30 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੀਬ 20 ਲੱਖ ਰੁਪਏ ਦੇ ਵੰਡੇ ਚੈੱਕ –
ਅੱਗ ਦੀ ਲਪੇਟ ‘ਚ ਆ ਕੇ ਮਰਨ ਵਾਲੇ ਦੋ ਨੌਜਵਾਨਾਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦੇਣ ਤੋਂ ਇਲਾਵਾ 5-5 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਵੀ ਕੀਤੀ ਸ਼ੁਰੂ –
ਰਾਕੇਸ਼ ਨਈਅਰ ਚੋਹਲਾ
ਜ਼ੀਰਾ/ਫਿਰੋਜ਼ਪੁਰ-ਬਿਨ੍ਹਾਂ ਕਿਸੇ ਕੋਲੋਂ ਇੱਕ ਵੀ ਰੁਪਈਆ ਇਕੱਠਾ ਕੀਤਿਆਂ ਆਪਣੀ ਨੇਕ ਕਮਾਈ ‘ਚੋਂ ਹਰ ਸਾਲ ਕਰੋੜਾਂ ਹੀ ਰੁਪਏ ਲੋੜਵੰਦ ਲੋਕਾਂ ਲਈ ਦਾਨ ਕਰਨ ਵਾਲੇ ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਬਾਨੀ ਡਾ.ਐਸ.ਪੀ. ਸਿੰਘ ਉਬਰਾਏ ਵੱਲੋਂ ਇੱਕ ਵਾਰ ਮੁੜ ਨਿਵੇਕਲੀ ਪਹਿਲਕਦਮੀ ਕਰਦਿਆਂ ਪਿਛਲੇ ਦਿਨੀਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜੀਰਾ ਨੇੜਲੇ ਤਿੰਨ ਪਿੰਡਾਂ ਅੰਦਰ ਕਣਕ ਦੀ ਫ਼ਸਲ ਨੂੰ ਲੱਗੀ ਅੱਗ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਆਪਣੀ ਨਿੱਜੀ ਕਮਾਈ ‘ਚੋਂ 25 ਤੋਂ 30 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੀਬ 20 ਲੱਖ ਰੁਪਏ ਦੇ ਚੈੱਕ ਵੰਡੇ ਗਏ ਹਨ।
ਸਾਬਕਾ ਡੀ.ਜੀ.ਪੀ. ਮਹਿਲ ਸਿੰਘ ਭੁੱਲਰ,ਐੱਮ.ਐੱਲ.ਏ. ਨਰੇਸ਼ ਕਟਾਰੀਆ ਤੇ ਡਾ.ਕਮਲ ਬਾਗੀ ਦੀ ਮੌਜ਼ੂਦਗੀ ਵਿਚ ਪ੍ਰਭਾਵਿਤ ਕਿਸਾਨਾਂ ਨੂੰ ਉਕਤ ਰਾਸ਼ੀ ਦੇ ਚੈੱਕ ਤੇ ਹੌਸਲਾ ਦੇਣ ਲਈ ਉਚੇਚੇ ਤੌਰ ‘ਤੇ ਪਹੁੰਚੇ ਮਾਨਵਤਾ ਦੇ ਮਸੀਹਾ ਡਾ.ਐਸ.ਪੀ.ਸਿੰਘ ਉਬਰਾਏ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਜੀਰਾ ਨੇੜਲੇ ਪਿੰਡ ਬਸਤੀ ਹਾਜੀ ਵਾਲੀ,ਬਸਤੀ ਗਾਮੇ ਵਾਲੀ ਤੇ ਪਿੰਡ ਮਲਸੀਆਂ ਕਲਾਂ ਦੇ ਵੱਖ-ਵੱਖ ਕਿਸਾਨਾਂ ਦੀ ਕਰੀਬ 110 ਏਕੜ ਕਣਕ ਦੀ ਪੱਕੀ ਫ਼ਸਲ ਅੱਗ ਦੀ ਭੇਟ ਚੜ੍ਹ ਗਈ ਸੀ।ਉਨ੍ਹਾਂ ਦੱਸਿਆ ਕਿ ਟਰੱਸਟ ਦੀ ਫਿਰੋਜ਼ਪੁਰ ਟੀਮ ਦੀ ਪ੍ਰਧਾਨ ਅਮਰਜੀਤ ਕੌਰ ਛਾਬੜਾ ਰਾਹੀਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਇਸ ਮੰਦਭਾਗੀ ਘਟਨਾ ਬਾਰੇ ਧਿਆਨ ‘ਚ ਲਿਆਉਣ ਉਪਰੰਤ ਉਹ ਅੱਜ ਜਿੱਥੇ ਪੀੜਤ ਕਿਸਾਨਾਂ ਦਾ ਦੁੱਖ ਵੰਡਾਉਣ ਲਈ ਪਹੁੰਚੇ ਹਨ ਉੱਥੇ ਹੀ ਉਨਾਂ ਆਪਣੀ ਟਰੱਸਟ ਵੱਲੋਂ ਇੱਕ ਜਾਂ ਦੋ ਏਕੜ ਤੱਕ ਨੁਕਸਾਨੀ ਫ਼ਸਲ ਵਾਲੇ ਕਿਸਾਨਾਂ ਨੂੰ 30 ਹਜ਼ਾਰ ਰੁਪਏ ਪ੍ਰਤੀ ਏਕੜ ਜਦ ਕਿ ਵੱਧ ਏਕੜ ਵਾਲੇ ਪ੍ਰਭਾਵਿਤ ਕਿਸਾਨਾਂ ਨੂੰ 25 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕੁੱਲ 20 ਲੱਖ ਰੁਪਏ ਦੇ ਚੈੱਕ ਵੰਡੇ ਗਏ ਹਨ।ਉਨ੍ਹਾਂ ਇਹ ਵੀ ਦੱਸਿਆ ਕਿ ਇਸੇ ਅੱਗ ਦੀ ਲਪੇਟ ‘ਚ ਆ ਕੇ ਆਪਣੀ ਜਾਨ ਗਵਾਉਣ ਵਾਲੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਅਰਜਨ ਪੁੱਤਰ ਜਗਤਾਰ ਸਿੰਘ ਤੇ ਕਰਨਪਾਲ ਪੁੱਤਰ ਕਮਲਜੀਤ ਸਿੰਘ ਵਾਸੀ ਜ਼ੀਰਾ ਦੇ ਪਰਿਵਾਰਾਂ ਨੂੰ ਵੀ ਉਨ੍ਹਾਂ ਵੱਲੋਂ 50-50 ਹਜ਼ਾਰ ਰੁਪਏ ਦੀ ਮਾਲੀ ਮਦਦ ਤੋਂ ਇਲਾਵਾ 5-5 ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਦੀ ਸਹੂਲਤ ਵੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਪੀੜਤ ਕਿਸਾਨਾਂ ‘ਤੇ ਨਿਰਭਰ ਪਿੰਡ ਦੇ ਗ੍ਰੰਥੀ ਸਿੰਘ ਨੂੰ ਵੀ 10 ਹਜ਼ਾਰ ਰੁਪਏ ਦੀ ਮਦਦ ਦਾ ਚੈੱਕ ਦਿੱਤਾ ਗਿਆ ਹੈ। ਡਾ.ਉਬਰਾਏ ਨੇ ਇਹ ਵੀ ਕਿਹਾ ਕਿ ਸਾਡੇ ਕਿਸਾਨ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਅਤੇ ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਔਖੀ ਘੜੀ ਵੇਲੇ ਇਨ੍ਹਾਂ ਦੀ ਬਾਂਹ ਫੜੀਏ।ਇਸ ਦੌਰਾਨ ਮੌਜ਼ੂਦ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਇਸ ਵੱਡੇ ਉਪਰਾਲੇ ਲਈ ਡਾ.ਉਬਰਾਏ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ ਗਿਆ।ਇਸ ਮੌਕੇ ਉਪਰੋਕਤ ਤੋਂ ਇਲਾਵਾ ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ,ਜ਼ਿਲ੍ਹਾ ਕੈਸ਼ੀਅਰ ਵਿਜੈ ਕੁਮਾਰ ਬਹਿਲ, ਜ਼ਿਲ੍ਹਾ ਜਰਨਲ ਸਕੱਤਰ ਪਾਲ ਸਿੰਘ, ਜ਼ਿਲ੍ਹਾ ਸਲਾਹਕਾਰ ਅਤੇ ਇੰਚਾਰਜ ਜ਼ੀਰਾ ਰਣਜੀਤ ਸਿੰਘ ਰਾਏ,ਜ਼ਿਲ੍ਹਾ ਸਲਾਹਕਾਰ ਅਤੇ ਇੰਚਾਰਜ਼ ਜ਼ੀਰਾ ਬਲਵਿੰਦਰ ਕੌਰ ਲਹੁਕੇ,ਜਸਪ੍ਰੀਤ ਕੌਰ ਇੰਚਾਰਜ ਤਲਵੰਡੀ ਭਾਈ,ਮਹਾਂਵੀਰ ਸਿੰਘ ਕਿਰਨ ਪੇਂਟਰ,ਰਮਿੰਦਰ ਸਿੰਘ ਬਿੱਟਾ,ਹਰਪਾਲ ਸਿੰਘ ਮੱਖੂ,ਦਰਸ਼ਨ ਸਿੰਘ ਕਿਸਾਨ ਯੂਨੀਅਨ ਕਾਦੀਆਂ,ਰਜਿੰਦਰ ਸਿੰਘ ਬੱਬੂ,ਗੁਰਪ੍ਰੀਤ ਸਿੰਘ ਗੋਰਾ ਸਮੇਤ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਵੀ ਹਾਜ਼ਰ ਸਨ।
ਕੈਪਸ਼ਨ : ਪ੍ਰਭਾਵਿਤ ਕਿਸਾਨਾਂ ਨੂੰ ਚੈੱਕ ਵੰਡਣ ਮੌਕੇ ਡਾ.ਐਸ.ਪੀ. ਸਿੰਘ ਉਬਰਾਏ ਨਾਲ ਸਾਬਕਾ ਡੀ.ਜੀ.ਪੀ.ਮਹਿਲ ਸਿੰਘ ਭੁੱਲਰ,ਐੱਮ.ਐੱਲ.ਏ. ਨਰੇਸ਼ ਕਟਾਰੀਆ, ਡਾ.ਕਮਲ ਬਾਗੀ, ਅਮਰਜੀਤ ਕੌਰ ਛਾਬੜਾ ਤੇ ਹੋਰ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)