Headlines

ਭਾਰਤੀ ਫੌਜ ਵਲੋਂ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ਵਿਚ 9 ਅਤਵਾਦੀ ਟਿਕਾਣਿਆਂ ਤੇ ਮਿਜਾਇਲ ਹਮਲੇ

ਪਾਕਿਸਤਾਨ ਵਲੋਂ ਕਰਾਰ ਜਵਾਬ ਦੇਣ ਦੀ ਚੇਤਾਵਨੀ-
ਨਵੀਂ ਦਿੱਲੀ ( ਏਜੰਸੀਆਂ)-ਪਹਿਲਗਾਮ ਦਹਿਸ਼ਤੀ ਹਮਲੇ ਦੇ ਜਵਾਬ ਵਿਚ  ਭਾਰਤੀ ਫੌਜ ਨੇ ਬੁੱਧਵਾਰ ਤੜਕੇ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ 9 ਅਤਵਾਦੀ ਟਿਕਾਣਿਆਂ ’ਤੇ ਮਿਜ਼ਾਈਲ ਹਮਲੇ ਕੀਤੇ ਹਨ। ਇਨ੍ਹਾਂ ਵਿੱਚ ਬਹਾਵਲਪੁਰ ਵੀ ਸ਼ਾਮਲ ਹੈ ਜਿਥੇ ਦਹਿਸ਼ਤੀ ਸੰਗਠਨ ਜੈਸ਼-ਏ-ਮੁਹੰਮਦ ਦਾ ਹੈਡਕੁਆਰਟਰ ਹੈ। ਭਾਰਤੀ ਫੌਜ ਨੇ ਵੱਡੇ ਤੜਕੇ 1.44 ਵਜੇ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਕਿ ਫੌਜੀ ਹਮਲੇ ‘ਆਪ੍ਰੇਸ਼ਨ ਸਿੰਦੂਰ’ ਤਹਿਤ ਕੀਤੇ ਗਏ ਹਨ।ਫੌਜ ਨੇ ਕਿਹਾ, ‘‘ਥੋੜ੍ਹਾ ਸਮਾਂ ਪਹਿਲਾਂ, ਭਾਰਤੀ ਹਥਿਆਰਬੰਦ ਸੈਨਾਵਾਂ ਨੇ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਦਹਿਸ਼ਤੀ ਢਾਂਚੇ ਨੂੰ ਨਿਸ਼ਾਨਾ ਬਣਾਉਂਦੇ ਹੋਏ ‘ਆਪ੍ਰੇਸ਼ਨ ਸਿੰਦੂਰ’ ਸ਼ੁਰੂ ਕੀਤਾ ਸੀ, ਜਿੱਥੋਂ ਭਾਰਤ ਵਿਰੁੱਧ ਦਹਿਸ਼ਤੀ ਹਮਲਿਆਂ ਦੀ ਯੋਜਨਾ ਅਤੇ ਨਿਰਦੇਸ਼ਨ ਕੀਤਾ ਗਿਆ ਸੀ।’’
ਭਾਰਤੀ ਫੌਜ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਪਾਕਿਸਤਾਨੀ ਫੌਜੀ ਟਿਕਾਣੇ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ। ਭਾਰਤ ਨੇ ਟੀਚਿਆਂ ਦੀ ਚੋਣ ਅਤੇ ਹਮਲਿਆਂ ਨੂੰ ਅੰਜਾਮ ਦੇਣ ਵਿਚ ਕਾਫ਼ੀ ਸੰਜਮ ਨਾਲ ਕੰਮ ਲਿਆ ਹੈ। ਪਾਕਿਸਤਾਨ ਫੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਕਿਹਾ ਕਿ ਭਾਰਤ ਵੱਲੋਂ ਮਕਬੂਜ਼ਾ ਕਸ਼ਮੀਰ  ਦੇ ਕੋਟਲੀ ਅਤੇ ਮੁਜ਼ੱਫਰਾਬਾਦ ਅਤੇ ਪੰਜਾਬ ਦੇ ਬਹਾਵਲਪੁਰ ਵਿੱਚ ਮਿਜ਼ਾਈਲ ਹਮਲੇ ਕੀਤੇ ਹਨ। ਉਨ੍ਹਾਂ ਏਆਰਵਾਈ ਨਿਊਜ਼ ਚੈਨਲ ਨੂੰ ਦੱਸਿਆ ਕਿ ਕੁਝ ਸਮਾਂ ਪਹਿਲਾਂ, ਭਾਰਤ ਨੇ ਬਹਾਵਲਪੁਰ ਦੇ ਅਹਿਮਦ ਪੂਰਬੀ ਖੇਤਰ, ਕੋਟਲੀ ਅਤੇ ਮੁਜ਼ੱਫਰਾਬਾਦ ਵਿੱਚ ਤਿੰਨ ਥਾਵਾਂ ’ਤੇ ਹਵਾਈ ਹਮਲੇ ਕੀਤੇ ਸਨ।
ਚੌਧਰੀ ਨੇ ਕਿਹਾ ਕਿ ਇਹ ਬੁਜ਼ਦਿਲਾਨਾ ਅਤੇ ਸ਼ਰਮਨਾਕ ਹਮਲਾ ਭਾਰਤ ਦੇ ਹਵਾਈ ਖੇਤਰ ਦੇ ਅੰਦਰੋਂ ਕੀਤਾ ਗਿਆ ਹੈ। ਉਨ੍ਹਾਂ ਨੂੰ ਕਦੇ ਵੀ ਪਾਕਿਸਤਾਨ ਦੇ ਖੇਤਰ ਵਿੱਚ ਆਉਣ ਅਤੇ ਘੁਸਪੈਠ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਚੌਧਰੀ ਨੇ ਅੱਗੇ ਕਿਹਾ ਕਿ ਪਾਕਿਸਤਾਨ ਆਪਣੀ ਮੁਤਾਬਿਕ ਸਮੇਂ ਅਤੇ ਸਥਾਨ ’ਤੇ ਇਸ ਦਾ ਜਵਾਬ ਦੇਵੇਗਾ।
ਭਾਰਤ ਨੇ ਇਹ ਹਮਲੇ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਦੋ ਹਫ਼ਤੇ ਬਾਅਦ ਕੀਤੇ ਹਨ। ਇਨ੍ਹਾਂ ਹਮਲਿਆਂ ਨੂੰ ਲੈ ਕੇ ਭਾਰਤ ਅਤੇ ਵਿਦੇਸ਼ਾਂ ਵਿੱਚ ਵਿਆਪਕ ਰੋਸ ਸੀ।
ਭਾਰਤੀ ਫੌਜ ਨੇ ਬਿਆਨ ਵਿੱਚ ਕਿਹਾ ਹੈ ਕਿ ਇਹ ਕਦਮ ਪਹਿਲਗਾਮ ਦਹਿਸ਼ਤੀ ਹਮਲੇ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ, ਜਿਸ ਵਿੱਚ 25 ਭਾਰਤੀਆਂ ਅਤੇ ਇੱਕ ਨੇਪਾਲੀ ਨਾਗਰਿਕ ਦੀ ਹੱਤਿਆ ਕਰ ਦਿੱਤੀ ਗਈ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਅਸੀਂ ਇਸ ਵਚਨਬੱਧਤਾ ’ਤੇ ਖਰੇ ਉਤਰ ਰਹੇ ਹਾਂ ਕਿ ਇਸ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 29 ਅਪਰੈਲ ਨੂੰ ਸਿਖਰਲੇ ਰੱਖਿਆ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਭਾਰਤੀ ਹਥਿਆਰਬੰਦ ਬਲਾਂ ਨੂੰ ਪਹਿਲਗਾਮ ਦਹਿਸ਼ਤੀ ਹਮਲੇ ਦੇ ਜਵਾਬ ਦੇ ਢੰਗ, ਟੀਚਿਆਂ ਅਤੇ ਸਮੇਂ ਬਾਰੇ ਫੈਸਲਾ ਲੈਣ ਲਈ ਪੂਰੀ ਖੁੱਲ੍ਹ ਦਿੱਤੀ ਸੀ।
— ਪਾਕਿਸਤਾਨ ਵਲੋਂ ਭਾਰੀ ਗੋਲੀਬਾਰੀ ਕਾਰਣ 10 ਭਾਰਤੀ ਮਾਰੇ ਗਏ-

ਸ੍ਰੀਨਗਰ-ਜੰਮੂ-ਕਸ਼ਮੀਰ ਵਿਚ ਕੰਟਰੋਲ ਰੇਖਾ (ਐੱਲਓਸੀ) ਦੇ ਨਾਲ ਪਾਕਿਸਤਾਨ ਵੱਲੋਂ ਭਾਰੀ ਗੋਲਾਬਾਰੀ ਜਿਸ ਵਿਚ ਤੋਪਖਾਨੇ ਦੀ ਵਰਤੋਂ ਵੀ ਸ਼ਾਮਲ ਹੈ, ਵਿਚ ਇਕ ਮਹਿਲਾ ਤੇ ਦੋ ਬੱਚਿਆਂ ਸਣੇ 10 ਨਾਗਰਿਕ ਮਾਰੇ ਗਏ ਅਤੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ 6-7 ਮਈ ਦੀ ਰਾਤ ਨੂੰ ਪਾਕਿਸਤਾਨੀ ਫੌਜ ਨੇ ਜੰਮੂ-ਕਸ਼ਮੀਰ ਦੇ ਸਾਹਮਣੇ ਕੰਟਰੋਲ ਰੇਖਾ ਅਤੇ ਕੋਮਾਂਤਰੀ ਸਰਹੱਦ (ਆਈਬੀ) ਦੇ ਪਾਰ ਚੌਕੀਆਂ ਤੋਂ ਮਨਮਾਨੀ ਗੋਲੀਬਾਰੀ ਸ਼ੁਰੂ ਕੀਤੀ, ਜਿਸ ਵਿੱਚ ਤੋਪਖਾਨੇ ਦੀ ਗੋਲੀਬਾਰੀ ਵੀ ਸ਼ਾਮਲ ਹੈ। ਕੰਟਰੋਲ ਰੇਖਾ ’ਤੇ ਕੀਤੀ ਜਾ ਰਹੀ ਗੋਲੀਬਾਰੀ ਦੋਰਾਨ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸਰਹੱਦੀ ਇਲਾਕਿਆਂ ਵਿਚ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਤਬਲਦੀਲ ਕਰਨ ਦੇ ਹੁਕਮ ਦਿੱਤੇ ਹਨ। ਮਨੋਜ ਸਿਨਹਾ ਨੇ ਕਿਹਾ ਕਿ ਅਸੀ ਜੰਮੂ ਕਸ਼ਮੀਰ ਵਿਚ ਕਿਸੇ ਵੀ ਹਾਲਾਤ ਦੇ ਟਾਕਰੇ ਲਈ ਤਿਆਰ ਹਾਂ।

ਇਸ ਦੌਰਾਨ ਪੁਣਛ ਖੇਤਰ ਵਿਚ ਕੀਤੀ ਗਈ ਭਾਰੀ ਗੋਲਾਬਾਰੀ ਦੌਰਾਨ ਇਕ ਗੁਰਦੁਆਰਾ ਸਾਹਿਬ ਦੇ ਨਿਸ਼ਾਨਾ ਬਣਨ ਦੀ ਖਬਰ ਹੈ। ਇਸ ਹਮਲੇ ਵਿਚ ਇਕ ਰਾਗੀ ਸਿੰਘ ਦੇ ਮਾਰੇ ਜਾਣ ਤੇ ਕੁਝ ਹੋਰਾਂ ਦੇ ਸ਼ਰਧਾਲੂਆਂ ਦੇ ਜਖਮੀ ਹੋਣ ਦੀ ਖਬਰ ਹੈ।

ਭਾਰਤ ਵਿਚ 200 ਉਡਾਣਾਂ ਰੱਦ, 18 ਹਵਾਈ ਅੱਡੇ ਅਸਥਾਈ ਤੌਰ ਤੇ ਬੰਦ-

ਨਵੀਂ ਦਿੱਲੀ-

ਬੁੱਧਵਾਰ ਸਵੇਰੇ ਪਾਕਿਸਤਾਨ ਵਿਰੁੱਧ ਹਥਿਆਰਬੰਦ ਬਲਾਂ ਵੱਲੋਂ ਮਿਜ਼ਾਈਲ ਹਮਲੇ ਕੀਤੇ ਜਾਣ ਦੇ ਮੱਦੇਨਜ਼ਰ ਲਗਾਈਆਂ ਗਈਆਂ ਪਾਬੰਦੀਆਂ ਦੇ ਵਿਚਕਾਰ 200 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਸ੍ਰੀਨਗਰ ਸਮੇਤ ਘੱਟੋ-ਘੱਟ 18 ਹਵਾਈ ਅੱਡਿਆਂ ਨੂੰ ਅਸਥਾਈ ਤੌਰ ’ਤੇ ਸੰਚਾਲਨ ਲਈ ਬੰਦ ਕਰ ਦਿੱਤਾ ਗਿਆ ਹੈ।

ਏਅਰ ਇੰਡੀਆ, ਇੰਡੀਗੋ, ਸਪਾਈਸਜੈੱਟ, ਏਅਰ ਇੰਡੀਆ ਐਕਸਪ੍ਰੈਸ, ਅਕਾਸਾ ਏਅਰ ਅਤੇ ਕੁਝ ਵਿਦੇਸ਼ੀ ਏਅਰਲਾਈਨਾਂ ਨੇ ਵੱਖ-ਵੱਖ ਹਵਾਈ ਅੱਡਿਆਂ ਤੋਂ ਆਉਣ-ਜਾਣ ਵਾਲੀਆਂ ਆਪਣੀਆਂ ਸੇਵਾਵਾਂ ਰੱਦ ਕਰ ਦਿੱਤੀਆਂ। ਸੂਤਰਾਂ ਨੇ ਦੱਸਿਆ ਕਿ ਦੇਸ਼ ਦੇ ਉੱਤਰੀ ਅਤੇ ਪੱਛਮੀ ਹਿੱਸਿਆਂ ਵਿੱਚ ਘੱਟੋ-ਘੱਟ 18 ਹਵਾਈ ਅੱਡਿਆਂ ਨੂੰ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ। ਇਨ੍ਹਾਂ ਹਵਾਈ ਅੱਡਿਆਂ ਵਿੱਚ ਸ੍ਰੀਨਗਰ, ਲੇਹ, ਜੰਮੂ, ਅੰਮ੍ਰਿਤਸਰ, ਪਠਾਨਕੋਟ, ਚੰਡੀਗੜ੍ਹ, ਜੋਧਪੁਰ, ਜੈਸਲਮੇਰ, ਸ਼ਿਮਲਾ, ਧਰਮਸ਼ਾਲਾ ਅਤੇ ਜਾਮਨਗਰ ਸ਼ਾਮਲ ਹਨ।

Leave a Reply

Your email address will not be published. Required fields are marked *