ਸਰੀ ( ਦੇ ਪ੍ਰ ਬਿ)- ਬੀਤੇ ਦਿਨੀਂ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਵਿਖੇ ਗੁਰੂ ਘਰ ਦੀ ਗੋਲਕ ਦਾ ਕਥਿਤ ਹਿਸਾਬ ਮੰਗੇ ਜਾਣ ਤੇ ਹੋਈ ਲੜਾਈ ਦੌਰਾਨ ਖਾਲਿਸਤਾਨੀ ਸਮਰਥਕ ਮਨਜਿੰਦਰ ਸਿੰਘ ਦੇ ਜ਼ਖਮੀ ਹੋਣ ਅਤੇ ਹਸਪਤਾਲ ਦਾਖਲ ਹੋਣ ਬਾਰੇ ਛਪੀ ਖਬਰ ਦਾ ਖੰਡਨ ਕਰਦਿਆਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਮਨਦੀਪ ਸਿੰਘ ਜੌਹਲ ਦੇ ਦਸਤਖਤਾਂ ਹੇਠ ਜਾਰੀ ਇਕ ਪ੍ਰੈਸ ਬਿਆਨ ਵਿਚ ਸਰੀ ਦੀਆਂ ਸੰਗਤਾਂ ਦੇ ਨਾਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਹੈ ਕਿ 12 ਅਪ੍ਰੈਲ ਨੂੰ ਸ਼ਾਮ 7 ਵਜੇ ਸੰਗਤੀ ਮੀਟਿੰਗ ਬੁਲਾਈ ਗਈ ਸੀ ਜਿਸ ਵਿਚ ਕਮੇਟੀ ਦੇ ਇਕ ਮੈਂਬਰ ਭਾਈ ਅਮਰਜੀਤ ਸਿੰਘ ਵਲੋਂ ਸੇਵਾਦਾਰ ਹਰਜੀਤ ਸਿੰਘ ਦੇ ਖਿਲਾਫ ਲਗਾਏ ਗਏ ਕੁਝ ਗੰਭੀਰ ਇਲਜਾਮਾਂ ਲਈ ਸਬੂਤ ਮੰਗੇ ਗਏ ਸਨ। ਭਾਈ ਅਮਰਜੀਤ ਸਿੰਘ ਨੂੰ ਇਸ ਮੀਟਿੰਗ ਬਾਰੇ ਤਿੰਨ ਦਿਨ ਪਹਿਲਾਂ ਨੋਟਿਸ ਦਿੱਤੇ ਜਾਣ ਦੇ ਬਾਵਜੂਦ ਉਹ ਮੀਟਿੰਗ ਵਿਚ ਹਾਜ਼ਰ ਨਹੀ ਹੋਏ। ਪਰ ਸੇਵਾਦਾਰ ਹਰਜੀਤ ਸਿੰਘ ਨੇ ਮੀਟਿੰਗ ਦੌਰਾਨ ਗਵਾਹ ਅਤੇ ਸਬੂਤ ਪੇਸ਼ ਕਰਦਿਆਂ ਉਹਨਾਂ ਉਪਰ ਲਗਾਏ ਗਏ ਇਲਜਾਮਾਂ ਨੂੰ ਗਲਤ ਸਾਬਿਤ ਕਰ ਦਿੱਤਾ। ਇਸ ਮੀਟਿੰਗ ਦੌਰਾਨ ਭਾਈ ਅਮਰਜੀਤ ਸਿੰਘ ਦੇ ਹਾਜ਼ਰ ਨਾ ਹੋਣ ਅਤੇ ਉਹਨਾਂ ਵਲੋਂ ਲਗਾਏ ਗਏ ਇਲਜਾਮ ਗਲਤ ਸਾਬਿਤ ਹੋਣ ਤੇ ਕਮੇਟੀ ਵਲੋ ਉਸਨੂੰ ਅਗਲੇਰੀ ਮੀਟਿੰਗ ਤੱਕ ਮੈਂਬਰ ਵਜੋਂ ਮੁਅੱਤਲ ਕਰ ਦਿੱਤਾ ਗਿਆ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਵਾਈਸ ਪ੍ਰਧਾਨ ਗੁਰਮੀਤ ਸਿੰਘ ਗਿੱਲ ਵਲੋਂ ਵੀ ਬੀਬੀਆਂ ਤੇ ਸੇਵਾਦਾਰਾਂ ਖਿਲਾਫ ਸੋਸ਼ਲ ਮੀਡੀਆ ਉਪਰ ਗੁੰਮਰਾਹਕੁੰਨ ਪੋਸਟਾਂ ਪਾਏ ਜਾਣ ਦਾ ਮੁੱਦਾ ਵਿਚਾਰਿਆ ਗਿਆ। ਸੰਗਤ ਵਲੋਂ ਇਸ ਮੁੱਦੇ ਨੂੰ ਵੀ ਗੰਭੀਰਤਾ ਨਾਲ ਲੈਂਦਿਆਂ ਗੁਰਮੀਤ ਸਿੰਘ ਗਿੱਲ ਨੂੰ ਵੀ ਉਹਨਾਂ ਦੇ ਅਹੁਦੇ ਤੋਂ ਮੁਅਤਲ ਕਰ ਦਿੱਤਾ ਗਿਆ। ਪ੍ਰੈਸ ਜਾਣਕਾਰੀ ਵਿਚ ਕਿਹਾ ਗਿਆ ਹੈ ਕਿ ਉਸ ਦਿਨ ਗੁਰਦੁਆਰਾ ਸਾਹਿਬ ਵਿਚ ਜੋ ਵੀ ਅਣਸੁਖਾਵੀਂ ਘਟਨਾ ਵਾਪਰੀ ਉਸ ਸਮੇਂ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਨੇ ਪੂਰੇ ਸੰਜਮ ਤੋਂ ਕੰਮ ਲਿਆ ਜਦੋਂਕਿ ਕਮੇਟੀ ਤੋਂ ਮੁਅੱਤਲ ਕੀਤੇ ਗਏ ਭਾਈ ਅਮਰਜੀਤ ਸਿੰਘ ਦੇ ਭਰਾ ਤੇ ਸਿੱਖਸ ਫਾਰ ਜਸਟਿਸ ਦੇ ਕਾਰਕੁੰਨ ਭਾਈ ਮਨਜਿੰਦਰ ਸਿੰਘ ਨੇ ਆਪਣੇ ਕੁਝ ਹੋਰ ਸਾਥੀਆਂ ਨਾਲ ਮਿਲਕੇ ਕਮੇਟੀ ਵਲੋਂ ਕੀਤੀ ਗਈ ਅਨੁਸਾਸ਼ਨੀ ਕਾਰਵਾਈ ਦਾ ਵਿਰੋਧ ਕੀਤਾ ਤੇ ਕਮੇਟੀ ਦੇ ਅਹੁਦੇਦਾਰਾਂ ਨੂੰ ਬੁਰਾ ਭਲਾ ਬੋਲਿਆ ਤੇ ਝਗੜਾ ਕੀਤਾ। ਉਸਨੇ ਆਪਣੇ ਸਾਥੀਆਂ ਨਾਲ ਮਾਈਕ ਤੇ ਸਟੇਜ ਤੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਤੇ ਇਸ ਗੱਲ ਤੇ ਰੌਲਾ ਪਾਇਆ ਕਿ ਅਨੁਸਾਸ਼ਨੀ ਕਾਰਵਾਈ ਵਾਪਿਸ ਲਈ ਜਾਵੇ। ਕਮੇਟੀ ਨੇ ਸਪੱਸ਼ਟ ਕੀਤਾ ਹੈ ਕਿ ਇਸ ਦੌਰਾਨ ਧੱਕਮੁੱਕੀ ਤਾਂ ਹੋਈ ਪਰ ਕਿਸੇ ਦੇ ਗੰਭੀਰ ਜ਼ਖਮੀ ਹੋਣ ਵਾਲੀ ਕੋਈ ਘਟਨਾ ਨਹੀਂ ਵਾਪਰੀ । ਉਹਨਾਂ ਸਪੱਸ਼ਟ ਕੀਤਾ ਕਿ ਭਾਈ ਮਨਜਿੰਦਰ ਸਿੰਘ ਸਹੀ ਸਲਾਮਤ ਐਗਜਿਟ ਡੋਰ ਰਾਹੀ ਚਲੇ ਗਏ ਸਨ ਪਰ ਬਾਦ ਵਿਚ ਪਤਾ ਲੱਗਾ ਕਿ ਉਸਨੇ ਤੇ ਉਸਦੇ ਸਾਥੀਆਂ ਨੇ ਆਪ ਹੀ ਪੁਲਿਸ ਕਾਲ ਕਰਕੇ ਹਸਪਤਾਲ ਦਾਖਲ ਹੋਣ ਦਾ ਪ੍ਰਪੰਚ ਰਚਿਆ। ਉਹਨਾਂ ਦਾ ਕਹਿਣਾ ਹੈ ਸਬੂਤ ਵਜੋਂ ਗੁਰਦੁਆਰਾ ਸਾਹਿਬ ਦੇ ਕੈਮਰਿਆਂ ਵਿਚ ਸਾਰੇ ਘਟਨਾਕ੍ਰਮ ਦੀ ਰਿਕਾਰਡਿੰਗ ਮੌਜੂਦ ਹੈ ਜੋ ਪੁਲਿਸ ਨੂੰ ਪੇਸ਼ ਵੀ ਕਰ ਦਿੱਤੀ ਗਈ ਹੈ।
ਇਸ ਦੌਰਾਨ ਗੁਰਦੁਆਰਾ ਕਮੇਟੀ ਵਲੋਂ ਪ੍ਰਧਾਨ ਅਮਨਦੀਪ ਸਿੰਘ ਜੌਹਲ ਅਤੇ ਜਨਰਲ ਸਕੱਤਰ ਭੁਪਿੰਦਰ ਸਿੰਘ ਹੋਠੀ ਦੇ ਦਸਤਖਤਾਂ ਹੇਠ ਗੁਰਦੁਆਰਾ ਕਮੇਟੀ ਦੇ ਸਕੱਤਰ ਗੁਰਮੀਤ ਸਿੰਘ ਤੂਰ ਨੂੰ ਵੀ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਗੁੰਮਰਾਹਕੁੰਨ ਪ੍ਰਚਾਰ ਕੀਤੇ ਜਾਣ ਅਤੇ ਮੁੱਖ ਸੇਵਾਦਾਰ ਨੂੰ ਅਪਸ਼ਬਦ ਬੋਲਣ ਲਈ ਉਹਨਾਂ ਦੇ ਖਿਲਾਫ ਪੰਜ ਮੈਂਬਰੀ ਕਮੇਟੀ ਨੂੰ ਜਾਂਚ ਸੌਂਪੀ ਗਈ ਹੈ ਤੇ ਕਿਹਾ ਗਿਆ ਹੈ ਕਿ ਜਾਂਚ ਮੁਕੰਮਲ ਹੋਣ ਤੱਕ ਉਹਨਾਂ ਉਪਰ ਗੁਰੂ ਘਰ ਦੀ ਸਟੇਜ ਤੋਂ ਕਿਸੇ ਵੀ ਤਰਾਂ ਦਾ ਪ੍ਰਚਾਰ ਕਰਨ ਅਤੇ ਬੋਲਣ ਤੇ ਪਾਬੰਦੀ ਲਾਗੂ ਰਹੇਗੀ। ਇਸਦੇ ਨਾਲ ਹੀ ਗੁਰਦੁਆਰਾ ਕਮੇਟੀ ਨੇ ਮੀਡੀਆ ਨੂੰ ਕਿਸੇ ਵੀ ਤਰਾਂ ਦੀ ਖਬਰ ਛਾਪਣ ਜਾਂ ਪ੍ਰਸਾਰਿਤ ਕਰਨ ਤੋਂ ਪਹਿਲਾਂ ਇਸ ਸਬੰਧੀ ਗੁਰਦੁਆਰਾ ਕਮੇਟੀ ਦੇ ਅਧਿਕਾਰਤ ਬੁਲਾਰੇ ਨਾਲ ਸੰਪਰਕ ਕਰਨ ਲਈ ਕਿਹਾ ਹੈ।