Headlines

25 ਮਈ ਨੂੰ ਵੈਨਕੂਵਰ ‘ਚ ਗੁਰੂ ਨਾਨਕ ਜਹਾਜ਼ (ਕਾਮਾਗਾਟਾਮਾਰੂ ) ਮੈਮੋਰੀਅਲ ‘ਤੇ ਹੋਵੇਗਾ ਸਮਾਗਮ

ਗੁਰੂ ਨਾਨਕ ਜਹਾਜ਼ ਦੀ 111ਵੀਂ ਯਾਦਗਾਰੀ ਵਰ੍ਹੇ-ਗੰਢ
ਸਰੀ ( ਬਲਵੀਰ ਢਿੱਲੋਂ )- ਗੁਰੂ ਨਾਨਕ ਜਹਾਜ਼’ ਦਾ ਸਫ਼ਰ ਬਸਤੀਵਾਦ ਅਤੇ ਨਸਲਵਾਦ ਦਾ, ਚੜ੍ਹਦੀ ਕਲਾ ਅਤੇ ਭਾਈਚਾਰਕ ਸਾਂਝ ਨਾਲ ਮੁਕਾਬਲਾ ਕਰਨ ਵਾਲੇ ਮੁਸਾਫਿਰਾਂ ਦੀ, ਨਿੱਡਰ ਅਤੇ ਸੁਤੰਤਰ ਹਸਤੀ ਦਾ ਦੁਰਲੱਭ ਇਤਿਹਾਸ ਹੈ। ਗੁਰੂ ਨਾਨਕ ਜਹਾਜ਼ ਸੰਘਰਸ਼ ਅਤੇ ਮਨੁੱਖੀ ਹੱਕਾਂ ਲਈ ਘੋਲ ਦਾ ਸ਼ਾਨਦਾਰ ਇਤਿਹਾਸ ਹੈ। ਗੁਰੂ ਨਾਨਕ ਜਹਾਜ਼ ਦੇ ਚੜ੍ਹਦੀ’ ਕਲਾ ਦੇ ਸਫ਼ਰ ਦੇ 111ਵੇਂ ਸਾਲ ‘ਤੇ, ਕੈਨੇਡਾ ਦੀ ਧਰਤੀ ‘ਤੇ ਵੈਨਕੂਵਰ ਦੇ ਸਮੁੰਦਰੀ ਤੱਟ ‘ਤੇ 1199 ਵੈਸਟ ਕਾਰਡੋਵਾ ਸਟਰੀਟ, ਗੁਰੂ ਨਾਨਕ ਜਹਾਜ਼ ਮੈਮੋਰੀਅਲ ਸਮਾਰਕ ਉੱਪਰ 25 ਮਈ ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਤੋਂ 5 ਵਜੇ ਤੱਕ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਇਸ ਵਰ੍ਹੇ-ਗੰਢ ‘ਤੇ ਸਮਾਗਮ ਸਬੰਧੀ ਪੋਸਟਰ ਮੀਡੀਆ ਨਾਲ ਸੰਬੰਧਤ ਸ਼ਖਸ਼ੀਅਤਾਂ ਵੱਲੋਂ ਤਾਜ ਕਨਵੈਂਸ਼ਨ ਸੈਂਟਰ ਸਰੀ ਵਿਖੇ ਰਿਲੀਜ਼ ਕੀਤਾ ਗਿਆ, ਜਿਨਾਂ ਵਿੱਚ ਗੁਰਪ੍ਰੀਤ ਸਿੰਘ ਸਹੋਤਾ (ਚੜਦੀ ਕਲਾ ਨਿਊਜ਼ ਗਰੁੱਪ ਅਤੇ ਚੈਨਲ ਪੰਜਾਬੀ), ਭੁਪਿੰਦਰ ਸਿੰਘ ਮੱਲੀ (ਸਾਊਥ ਏਸ਼ੀਅਨ ਰਿਵਿਊ), ਬਲਜਿੰਦਰ ਕੌਰ (ਬੀ ਕੌਰ ਮੀਡੀਆ) ਰਛਪਾਲ ਸਿੰਘ ਗਿੱਲ (ਪੰਜਾਬੀ ਟ੍ਰਿਬਿਊਨ), ਡਾ. ਪੂਰਨ ਸਿੰਘ ਗਿੱਲ (ਪੰਜਾਬ ਟਾਈਮਜ਼), ਹਰਕੀਰਤ ਸਿੰਘ ਕੁਲਾਰ (ਪੰਜਾਬ ਗਾਰਡੀਅਨ), ਬਲਦੇਵ ਸਿੰਘ ਮਾਨ (ਰੈਡ ਐਫ. ਐਮ.), ਸੁਖਵਿੰਦਰ ਸਿੰਘ ਚੋਹਲਾ (ਦੇਸ ਪਰਦੇਸ ਟਾਈਮਜ਼), ਸੁੱਖੀ ਕੌਰ (ਸ਼ੇਰੇ ਪੰਜਾਬ ਰੇਡੀਓ,1550 ਏ.ਐਮ.), ਅਮਰਪਾਲ ਸਿੰਘ (ਕੈਨੇਡੀਅਨ ਪੰਜਾਬ ਟਾਈਮਜ਼ ਤੇ ਪੰਜਾਬੀ ਟ੍ਰਿਬਿਊਨ), ਬਲਵੀਰ ਕੌਰ ਢਿੱਲੋਂ (ਬੀ ਕੌਰ ਮੀਡੀਆ), ਸੰਤੋਖ ਸਿੰਘ ਮੰਡੇਰ (ਇੰਡੋ ਕੈਨੇਡੀਅਨ ਟਾਈਮਜ਼) ਸ਼ਾਮਿਲ ਹੋਏ। ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵੱਲੋਂ ਜਾਣਕਾਰੀ ਦਿੰਦਿਆਂ ਡਾ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਰੇ ਦੇ ਸਮਾਗਮ ਵਿੱਚ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦੇ ਇਤਿਹਾਸ ਤੋਂ ਇਲਾਵਾ. ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦੀ ਸ਼ਹਾਦਤ ਬਾਰੇ ਵਿਸ਼ੇਸ਼ ਪ੍ਰੋਗਰਾਮ ਹੋਵੇਗਾ।
ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਤੇ ਬੀਸੀ ਖਾਲਸਾ ਦਰਬਾਰ ਵੈਨਕੂਵਰ ਤੋਂ ਇਲਾਵਾ ਵਣਜਾਰਾ ਨੋਮੈਡ ਕੁਲੈਕਸ਼ਨਜ਼, ਗਦਰ ਮੈਮੋਰੀਅਲ ਸੁਸਾਇਟੀ ਆਫ ਕੈਨੇਡਾ ਸਣੇ ਵੱਖ-ਵੱਖ ਸੰਸਥਾਵਾਂ ਵੱਲੋਂ ਸਾਂਝੇ ਤੌਰ ‘ਤੇ, ਬੋਰਡ ਆਫ ਪਾਰਕ ਐਂਡ ਰੀਕ੍ਰੀਏਸ਼ਨ ਤੇ ਵੈਨਕੂਵਰ ਸਿਟੀ ਦੇ ਸਹਿਯੋਗ ਇਹ ਸਲਾਨਾ ਸਮਾਗਮ ਕੀਤਾ ਜਾ ਰਿਹਾ ਹੈ। ਵੀਹਵੀਂ ਸਦੀ ਦੇ ਆਰੰਭ ਵਿੱਚ ਕੈਨੇਡਾ ਦੀ ਧਰਤੀ ‘ਤੇ ਨਸਲਵਾਦੀ ਸਰਕਾਰ ਦਾ ਰਾਜ ਸੀ, ਜਿਸ ਨੇ 1907 ਵਿੱਚ ਪਹਿਲਾਂ ਭਾਰਤੀਆਂ ਤੋਂ ਵੋਟ ਦਾ ਹੱਕ ਖੋਹਿਆ ਤੇ ਉਸ ਤੋਂ ਬਾਅਦ ਕੈਨੇਡਾ ਆਉਣ ਲਈ ਪ੍ਰਵਾਸੀਆਂ ਉੱਪਰ ਆਪਣੇ ਮੁਲਕ ਤੋਂ ਸਿੱਧੇ ਸਫ਼ਰ ਦੀ ਸ਼ਰਤ ਲਾ ਦਿੱਤੀ ਸੀ। ਸਰਕਾਰ ਦੇ ‘ਨਸਲੀ ਵਿਤਕਰੇ ਵਾਲੇ ਕਾਨੂੰਨ’ ਨੂੰ ਚੁਣੌਤੀ ਦੇਣ ਲਈ ਜਨਵਰੀ 1914 ਵਿੱਚ ਬਾਬਾ ਗੁਰਦਿੱਤ ਸਿੰਘ ਜੀ ਸਰਹਾਲੀ ਵੱਲੋਂ ਕਲਕੱਤੇ ਜਾ ਕੇ ‘ਗੁਰੂ ਨਾਨਕ ਸਟੀਮਸ਼ਿਪ ਕੰਪਨੀ’ ਕਾਇਮ ਕੀਤੀ ਗਈ, ਜਿਸ ਅਧੀਨ ‘ਗੁਰੂ ਨਾਨਕ ਸਾਹਿਬ’ ਦੇ ਨਾਂ ‘ਤੇ ਜਹਾਜ਼, ਕਿਰਾਏ ‘ਤੇ ਲੈਣ ਦਾ ਫੈਸਲਾ ਕੀਤਾ ਗਿਆ। ਇਸ ਉਦੇਸ਼ ਦੀ ਪੂਰਤੀ ਲਈ ਕਾਮਾਗਾਟਾਮਾਰੂ ਨਾਂ ਦਾ ਸਮੁੰਦਰੀ ਬੇੜਾ, ਗੁਰੂ ਨਾਨਕ ਸਟੀਮਸ਼ਿਪ ਕੰਪਨੀ ਨੇ 11 ਹਜ਼ਾਰ ਡਾਲਰ ਪ੍ਰਤੀ ਮਹੀਨੇ ਦੇ ਹਿਸਾਬ, ਨਾਲ ਛੇ ਮਹੀਨੇ ਲਈ 66 ਹਜ਼ਾਰ ਡਾਲਰ ‘ਤੇ, 19 ਮਾਰਚ 1914 ਨੂੰ ਜਪਾਨੀ ਕੰਪਨੀ ਤੋਂ’ ਕਿਰਾਏ ‘ਤੇ ਲਿਆ। ਇਹ ਜਹਾਜ਼ ਕੋਲਾ ਢੋਣ ਵਾਲਾ ਸੀ ਤੇ ਯਾਤਰੂ ਜਹਾਜ਼ ਦੇ ਰੂਪ ਵਿੱਚ ਬਦਲਣ ਲਈ ਬਾਬਾ ਗੁਰਦਿੱਤ ਸਿੰਘ ਨੇ ਅੰਦਰੋਂ ਕਾਫੀ ਤਬਦੀਲੀ ਕੀਤੀ ਅਤੇ 2500 ਡਾਲਰ ਖਰਚੇ ਤੇ ਬੈਠਣ ਲਈ ਬੈਂਚ ਆਦਿ ਦਾ ਪ੍ਰਬੰਧ ਕੀਤਾ। ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ, ਹਾਂਗਕਾਂਗ ਵਿਖੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਅਖੰਡ ਪਾਠ ਕਰਵਾਏ ਗਏ ਅਤੇ ਸਮੁੰਦਰੀ ਜਹਾਜ਼ ਕਾਮਾਗਾਟਾਮਾਰੂ ਦਾ ਨਵਾਂ ਨਾਮਕਰਨ ‘ਸ੍ਰੀ ਗੁਰੂ ਨਾਨਕ ਜਹਾਜ਼’ ਕੀਤਾ ਗਿਆ।
ਗੁਰੂ ਨਾਨਕ ਜਹਾਜ਼ ਦੀਆਂ ਟਿਕਟਾਂ ‘ਸ੍ਰੀ ਗੁਰੂ ਨਾਨਕ ਸਟੀਮਰ ਕੰਪਨੀ’ ਵੱਜੋ ਪ੍ਰਕਾਸ਼ਿਤ ਹੋਈਆਂ। ਗੁਰੂ ਨਾਨਕ ਜਹਾਜ਼ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ, ਜਿੱਥੇ ਦੀਵਾਨ ਜੁੜਦੇ, ਢਾਡੀ ਵਾਰਾਂ ਗਾਉਂਦੇ। ਗੁਰੂ ਨਾਨਕ ਜਹਾਜ਼ ਦੇ ਸਫ਼ਰ ਦੌਰਾਨ ਪੰਜ ਅਖੰਡ ਪਾਠ ਅਤੇ ਦੋ ਸਹਿਜ ਪਾਠ ਸੰਪੂਰਨ ਕੀਤੇ ਗਏ। ਜਹਾਜ ਵਿੱਚ ਨਿਸ਼ਾਨ ਸਾਹਿਬ ਝੁੱਲਦਾ ਸੀ ਕਿਉਂਕਿ ਸਾਂਝੇ ਪੰਜਾਬ ਦੇ ਸਭ ਯਾਤਰੂ ਮੰਨਦੇ ਸਨ ਕਿ ‘ਗੁਰੂ ਨਾਨਕ’ ਨਾਂ ਦੇ ਅਧੀਨ ਹੀ ਸਭ ਨੂੰ ‘ਸਾਂਝੀ ਗੋਦ’ ਵਿੱਚ ਲਿਆ ਜਾ ਸਕਦਾ ਸੀ। ਗੁਰੂ ਨਾਨਕ ਸ਼ਬਦ ਰੂਹਾਨੀ ਸਾਂਝ, ਮਨੁੱਖੀ ਪ੍ਰੇਮ, ਜਾਬਰ ਹਕੂਮਤਾਂ ਦਾ ਵਿਰੋਧ ਤੇ ਨਸਲਵਾਦੀ ਵਿਤਕਰੇ ਦੇ ਅੰਤ ਦਾ ਮਹਾਨ ਸਿਧਾਂਤ ਹੈ।
ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਵਿੱਚ 341 ਸਿੱਖ, 24 ਮੁਸਲਮਾਨ ਤੇ 12 ਹਿੰਦੂ ਮੁਸਾਫਿਰ ਗੁਰੂ ਨਾਨਕ ਜਹਾਜ਼ ‘ਤੇ ਸਵਾਰ ਹੋ ਕੇ 22 ਮਈ ਨੂੰ (ਪੰਜਾਬ ਵਿੱਚ 23 ਮਈ) ਵੈਨਕੂਵਰ ਪਹੁੰਚੇ। ਉਸ ਸਮੇਂ ਦੇ ‘ਸਾਂਝਾ ਪੰਜਾਬ’, ਜੋ ਕਿ ਅੱਜ ਕੱਲ ਭਾਰਤ ਅਤੇ ਪਾਕਿਸਤਾਨ ਵਿੱਚ ਵੰਡਿਆ ਹੋਇਆ ਹੈ, ਦੇ ਵਸਨੀਕ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰ ਸਨ।
ਗੁਰੂ ਨਾਨਕ ਜਹਾਜ਼ ਵਿੱਚ ਖੁੱਲੇ ਅੰਬਰਾਂ ਅਤੇ ਸਮੁੰਦਰਾਂ ‘ਚ ਪ੍ਰਕਾਸ਼ਮਾਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਦਕਾ, ਪਹਿਲੇ ਗੁਰਦੁਆਰਾ ਸਾਹਿਬ ਅਲੌਕਿਕ ਵਰਤਾਰਾ ਸਨ। ਨਿਰੰਤਰ ਸਿੱਧੇ ਸਫਰ ਰਾਹੀਂ ਆਉਣ ਅਤੇ ਬ੍ਰਿਟਿਸ਼ ਪਰਜਾ ਹੋਣ ਦੇ ਤੇ ਕਾਨੂੰਨੀ ਪੱਖੋਂ ਸਹੀ ਯਾਤਰਾ ਦਸਤਾਵੇਜ਼ ਰੱਖਣ ਅਤੇ ਭੇਦ-ਭਾਵ ਵਾਲੇ ਦੋ ਸੌ ਡਾਲਰ ਹੈੱਡ ਟੈਕਸ ਦੀ ਵਧੀਕੀ ਦੀ ਪਾਲਣਾ ਕਰਨ ਦੇ ਬਾਵਜੂਦ, ਮੁਸਾਫਿਰਾਂ ਦੇ ਕੈਨੇਡਾ ‘ਚ ਦਾਖਲੇ ‘ਤੇ ਰੋਕ ਲਗਾ ਦਿੱਤੀ ਗਈ। ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਅਗਵਾਈ ਵਿੱਚ ਸੰਗਤਾਂ ਨੇ ਕਾਨੂੰਨੀ ਲੜਾਈ ਲੜਨ ਅਤੇ ਜਹਾਜ਼ ਦੀ ਕਿਸ਼ਤ ਅਦਾ ਕਰਨ ਲਈ ਭਾਰੀ ਆਰਥਿਕ ਇਮਦਾਦ ਕੀਤੀ। ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਨੂੰ ਕੈਨੇਡਾ ਤੋਂ ਜਬਰੀ ਵਾਪਸ ਮੋੜਨ ਦੇ ਹੁਕਮ ਨੂੰ ਕਾਨੂੰਨੀ ਚੁਣੌਤੀ, ਵਕੀਲ ਜੋਸੇਫ ਐਡਵਰਡ ਬਰਡ ਨੇ ਦਿੱਤੀ, ਪਰ ਧੱਕੇਸ਼ਾਹੀ ਅਤੇ ਵਿਤਕਰੇ ਦੀ ਨੀਤੀ ਕਾਰਨ ਉਹ ਅਸਫਲ ਰਿਹਾ। 22 ਜੁਲਾਈ ਨੂੰ (ਪੰਜਾਬ ਵਿੱਚ 23 ਜੁਲਾਈ) ਗੁਰੂ ਨਾਨਕ ਜਹਾਜ਼ ਕੈਨੇਡੀਅਨ ਫੌਜ ਅਤੇ ਹਕੂਮਤ ਵੱਲੋਂ ਕੈਨੇਡੀਅਨ ਪਾਣੀਆਂ ‘ਚੋਂ ਬਾਹਰ ਕੱਢ ਦਿੱਤਾ ਗਿਆ। 29 ਸਤੰਬਰ 1914 ਨੂੰ ਕਲਕੱਤੇ ਦੀ ਬਜ ਬਜ ਘਾਟ ‘ਤੇ ਪਹੁੰਚਣ ਉੱਪਰ ਬ੍ਰਿਟਿਸ਼ ਇੰਡੀਅਨ ਸਰਕਾਰ ਵੱਲੋਂ ਗੁਰੂ ਨਾਨਕ ਜਹਾਜ਼ ‘ਤੇ ਸਵਾਰ ਲੋਕਾਂ ਨੂੰ, ਸਰਕਾਰ ਵਿਰੋਧੀ ਕਰਾਰ ਦੇ ਕੇ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਗਿਆ।
ਗੁਰੂ ਨਾਨਕ ਜਹਾਜ਼ ਦੇ ਮੁਸਾਫਿਰ ਗ੍ਰਿਫਤਾਰੀ ਤੋਂ ਪਹਿਲਾਂ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਲਕੱਤੇ ਦੇ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਕਰਨਾ ਚਾਹੁੰਦੇ ਸਨ, ਪਰ ਇਸ ਦਾ ਵਿਰੋਧ ਕਰਦਿਆਂ ਹੋਇਆਂ, ਬ੍ਰਿਟਿਸ਼ ਸਰਕਾਰ ਵੱਲੋਂ ਉਹਨਾਂ ਉੱਪਰ ਗੋਲੀਆਂ ਚਲਾਈਆਂ ਗਈਆਂ। ਇਸ ਦੁਖਦਾਈ ਘਟਨਾ ਦੀ ਅਗਵਾਈ ਬ੍ਰਿਟਿਸ਼ ਭਾਰਤੀ ਫੌਜਾਂ ਦੁਆਰਾ ਕੀਤੀ ਗਈ, ਜਿਸ ਦੇ ਨਤੀਜੇ ਵਜੋਂ 19 ਯਾਤਰੀ ਸ਼ਹੀਦ ਹੋ ਗਏ, ਬਹੁਤ ਸਾਰੇ ਜ਼ਖਮੀ ਹੋਏ ਅਤੇ ਬਹੁਤ ਸਾਰੇ ਹੋਰ ਕੈਦ ਹੋ ਗਏ। ਗੁਰੂ ਨਾਨਕ ਜਹਾਜ਼ ਨੂੰ ਕੈਨੇਡਾ ਤੋਂ ਜਬਰੀ ਵਾਪਸ ਮੋੜਨ ਮਗਰੋਂ ਬਜਬਜ ਘਾਟ ਦਾ ਸ਼ਹੀਦੀ ਸਾਕਾ ਜ਼ਾਲਮ ਅਤੇ ਨਸਲਵਾਦੀ ਸਰਕਾਰਾਂ ਵੱਲੋਂ ਵਰਤਾਏ ਖੂਨੀ ਸਾਕੇ ਦਾ ਦਿਲ-ਕੰਬਾਊ ਅਧਿਆਇ ਸੀ।
ਸੁਖਾਂਤਕ ਇਤਿਹਾਸਿਕ ਪਹਿਲੂ ਇਹ ਹੈ ਕਿ 23 ਮਈ 2008 ਨੂੰ ਬ੍ਰਿਟਿਸ਼ ਕਲੰਬੀਆ ਵਿਧਾਨ ਸਭਾ ਵਿੱਚ ਇਸ ਦੁਖਾਂਤ ਦੀ ਮੁਆਫੀ ਮੰਗੀ ਗਈ, ਜਦਕਿ 18 ਮਈ, 2016 ਵਿੱਚ ਕੈਨੇਡਾ ਦੀ ਪਾਰਲੀਮੈਂਟ ਵਿੱਚ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਸਬੰਧੀ ਮੁਆਫੀਨਾਮਾ ਜਾਰੀ ਕਰਕੇ, ਨਵਾਂ ਅਧਿਆਇ ਸਿਰਜ ਦਿੱਤਾ। ਬੇਸ਼ਕ ਇਹ ਵੱਖਰੀ ਗੱਲ ਹੈ ਕਿ ਵੈਨਕੂਵਰ ਸ਼ਹਿਰ ਵੱਲੋਂ ਜਾਰੀ ਐਲਾਨਨਾਮੇ ਨੂੰ ਛੱਡ ਕੇ, ਹਰੇਕ ਪ੍ਰੋਕਲੇਮੇਸ਼ਨ ਵਿੱਚ ‘ਕਾਮਾਗਾਟਾ ਮਾਰੂ’ ਸ਼ਬਦ ਹੀ ਵਰਤਿਆ ਹੈ, ਜੋ ਕਿ ਇਤਿਹਾਸਿਕ ਤੌਰ ‘ਤੇ ਠੀਕ ਨਹੀਂ।
ਗੁਰੂ ਨਾਨਕ ਹੈਰੀਟੇਜ ਸੁਸਾਇਟੀ ਅਨੁਸਾਰ “ਇਤਿਹਾਸਿਕ ਸੱਚਾਈ ਦਾ ਗਿਆਨ ਹੋਣ ਮਗਰੋਂ ਹੁਣ ਸਭਨਾਂ ਦਾ ਫਰਜ਼ ਬਣਦਾ ਹੈ ਕਿ ਇਹਨਾਂ ਮੁਆਫੀਨਾਮਿਆਂ ਦੀ ਸੋਧ ਕਰਵਾ ਕੇ, ਸਹੀ ਨਾਂ ‘ਗੁਰੂ ਨਾਨਕ ਜਹਾਜ਼’ ਸ਼ਬਦ ਲਿਖਵਾਇਆ ਜਾਵੇ । ਅਜਿਹਾ ਕਰਦਿਆਂ ਅਸੀਂ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਨਾਲ ਇਨਸਾਫ ਕਰ ਰਹੇ ਹੋਵਾਂਗੇ, ਜਦ ਕਿ ਅਸਲੀਅਤ ਜਾਨਣ ਤੋਂ ਮਗਰੋਂ ਵੀ ਅਜਿਹਾ ਨਾ ਕਰਨਾ ਉਹਨਾਂ ਮੁਸਾਫਰਾਂ ਨਾਲ ਦੂਜੀ ਵਾਰ ਬੇਇਨਸਾਫੀ ਹੋਵੇਗੀ।” ਨਿਸੰਦੇਹ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦਾ ਸਫਰ ‘ਚੜ੍ਹਦੀ ਕਲਾ ਦਾ ਪ੍ਰਤੀਕ ਸੀ, ਨਾ ਕਿ ਢਹਿੰਦੀ ਕਲਾ’ ਦਾ ਅਤੇ ਜਿੱਥੋਂ ਨਸਲੀ ਜਬਰ ਨਾਲ 111 ਸਾਲ ਪਹਿਲਾਂ ਗੁਰੂ ਨਾਨਕ ਜਹਾਜ਼ ਮੋੜਿਆ ਗਿਆ ਸੀ, ਉਸੇ ਜਗ੍ਹਾ ‘ਤੇ ਚੜਦੀ ਕਲਾ ਦੇ ਸਫਰ ਦੀ ਗੱਲ ਹੋਣੀ, ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਵੱਲੋਂ ਮਾਨਵਵਾਦੀ ਸਬਰ ਨਾਲ ਨਸਲਵਾਦੀ ਜਬਰ ‘ਤੇ ਗੌਰਵਮਈ ਜਿੱਤ ਕਹੀ ਜਾ ਸਕਦਾ ਹੈ।
ਤਸਵੀਰਾਂ :111ਵੀਂ ਯਾਦਗਾਰੀ ਵਰ੍ਹੇ-ਗੰਢ ‘ਤੇ ਸਮਾਗਮ ਦਾ ਪੋਸਟਰ ਰਿਲੀਜ਼ ਕਰਦੀਆਂ ਪੰਜਾਬੀ ਮੀਡੀਏ ਨਾਲ ਸਬੰਧਤ ਸ਼ਖਸੀਅਤਾਂ।

Leave a Reply

Your email address will not be published. Required fields are marked *