ਸਰੀ ( ਕਾਹਲਂ)-. – ਗਰਮੀਆਂ ਦਾ ਮੌਸਮ ਨੇੜੇ ਆਉਂਦਿਆਂ ਹੀ, ਸਰੀ ਫਾਇਰ ਸਰਵਿਸ ਵਿਭਾਗ ਸਰੀ ਵਾਸੀਆਂ ਅਤੇ ਸੈਲਾਨੀਆਂ ਨੂੰ ਯਾਦ ਦਿਵਾ ਰਿਹਾ ਹੈ ਕਿ ਸਰੀ ਵਿੱਚ 1 ਮਈ 2025 ਤੋਂ ਹਰ ਕਿਸਮ ਦੀ ਖੁੱਲ੍ਹੀਂ ਅੱਗ (Open burning) ‘ਤੇ ਪਾਬੰਦੀ ਲਾਗੂ ਹੋ ਜਾਵੇਗੀ। ਗਰਮ ਤਾਪਮਾਨ ਅਤੇ ਖ਼ੁਸ਼ਕ ਸਥਿਤੀਆਂ ਦੇ ਨੇੜੇ ਆਉਣ ਨਾਲ, ਸ਼ਹਿਰ ਭਰ ਵਿੱਚ ਸੁੱਕੇ ਘਾਹ ਤੇ ਝਾੜੀਆਂ ਆਦਿ ਨੂੰ ਅੱਗ ਲੱਗਣ ਅਤੇ ਧੂੰਏਂ ਨਾਲ ਸਬੰਧਿਤ ਸ਼ਿਕਾਇਤਾਂ ਵਧਣ ਦਾ ਖ਼ਤਰਾ ਹੋ ਸਕਦਾ ਹੈ। ਸਰੀ ਫਾਇਰ ਸਰਵਿਸ ਨੇ ਸਾਰਿਆਂ ਨੂੰ ਸਾਵਧਾਨ ਰਹਿਣ ਅਤੇ ਇਸ ਮੌਸਮ ਦੌਰਾਨ ਅਚਾਨਕ ਅੱਗ ਲੱਗਣ ਤੋਂ ਬਚਣ ਲਈ ਲੋੜੀਂਦੇ ਕਦਮ ਚੁੱਕਣ ਦੀ ਅਪੀਲ ਕੀਤੀ ਹੈ।
ਸਰੀ ਫਾਇਰ ਸਰਵਿਸ, ਪਾਰਕਸ ਅਤੇ ਬਾਈਲਾਜ਼ ਵਿਭਾਗਾਂ ਨੇ ਮਿਲ ਕੇ, ਸੁੱਕੇ ਮੌਸਮ ਦੌਰਾਨ ਸੰਭਾਵੀ ਅੱਗ ਦੇ ਖ਼ਤਰਿਆਂ ਨਾਲ ਨਜਿੱਠਣ ਲਈ ਡਰਾਈ ਸੀਜ਼ਨ ਐਕਸ਼ਨ ਪਲਾਨ (Dry Season Action Plan) ਤਿਆਰ ਕੀਤੀ ਹੈ, ਜਿਸ ਵਿੱਚ ਜਨਤਕ ਜਾਗਰੂਕਤਾ ਲਈ ਵਾਧੂ ਸਾਈਨ ਲਾਉਣਾ ਸ਼ਾਮਲ ਹਨ। ਸੁਨੇਹੇ ਵਿੱਚ: ਸ਼ਹਿਰ ਵਿੱਚ ਅੱਗ ਦੇ ਖ਼ਤਰੇ ਦੀ ਮੌਜੂਦਾ ਸਥਿਤੀ, ਉਹ ਸਥਾਨ ਜਿੱਥੇ ਗ਼ਲਤ ਤਰੀਕੇ ਨਾਲ ਛੱਡੀ ਗਈ ਤੰਬਾਕੂਨੋਸ਼ੀ ਸਮੱਗਰੀ ਨੇ ਅੱਗ ਲਗਾਈ ਹੈ, ਅਤੇ ਬੀਚ ਆਦਿ ‘ਤੇ ਅੱਗ ਲੱਗਣ ਦੀਆਂ ਪਾਬੰਦੀਆਂ ਬਾਰੇ ਜਾਗਰੂਕਤਾ ਸ਼ਾਮਲ ਹੋਵੇਗੀ।
ਅੱਗ ਦੇ ਖ਼ਤਰੇ ਨੂੰ ਘਟਾਉਣ ਲਈ, ਸਰੀ ਦੀ ਹੱਦ ਅੰਦਰ, ਖੁੱਲ੍ਹੀਂ ਅੱਗ ਬਾਲਣ ਤੇ ਪਾਬੰਦੀ ਹਰ ਥਾਂ ਤੇ ਲਾਗੂ ਹੋਵੇਗੀ, ਭਾਵੇਂ ਉਹ ਘਰ ਦਾ ਬੈਕ ਯਾਰਡ ਹੋਵੇ ਜਾਂ ਬੀਚ – ਸਭ ਸਖ਼ਤ ਪਾਬੰਦੀ ਹੇਠ ਹਨ। ਅਜਿਹੀ ਅੱਗ ਨੂੰ ਬੁਝਾਉਣ ਲਈ ਆਏ ਖ਼ਰਚਿਆ ਦੀ ਵਸੂਲੀ ਵਾਸਤੇ ਸੰਪਤੀ ਦੇ ਮਾਲਕਾਂ ਨੂੰ ਪਾਬੰਦ ਕੀਤਾ ਜਾ ਸਕਦਾ ਹੈ।
ਭਾਵੇਂ ਕਿ ਖੁੱਲ੍ਹੀਂ ਅੱਗ ‘ਤੇ ਪਾਬੰਦੀ ਹੈ, ਪਰ ਕੁਦਰਤੀ ਗੈਸ, ਪ੍ਰੋਪੇਨ, ਜਾਂ ਚਾਰਕੋਲ ਬ੍ਰੀਕੇਟਾਂ ਦੀ ਵਰਤੋਂ ਦੀ ਆਗਿਆ ਹੈ, ਬਸ਼ਰਤੇ ਕਿ ਉਹ ਇਨ੍ਹਾਂ ਉਤਪਾਦਾਂ ਲਈ ਤਿਆਰ ਕੀਤੇ ਯੂ ਐਲ ਸੀ/ਸੀ ਐਸ ਏ (ULC/CSA) ਪ੍ਰਵਾਨਿਤ ਉਪਕਰਨਾਂ ਵਿੱਚ ਵਰਤੇ ਜਾਂਦੇ ਹਨ। ਨਿੱਜੀ ਜਾਇਦਾਦ ‘ਤੇ ਕੋਲੇ ਦੇ ਬ੍ਰੀਕੇਟ ਦੀ ਆਗਿਆ ਹੈ; ਹਾਲਾਂਕਿ, ਉਨ੍ਹਾਂ ਦੀ ਵਰਤੋਂ ਸ਼ਹਿਰ ਦੇ ਪਾਰਕਾਂ ਅਤੇ ਬੀਚਾਂ ‘ਤੇ ਸੀਮਤ ਕੀਤੀ ਜਾ ਸਕਦੀ ਹੈ, ਜਦੋਂ ਅੱਗ ਦਾ ਖ਼ਤਰਾ “ਉੱਚ” ਜਾਂ “ਅਤਿ ਉੱਚ” ਦਰਜੇ ਵਜੋਂ ਸ਼੍ਰੇਣੀਬੱਧ ਕੀਤਾ ਜਾਂਦਾ ਹੈ।
ਅੱਗ ਬਾਲਣ ਸਬੰਧੀ ਨਿਯਮਾਂ ਅਤੇ ਪਰਮਿਟ ਬਾਰੇ ਪੂਰੀ ਜਾਣਕਾਰੀ, ਸਿਟੀ ਦੀ ਵੈੱਬਸਾਈਟ ਵੇਖੋ।