Headlines

ਉਘੇ ਸਿਆਸਤਦਾਨ ਡਾ ਗੁਲਜ਼ਾਰ ਸਿੰਘ ਚੀਮਾ ਦੀ ਆਸਟਰੇਲੀਆ ਵਿਚ ਕੌਂਸਲ ਜਨਰਲ ਵਜੋਂ ਨਿਯੁਕਤੀ ਨੂੰ ਸੁਰੱਖਿਆ ਕਲੀਅਰੈਂਸ ਨਾ ਮਿਲੀ

ਡਾ ਚੀਮਾ ਵਲੋਂ ਪ੍ਰਿਵੀ ਕੌਂਸਲ ਦੇ ਫੈਸਲੇ ਖਿਲਾਫ ਰੀਵਿਊ ਪਟੀਸ਼ਨ ਦਾਇਰ-

ਵੈਨਕੂਵਰ ( ਦੇ ਪ੍ਰ ਬਿ)- ਬ੍ਰਿਟਿਸ਼ ਕੋਲੰਬੀਆ ਦੇ ਉਘੇ ਡਾਕਟਰ ਅਤੇ ਸਾਬਕਾ ਮੰਤਰੀ ਡਾ ਗੁਲਜ਼ਾਰ ਸਿੰਘ ਚੀਮਾ ਨੂੰ  ਆਸਟਰੇਲੀਆ ਵਿਚ ਕੈਨੇਡੀਅਨ ਕੌਂਸਲ ਜਨਰਲ ਨਿਯੁਕਤ ਕੀਤੇ ਜਾਣ ਲਈ ਪ੍ਰਿਵੀ ਕੌਂਸਲ ਦੇ ਦਫਤਰ ਵਲੋਂ ਸੀਕਿਊਰਿਟੀ ਕਲੀਅਰੈਂਸ ਦੇਣ ਤੋਂ ਇਨਕਾਰ ਕੀਤੇ ਜਾਣ ਕਾਰਣ ਉਹਨਾਂ ਦੀ ਇਸ ਮਹੱਤਵਪੂਰਣ ਅਹੁਦੇ ਲਈ ਨਿਯੁਕਤੀ ਨਹੀ ਹੋ ਸਕੀ। ਕੈਨੇਡਾ ਦੇ ਪ੍ਰਸਿੱਧ ਅਖਬਾਰ ”ਦਾ ਗਲੋਬ ਐਂਡ ਮੇਲ” ਵਲੋਂ ਪ੍ਰਕਾਸ਼ਿਤ ਕੀਤੀ ਗਈ ਇਕ ਰਿਪੋਰਟ ਵਿਚ ਡਾ ਚੀਮਾ ਨੇ ਉਹਨਾਂ ਦੀ ਨਿਯੁਕਤੀ ਲਈ ਸੀਕਿਉਰਿਟੀ ਕਲੀਅਰੈਂਸ ਦੌਰਾਨ ਕਈ ਸਾਲਾਂ ਤੋਂ  ਵਿਦੇਸ਼ੀ ਅਧਿਕਾਰੀਆਂ ਨੂੰ ਮਿਲਣ ਤੇ ਸੁਰੱਖਿਆ ਸਬੰਧੀ  ਉਠਾਏ ਗਏ ਸਵਾਲਾਂ ਅਤੇ ਅਣਉਚਿਤ ਫੈਸਲੇ ਖਿਲਾਫ ਫੈਡਰਲ ਕੋਰਟ ਤੱਕ ਪਹੁੰਚ ਕੀਤੀ ਹੈ।

ਡਾ ਚੀਮਾ ਜੋ ਕਿ ਮੈਨੀਟੋਬਾ ਵਿਚ ਪਹਿਲੇ ਪੰਜਾਬੀ ਵਿਧਾਇਕ ਅਤੇ ਬ੍ਰਿਟਿਸ਼ ਕੋਲੰਬੀਆ ਵਿਚ ਮੰਤਰੀ ਰਹਿ ਚੁੱਕੇ ਹਨ, ਲੰਬੇ ਸਮੇਂ ਤੋਂ ਇਕ ਪੇਸ਼ੇਵਰ ਡਾਕਟਰ ਅਤੇ ਸਿਆਸਤਦਾਨ ਵਜੋਂ ਵਿਚਰਦੇ ਆ ਰਹੇ ਹਨ, ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਦਫਤਰ ਵਲੋਂ ਉਹਨਾਂ ਨੂੰ ਆਸਟ੍ਰੇਲੀਆ ਵਿਚ ਕੌਂਸਲ ਜਨਰਲ ਨਿਯੁਕਤ ਕੀਤੇ ਜਾਣ ਦੀ ਸਿਫਾਰਸ਼ ਕੀਤੀ ਗਈ ਸੀ। ਪਰ ਪ੍ਰਿਵੀ ਕੌਸਲ ਦਫਤਰ ਵਲੋਂ ਉਹਨਾਂ ਦੀ ਸੀਕਿਊਰਿਟੀ ਕਲੀਅਰੈਂਸ ਰੱਦ ਕਰਨ ਸਬੰਧੀ  ਸੁਣਾਏ ਗਏ ਫੈਸਲੇ ਵਿਰੁੱਧ ਉਹਨਾਂ ਨੇ ਅਦਾਲਤ ਵਿਚ ਰੀਵਿਊ ਪਟੀਸ਼ਨ ਦਾਇਰ ਕੀਤੀ ਹੈ। ਉਹ ਇਕ ਡਾਕਟਰ ਅਤੇ ਸਿਆਸਤਦਾਨ ਵਜੋਂ ਸਾਲਾਂ ਤੋਂ ਵਿਦੇਸ਼ੀ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਜਾਂ ਮਿਲਦੇ ਹੋਣ ਕਾਰਣ ਉਹਨਾਂ ਉਪਰ ਕਈ  ਸਵਾਲ ਉਠਾਏ ਗਏ ਹਨ।  ਉਹਨਾਂ ਆਪਣੀ ਰੀਵਿਊ ਪਟੀਸ਼ਨ ਵਿਚ ਪ੍ਰਿਵੀ ਕੌਂਸਲ ਦੇ ਫੈਸਲੇ ਖਿਲਾਫ ਉਹਨਾਂ ਨੂੰ ਲੋੜੀਦੀ ਜਾਣਕਾਰੀ ਨਾ ਦੇਣ ਅਤੇ ਮੌਕਾ ਪ੍ਰਦਾਨ ਨਾ ਕੀਤੇ ਜਾਣ ਲਈ ਅਣਉਚਿਤ ਠਹਿਰਾਇਆ ਹੈ। ਦਾਇਰ ਕੀਤੀ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਉਹ ਆਸਟ੍ਰੇਲੀਆ ਵਿਚ ਕੌਂਸਲ ਜਨਰਲ ਦੀ ਪੋਸਟ ਲਈ ਬਿਨੈਕਾਰ ਸਨ ਜਿਸ ਲਈ ਉਹਨਾਂ ਨੇ  ਮਈ 2024 ਵਿਚ ਸੀਕਿਊਰਿਟੀ ਕਲੀਅਰੈਂਸ ਲਈ ਅਪਲਾਈ ਕੀਤਾ ਸੀ। ਪ੍ਰਿਵੀ ਕੌਂਸਲ ਵਲੋਂ ਉਹਨਾਂ ਨੂੰ ਅਕਤੂਬਰ 2024 ਵਿਚ ਇੰਟਰਵਿਊ ਵਿਚ ਸ਼ਾਮਿਲ ਹੋਣ ਦਾ ਸੱਦਾ ਮਿਲਿਆ। ਉਹਨਾਂ ਨੇ ਇੰਟਰਵਿਊ ਦੌਰਾਨ ਅਧਿਕਾਰੀਆਂ ਵਲੋਂ ਪੁੱਛੇ ਗਏ ਸਾਰੇ ਸਵਾਲਾਂ ਦੇ ਸਪੱਸ਼ਟ ਜਵਾਬ ਦਿੱਤੇ। ਉਹ ਸੀਕਿਊਰਿਟੀ ਕਲੀਅਰੈਂਸ ਦੇ ਨਾਲ ਭਰੋਸੇਯੋਗਤਾ ਲਈ ਸਕਰੀਨਿੰਗਿ ਵਿਚ ਵੀ ਸ਼ਾਮਲ ਹੋਏ। ਪਰ ਇਸਦੇ ਬਾਵਜੂਦ ਉਹਨਾਂ ਦੀ ਕਲੀਅਰੈਂਸ ਰੱਦ ਕਰ ਦਿੱਤੀ ਗਈ। ਪ੍ਰਿਵੀ ਕੌਂਸਲ ਦਫਤਰ ਵਲੋਂ ਉਹਨਾਂ ਦੀ ਕਲੀਅਰੈਂਸ ਰੱਦ ਕਰਨ ਸਮੇਂ  ਘੱਟੋ-ਘੱਟ ਚਾਰ ਦੋਸ਼ ਸੂਚੀਬੱਧ ਕੀਤੇ ਗਏ ਸਨ।

ਉਹਨਾਂ ਪ੍ਰਿਵੀ ਕੌਂਸਲ ਦੇ ਫੈਸਲੇ ਖਿਲਾਫ ਰੀਵਿਊ ਪਟੀਸ਼ਨ ਵਿਚ ਕਿਹਾ ਹੈ ਕਿ ਉਹ 1988 ਤੋਂ 1993 ਤੱਕ ਮੈਨੀਟੋਬਾ ਵਿਚ ਵਿਧਾਇਕ ਅਤੇ 2001 ਤੋਂ 2004 ਤੱਕ ਬ੍ਰਿਟਿਸ਼ ਕੋਲੰਬੀਆ ਵਿਚ ਇਕ ਵਿਧਾਇਕ ਅਤੇ ਮੰਤਰੀ ਰਹਿਣ ਦੇ ਨਾਲ ਇਕ ਪ੍ਰੋਫੈਸ਼ਨਲ ਡਾਕਟਰ ਹਨ। ਉਹਨਾਂ ਦਾ ਕਈ ਲੋਕਾਂ, ਜਿਹਨਾਂ ਵਿਚ ਵਿਦੇਸ਼ੀ ਅਧਿਕਾਰੀ ਵੀ ਹੋ ਸਕਦੇ ਹਨ, ਨਾਲ ਵਾਹ ਵਾਸਤਾ ਹੈ। ਉਹ ਅੱਜ ਵੀ ਸਰੀ ਵਿਚ ਇਕ ਪਰਿਵਾਰਕ ਡਾਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਰੀਵਿਊ ਪਟੀਸ਼ਨ ਵਿਚ ਪ੍ਰਿਵੀ ਕੌਂਸਲ ਦਫਤਰ ਵਲੋਂ ਸੁਰੱਖਿਆ ਜਾਂਚ ਲਈ ਸਰਕਾਰੀ ਮਾਪਦੰਡਾਂ ਦੀ ਪਾਲਣਾ ਨਾ ਕਰਨ ਅਤੇ  ਉਹਨਾਂ ਦੀ ਸਥਿਤੀ ਅਤੇ ਸੇਵਾਵਾਂ ਦੀ ਅਣਦੇਖੀ ਕੀਤੇ ਜਾਣ ਬਾਰੇ ਸਵਾਲ ਉਠਾਏ ਗਏ ਹਨ।

ਦੇਸ ਪ੍ਰਦੇਸ ਵਲੋਂ ਡਾ ਚੀਮਾ ਨਾਲ ਸੰਪਰਕ ਕੀਤੇ ਜਾਣ ਤੇ ਉਹਨਾਂ ਦੱਸਿਆ ਕਿ  ਪ੍ਰਿਵੀ ਕੌਂਸਲ ਵਲੋਂ ਸੀਕਿਊਰਿਟੀ ਕਲੀਅਰੈਸ ਰੱਦ ਕੀਤੇ ਜਾਣ ਦੇ ਖਿਲਾਫ ਅਦਾਲਤ ਵਿਚ ਰੀਵਿਊ ਪਟੀਸ਼ਨ ਪਾਈ ਗਈ ਜਿਸ ਬਾਰੇ ਉਹ ਕੋਈ ਵੀ ਟਿਪਣੀ ਨਹੀ ਕਰ ਸਕਦੇ।

ਜ਼ਿਕਰਯੋਗ ਹੈ ਕਿ ਡਾ ਗੁਲਜਾਰ ਸਿੰਘ ਚੀਮਾ ਭਾਰਤ ਵਿਚ ਪੈਦਾ ਹੋਏ ਕੈਨੇਡੀਅਨ ਸਿਆਸਤਦਾਨ ਹਨ। ਉਹ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਫੀ ਕਰੀਬੀ ਸਮਝੇ ਜਾਂਦੇ ਹਨ। ਉਹਨਾਂ ਦੀ ਕੌਂਸਲ ਜਨਰਲ ਦੇ ਮਹੱਤਵਪੂਰਣ ਅਹੁਦੇ ਲਈ ਨਿਯੁਕਤੀ ਦੀ ਸਿਫਾਰਸ਼ ਉਹਨਾਂ ਦੇ ਸ਼ਾਨਦਾਰ ਪ੍ਰੋਫਾਈਲ ਨੂੰ ਵੇਖਦਿਆਂ ਕੀਤੀ ਗਈ ਸੀ ਪਰ ਪ੍ਰਿਵੀ ਕੌਂਸਲ ਵਲੋਂ ਉਹਨਾਂ ਦੀ ਸੀਕਿਊਰਿਟੀ ਕਲੀਅਰੈਂਸ ਤੋਂ ਇਨਕਾਰ ਕਰਨਾ ਸੁਰੱਖਿਆ ਏਜੰਸੀਆਂ ਦੇ ਕੰਮਕਾਰ ਦੇ ਢੰਗ ਤਰੀਕਿਆਂ ਉਪਰ ਵੱਡਾ ਸਵਾਲ ਹੈ। ਇਸ ਸਬੰਧੀ ਰਾਸ਼ਟਰੀ ਸੁਰੱਖਿਆ ਮਾਮਲਿਆਂ ਤੇ ਕੰਮ ਕਰਨ ਵਾਲੇ ਉਘੇ ਵਕੀਲ ਪੌਲ ਚੈਂਪ ਦੀ ਟਿਪਣੀ ਬਹੁਤ ਮਹੱਤਵਪੂਰਣ ਹੈ। ਉਹਨਾਂ ਦਾ ਕਹਿਣਾ ਹੈ ਕਿ ਵਿਦੇਸ਼ਾਂ ਵਿਚ ਜਨਮੇ ਕੈਨੇੇਡੀਅਨਾਂ ਦੀ ਸੁਰੱਖਿਆ ਕਲੀਅਰੈਂਸ ਬਾਰੇ ਸਰਕਾਰੀ ਅਧਿਕਾਰੀ ਲੋੜ ਤੋ ਜਿ਼ਆਦਾ ਬਾਰੀਕੀ ਨਾਲ ਜਾਂਚ ਕਰਦੇ ਹਨ ਅਤੇ ਸਾਲਾਂ ਤੋਂ ਕੈਨੇਡੀਅਨ ਸਿਆਸਤ ਅਤੇ ਜਨਤਕ ਅਹੁਦਿਆਂ ਤੇ ਸੇਵਾਵਾਂ ਨਿਭਾਉਣ ਵਾਲੇ ਵਿਅਕਤੀਆਂ ਨੂੰ ਮਹੱਤਵਪੂਰਣ ਅਹੁਦਿਆਂ ਤੇ ਨਿਯੁਕਤ ਕਰਨ ਸਮੇਂ ਉਹਨਾਂ ਦੀਆਂ ਸੇਵਾਵਾਂ ਨੂੰ ਸਨਮਾਨ ਨਹੀ ਦਿੱਤਾ ਜਾਂਦਾ। ਉਹਨਾਂ ਦੇ ਤਜੁਰਬੇ ਅਨੁਸਾਰ ਡਾ ਚੀਮਾ ਵਰਗੇ ਵਿਅਕਤੀਆਂ ਲਈ ਇਹ ਬਹੁਤ ਅਨਿਆਂਪੂਰਣ ਹੈ।

ਡਾ ਗੁਲਜ਼ਾਰ ਸਿੰਘ ਚੀਮਾ ਦੀ ਸਾਬਕਾ ਪ੍ਰਧਾਨ ਮੰਤਰੀ ਟਰੂਡੋ ਨਾਲ ਓਟਵਾ ਵਿਖੇ ਉਹਨਾਂ ਦੇ ਦਫਤਰ ਵਿਖੇ ਇਕ ਪੁਰਾਣੀ ਤਸਵੀਰ। 

Leave a Reply

Your email address will not be published. Required fields are marked *