ਕੰਸਰਵੇਟਿਵ ਕਾਕਸ ਵਲੋਂ ਪਾਰਟੀਬਾਜ਼ੀ ਤੋਂ ਉਪਰ ਉਠਕੇ ਬਿਲ ਦੀ ਹਮਾਇਤ ਦੀ ਅਪੀਲ-
ਵਿਕਟੋਰੀਆ ( ਕਾਹਲੋਂ)-: ਬੀਸੀ ਵਿਧਾਨ ਸਭਾ ਵਿੱਚ, ਰਿਚਮੰਡ-ਕੁਇਨਜ਼ਬਰੋ ਦੇ ਕੰਸਰਵੇਟਿਵ ਐਮ.ਐਲ.ਏ ਅਤੇ ਸ਼ੈਡੋ ਅਟਾਰਨੀ ਜਨਰਲ, ਸਟੀਵ ਕੂਨਰ ਨੇ ਸਕੂਲਾਂ ਵਿੱਚ ਨਸ਼ਾ ਰੋਕਥਾਮ ਸਿੱਖਿਆ ਐਕਟ ਪੇਸ਼ ਕੀਤਾ। ਇਹ ਇੱਕ ਸਧਾਰਨ ਮਤਭੇਦਕ ਬਿੱਲ ਹੈ ਜੋ ਬੀ.ਸੀ ਦੇ ਬੱਚਿਆਂ ਨੂੰ ਨਸ਼ਿਆਂ ਦੀ ਆਫ਼ਤ ਤੋਂ ਬਚਾਉਣ ਲਈ ਸਾਰੇ ਸਕੂਲਾਂ ਵਿੱਚ ਸਪੱਸ਼ਟ, ਨਿਰੰਤਰ ਅਤੇ ਉਮਰ-ਉਚਿਤ ਐਂਟੀ-ਡਰੱਗ ਸਿੱਖਿਆ ਲਾਗੂ ਕਰੇਗਾ।
ਸ੍ਰੀ ਕੂਨਰ ਨੇ ਮੌਕੇ ਬੋਲਦਿਆਂ ਕਿਹਾ ਕਿ “ਜਿਵੇਂ ਇਹ ਐਨ ਡੀ ਪੀ ਸਰਕਾਰ ਨੇ ਸੜਕਾਂ ਅਤੇ ਖੇਡਣ ਵਾਲੀ ਥਾਵਾਂ ਵਿੱਚ ਖੁੱਲੇ ਨਸ਼ਿਆਂ ਨੂੰ ਆਮ ਕਰ ਦਿੱਤਾ ਹੈ, ਬੀ.ਸੀ. ਦੇ ਵਸਨੀਕ ਆਪਣੇ ਬੱਚਿਆਂ ਲਈ ਇੱਕ ਹੋਰ ਸੁਰੱਖਿਅਤ ਥਾਂ ਦੀ ਮੰਗ ਕਰ ਰਹੇ ਹ। ਇਹ ਬਿੱਲ ਇੱਕ ਸਪਸ਼ਟ ਰੇਖਾ ਖਿੱਚਣ ਦੇ ਬਾਰੇ ਹੈ ਕਿ ਸਾਡੇ ਸਕੂਲ ਉਹ ਥਾਵਾਂ ਹੋਣੀਆਂ ਚਾਹੀਦੀਆਂ ਜਿੱਥੇ ਬੱਚੇ ਨਸ਼ਿਆਂ ਤੋਂ ਦੂਰ ਰਹਿਣਾ ਸਿੱਖਣ, ਨਾ ਕਿ ਜਿੱਥੇ ਚੁੱਪ ਜਾਂ ਉਲਝਣ ਹੋਵੇ।”
ਉਹਨਾਂ ਆਪਣੇ ਮਤੇ ਵਿਚ ਜ਼ੋਰ ਦਿੱਤਾ ਕਿ :- ਹਰ ਸਰਕਾਰੀ ਅਤੇ ਖੁਦਮੁਖਤਾਰ ਸਕੂਲ ਵਿੱਚ ਲਾਜ਼ਮੀ ਐਂਟੀ-ਡਰੱਗ ਕੋਰਸ, ਜੋ ਕਿ ਬਿੱਲ ਪਾਸ ਹੋਣ ਦੇ ਛੇ ਮਹੀਨਿਆਂ ਵਿੱਚ ਤਿਆਰ ਹੋਵੇ।
– ਸਿੱਖਿਆ ਜੋ ਨਸ਼ਿਆਂ ਦੇ ਗੰਭੀਰ ਸਿਹਤ, ਸਮਾਜਕ ਅਤੇ ਕਾਨੂੰਨੀ ਪ੍ਰਭਾਵਾਂ ਉਤੇ ਜੋਰ ਦੇਵੇ।
– ਲੋਕਾਂ ਲਈ ਨਸ਼ਾ ਰੋਕਥਾਮ ਸੰਦੇਸ਼ ਦਿੱਸਣ ਵਾਲੀਆਂ ਥਾਵਾਂ ਅਤੇ ਸਕੂਲਾਂ ਵਿੱਚ ਸਿੱਖਿਆ ਸੈਸ਼ਨ।
– ਯੋਗਤਾ ਅਤੇ ਪਾਰਦਰਸ਼ਿਤਾ ਯਕੀਨੀ ਬਣਾਉਣ ਲਈ ਸਾਲਾਨਾ ਰਿਪੋਰਟਿੰਗ।
ਉਹਨਾਂ ਹੋਰ ਕਿਹਾ ਕਿ ਐਨ ਡੀ ਪੀ ਸਰਕਾਰ ਨੇ ਹੁਣ ਤੱਕ ਇਸ ਮਸਲੇ ਤੇ ਸਿਰਫ ਉਲਝਣ ਹੀ ਪਾਈ ਹੈ। ਸਰਕਾਰ ਵੱਲੋਂ ਨਸ਼ਿਆਂ ਦੀ ਪੂਰਨ ਰੋਕਥਾਮ ਕਰਨ ਦੀ ਬਜਾਏ ਸਿਰਫ ਤੇ ਸਿਰਫ ਨੁਕਸਾਨ ਘਟਾਉਣ ਨੂੰ ਹੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਜਦੋਂਕਿ ਇਹ ਬਿੱਲ ਇੱਕ ਸਾਵਧਾਨੀ ਅਤੇ ਇੱਕ ਕਾਰਵਾਈ ਲਈ ਸੱਦਾ ਹੈ। ਅਸੀਂ ਆਉਣ ਵਾਲੀ ਪੀੜ੍ਹੀ ਨੂੰ ਨਸ਼ੇ ਦੇ ਆਦੀ ਹੋਣ ਅਤੇ ਨਿਰਾਸ਼ਾ ਵਿਚ ਜਾਣ ਨਹੀਂ ਦੇ ਸਕਦੇ। ਇਹ ਸਮਾਂ ਬੱਚਿਆਂ ਲਈ ਖੜਨ, ਪਰਿਵਾਰਾਂ ਨੂੰ ਸ਼ਕਤੀਸ਼ਾਲੀ ਬਣਾਉਣ ਅਤੇ ਅਸਲ ਰੋਕਥਾਮ ਨੂੰ ਮੁੜ-ਵਾਪਸ ਬਾਤਚੀਤ ਵਿੱਚ ਲੈ ਕੇ ਆਉਣ ਦਾ ਹੈ।
ਕੰਸਰਵੇਟਿਵ ਕਾਕਸ ਵੱਲੋਂ ਸਾਰੇ ਵਿਧਾਇਕਾਂ ਨੂੰ ਅਪੀਲ ਕੀਤੀ ਗਈ ਕਿ ਸਾਰੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਬੀ.ਸੀ. ਦੇ ਬੱਚਿਆਂ, ਨੌਜਵਾਨਾਂ ਅਤੇ ਸੂਬੇ ਦੇ ਭਵਿੱਖ ਦੀ ਰੱਖਿਆ ਕਰਨ ਲਈ ਇਸ ਐਕਟ ਦਾ ਸਾਥ ਦਈਏ।