Headlines

ਅਲਬਰਟਾ ਤੋਂ ਐਮ ਪੀ ਡੈਮੀਅਨ ਵਲੋਂ ਪੋਲੀਵਰ ਲਈ ਆਪਣੀ ਸੀਟ ਛੱਡਣ ਦੀ ਪੇਸ਼ਕਸ਼

ਹਾਰ ਦੇ ਬਾਵਜੂਦ ਪ੍ਰਮੁੱਖ ਕੰਸਰਵੇਟਿਵ ਆਗੂਆਂ ਵਲੋਂ ਪੋਲੀਵਰ ਦਾ ਸਮਰਥਨ-
ਓਟਵਾ-ਕੰਸਰਵੇਟਿਵ ਨੇਤਾ ਪੀਅਰ ਪੋਲੀਵਰ ਦੇ ਚੋਣਾਂ ਵਿਚ ਹਾਰ ਜਾਣ ਅਤੇ ਸਰਕਾਰ ਬਣਾਉਣ ਵਿਚ ਨਾਕਾਮ ਰਹਿਣ ਪਿੱਛੋਂ ਵੀ ਪੋਲੀਵਰ ਦੇ ਸਹਿਯੋਗੀ ਉਨ੍ਹਾਂ ਦੀ ਨਿਰੰਤਰ ਲੀਡਰਸ਼ਿਪ ਦੇ ਹੱਕ ਵਿਚ ਬੋਲ ਰਹੇ ਹਨ। ਇਨ੍ਹਾਂ ਨੇਤਾਵਾਂ ਵਿਚ ਪਾਰਟੀ ਦੇ ਸਾਬਕਾ ਨੇਤਾ ਐਂਡਰਿਊ ਸ਼ੀਰ ਸ਼ਾਮਿਲ ਹਨ ਜਿਨ੍ਹਾਂ ਨੂੰ ਵਧੇਰੇ ਵੋਟਾਂ ਹਾਸਲ ਕਰਨ ਅਤੇ ਪਾਰਟੀ ਦੀਆਂ ਸੀਟਾਂ ਵਧਾਉਣ ਦੇ ਬਾਵਜੂਦ 2019 ਦੀਆਂ ਚੋਣਾਂ ਵਿਚ ਟਰੂਡੋ ਦੇ ਲਿਬਰਲਜ਼ ਨੂੰ ਹਰਾਉਣ ਵਿਚ ਨਾਕਾਮ ਰਹਿਣ ਪਿੱਛੋਂ ਅਹੁਦੇ ਤੋਂ ਹਟਣ ਲਈ ਮਜ਼ਬੂਰ ਕੀਤਾ ਗਿਆ ਸੀ। ਸ਼ੁਰੂਆਤੀ ਨਤੀਜੇ ਦੱਸਦੇ ਹਨ ਕਿ ਪੋਲੀਵਰ ਨੇ ਲੋਕਪਿ੍ਰਯ ਵੋਟਾਂ ਵਿਚ ਸ਼ੀਰ ਨੂੰ ਪਛਾੜ ਦਿੱਤਾ ਹੈ ਅਤੇ ਇਥੋਂ ਤਕ ਸਾਬਕਾ ਪ੍ਰਧਾਨ ਮੰਤਰੀ ਸਟੀਫਰ ਹਾਰਪਰ ਦੀ ਲੋਕਪਿ੍ਰਯ ਸਮਰਥਨ ਨੂੰ ਪਛਾੜ ਦਿੱਤਾ ਜਦੋਂ ਪਾਰਟੀ ਨੇ 2011 ਵਿਚ ਬਹੁਮਤ ਪ੍ਰਾਪਤ ਕੀਤਾ ਸੀ ਪਰ ਟੌਰੀਜ਼ ਅਜੇ ਵੀ ਲਿਬਰਲਜ਼ ਤੋਂ ਪਿੱਛੇ ਹਨ। 2021 ਦੀਆਂ ਚੋਣਾਂ ਵਿਚ ਸਰਕਾਰ ਬਣਾਉਣ ਵਿਚ ਨਾਕਾਮ ਰਹਿਣ ਵਾਲੇ ਸ਼ੀਰ ਦੇ ਜਾਨਸ਼ੀਨ ਐਰਿਨ ਓ ਟੂਲ ਨੂੰ ਹਟਾਉਣ ਲਈ ਕੰਸਰਵੇਟਿਵ ਐਮਪੀਜ਼ ਨੇ ਰਿਫਾਰਮ ਐਕਟ ਦੀ ਵਰਤੋਂ ਕੀਤੀ ਸੀ। ਓ ਟੂਲ ਨੇ ਪੋਲੀਵਰ ਦੇ ਭਵਿੱਖ ਦੇ ਆਸਾਰਾਂ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਕੰਸਰਵੇਟਿਵ ਸ਼ੈਨਨ ਸਟੱਬ ਨੇ ਵੀ ਪੋਲੀਵਰ ਦੇ ਹੱਕ ਵਿਚ ਆਪਣੀ ਆਵਾਜ਼ ਉਠਾਈ ਹੈ। ਦੂਸਰੇ ਸੀਨੀਅਰ ਕੰਸਰਵੇਟਿਵ ਜਿਨਾਂ ਵਿਚ ਸਾਬਕਾ ਮੰਤਰੀ ਜੈਸਨ ਕੈਨੀ, ਜੇਮਸ ਮੂਰੀ ਅਤੇ ਸਾਬਕਾ ਅੰਤਰਿਮ ਪਾਰਟੀ ਨੇਤਾ ਰੋਨਾ ਐਂਬਰੋਸ ਸ਼ਾਮਿਲ ਹਨ ਨੇ ਪੋਲੀਵਰ ਦੇ ਨੇਤਾ ਵਜੋਂ ਬਣੇ ਰਹਿਣ ਦਾ ਬਚਾਅ ਕੀਤਾ ਹੈ।
ਇਸੇ ਦੌਰਾਨ ਬੈਟਲ ਰਿਵਰ-ਕਰਾਅਫੁਟ (ਅਲਬਰਟਾ) ਤੋਂ ਚੁਣੇ ਗਏ ਕੰਸਰਵੇਟਿਵ ਐਮ ਪੀ ਡੈਮੀਅਨ ਕੁਰੇਕ ਨੇ ਕੰਸਰਵੇਟਿਵ ਆਗੂ ਪੋਲੀਵਰ ਲਈ ਆਪਣੀ ਸੀਟ ਛੱਡਣ ਦੀ ਪੇਸ਼ਕਸ਼ ਕੀਤੀ ਹੈ। ਉਹਨਾਂ ਇਕ ਬਿਆਨ ਰਾਹੀਂ ਉਕਤ ਪੇਸ਼ਕਸ਼ ਕਰਦਿਆਂ ਕਿਹਾ ਹੈ ਕਿ ਉਹ ਪੀਅਰ ਪੋਲੀਵਰ ਵਰਗੇ ਆਗੂ ਵਲੋਂ ਉਪ ਚੋਣ ਲੜਨ ਅਤੇ ਸੰਸਦ ਵਿਚ ਬੇਹਤਰੀ ਅਗਵਾਈ ਲਈ ਆਪਣੀ ਸੀਟ ਛੱਡਣ ਲਈ ਤਿਆਰ ਹਨ।

Leave a Reply

Your email address will not be published. Required fields are marked *