ਲੈਸਟਰ (ਇੰਗਲੈਂਡ),4 ਮਈ (ਸੁਖਜਿੰਦਰ ਸਿੰਘ ਢੱਡੇ)-ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਲਈ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਪੁਨਰ ਸੁਰਜੀਤ ਕਰਨ ਲਈ ਗਠਨ ਕੀਤੀ ਗਈ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਸ ਗੁਰਪ੍ਰਤਾਪ ਸਿੰਘ ਵਡਾਲਾ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਨੂੰ ਵਿਦੇਸ਼ਾਂ ਵਿੱਚ ਵੀ ਆਰੰਭ ਕਰਨ ਲਈ ਚਾਰ ਦਿਨ ਦੀ ਯੂ ਕੇ ਫੇਰੀ ਤੇ ਆਏ ਹੋਏ ਹਨ। ਇਸ ਸਬੰਧੀ ਅੱਜ ਉਹਨਾਂ ਨੇ ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਈਸਟ ਪਾਰਕ ਰੋਡ ਵਿਖੇ ਵੱਡੀ ਗਿਣਤੀ ਚ ਪੁੱਜੀਆਂ ਸਿੱਖ ਸੰਗਤਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣਨ ਦੀ ਅਪੀਲ ਕਰਦਿਆਂ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਦੇ ਭਲੇ ਲਈ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਸਹਿਯੋਗ ਦੀ ਮੰਗ ਕੀਤੀ। ਸ ਵਡਾਲਾ ਨੇ ਕਿਹਾ ਕਿ ਵਿਦੇਸ਼ਾਂ ਚ ਵੱਸਦੇ ਪੰਜਾਬੀ ਹਮੇਸ਼ਾ ਹੀ ਆਪਣੀ ਜਨਮ ਭੂਮੀ ਪੰਜਾਬ ਲਈ ਫਿਕਰਮੰਦ ਰਹਿੰਦੇ ਹਨ ,ਅਤੇ ਪੰਜਾਬ ਦੇ ਭਵਿੱਖ ਦਾ ਫੈਸਲਾ ਵਿਦੇਸ਼ਾਂ ਚ ਵੱਸਦੇ ਪੰਜਾਬੀ ਹੀ ਕਰਦੇ ਹਨ। ਸ ਵਡਾਲਾ ਨੇ ਕਿਹਾ ਕਿ ਜੋ ਕਾਰਜ ਵਿਦੇਸ਼ਾਂ ਚ ਵੱਸਦੇ ਪ੍ਰਵਾਸੀ ਪੰਜਾਬੀ ਪੰਜਾਬ ਦੇ ਭਲੇ ਲਈ ਕਰ ਸਕਦੇ ਹਨ, ਉਹ ਸਰਕਾਰਾਂ ਵੀ ਨਹੀਂ ਕਰ ਸਕਦੀਆਂ। ਉਹਨਾਂ ਨੇ ਕਿਹਾ ਕਿ ਸਾਨੂੰ ਇਸ ਗੱਲ ਦਾ ਫਖਰ ਵੀ ਹੈ,ਆਸਰਾ ਵੀ ਹੈ, ਵੱਡਾ ਮਾਣ ਵੀ ਹੈ ,ਕੀ ਵਿਦੇਸ਼ਾਂ ਚ ਵਸਦੇ ਪੰਜਾਬੀ ਹਮੇਸ਼ਾ ਪੰਜਾਬ ਦੇ ਭਲੇ ਲਈ ਚਿੰਤਤ ਰਹਿੰਦੇ ਹਨ। ਸ ਵਡਾਲਾ ਨੇ ਕਿਹਾ ਕਿ ਜਦੋਂ ਵੀ ਪੰਜਾਬ ਤੇ ਕੋਈ ਆਫਤ ਆਉਂਦੀ ਹੈ,ਤਾਂ ਸੰਸਾਰ ਭਰ ਚ ਵੱਸਦੇ ਪੰਜਾਬੀ ਆਪਣਾ ਯੋਗਦਾਨ ਪਾਉਂਦੇ ਹਨ। ਸ ਵਡਾਲਾ ਨੇ ਕਿਹਾ ਕਿ ਅਸੀਂ ਤੁਹਾਨੂੰ ਬੇਨਤੀ ਕਰਨ ਲਈ ਉਚੇਚੇ ਤੌਰ ਤੇ ਇੱਥੇ ਆਏ ਹਾਂ ਕਿ ਤੁਸੀਂ ਵੱਧ ਚੜ ਕੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣੋ। ਉਹਨਾਂ ਕਿਹਾ ਕਿ ਮੈਂਬਰ ਬਣਨ ਲਈ ਤੁਸੀਂ ਆਨਲਾਈਨ ਵੀ ਅਪਲਾਈ ਕਰ ਸਕਦੇ ਹੋ।
ਗੁਰਪ੍ਰਤਾਪ ਸਿੰਘ ਵਡਾਲਾ ਨੇ ਇੰਗਲੈਂਡ ਚ ਵੀ ਕੀਤੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਦੀ ਸ਼ੁਰੂਆਤ

*ਵੱਡੀ ਗਿਣਤੀ ਚ ਪ੍ਰਵਾਸੀ ਪੰਜਾਬੀ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ
*ਸ ਵਡਾਲਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਪ੍ਰਵਾਸੀ ਪੰਜਾਬੀਆਂ ਤੇ ਸਹਿਯੋਗ ਦੀ ਕੀਤੀ ਮੰਗ –
ਸ ਵਡਾਲਾ ਨੇ ਕਿਹਾ ਕਿ ਅਸੀਂ ਪੰਜ ਮੈਂਬਰਾਂ ਨੇ ਕੁਝ ਨਹੀਂ ਬਣਨਾ, ਗੁਰੂ ਸਾਹਿਬ ਦੀ ਕਿਰਪਾ ਨਾਲ ਜਿਹਨੂੰ ਪੰਥ ਨੇ ਪ੍ਰਵਾਨ ਕੀਤਾ ਉਹ ਸ਼੍ਰੋਮਣੀ ਅਕਾਲੀ ਦਲ ਦਾ ਆਗੂ ਹੋਵੇਗਾ। ਚਾਹੇ ਉਹ ਕੋਈ ਸੰਤ ਮਹਾਂਪੁਰਖ ਹੋਣ, ਵਿਦਵਾਨ ਹੋਣ, ਇਤਿਹਾਸਕਾਰ ਹੋਣ, ਜਾਂ ਕੋਈ ਐਸੀ ਸਿਆਸੀ ਸ਼ਖਸੀਅਤ ਹੋਵੇ ਜਿਸ ਤੇ ਸਮੁੱਚਾ ਪੰਥ ਮਾਣ ਕਰ ਸਕੇ ਅਤੇ ਜਿਸ ਤੇ ਕੋਈ ਉਗਲ ਨਾ ਚੁੱਕ ਸਕੇ, ਉਨ੍ਹਾਂ ਕਿਹਾ ਕਿ ਸਾਫ ਸੁਥਰੀ ਨੇਕ ਇਮਾਨਦਾਰ ਲੀਡਰਸ਼ਿਪ ਜਿਹਦੇ ਅੰਦਰ ਸੇਵਾ ਦੀ ਭਾਵਨਾ ਹੋਵੇ,ਅਜਿਹੀ ਸ਼ਖ਼ਸੀਅਤ ਨੂੰ ਹੀ ਸ਼੍ਰੋਮਣੀ ਅਕਾਲੀ ਦਲ ਦਾ ਆਗੂ ਥਾਪਿਆ ਜਾਵੇਗਾ। ਸ ਵਡਾਲਾ ਨੇ ਪ੍ਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਉਣ ਵਾਲੀਆਂ ਚੋਣਾਂ ਚ ਵੀ ਵੱਧ ਚੜ ਕੇ ਸਾਫ ਸੁਥਰੇ ਅਕਸ ਵਾਲੇ ਉਮੀਦਵਾਰਾਂ ਨੂੰ ਵੋਟ ਪਾਈ ਜਾਵੇ। ਇਸ ਮੌਕੇ ਤੇ ਸਰਦਾਰ ਵਡਾਲਾ ਨੇ ਵੱਡੀ ਗਿਣਤੀ ਚ ਇੰਗਲੈਂਡ ਚ ਵਸਦੇ ਪੰਜਾਬੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਬਣਾਇਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਆਗਿਆਕਾਰ ਸਿੰਘ ਵਡਾਲਾ,ਰਾਜਮਨਵਿੰਦਰ ਸਿੰਘ ਰਾਜਾ ਕੰਗ, ਬਰਿੰਦਰ ਸਿੰਘ ਬਿੱਟੂ ਚੇਅਰਮੈਨ ਤੀਰ ਗਰੁੱਪ, ਗੁਰੂ ਘਰ ਦੇ ਪ੍ਰਧਾਨ ਸਰਦਾਰ ਗੁਰਨਾਮ ਸਿੰਘ ਨਵਾਂ ਸ਼ਹਿਰ, ਕੁਲਦੀਪ ਸਿੰਘ ਚਹੇੜੂ,ਬਲਜਿੰਦਰ ਸਿੰਘ ,ਤਜਿੰਦਰ ਸਿੰਘ ਲੰਬੜ, ਸਤਿੰਦਰ ਸਿੰਘ ਅਠਵਾਲ ,ਰਘਬੀਰ ਸਿੰਘ ਮਾਲੜੀ ,ਬਲਬੀਰ ਸਿੰਘ ਜੱਜ, ਸੁਖਦੇਵ ਸਿੰਘ ਹਾਂਗਕਾਂਗ, ਅੰਮ੍ਰਿਤ ਪਾਲ ਸਿੰਘ ਘੁਮਾਣ, ਪਲਵਿੰਦਰ ਸਿੰਘ ਕਠਾਰ, ਡਾਕਟਰ ਚੰਨਨ ਸਿੰਘ ਸਿੱਧੂ,ਅਮਰੀਕ ਸਿੰਘ ਗਿੱਲ, ਜਨਰਲ ਸਕੱਤਰ ਸਤਵਿੰਦਰ ਸਿੰਘ ਦਿਓਲ, ਕੌਂਸਲਰ ਕੁਲਵਿੰਦਰ ਸਿੰਘ ਜੋਹੜ, ਮੰਗਤ ਸਿੰਘ ਪਲਾਹੀ, ਹਰਮਿੰਦਰ ਸਿੰਘ, ਨਿਰਵੈਰ ਸਿੰਘ, ਸੁਖਵਿੰਦਰ ਸਿੰਘ ਢੇਸੀ, ਜਸਵਿੰਦਰ ਸਿੰਘ ਸੰਧੂ, ਸੁਖਜਿੰਦਰ ਸਿੰਘ ਮੀਤ ਪ੍ਰਧਾਨ, ਸੁਖਦੇਵ ਸਿੰਘ ਸੈਫਲਾਬਾਦ, ਜਤਿੰਦਰ ਸਿੰਘ ਅਦਿ ਆਗੂਆਂ ਸਮੇਤ ਵੱਡੀ ਗਿਣਤੀ ਚ ਸੰਗਤਾਂ ਹਾਜ਼ਿਰ ਸਨ।
ਕੈਪਸਨ:-
ਇੰਗਲੈਂਡ ਚ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਆਰੰਭ ਕਰਦੇ ਹੋਏ ਗੁਰਪ੍ਰਤਾਪ ਸਿੰਘ ਵਡਾਲਾ। ਨਾਲ਼ ਹਨ ਰਾਜਮਨਵਿੰਦਰ ਸਿੰਘ ਰਾਜਾ ਕੰਗ, ਬਰਿੰਦਰ ਸਿੰਘ ਬਿੱਟੂ, ਪ੍ਰਧਾਨ ਗੁਰਨਾਮ ਸਿੰਘ ਨਵਾਂ ਸ਼ਹਿਰ ਅਤੇ ਹੋਰ।
ਤਸਵੀਰ:- ਸੁਖਜਿੰਦਰ ਸਿੰਘ ਢੱਡੇ