ਸੁਨਾਮ, 7 ਮਈ-ਸੁਨਾਮ-ਪਟਿਆਲਾ ਸੜਕ ‘ਤੇ ਗੁਰਦੁਆਰਾ ਮੋਰਾਂਵਾਲੀ ਸਾਹਮਣੇ ਬੀਤੀ ਸ਼ਾਮ ਹੋਏ ਇਕ ਸੜਕ ਹਾਦਸੇ ‘ਚ ਸੁਨਾਮ ਸ਼ਹਿਰ ਦੇ ਰਹਿਣ ਵਾਲੇ ਪੰਜਾਬੀ ਫਿਲਮ ਇੰਡਸਟਰੀ ਦੇ ਨਾਮਵਰ ਅਦਾਕਾਰ ਕਰਤਾਰ ਚੀਮਾ ਦੇ ਪਿਤਾ ਜਸਵਿੰਦਰ ਸਿੰਘ ਦੀ ਮੌਤ ਹੋ ਗਈ। ਉਹ ਕਰੀਬ 70 ਵਰ੍ਹਿਆਂ ਦੇ ਸਨ। ਪੁਲੀਸ ਚੌਕੀ ਨਵੀਂ ਅਨਾਜ ਮੰਡੀ ਸੁਨਾਮ ਦੇ ਇੰਚਾਰਜ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬੀ ਫਿਲਮਾਂ ਦੇ ਉੱਘੇ ਅਦਾਕਾਰ ਕਰਤਾਰ ਚੀਮਾ ਦੇ ਪਿਤਾ ਜਸਵਿੰਦਰ ਸਿੰਘ ਬੀਤੀ ਸ਼ਾਮ ਮੋਟਰਸਾਈਕਲ ‘ਤੇ ਆਪਣੇ ਘਰ ਤੋਂ ਡੇਅਰੀ ‘ਚ ਦੁੱਧ ਪਾਉਣ ਲਈ ਨਿਕਲੇ ਸਨ। ਇਸੇ ਦੌਰਾਨ ਗੁਰਦੁਆਰਾ ਸਿੰਘ ਸਭਾ ਮੋਰਾਂਵਾਲੀ ਦੇ ਸਾਹਮਣੇ ਪਟਿਆਲਾ ਵਲੋਂ ਆ ਰਹੀ ਇਕ ਕਾਰ ਨੇ ਮੋਟਰਸਾਈਕਲ ਨੂੰ ਪਿੱਛੋਂ ਟੱਕਰ ਮਾਰ ਦਿੱਤੀ।
ਮੌਕੇ ‘ਤੇ ਮੌਜੂਦ ਪਿੰਡ ਦੇ ਕੁਝ ਮੋਹਤਬਰ ਵਿਅਕਤੀਆਂ ਵਲੋਂ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਵਲੋਂ ਉਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਕਾਰ ਕਬਜ਼ੇ ਵਿਚ ਲੈ ਕੇ ਚਾਲਕ ਹਰਪ੍ਰੀਤ ਸਿੰਘ ਵਾਸੀ ਲੱਡਾ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ।