ਸਰੀ, 7 ਮਈ (ਹਰਦਮ ਮਾਨ)- ਗੁਰੂ ਨਾਨਕ ਜਹਾਜ਼ ਦੇ ਚੜ੍ਹਦੀ’ ਕਲਾ ਦੇ ਸਫ਼ਰ ਦੇ 111ਵੇਂ ਸਾਲ ‘ਤੇ, ਕੈਨੇਡਾ ਦੀ ਧਰਤੀ ‘ਤੇ ਵੈਨਕੂਵਰ ਦੇ ਸਮੁੰਦਰੀ ਤੱਟ ‘ਤੇ (1199 ਵੈਸਟ ਕਾਰਡੋਵਾ ਸਟਰੀਟ) ਗੁਰੂ ਨਾਨਕ ਜਹਾਜ਼ ਮੈਮੋਰੀਅਲ ਸਮਾਰਕ ਉੱਪਰ 25 ਮਈ ਨੂੰ ਦੁਪਹਿਰ 2 ਵਜੇ ਤੋਂ 5 ਵਜੇ ਤੱਕ ਵਿਸ਼ੇਸ਼ ਪ੍ਰੋਗਰਾਮ ਕੀਤਾ ਜਾ ਰਿਹਾ ਹੈ।
ਇਸ ਸਮਾਗਮ ਸਬੰਧੀ ਪੋਸਟਰ ਬੀਤੇ ਦਿਨ ਮੀਡੀਆ ਨਾਲ ਸੰਬੰਧਤ ਸ਼ਖ਼ਸੀਅਤਾਂ ਗੁਰਪ੍ਰੀਤ ਸਿੰਘ ਸਹੋਤਾ (ਚੜ੍ਹਦੀ ਕਲਾ ਨਿਊਜ਼ ਗਰੁੱਪ ਅਤੇ ਚੈਨਲ ਪੰਜਾਬੀ), ਭੁਪਿੰਦਰ ਸਿੰਘ ਮੱਲ੍ਹੀ (ਸਾਊਥ ਏਸ਼ੀਅਨ ਰਿਵਿਊ), ਬਲਜਿੰਦਰ ਕੌਰ (ਬੀ ਕੌਰ ਮੀਡੀਆ), ਰਛਪਾਲ ਸਿੰਘ ਗਿੱਲ (ਪੰਜਾਬੀ ਟ੍ਰਿਬਿਊਨ), ਡਾ. ਪੂਰਨ ਸਿੰਘ ਗਿੱਲ (ਪੰਜਾਬ ਟਾਈਮਜ਼), ਹਰਕੀਰਤ ਸਿੰਘ ਕੁਲਾਰ (ਪੰਜਾਬ ਗਾਰਡੀਅਨ), ਬਲਦੇਵ ਸਿੰਘ ਮਾਨ (ਰੈਡ ਐਫ. ਐਮ.), ਸੁਖਵਿੰਦਰ ਸਿੰਘ ਚੋਹਲਾ (ਦੇਸ ਪਰਦੇਸ ਟਾਈਮਜ਼), ਸੁੱਖੀ ਕੌਰ (ਸ਼ੇਰੇ ਪੰਜਾਬ ਰੇਡੀਓ,1550 ਏ.ਐਮ.), ਅਮਰਪਾਲ ਸਿੰਘ (ਕੈਨੇਡੀਅਨ ਪੰਜਾਬ ਟਾਈਮਜ਼ ਤੇ ਪੰਜਾਬੀ ਟ੍ਰਿਬਿਊਨ), ਬਲਵੀਰ ਕੌਰ ਢਿੱਲੋਂ (ਬੀ ਕੌਰ ਮੀਡੀਆ), ਸੰਤੋਖ ਸਿੰਘ ਮੰਡੇਰ (ਇੰਡੋ ਕੈਨੇਡੀਅਨ ਟਾਈਮਜ਼) ਵੱਲੋਂ ਤਾਜ ਕਨਵੈਨਸ਼ਨ ਸੈਂਟਰ ਸਰੀ ਵਿਖੇ ਰਿਲੀਜ਼ ਕੀਤਾ ਗਿਆ।
ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵੱਲੋਂ ਜਾਣਕਾਰੀ ਦਿੰਦਿਆਂ ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਜਹਾਜ਼’ ਦਾ ਸਫ਼ਰ ਬਸਤੀਵਾਦ ਅਤੇ ਨਸਲਵਾਦ ਦਾ, ਚੜ੍ਹਦੀ ਕਲਾ ਅਤੇ ਭਾਈਚਾਰਕ ਸਾਂਝ ਨਾਲ ਮੁਕਾਬਲਾ ਕਰਨ ਵਾਲੇ ਮੁਸਾਫਿਰਾਂ ਦੀ, ਨਿੱਡਰ ਅਤੇ ਸੁਤੰਤਰ ਹਸਤੀ ਦਾ ਦੁਰਲੱਭ ਇਤਿਹਾਸ ਹੈ। ਗੁਰੂ ਨਾਨਕ ਜਹਾਜ਼ ਸੰਘਰਸ਼ ਅਤੇ ਮਨੁੱਖੀ ਹੱਕਾਂ ਲਈ ਘੋਲ ਦਾ ਸ਼ਾਨਦਾਰ ਇਤਿਹਾਸ ਹੈ। ਉਨ੍ਹਾਂ ਦੱਸਿਆ ਕਿ ਇਸ ਵਰ੍ਹੇ ਦੇ ਸਮਾਗਮ ਵਿੱਚ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦੇ ਇਤਿਹਾਸ ਤੋਂ ਇਲਾਵਾ. ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦੀ ਸ਼ਹਾਦਤ ਬਾਰੇ ਵਿਸ਼ੇਸ਼ ਪ੍ਰੋਗਰਾਮ ਹੋਵੇਗਾ। ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਤੇ ਬੀਸੀ ਖਾਲਸਾ ਦਰਬਾਰ ਵੈਨਕੂਵਰ ਤੋਂ ਇਲਾਵਾ ਵਣਜਾਰਾ ਨੋਮੈਡ ਕੁਲੈਕਸ਼ਨਜ਼, ਗ਼ਦਰ ਮੈਮੋਰੀਅਲ ਸੁਸਾਇਟੀ ਆਫ ਕੈਨੇਡਾ ਸਣੇ ਵੱਖ-ਵੱਖ ਸੰਸਥਾਵਾਂ ਵੱਲੋਂ ਸਾਂਝੇ ਤੌਰ ‘ਤੇ, ਬੋਰਡ ਆਫ ਪਾਰਕ ਐਂਡ ਰੀਕ੍ਰੀਏਸ਼ਨ ਤੇ ਵੈਨਕੂਵਰ ਸਿਟੀ ਦੇ ਸਹਿਯੋਗ ਇਹ ਸਲਾਨਾ ਸਮਾਗਮ ਕੀਤਾ ਜਾ ਰਿਹਾ ਹੈ।