ਪਿਛਲੀ ਸਾਲ ਹੀ ਚਾਵਾਂ ਦੇ ਨਾਲ ਰੰਗ ਰੋਗਣ ਕਰਵਾਇਆ ।
ਵੱਸਦੇ ਘਰ ਨੂੰ ਛੱਡਣ ਲੱਗਿਆ ,ਪੁੱਤਰਾ !ਮਨ ਭਰ ਆਇਆ।
ਬਾਰਡਰ ਤੇ ਘਰ ਆਪਣਾ ਪੁੱਤਰਾ,ਹੁਕਮ ਆਇਆ ਸਰਕਾਰੀ
ਤੋਪਾਂ,ਗੰਨਾਂ ਬੀੜ ਕੇ ਖੜ੍ਹ ਗਏ,ਜੰਗ ਦੀ ਹੋਈ ਤਿਆਰੀ
ਸਿਖਰ ਦੁਪਹਿਰੇ ਪੁੱਤਰਾ ਏਥੇ ਹਨੇਰਾ ਰਾਤ ਦਾ ਛਾਇਆ
ਵੱਸਦੇ ਘਰ ਨੂੰ ਛੱਡਣ ਲੱਗਿਆ,ਪੁੱਤਰਾ!ਮਨ ਭਰ ਆਇਆ।
ਪਿਛਲੇ ਸਾਲ ਹੀ ਚਾਵਾਂ ਦੇ ਨਾਲ ਰੰਗ ਰੋਗਣ ਕਰਵਾਇਆ।
ਲੀੜਾ ਲੱਤਾ,ਦਾਣਾ ਫੱਕਾ ,ਕੁਲ ਸਿੱਟਿਆ ਵਿਚ ਟਰਾਲੀ
ਰਲ ਕੇ ਕੁੱਲ ਕਬੀਲਾ,ਸਾਰੇ ਪਿੰਡ ਨੂੰ ਕਰਤਾ ਖਾਲੀ
ਪੁੱਤਰਾ ਕਣਕ,ਗੰਨਾਂ ਵੇਖਿਆ ਜਾਂਦਾ ਨਾ,ਜੋ ਪੱਕਣ ਤੇ ਆਇਆ।
ਵੱਸਦੇ ਘਰ ਨੂੰ ਛੱਡਣ ਲੱਗਿਆ,ਪੁੱਤਰਾ!ਮਨ ਭਰ ਆਇਆ।
ਪਿਛਲੇ ਸਾਲ ਹੀ ਚਾਵਾਂ ਦੇ ਨਾਲ ਰੰਗ ਰੋਗਣ ਕਰਵਾਇਆ ।
ਅਸਾਂ ਪੈਹਟ,ਕਹੱਤਰ ਵੇਖੀ,ਉਦੋਂ ਫ਼ਿਕਰ ਨਾ ਭੋਰਾ ਕੀਤਾ
ਕਦੇ ਦੁਸ਼ਮਣ ਨਾਲ ਨਾ ਹੋਵੇ,ਜੋ ਅੱਜ ਸਾਡੇ ਨਾਲ ਕੀਤਾ
ਚਿੰਤਾ ਹੋਰ ਵਧਾ ਦਿਤੀ,ਜਦ ਪੱਤਰ ਸ਼ਾਹਾਂ ਦਾ ਆਇਆ
ਵੱਸਦੇ ਘਰ ਨੂੰ ਛੱਡਣ ਲੱਗਿਆਂ,ਪੁੱਤਰਾ !ਮਨ ਭਰ ਆਇਆ।
ਪਿਛਲੇ ਸਾਲ ਹੀ ਚਾਵਾਂ ਦੇ ਨਾਲ ਰੰਗ ਰੋਗਨ ਕਰਵਾਇਆ ।
ਸਿਆਸੀ ਰੋਟੀਆਂ ਸੇਕ ਰਹੇ ਏਥੇ ਰਾਹਤ ਕੈਂਪ ਲਗਾ ਕੇ।
ਪੜ੍ਹਾਈ ਛੁੱਟ ਗਈ ਰਾਣੋ ਦੀ, ਨਾ ਦੇਖਿਆ ਸਕੂਲ ਨੂੰ ਜਾ ਕੇ।
ਏਥੋਂ ਫੋਨ ਕੋਈ ਹੋਵੇ ਨਾ,ਮਸਾਂ ਮਸਾਂ ਅਸੀਂ ਮਿਲਾਇਆ ।
ਵੱਸਦੇ ਘਰ ਨੂੰ ਛੱਡਣ ਲੱਗਿਆ,ਪੁੱਤਰਾ !ਮਨ ਭਰ ਆਇਆ
ਪਿਛਲੇ ਸਾਲ ਹੀ ਚਾਵਾਂ ਦੇ ਨਾਲ ਰੰਗ ਰੋਗਨ ਕਰਵਾਇਆ ।
ਐਟਮ ਵਰਗੇ ਬੰਬਾਂ ਨੂੰ ਦੋਨਾਂ ਨੇ ਚਲਾਉਣ ਕਰੀ ਤਿਆਰੀ ।
ਜਿੳੇਦੇ ਬੱਚਣਾ ਕੋਈ ਨਹੀਂ ਕਿਸ ਵੇਲੇ ਕਿਸ ਦੀ ਆ ਜਾਏ ਵਾਰੀ।
ਇਨਸਾਨੀਅਤ ਇੱਥੇ ਖਤਮ ਹੋ ਰਹੀ ਪੁੱਤਰਾ! ਵੇਲਾ ਕੈਸਾ ਆਇਆ
ਪਿਛਲੇ ਸਾਲ ਹੀ ਚਾਵਾਂ ਦੇ ਨਾਲ ਰੰਗ ਰੋਗਣ ਕਰਵਾਇਆ ।
ਵੱਸਦੇ ਘਰ ਨੂੰ ਛੱਡਣ ਲੱਗਿਆ,ਪੁੱਤਰਾ! ਮਨ ਭਰ ਆਇਆ।
ਮੇਰੇ ਦੇਸ਼ ਦਿਓ ਨੇਤਾਓ !ਪੰਜਾਬੀਆਂ ਕੀ ਤੁਹਾਡਾ ਮਾੜਾ ਕੀਤਾ
ਇਨ੍ਹਾਂ ਸੰਨ ਸੰਤਾਲੀ ਤੋ ਲੈਕੇ ਸਭ ਤੋ ਵੱਧ ਸ਼ੱਲ ਸਹਿ ਲੀਤਾ ।
ਘਰੋਂ ਬੇਘਰ ਕਰੋ ਨਾ,ਭਰੋਵਾਲ’ ਉੱਚੀ ਆਖ ਸੁਣਾਇਆ ।
ਵੱਸਦੇ ਘਰ ਨੂੰ ਛੱਡਣ ਲੱਗਿਆ,ਪੁੱਤਰਾ !ਮਨ ਭਰ ਆਇਆ ।
ਪਿਛਲੇ ਸਾਲ ਹੀ ਚਾਵਾਂ ਦੇ ਨਾਲ ਰੰਗ ਰੋਗਣ ਕਰਵਾਇਆ ।
ਪ੍ਰੀਤਮ ਸਿੰਘ ਭਰੋਵਾਲ
ਲੁਧਿਆਣਾ 9878300004