ਕੈਲਗਰੀ ( ਜਗਦੇਵ ਸਿੱਧੂ)-28 ਅਪ੍ਰੈਲ ਨੂੰ ਨਾਰਥ ਕੈਲਗਰੀ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਵੀਵੋ ਦੇ ਹਾਲ ਵਿਚ ਸੁਰਿੰਦਰਜੀਤ ਪਲਾਹਾ ਦੀ ਪ੍ਰਧਾਨਗੀ ਹੇਠ ਹੋਈ। ਸ਼ੁਰੂ ਵਿਚ ਦੋ ਰਿਕਾਰਡ ਹੋਏ ਗੀਤ ਚਲਾ ਕੇ ਸੁਖਾਵਾਂ ਮਾਹੌਲ ਸਿਰਜਿਆ – ਪਹਿਲਾ ਸੰਤ ਰਾਮ ਉਦਾਸੀ ਦਾ ਗੀਤ – ਮਾਂ ਧਰਤੀਏ ਤੇਰੀ ਗੋਦ ਨੂੰ ਚੰਦ ਹੋਰ ਬਥੇਰੇ, ਤੇ ਦੂਜਾ ਫਿਲਮੀ ਗੀਤ – ਤੂ ਪਿਆਰ ਕਾ ਸਾਗਰ ਹੈ ਤੇਰੀ ਇਕ ਬੂੰਦ ਕੇ ਪਿਆਸੇ ਹਮ। ਅਗਲੀ ਕਾਰਵਾਈ ਸ਼ੁਰੂ ਕਰਦਿਆਂ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਕਸ਼ਮੀਰ ਵਿਚ ਹੋਏ ਆਤੰਕੀ ਹਮਲੇ ਦੀ ਪੁਰਜ਼ੋਰ ਨਿੰਦਿਆ ਕੀਤੀ। ਮ੍ਰਿਤਕਾਂ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਉਨ੍ਹਾਂ ਨੇ ਵੈਨਕੂਵਰ ਵਿਚ ਫਿਲੀਪੀਨੋ ਮੇਲੇ ਦੌਰਾਨ ਕਿਸੇ ਸਿਰਫਿਰੇ ਵੱਲੋਂ ਵੈਨ ਹੇਠ ਲਿਤਾੜ ਕੇ ਮਾਰੇ ਗਏ 11 ਮਾਸੂਮਾਂ ਪ੍ਰਤੀ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ। ਪ੍ਰਧਾਨ ਸੁਰਿੰਦਰਜੀਤ ਪਲਾਹਾ ਨੇ ਇਨ੍ਹਾਂ ਦਰਦਨਾਕ ਹਾਦਸਿਆਂ ਦੇ ਪੀੜਿਤਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਿਆਂ ਕਿਹਾ ਕਿ ਸਾਡਾ ਇੱਕੋ ਧਰਮ ਇਨਸਾਨੀਅਤ ਹੈ, ਆਤੰਕਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ, ਸਾਨੂੰ ਇਨ੍ਹਾਂ ਟੋਲਿਆਂ ਖਿਲਾਫ਼ ਲੜਨਾ ਚਾਹੀਦਾ ਹੈ। ਭੂਤਕਾਲ ਨੂੰ ਵਿਸਾਰ ਕੇ ਵਰਮਾਨ ਵਿਚ ਜਿਉਣਾ ਸਿੱਖੋ। ਉਨ੍ਹਾਂ ਨੇ ਪਿਛਲੇ ਦਿਨੀਂ ਮੈਂਬਰਾਂ ਵੱਲੋਂ ਦਿੱਤੇ ਦਾਨ ਦੀ ਰਾਸ਼ੀ ਦਾ ਬਿਉਰਾ ਪ੍ਰਸਤੁਤ ਕੀਤਾ।
– ਇਸ ਉਪ੍ਰੰਤ ਸਤਾਰਾਂ ਮੈਂਬਰਾਂ ਦੇ ਜਨਮ ਦਿਨ ਮਨਾਏ ਗਏ।
– ਕਰਮ ਸਿੰਘ ਮੁੰਡੀ ਨੇ ਐਸੋਸੀਏਸ਼ਨ ਨੂੰ ਅਨੁਸ਼ਾਸ਼ਨ-ਬਧ ਸਲੀਕੇ ਨਾਲ਼ ਚਲਾਉਣ ਅਤੇ ਇਸ ਦੀਆਂ ਲੋਕ-ਹਿਤੂ ਸਰਗਰਮੀਆਂ ਲਈ ਸੁਰਿੰਦਰਜੀਤ ਪਲਾਹਾ ਦੀ ਵਿਸ਼ੇਸ਼ ਤੌਰ ਤੇ ਸਲਾਹੁਤਾ ਕੀਤੀ। ਅਣਗਹਿਲੀ ਪ੍ਰਤੀ ਸੁਚੇਤ ਕਰਨ ਲਈ ਕਾਲਜ ਸਮੇਂ ਦੀ ਇੱਕ ਹਿਰਦੇ-ਵੇਧਕ ਘਟਨਾ ਸੁਣਾਈ। ਹਰਿੰਦਰ ਕੌਰ ਮੁੰਡੀ ਨੇ ਅੱਜ ਕੱਲ੍ਹ ਦੀ ਔਲ਼ਾਦ ਦੇ ਲੋਭੀ ਵਤੀਰੇ ਅਤੇ ਤਿੜਕਦੇ ਰਿਸ਼ਤਿਆਂ ਬਾਰੇ ਸਿੱਖਿਆਦਾਇਕ ਕਹਾਣੀ ਸੁਣਾਈ ਕਿ ਮੌਕਾ ਆਉਣ ਤੇ ਮਾਪਿਆਂ ਨੂੰ ਮੋਹ-ਪਿਆਰ ਤੋਂ ਉਪਰ ਉੱਠ ਕੇ ਆਪਣੇ ਹਿਤ ਵਿਚ ਵਿਹਾਰਕ ਫੈਸਲੇ ਲੈਣ ਦੀ ਲੋੜ ਹੈ।
– ਹਰਕੰਵਲਜੀਤ ਕੌਰ ਧਾਲ਼ੀਵਾਲ਼ ਨੇ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ਪੁਰਬ ਦੀ ਪ੍ਰਥਾਏ ਪੰਜਾਬੀ ਲਿਪੀ ਦੇ ਵਿਕਾਸ ਤੋਂ ਇਲਾਵਾ ਖਡੂਰ ਸਾਹਿਬ ਵਿਖੇ ਸਿੱਖੀ ਅਤੇ ਮਾਨਵਤਾ ਲਈ ਹੋ ਰਹੀਆਂ ਅਦੁਤੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਜਸਵੰਤ ਸਿੰਘ ਕਪੂਰ ਨੇ ਵੀ ਗੁਰੂ ਜੀ ਦੀ ਜੀਵਨੀ ਬਾਰੇ ਵਿਚਾਰ ਸਾਂਝੇ ਕੀਤੇ।
– ਰੇਡੀਓ ਰੈੱਡ ਐਫ ਐਮ ਦੇ ਚੀਫ਼ ਨਿਊਜ਼ ਡਾਇਰੈਕਟਰ ਰਿਸ਼ੀ ਨਾਗਰ ਦਾ ਕਹਿਣਾ ਸੀ ਕਿ ਐਸੋਸੀਏਸ਼ਨ ਵਿਚ ਆ ਕੇ ਸਕਾਰਾਤਮਕ ਊਰਜਾ ਮਿਲਦੀ ਹੈ। ਉਨ੍ਹਾਂ ਨੇ ਉਰਦੂ ਦੀ ਮਜ਼ਾਹੀਆ ਗ਼ਜ਼ਲ ਸੁਣਾ ਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ – ਫਿਰਤੇ ਹੋ ਕਿਆ ਸ਼ਰੀਫ਼ੋਂ ਕੀ ਸੂਰਤ ਬਨਾ ਕੇ ਆਪ / ਯੂੰ ਔਰਤੋਂ ਪਰ ਗਿਰਤੇ ਹੈਂ ਦਾੜ੍ਹੀ ਰਖਾ ਕੇ ਆਪ। ਤਾਰਿਕ ਮਲਿਕ ਦੇ ਸ਼ੇਅਰ ਹਮੇਸ਼ਾ ਦਰਸ਼ਕਾਂ ਦਾ ਧਿਆਨ ਖਿਚਦੇ ਹਨ ਜਿਵੇਂ ਇਸ ਵਾਰ – ਇਲਾਹੀ ਮੁਝੇ ਇਤਨਾ ਮੁਹਤਬਰ ਕਰ ਦੋ / ਮੈਂ ਜਿਸ ਘਰ ਮੇਂ ਰਹਿਤਾ ਹੂੰ ਉਸ ਕੋ ਘਰ ਕਰ ਦੋ।
– ਗੀਤਕਾਰ – ਗਾਇਕ ਸੁਖਮੰਦਰ ਗਿੱਲ ਦਾ ਗੀਤ – ਕਰਮਾਂ ਦੇ ਮਾਰਿਆਂ ਦੀ ਗੱਲ ਕੌਣ ਕਰੇਗਾ, ਅਸਮਾਨੋਂ ਟੁੱਟੇ ਤਾਰਿਆਂ ਦੀ ਗੱਲ ਕੌਣ ਕਰੇਗਾ,ਹਰਫ਼ਨਮੌਲਾ ਬਿੱਕਰ ਸਿੰਘ ਸੰਧੂ ਨੇ ਗਾਇਆ ਗੀਤ – ਜੋ ਬੀਤ ਗਿਆ ਵੋਹ ਗੁਜ਼ਰ ਕਿਉਂ ਨਹੀਂ ਜਾਤਾ, ਕਿਆ ਬਾਤ ਹੈ ਮੈਂ ਵਕਤ ਪੇ ਘਰ ਕਿਉਂ ਨਹੀਂ ਜਾਤਾ, ਮੁਨੱਵਰ ਅਹਿਮਦ ਦੁਆਰਾ ਪਹਾੜੀ ਰਾਗ ਵਿਚ ਪੇਸ਼ ਕੀਤੇ ਮਾਹੀਆ ਦੇ ਟੱਪੇ, ਸੰਗੀਤਕ ਮਾਹੌਲ ਸਿਰਜ ਕੇ ਦਰਸ਼ਕਾਂ ਨੂੰ ਵਿਚਾਰ-ਮਗਨ ਵੀ ਕਰ ਗਏ। ਕਰਮ ਸਿੰਘ ਭੁੱਲਰ, ਭਜਨ ਸਿੰਘ ਸਾਗੂ ਅਤੇ ਸੁਖਦੇਵ ਬੈਂਸ ਨੇ ਆਪੋ-ਆਪਣੇ ਅੰਦਾਜ਼ ਵਿਚ ਚੁਟਕਲੇ ਸੁਣਾ ਕੇ ਹਾਸਿਆਂ ਦੀ ਝੜੀ ਲਾਈ। ਸੁਰਿੰਦਰਜੀਤ ਪਲਾਹਾ ਦੁਆਰਾ ਹਾਜ਼ਰੀਨ ਦਾ ਧੰਨਵਾਦ ਕਰਨ ਮਗਰੋਂ ਸਭ ਨੇ ਔਰਤ ਮੈਂਬਰਾਂ ਦੀ ਟੀਮ ਵੱਲੋਂ ਵਰਤਾਏ ਪੌਸ਼ਟਿਕ ਭੋਜਨ ਦਾ ਲੁਤਫ਼ ਲਿਆ।