰਦਿਆਂ ਲੋਕਪ੍ਰਿਯਤਾ ਕਾਫੀ ਵਧ ਗਈ ਸੀ ਤੇ ਉਹ ਸੰਭਾਵੀ ਪ੍ਰਧਾਨ ਮੰਤਰੀ ਵਜੋਂ ਵੇਖੇ ਜਾਣ ਲੱਗੇ ਸਨ, ਨੂੰ ਉਘੇ ਅਰਥ ਸਾਸ਼ਤਰੀ ਮਾਰਕ ਕਾਰਨੀ ਦੇ ਲਿਬਰਲ ਆਗੂ ਬਣਨ ਅਤੇ ਟਰੰਪ ਵਲੋਂ ਵਪਾਰ ਜੰਗ ਸ਼ੁਰੂ ਕਰਨ ਨਾਲ ਜੋ ਨੁਕਸਾਨ ਸਹਿਣ ਕਰਨਾ ਪਿਆ ਹੈ,ਸ਼ਾਇਦ ਉਹਨਾਂ ਦੇ ਚੇਤਿਆਂ ਵਿਚ ਵੀ ਨਹੀਂ ਹੋਵੇਗਾ। ਮਾਰਕ ਕਾਰਨੀ ਦੀ ਲੋਕਪ੍ਰਿਯਤਾ ਕਾਰਣ ਉਹਨਾਂ ਨੂੰ ਕਾਰਨੀ ਦੇ ਹਲਕੇ ਨੇਪੀਅਨ ਦੇ ਐਨ ਗਵਾਂਢ ਵਿਚ ਕਾਰਲਟਨ ਹਲਕੇ ਤੋਂ ਆਪਣੀ ਸੀਟ ਵਿਚ ਗਵਾਉਣੀ ਪਈ ਹੈ। ਉਹ ਇਸ ਸੀਟ ਤੇ 2004 ਤੋਂ ਐਮ ਪੀ ਚਲੇ ਆ ਰਹੇ ਸਨ। ਇਹਨਾਂ ਚੋਣਾਂ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਦੀਆਂ ਧਮਕੀਆਂ ਅਤੇ ਕੈਨੇਡਾ ਖਿਲਾਫ ਵਪਾਰ ਜੰਗ ਦਾ ਪ੍ਰਤੱਖ ਪ੍ਰਭਾਵ ਨਜ਼ਰ ਆਇਆ। ਕੈਨੇਡੀਅਨ ਲੋਕਾਂ ਵਿਚ ਪੈਦਾ ਹੋਈ ਅਸੁਰੱਖਿਆ ਦੀ ਭਾਵਨਾ ਤੇ ਆਰਥਿਕ ਸੰਕਟ ਦੀ ਸੰਭਾਵਨਾ ਨੇ ਉਹਨਾਂ ਸਾਹਮਣੇ ਇਕ ਸਿਆਸਤਦਾਨ ਦੀ ਥਾਂ ਆਰਥਿਕ ਮਾਹਿਰ ਦੀ ਚੋਣ ਨੂੰ ਤਰਜੀਹ ਦਿੱਤੀ। ਮਿਸਟਰ ਕਾਰਨੀ ਨੇ ਨੇਪੀਅਨ ਤੋਂ ਆਪਣੀ ਸੀਟ ਭਲਗਪਗ 21 ਹਜ਼ਾਰ ਤੋਂ ਵੱਧ ਦੇ ਭਾਰੀ ਫਰਕ ਨਾਲ ਜਿੱਤੀ ਹੈ। ਬੈਂਕ ਆਫ ਕੈਨੇਡਾ ਅਤੇ ਬੈਂਕ ਆਫ ਯੂਕੇ ਦੇ ਮੁਖੀ ਰਹਿਣ ਵਾਲੇ ਕਾਰਨੀ ਦੀ ਜ਼ਿੰਦਗੀ ਵਿਚ ਇਹ ਪਹਿਲੀ ਚੁਣਾਵੀ ਲੜਾਈ ਸੀ। ਚੋਣ ਨਤੀਜਿਆਂ ਤੇ ਰੁਝਾਨਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਮਿਸਟਰ ਕਾਰਨੀ ਮੁਲਕ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਅਗਵਾਈ ਕਰਨਗੇ। ਉਹਨਾਂ ਆਪਣੇ ਜੇਤੂ ਭਾਸ਼ਨ ਵਿਚ ਕੈਨੇਡਾ ਨੂੰ ਮਜਬੂਤ ਬਣਾਉਣ ਲਈ ਇਕਮੁੱਠਤਾ ਦਾ ਸੱਦਾ ਦਿੱਤਾ ਹੈ। ਆਰਥਿਕ ਨੀਤੀਆਂ ਵਿਚ ਸੁਧਾਰ ਅਤੇ ਵਿਸ਼ਵ ਵਪਾਰ ਲਈ ਨਵੇਂ ਸਬੰਧਾਂ ਦੀ ਗੱਲ ਕਰਦਿਆਂ ਉਹਨਾਂ ਐਲਾਨ ਕੀਤਾ ਹੈ ਕਿ ਪਹਿਲੀ ਜੁਲਾਈ ਤੋਂ ਮੁਲਕ ਭਰ ਵਿਚ ਸਾਰੀਆਂ ਆਰਥਿਕ ਰੁਕਾਵਟਾਂ ਦੂਰ ਕਰਦਿਆਂ ਇਕ ਇਕਾਨਮੀ ਬਣਾਈ ਜਾਵੇਗੀ।
22 ਪੰਜਾਬੀ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ– ਇਹਨਾਂ ਚੋਣਾਂ ਵਿਚ ਕੈਨੇਡਾ ਭਰ ਵਿਚ ਦੋਵਾਂ ਪ੍ਰਮੁੱਖ ਪਾਰਟੀਆਂ ਲਿਬਰਲ ਅਤੇ ਕੰਸਰਵੇਟਿਵ ਵਲੋਂ ਚੋਣਾਂ ਲੜਨ ਵਾਲੇ ਕਰੀਬ 19 ਪੰਜਾਬੀ ਉਮੀਦਵਾਰਾਂ ਨੇ ਜਿੱਤਾਂ ਦਰਜ ਕੀਤੀਆਂ ਹਨ। ਸਰੀ ਨਿਊਟਨ ਤੋਂ ਸੀਨੀਅਰ ਆਗੂ ਸੁਖ ਧਾਲੀਵਾਲ, ਸਰੀ ਸੈਂਟਰ ਤੋਂ ਰਣਦੀਪ ਸਿੰਘ ਸਰਾਏ, ਫਲੀਟਵੁੱਡ ਪੋਰਟ ਕੈਲਸ ਤੋਂ ਗੁਰਬਖਸ਼ ਸਿੰਘ ਸੈਣੀ, ਰਿਚਮੰਡ ਈਸਟ ਤੋਂ ਪਰਮ ਬੈਂਸ ਆਪਣੀ ਸੀਟਾਂ ਮੁੜ ਜਿੱਤਣ ਵਿਚ ਕਾਮਯਾਬ ਰਹੇ ਹਨ। ਐਬਸਫੋਰਡ-ਸਾਊਥ ਲੈਂਗਲੀ ਤੋਂ ਨੌਜਵਾਨ ਸੁਖਮਨ ਗਿੱਲ ਕੰਸਰਵੇਟਿਵ ਪਾਰਟੀ ਵਲੋਂ ਪਹਿਲੀ ਵਾਰ ਚੋਣ ਜਿੱਤਣ ਵਿਚ ਸਫਲ ਹੋਏ ਹਨ। ਡੈਲਟਾ ਤੋਂ ਕੰਸਰਵੇਟਿਵ ਉਮੀਦਵਾਰ ਕੌਮਾਂਤਰੀ ਪ੍ਰਸਿਧੀ ਪ੍ਰਾਪਤ ਪਹਿਲਵਾਨ ਜੱਸੀ ਸਹੋਤਾ ਦੇ ਜਿੱਤਣ ਦੀਆਂ ਭਾਰੀ ਉਮੀਦਾਂ ਸਨ ਪਰ ਉਹ ਲਿਬਰਲ ਉਮੀਦਵਾਰ ਜਿਲ ਮੈਕਨਾਈਟ ਹੱਥੋਂ ਹਾਰ ਗਏ ਹਨ। ਮਿਸ਼ਨ ਐਬਸਫੋਰਡ ਤੋਂ ਪੰਜਾਬੀਆਂ ਨਾਲ ਨੇੜਤਾ ਰੱਖਣ ਵਾਲੇ ਕੰਸਰਵੇਟਿਵ ਉਮੀਦਵਾਰ ਬਰੈਡ ਵਿਸ ਭਾਰੀ ਵੋਟਾਂ ਨਾਲ ਮੁੜ ਜੇਤੂ ਰਹੇ ਹਨ।
ਅਲਬਰਟਾ ਜਿਥੇ ਕਿ ਕੰਸਰਵੇਟਿਵ ਪਾਰਟੀ ਦੀ ਲਹਿਰ ਰਹੀ ਦੇ ਕੈਲਗਰੀ ਸ਼ਹਿਰ ਤੋਂ ਤਿੰਨ ਅਤੇ ਐਡਮਿੰਟਨ ਤੋਂ ਦੋ ਪੰਜਾਬੀ ਉਮੀਦਵਾਰ ਜਿੱਤਣ ਵਿਚ ਕਾਮਯਾਬ ਰਹੇ ਹਨ। ਕੈਲਗਰੀ ਈਸਟ ਤੋਂ ਕੰਸਰਵੇਟਿਵ ਉਮੀਦਵਾਰ ਜਸਰਾਜ ਸਿੰਘ ਹੱਲਣ ਮੁੜ ਚੋਣ ਜਿੱਤੇ ਹਨ ਜਦੋਂਕਿ ਕੈਲਗਰੀ ਸਕਾਈਵਿਊ ਤੋਂ ਅਮਨਪ੍ਰੀਤ ਸਿੰਘ ਗਿੱਲ ਅਤੇ ਕੈਲਗਰੀ ਮੈਕਨਾਈਟ ਤੋਂ ਦਲਵਿੰਦਰ ਗਿੱਲ ਜੇਤੂ ਰਹੇ ਹਨ। ਦਲਵਿੰਦਰ ਗਿੱਲ ਨੇ ਲਿਬਰਲ ਦੇ ਮੌਜੂਦਾ ਐਮ ਪੀ ਜੌਰਜ ਚਾਹਲ ਨੂੰ ਹਰਾਉਣ ਵਿਚ ਸਫਲਤਾ ਹਾਸਲ ਕੀਤੀ ਹੈ। ਐਡਮਿਟਨ ਗੇਟਵੇਅ ਤੋਂ ਕੰਸਰਵੇਟਿਵ ਪਾਰਟੀ ਦੇ ਡਿਪਟੀ ਲੀਡਰ ਟਿੰਮ ਉਪਲ ਅਤੇ ਐਡਮਿੰਟਨ ਸਾਉਥ ਈਸਟ ਜਗਸ਼ਰਨ ਸਿੰਘ ਮਾਹਲ ਜੇਤੂ ਰਹੇ ਹਨ। ਮਾਹਲ ਨੇ ਐਡਮਿੰਟਨ ਦੇ ਮੇਅਰ ਲਿਬਰਲ ਉਮੀਦਵਾਰ ਅਮਰਜੀਤ ਸੋਹੀ ਨੂੰ ਹਰਾਇਆ ਹੈ।
ਪਾਰਲੀਮੈਂਟ ਵਿਚ ਸਭ ਤੋਂ ਵੱਧ ਸੀਟਾਂ ਵਾਲੇ ਓਨਟਾਰੀਓ ਸੂਬੇ ਵਿਚ ਪੰਜਾਬੀਆਂ ਦੀ ਘਣੀ ਵਸੋਂ ਵਾਲੇ ਬਰੈਪਟਨ ਅਤੇ ਮਿਸਾਸਾਗਾ ਹਲਕਿਆਂ ਵਿਚ ਕਈ ਪੰਜਾਬੀ ਦੁਬਾਰਾ ਚੋਣਾਂ ਜਿੱਤਣ ਵਿਚ ਸਫਲ ਹੋਏ ਹਨ। ਇਹਨਾਂ ਚ ਬਰੈਂਪਟਨ ਸੈਂਟਰ ਤੋਂ ਲਿਬਰਲ ਉਮੀਦਵਾਰ ਅਮਨਦੀਪ ਕੌਰ ਸੋਢੀ, ਬਰੈਂਪਟਨ ਈਸਟ ਤੋਂ ਮਨਿੰਦਰ ਸਿੱਧੂ, ਬਰੈਂਪਟਨ ਸਾਊਥ ਤੋਂ ਸੋਨੀਆ ਸਿੱਧੂ, ਬਰੈਂਪਟਨ ਨਾਰਥ ਤੋਂ ਰੂਬੀ ਸਹੋਤਾ, ਮਿਸੀਸਾਗਾ ਮਾਲਟਨ ਤੋਂ ਇਕਵਿੰਦਰ ਸਿੰਘ ਗਹੀਰ ਤੇ ਓਕਵਿਲ ਈਸਟ ਤੋਂ ਅਨੀਤਾ ਆਨੰਦ ਆਪਣੀਆਂ ਸੀਟਾਂ ਮੁੜ ਜਿੱਤਣ ਵਿਚ ਸਫਲ ਹੋਏ ਹਨ। ਬਰੈਂਪਟਨ ਵੈਸਟ ਤੋਂ ਕੰਸਰਵੇਟਿਵ ਅਮਰਜੀਤ ਗਿੱਲ ਨੇ ਲਿਬਰਲ ਦੀ ਮੌਜੂਦਾ ਐਮ ਪੀ ਕਮਲ ਖਹਿਰਾ ਨੂੰ ਹਰਾਇਆ ਹੈ ਜਦੋਂਕਿ ਮਿਲਟਨ ਈਸਟ ਤੋਂ ਕੰਸਰਵੇਟਿਵ ਉਮੀਦਵਾਰ ਪਰਮ ਗਿੱਲ ਸਫਲ ਹੋਏ ਹਨ। ਵਾਟਰਲੂ ਤੋਂ ਲਿਬਰਲ ਬਰਦੀਸ਼ ਚੱਗਰ ਮੁੜ ਜੇਤੂ ਰਹੀ ਹੈ। ਬਰੈਂਪਟਨ ਏਰੀਏ ਤੋਂ ਬਾਹਰ ਵਿੰਡਸਰ ਵੈਸਟ ਤੋਂ ਸਾਬਕਾ ਪੁਲਿਸ ਅਧਿਕਾਰੀ ਹਰਬ ਗਿੱਲ ਅਤੇ ਆਕਸਫੋਰਡ ਤੋਂ ਅਰਪਨ ਖੰਨਾ ਦੂਸਰੀ ਵਾਰ ਚੁਣੇ ਗਏ ਹਨ। ਇਸ ਤਰਾਂ ਕਿਊਬੈਕ ਦੇ ਹਲਕਾ ਡੋਹਵਲ ਲਸ਼ੀਨ ਲਾਸਾਲ ਤੋਂ ਅੰਜੂ ਢਿੱਲੋਂ ਲਿਬਰਲ ਉਮੀਦਵਾਰ ਵਜੋਂ ਦੁਬਾਰਾ ਜੇਤੂ ਰਹੀ ਹੈ।
ਯੂਨੀਵਰਸਿਟੀ ਰੋਜਡੇਲ ਹਲਕੇ ਤੋਂ ਸਾਬਕਾ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ 23 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਜੇਤੂ ਰਹੀ ਹੈ।
ਪ੍ਰਮੁੱਖ ਹਲਕਿਆਂ ਦੇ ਨਤੀਜੇ-
ਸਰੀ ਨਿਊਟਨ-ਲਿਬਰਲ ਸੁਖ ਧਾਲੀਵਾਲ-20,006, ਕੰਸਰਵੇਟਿਵ ਹਰਜੀਤ ਗਿੱਲ-17847- ਵੋਟਾਂ ਦਾ ਫਰਕ-2159
ਸਰੀ ਸੈਂਟਰ- ਲਿਬਰਲ ਰਣਦੀਪ ਸਰਾਏ-21,103, ਕੰਸਰਵੇਟਿਵ ਰਾਜਵੀਰ ਢਿਲੋਂ-19071-ਵੋਟਾਂ ਦਾ ਫਰਕ-2032
ਸਰੀ ਫਲੀਟਵੁੱਡ-ਪੋਰਟ ਕੈਲਸ-ਲਿਬਰਲ ਗੁਰਬਖਸ਼ ਸੈਣੀ-23239, ਕੰਸਰਵੇਟਿਵ ਸੁੱਖ ਪੰਧੇਰ-21439, ਵੋਟਾਂ ਦਾ ਫਰਕ-1800
ਡੈਲਟਾ- ਲਿਬਰਲ ਜਿਲ ਮੈਕਨਾਈਟ-31807, ਕੰਸਰਵੇਟਿਵ ਜੈਸੀ ਸਹੋਤਾ-26833, ਵੋਟਾਂ ਦਾ ਫਰਕ-4934
ਸਾਉਥ ਸਰੀ-ਵਾਈਟ ਰੌਕ- ਲਿਬਰਲ ਐਰਨੀ ਕਲਾਸਨ-32423, ਕੰਸਰਵੇਟਿਵ ਕੈਰੀ ਲਿਨ ਫਿੰਡਲੇ-29492, ਵੋਟਾਂ ਦਾ ਫਰਕ -2925
ਰਿਚਮੰਡ ਈਸਟ ਸਟੀਵਨਸਟਨ- ਲਿਬਰਲ ਪਰਮ ਬੈਂਸ 25705, ਕੰਸਰਵੇਟਿਵ ਸੇਗਲ-24605, ਵੋਟਾਂ ਦਾ ਫਰਕ- 1100
ਵੈਨਕੂਵਰ ਕਿੰਗਜਵੇਅ-ਲਿਬਰਲ ਐਨ ਡੀ ਪੀ ਡੌਨ ਡੇਵੀਜ 18747, ਲਿਬਰਲ ਐਮੀ ਗਿੱਲ-18133, ਵੋਟਾਂ ਦਾ ਫਰਕ -310
ਵੈਨਕੂਵਰ ਫਰੇਜਰਵਿਊ-ਲਿਬਰਲ ਗਰੈਗਰ ਰੋਬਰਸਟਨ 27111, ਕੰਸਰਵੇਟਿਵ ਅਵੀ ਨਈਅਰ 18500, ਐਨ ਡੀ ਪੀ ਮਨੋਜ ਭੰਗੂ-5080, ਵੋਟਾਂ ਦਾ ਫਰਕ -8617
ਬਰਨਬੀ ਸੈਂਟਰ-ਲਿਬਰਲ ਵੇਡ ਚੈਂਗ-21745, ਕੰਸਰਵੇਟਿਵ ਜੇਮਜ਼ 19838, ਐਨ ਡੀ ਪੀ ਜਗਮੀਤ ਸਿੰਘ ਤੀਸਰੇ ਨੰਬਰ ਤੇ ਰਹੇ -9353, ਵੋਟਾਂ ਦਾ ਫਰਕ -1907
ਵੈਸਟ ਮਨਿਸਟਰ ਬਰਨਬੀ-ਲਿਬਰਲ ਸਵਾਜਕੀ 19547,ਐਨ ਡੀ ਪੀ ਪੀਟਰ ਜੂਲੀਅਨ 17624, ਕੰਸਰਵੇਟਿਵ ਇੰਦੀ ਪੰਛੀ-17427, ਵੋਟਾਂ ਦਾ ਫਰਕ -1923
ਕਲੋਵਰਡੇਲ ਲੈਂਗਲੀ-ਕੰਸਰਵੇਟਿਵ ਟਮੈਰਾ ਜੈਨਸਨ-25607, ਲਿਬਰਲ ਕਾਇਲ ਲੈਚਫੋਰਡ-24838, ਵੋਟਾਂ ਦਾ ਫਰਕ-769
ਲੈਂਗਲੀ ਟਾਉਨਸ਼ਿਪ- ਕੰਸਰਵੇਟਿਵ ਵੈਨ ਪੋਪਟਾ-32025, ਜੌਨ ਐਲਡਗ-26292, ਵੋਟਾਂ ਦਾ ਫਰਕ 5733
ਐਬਸਫੋਰਡ-ਸਾਊਥ ਲੈਂਗਲੀ- ਕੰਸਰਵੇਟਿਵ ਸੁਖਮਨ ਗਿੱਲ-24126, ਲਿਬਰਲ ਕੈਵਿਨ ਗਿਲੀਜ-18963, ਵੋਟਾਂ ਦਾ ਫਰਕ-5163
ਮਿਸ਼ਨ-ਮੈਸਕੂਈ ਐਬਸਫੋਰਡ-ਕੰਸਰਵੇਟਿਵ ਬਰੈਡ ਵਿਸ-33045. ਲਿਬਰਲ ਜੈਫ ਹੋਵ-21207- ਵੋਟਾਂ ਦਾ ਫਰਕ11838
ਪਿਟ ਮੀਡੋਜ ਮੈਪਲ ਰਿਜ-ਕੰਸਰਵੇਟਿਵ ਮਾਰਕ ਡੈਲਟਨ-31190, ਲਿਬਰਲ ਐੰਜੀ ਰੋਵਲ-29708, ਵੋਟਾਂ ਦਾ ਫਰਕ 1482
ਚਿਲਾਵੈਕ ਹੋਪ- ਕੰਸਰਵੇਟਿਵ ਮਾਰਕ ਸਟਰਾਲ-35768, ਲਿਬਰਲ ਜੀਸ਼ਾਨ ਖਾਨ-23012, ਵੋਟਾਂ ਦਾ ਫਰਕ12756
ਅਲਬਰਟਾ ਨਤੀਜੇ-
ਕੈਲਗਰੀ ਈਸਟ- ਕੰਸਰਵੇਟਿਵ ਜਸਰਾਜ ਸਿੰਘ ਹੱਲਣ-31798, ਲਿਬਰਲ ਪਰੀਤੀ ਉਬਰਾਏ-16600, ਵੋਟਾਂ ਦਾ ਫਰਕ15198
ਕੈਲਗਰੀ ਮੈਕਨਾਈਟ-ਕੰਸਰਵੇਟਿਵ ਦਲਵਿੰਦਰ ਗਿੱਲ-20850, ਲਿਬਰਲ ਜੌਰਜ ਚਾਹਲ-19516, ਵੋਟਾਂ ਦਾ ਫਰਕ-1334
ਕੈਲਗਰੀ ਸਕਾਈਵਿਊ- ਕੰਸਰਵੇਟਿਵ ਅਮਨਪ੍ਰੀਤ ਸਿੰਘ ਗਿੱਲ-27106, ਲਿਬਰਲ ਹਫੀਜ਼ ਮਲਿਕ-18334, ਐਨ ਡੀ ਪੀ ਰਾਜੇਸ਼ ਅੰਗੂਰਾਲ-1311, ਵੋਟਾਂ ਦਾ ਫਰਕ-8772
ਕੈਲਗਰੀ ਕਨਫੈਡਰੇਸ਼ਨ-ਲਿਬਰਲ ਕੋਰੇ ਹੋਗਨ-33077, ਕੰਸਰਵੇਟਿਵ ਜਰਮੀ ਨਿਕਸਨ-31829, ਵੋਟਾਂ ਦਾ ਫਰਕ 1248 ( ਕੈਲਗਰੀ ਵਿਚ ਲਿਬਰਲ ਦੀ ਇਕਲੌਤੀ ਸੀਟ)
ਐਡਮਿੰਟਨ ਗੇਟਵੇਅ-ਕੰਸਰਵੇਟਿਵ ਟਿਮ ਉਪਲ-26336, ਲਿਬਰਲ ਜਰਮੀ 19340, ਵੋਟਾਂ ਦਾ ਫਰਕ-3279
ਐਡਮਿੰਟਨ ਸਾਉਥ ਈਸਟ- ਕੰਸਰਵੇਟਿਵ ਜਗਸ਼ਰਨ ਮਾਹਲ-25205, ਲਿਬਰਲ ਮੇਅਰ ਅਮਰਜੀਤ ਸੋਹੀ -18451, ਵੋਟਾਂ ਦਾ ਫਰਕ-6754
ਬਰੈਂਪਟਨ ( ਓਨਟਾਰੀਓ) ਦੇ ਨਤੀਜੇ-
ਬਰੈਂਪਟਨ ਸੈਂਟਰ-ਲਿਬਰਲ ਅਮਨਦੀਪ ਸੋਢੀ-18940, ਕੰਸਰਵੇਟਿਵ ਤਰਨ ਚਾਹਲ-18600, ਵੋਟਾਂ ਦਾ ਫੜਕ-340
ਬਰੈਂਪਟਨ ਈਸਟ-ਲਿਬਰਲ ਮਨਿੰਦਰ ਸਿੱਧੂ-23615, ਕੰਸਰਵੇਟਿਵ ਬੌਬ ਦੋਸਾਂਝ ਸਿਂਘ-21686, ਵੋਟਾਂ ਦਾ ਫਰਕ 1929
ਬਰੈਂਪਟਨ ਵੈਸਟ-ਕੰਸਰਵੇਟਿਵ ਅਮਰਜੀਤ ਗਿੱਲ-21112, ਲਿਬਰਲ ਕਮਲ ਖਹਿਰਾ-20214- ਵੋਟਾਂ ਦਾ ਫਰਕ-898
ਬਰੈਂਪਟਨ ਨਾਰਥ ਕਾਲੇਡਨ-ਲਿਬਰਲ ਰੂਬੀ ਸਹੋਤਾ-22682, ਕੰਸਰਵੇਟਿਵ ਅਮਨਦੀਪ ਜੱਜ-22032, ਵੋਟਾਂ ਦਾ ਫਰਕ 650
ਬਰੈਂਪਟਨ ਸਾਉਥ-ਲਿਬਰਲ ਸੋਨੀਆ ਸਿੱਧੂ-22000, ਕੰਸਰਵੇਟਿਵ ਸੁਖਦੀਪ ਕੰਗ-21193, ਵੋਟਾਂ ਦਾ ਫਰਕ-807
ਮਿਸੀਸਾਗਾ ਮਾਲਟਨ-ਲਿਬਰਲ ਇਕਵਿੰਦਰ ਸਿੰਘ ਗਹੀਰ-26700, ਜਸਪ੍ਰੀਤ ਸੰਧੂ-21134, ਵੋਟਾਂ ਦਾ ਫਰਕ-5566
ਮਿਲਟਨ ਈਸਟ-ਕੰਸਰਵੇਟਿਵ ਪਰਮ ਗਿੱਲ-32186, ਲਿਬਰਲ ਕ੍ਰਿਸਟੀਨਾ-31888, ਵੋਟਾਂ ਦਾ ਫਰਕ 298
ਓਕਵਿਲ ਈਸਟ-ਲਿਬਰਲ ਅਨੀਤਾ ਆਨੰਦ-31129, ਕੰਸਰਵੇਟਿਵ ਰੌਨ ਸ਼ਿੰਜਰ-27329, ਵੋਟਾਂ ਦਾ ਫਰਕ-3750
ਵਿੰਡਸਰ ਵੈਸਟ-ਕੰਸਰਵੇਟਿਵ ਹਰਬ ਗਿੱਲ-21420, ਲਿਬਰਲ ਰਿਚਰਡ-16959, ਵੋਟਾਂ ਦਾ ਫਰਕ 4461
ਆਕਸਫੋਰਡ-ਕੰਸਰਵੇਟਿਵ ਅਰਪਨ ਖੰਨਾ-38132, ਲਿਬਰਲ ਡੇਵਿਡ- 27243, ਵੋਟਾਂ ਦਾ ਫਰਕ-10889
ਕਿਊਬੈਕ ਡੋਵਲ ਲਸ਼ੀਨ ਲਾਸਾਲ- ਲਿਬਰਲ ਅੰਜੂ ਢਿੱਲੋ 29908, ਕੰਸਰਵੇਟਿਵ ਅਲੀਓਨੀ ਸਰ-10363, ਵੋਟਾਂ ਦਾ ਫਰਕ 19545
ਕਿਊਬੈਕ- ਬੈਲੋਈ ਚੈਂਬਲੀ- ਬਲਾਕ ਕਿਊਬੈਕ ਲੀਡਰ ਫਰਾਂਸਵਾ ਬਲਾਸ਼ੇ-33535, ਲਿਬਰਲ ਨਿਕੋਲਸਨ-23593, ਵੋਟਾਂ ਦਾ ਫਰਕ -9942
ਓਟਵਾ ਕਾਰਲਟਨ- ਕੰਸਰਵੇਟਿਵ ਲੀਡਰ ਪੀਅਰ ਪੋਲੀਵਰ-39585,ਲਿਬਰਲ ਉਮੀਦਵਾਰ ਬਰੂਸ ਫੈਨਜੋਏ-43900, ਪੋਲੀਵਰ ਹਾਰੇ 4315 ਵੋਟਾਂ ਦੇ ਫਰਕ ਨਾਲ।
ਬਰਨਬੀ ਸੈਂਟਰ ਬੀਸੀ-ਐਨ ਡੀ ਪੀ ਲੀਡਰ ਜਗਮੀਤ ਸਿੰਘ-9353 ਵੋਟਾਂ ਨਾਲ ਤੀਸਰੇ ਸਥਾਨ ਤੇ ਰਹੇ। ਲਿਬਰਲ ਜੇਤੂ ਉਮੀਦਵਾਰ ਵੇਡ ਚੈਂਗ-21745 ਵੋਟਾਂ ਤੇ ਕੰਸਰਵੇਟਿਵ ਉਮੀਦਵਾਰ ਜੇਮਜ਼ 19838 ਵੋਟਾਂ ਪਈਆਂ।
ਗਿੱਲ ਗੋਤ ਦੇ ਛੇ ਪੰਜਾਬੀ ਜਿੱਤੇ-
ਇਹਨਾਂ ਚੋਣਾਂ ਵਿਚ ਦਿਲਚਸਪ ਗੱਲ ਇਹ ਰਹੀ ਕਿ ਗਿੱਲ ਗੋਤ ਨਾਲ ਸਬੰਧਤ 6 ਪੰਜਾਬੀਆਂ ਨੇ ਜਿੱਤ ਹਾਸਲ ਕੀਤੀ ਹੈ। ਇਹ ਸਾਰੇ ਕੰਸਰਵੇਟਿਵ ਪਾਰਟੀ ਨਾਲ ਸਬੰਧਤ ਹਨ। ਸਫਲ ਹੋਏ ਗਿੱਲਾਂ ਵਿਚ ਓਨਟਾਰੀਓ ਤੋਂ ਅਮਰਜੀਤ ਗਿੱਲ, ਹਰਬ ਗਿੱਲ ਤੇ ਪਰਮ ਗਿੱਲ ਸ਼ਾਮਲ ਹਨ। ਕੈਲਗਰੀ ਤੋਂ ਦਲਵਿੰਦਰ ਗਿੱਲ ਤੇ ਅਮਨਪ੍ਰੀਤ ਸਿੰਘ ਗਿੱਲ ਜਦੋਂਕਿ ਬੀਸੀ ਦੇ ਐਬਸਸਫੋਰਡ ਸਾਉਥ ਲੈਂਗਲੀ ਹਲਕੇ ਤੋਂ ਸੁਖਮਨ ਸਿੰਘ ਗਿੱਲ ਚੋਣ ਜਿੱਤੇ ਹਨ।