ਲੋਇਡ ਐਕਸਵਰਥੀ ( ਸਾਬਕਾ ਵਿਦੇਸ਼ ਮੰਤਰੀ)–
ਭਾਰਤ ਅਤੇ ਪਾਕਿਸਤਾਨ ਵਿਚਾਲੇ ਟਕਰਾਅ ਅਚਾਨਕ ਲੱਗੀ ਜੰਗਲ ਦੀ ਅੱਗ ਨਹੀਂ ਹੈ – ਇਹ ਲੰਬੇ ਸਮੇਂ ਤੋਂ ਬਲਦੇ ਅੰਗਿਆਰਾਂ ਦਾ ਬਿਸਤਰਾ ਹੈ, ਜੋ ਦਹਾਕਿਆਂ ਦੇ ਅਣਸੁਲਝੇ ਇਤਿਹਾਸ, ਖੇਤਰੀ ਵਿਵਾਦ, ਆਪਸੀ ਅਵਿਸ਼ਵਾਸ ਅਤੇ ਰਾਸ਼ਟਰੀ ਧਾਰਮਿਕ ਪਛਾਣਾਂ ਦੇ ਟਕਰਾਅ ਦਾ ਨਤੀਜਾ ਹਨ। ਸਮੇਂ-ਸਮੇਂ ‘ਤੇ, ਹਵਾ ਦਾ ਇੱਕ ਬੁੱਲਾ – ਇੱਕ ਰਾਜਨੀਤਿਕ ਭੜਕਾਹਟ, ਇੱਕ ਅੱਤਵਾਦੀ ਹਮਲਾ ਜਾਂ ਇੱਕ ਘਾਤਕ ਸਰਹੱਦੀ ਟਕਰਾਅ –ਸਥਿਤੀ ਦੇ ਭਾਂਬੜ ਬਣਨ ਵਿਚ ਦੇਰ ਨਹੀਂ ਲਗਾਉਂਦਾ। ਇਸ ਅੱਗ ਦੇ ਅੰਗਿਆਰ ਬਣਨ ਵਿਚ ਸਭ ਤੋਂ ਵੱਡੀ ਚਿੰਤਾ ਹੈ ਦੋਵਾਂ ਮੁਲਕਾਂ ਦਾ ਪ੍ਰਮਾਣੂ ਹਥਿਆਰਾਂ ਨਾਲ ਲੈਸ ਹੋਣਾ।
ਦੋਵਾਂ ਮੁਲਕਾਂ ਵਿਚਾਲੇ ਦੁਸ਼ਮਣੀ ਦਾ ਇਹ ਬਿਰਤਾਂਤ ਕੋਈ ਅਤਿਕਥਨੀ ਨਹੀਂ ਹੈ। ਇਹ ਦੱਖਣੀ ਏਸ਼ੀਆ ਦੀ ਢਾਂਚਾਗਤ ਅਸਥਿਰਤਾ ਨੂੰ ਦਰਸਾਉਂਦਾ ਹੈ। ਭਾਰਤ ਅਤੇ ਪਾਕਿਸਤਾਨ ਦੋਵਾਂ ਕੋਲ ਵਿਨਾਸ਼ਕਾਰੀ ਤਬਾਹੀ ਦੀ ਸਮਰੱਥਾ ਹੈ। ਹਰ ਘਟਨਾ ਸਿਰਫ ਇੱਕ ਕੂਟਨੀਤਕ ਚਿੰਤਾ ਨਹੀਂ ਹੈ – ਇਹ ਪ੍ਰਮਾਣੂ ਟਕਰਾਅ ਵੱਲ ਇੱਕ ਸੰਭਾਵੀ ਕਦਮ ਹੈ। ਇਹ ਅੰਗਿਆਰ ਦੁਸ਼ਮਣੀ ਨੂੰ ਭੜਕਾਉਣ ਦੇ ਸਮਰੱਥ ਹਨ ਜੋ ਸ਼ਹਿਰਾਂ, ਖੇਤਰਾਂ ਨੂੰ ਆਪਣੀ ਲਪੇਟ ਵਿੱਚ ਲੈ ਸਕਦੇ ਹਨ ਜਾਂ ਇਸਤੋਂ ਵੀ ਅੱਗੇ ਵਿਸ਼ਵ ਸੁਰੱਖਿਆ ਵਿਵਸਥਾ ਨੂੰ ਖਤਰੇ ਵਿਚ ਪਾ ਸਕਦੇ ਹਨ। ਦੋਵਾਂ ਮੁਲਕਾਂ ਦੇ ਸਰਹੱਦੀ ਹਮਲਿਆਂ ਦੇ ਨਾਲ ਭੜਕਾਊ ਬਿਆਨਬਾਜ਼ੀ ਨੇ ਤਾਜਾ ਟਕਰਾਅ ਨੂੰ ਚਰਮ ਸੀਮਾ ਤੇ ਪਹੁੰਚਾ ਦਿੱਤਾ ਹੈ। ਜਦੋਂ ਕਿ ਦੋਵੇਂ ਸਰਕਾਰਾਂ ਜ਼ੋਰ ਦਿੰਦੀਆਂ ਹਨ ਕਿ ਉਹ ਯੁੱਧ ਨਹੀਂ ਚਾਹੁੰਦੇ ਪਰ ਇਸਦੇ ਬਾਵਜੂਦ ਭੜਕਾਹਟ ਅਤੇ ਬਦਲਾਲਊ ਕਾਰਵਾਈ ਦਾ ਦਾ ਚੱਕਰ ਚਿੰਤਜਨਕ ਭਵਿੱਖ ਦੀ ਨਿਸ਼ਾਨਦੇਹੀ ਕਰਦਾ ਹੈ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਇਹ ਤਾਜਾ ਘਟਨਾਵਾਂ ਕਿੰਨੀ ਤੇਜ਼ੀ ਨਾਲ ਵਧ ਸਕਦੀਆਂ ਹਨ ਅਤੇ ਜਦੋਂ ਪ੍ਰਮਾਣੂ ਹਥਿਆਰ ਇਸ ਵਿਚ ਸ਼ਾਮਲ ਹੁੰਦੇ ਹਨ ਤਾਂ ਗਲਤੀ ਲਈ ਕੋਈ ਗੁੰਜਾਇਸ਼ ਨਹੀ ਰਹਿੰਦੀ।
ਭਾਰਤ ਅਤੇ ਪਾਕਿਸਤਾਨ ਦਾ ਇਤਿਹਾਸ ਉਨ੍ਹਾਂ ਪਲਾਂ ਨਾਲ ਭਰਿਆ ਹੋਇਆ ਹੈ ਜਦੋਂ ਜੰਗ ਦਾ ਡਰਾਉਣਾ ਤੇ ਤਬਾਹਕੁੰਨ ਰੂਪ ਨੇੜੇ ਆਉਂਦਾ ਜਾਪਦਾ ਹੈ। ਦੋਵਾਂ ਮੁਲਕਾਂ ਵਿਚਾਲੇ ਤਬਾਹੀ ਦੇ ਕਈ ਮੰਜ਼ਰ ਹਨ-1999 ਵਿੱਚ ਕਾਰਗਿਲ ਟਕਰਾਅ, 2019 ਵਿੱਚ ਬਾਲਾਕੋਟ ਹਵਾਈ ਹਮਲੇ ਤੇ ਇਸਤੋਂ ਪਹਿਲਾਂ ਤਿੰਨ ਵੱਡੀਆਂ ਜੰਗਾਂ। ਹਰੇਕ ਮਾਮਲੇ ਵਿੱਚ, ਗਲਤ ਹਿਸਾਬ ਜਾਂ ਅਵਿਸ਼ਵਾਸ ਇਸ ਖੇਤਰ ਨੂੰ ਤਬਾਹੀ ਵੱਲ ਧੱਕ ਸਕਦਾ ਹੈ। ਸ਼ੀਤ ਯੁੱਧ-ਯੁੱਗ ਦੀਆਂ ਮਹਾਂਸ਼ਕਤੀਆਂ ਦੇ ਉਲਟ, ਭਾਰਤ ਅਤੇ ਪਾਕਿਸਤਾਨ ਕੋਲ ਘੱਟ-ਵਿਕਸਤ ਪ੍ਰਮਾਣੂ ਕਮਾਂਡ ਪ੍ਰਣਾਲੀਆਂ, ਸੀਮਤ ਸੰਕਟ ਸੰਚਾਰ ਅਤੇ ਬਹੁਤ ਹੀ ਅਸਥਿਰ ਘਰੇਲੂ ਰਾਜਨੀਤੀ ਹੈ – ਇਹ ਸਾਰੇ ਪ੍ਰਮਾਣੂ ਘਟਨਾ ਦੇ ਜੋਖਮ ਨੂੰ ਵਧਾਉਂਦੇ ਹਨ ਜੋ ਇਰਾਦੇ ਨਾਲ ਨਹੀਂ, ਸਗੋਂ ਉਲਝਣ ਜਾਂ ਘਬਰਾਹਟ ਨਾਲ ਪੈਦਾ ਹੁੰਦੇ ਹਨ।
ਦੋਵੇਂ ਦੇਸ਼ ਆਪਣੇ ਪ੍ਰਮਾਣੂ ਹਥਿਆਰਾਂ ਨੂੰ ਆਧੁਨਿਕ ਬਣਾਉਣਾ ਅਤੇ ਫੈਲਾਉਣਾ ਜਾਰੀ ਰੱਖ ਰਹੇ ਹਨ। ਇਸਤੋਂ ਇਲਾਵਾ ਥੋੜੀ ਤੇ ਲੰਬੀ ਦੂਰੀ ਤੱਕ ਮਾਰ ਕਰਨ ਕਰਨ ਵਾਲੇ ਰਿਮੋਟ ਕੰਟਰੋਲ ਹਥਿਆਰ ਅਤੇ ਰਣਨੀਤਕ ਪ੍ਰਮਾਣੂ ਹਥਿਆਰਾਂ ਦਾ ਵਿਕਾਸ ਵੀ ਸ਼ਾਮਲ ਹੈ। ਇਹ ਜੰਗ ਦੇ ਮੈਦਾਨ ਵਿੱਚ ਵਰਤੋਂ ਲਈ ਤਿਆਰ ਕੀਤੇ ਗਏ ਹਨ ਜਿਹਨਾਂ ਦਾ ਪ੍ਰਦਰਸ਼ਨ ਤਾਜਾ ਘਟਨਾਵਾਂ ਵਿਚ ਡਰੋਨ ਹਮਲਿਆਂ ਵਜੋਂ ਸਾਹਮਣੇ ਆਇਆ ਹੈ। ਹਨ। ਸਿਧਾਂਤਕ ਤੌਰ ‘ਤੇ ਇਹ ਰਵਾਇਤੀ ਫੌਜੀ ਘੁਸਪੈਠਾਂ ਨੂੰ ਰੋਕਦੇ ਹਨ। ਪਰ ਇਹਨਾਂ ਦੀ ਬੇਸਮਝੀ ਨਾਲ ਵਰਤੋਂ ਇੱਕ ਰਵਾਇਵਤੀ ਟਕਰਾਅ ਤੋਂ ਪ੍ਰਮਾਣੂ ਟਕਰਾਅ ਤੱਕ ਵਧ ਸਕਦਾ ਹੈ।
ਅਜਿਹੀ ਸਥਿਤੀ ਵਿਚ ਵਿਸ਼ਵਵਿਆਪੀ ਭਾਈਚਾਰੇ ਦਾ ਚੁੱਪ ਰਹਿਣਾ ਠੀਕ ਨਹੀਂ । ਰਾਸ਼ਟਰਪਤੀ ਟਰੰਪ ਨੇ ਦੁੱਖ ਪ੍ਰਗਟ ਕੀਤਾ ਹੈ। ਕੁਝ ਖੇਤਰੀ ਆਗੂ ਚੁੱਪ-ਚਾਪ ਵਿਚੋਲਗੀ ਦੀ ਕੋਸ਼ਿਸ਼ ਕਰ ਰਹੇ ਹਨ। ਕੈਨੇਡਾ ਅਤੇ ਹੋਰ ਮੱਧ ਸ਼ਕਤੀਆਂ ਰਣਨੀਤਕ ਭਾਈਵਾਲੀ, ਵਪਾਰਕ ਹਿੱਤਾਂ ਅਤੇ ਦੱਖਣੀ ਏਸ਼ੀਆਈ ਪ੍ਰਵਾਸੀਆਂ ਦੀ ਘਰੇਲੂ ਰਾਜਨੀਤੀ ਸਬੰਧਾਂ ਕਾਰਣ, ਚੁੱਪ ਹਨ। ਪਰ ਇਹ ਖ਼ਤਰਾ ਕਾਲਪਨਿਕ ਨਹੀਂ ਹੈ। ਇਹ ਖਤਰਾ ਸਾਡੇ ਸਾਹਮਣੇ ਹੈ ਤੇ ਇਹ ਨਿਰੰਤਰ ਅੰਤਰਰਾਸ਼ਟਰੀ ਧਿਆਨ ਦੀ ਮੰਗ ਕਰਦਾ ਹੈ।
ਕੈਨੇਡਾ ਅਤੇ ਇਸ ਵਰਗੇ ਹੋਰ ਦੇਸ਼, ਪਾਸੇ ਹੋਕੇ ਤਮਾਸ਼ਾ ਨਹੀ ਵੇਖ ਸਕਦੇ। ਕੂਟਨੀਤੀ, ਸ਼ਾਂਤੀ ਰੱਖਿਅਕ ਅਤੇ ਪ੍ਰਮਾਣੂ ਨਿਸ਼ਸਤਰੀਕਰਨ ਦੇ ਮਾਣਮੱਤੇ ਇਤਿਹਾਸ ਵਾਲੀ ਇੱਕ ਮੱਧ ਸ਼ਕਤੀ ਦੇ ਰੂਪ ਵਿੱਚ, ਕੈਨੇਡਾ ਕੋਲ ਇਸ ਮਾਮਲੇ ਵਿਚ ਦਖਲ ਅਤੇ ਕਾਰਵਾਈ ਦੀ ਭਰੋਸੇਯੋਗਤਾ ਅਤੇ ਜ਼ਿੰਮੇਵਾਰੀ ਦੋਵੇਂ ਹਨ। ਇਸਦਾ ਮਤਲਬ ਹੈ ਵਿਸ਼ਵ ਸ਼ਾਂਤੀ ਨੂੰ ਇੱਕ ਅਜਿਹੀ ਦੁਨੀਆ ਵਿੱਚ ਮਾਰਗਦਰਸ਼ਕ ਸਿਧਾਂਤ ਵਜੋਂ ਚੁਣਨਾ ਜਿੱਥੇ ਇਹ ਤੇਜ਼ੀ ਨਾਲ ਆਪਣਾ ਆਧਾਰ ਗੁਆ ਰਿਹਾ ਹੈ। ਇਸ ਸਥਿਤੀ ਵਿਚ ਕੈਨੇਡਾ ਨੂੰ ਯੁਧ ਰੋਕਥਾਮ ਲਈ ਆਪਣੀ ਕੂਟਨੀਤੀ ਸਮਝ ਨੂੰ ਵਰਤਣਾ ਚਾਹੀਦਾ ਹੈ। ਨਿਸ਼ਸਤਰੀਕਰਨ ਅਤੇ ਸੰਯੁਕਤ ਰਾਸ਼ਟਰ ਸੰਘ ਵਰਗੇ ਫੋਰਮਾਂ ਨੂੰ ਮੁੜ ਸਰਗਰਮ ਕਰਨ ਲਈ ਜ਼ੋਰ ਦੇਣਾ ਅਤੇ ਸੰਜਮ ਅਤੇ ਗੱਲਬਾਤ ਨੂੰ ਉਤਸ਼ਾਹਿਤ ਕਰਨ ਲਈ ਸਹਿਯੋਗੀਆਂ ਅਤੇ ਹੋਰ ਖੇਤਰੀ ਭਾਵਾਈਵਾਲਾਂ ਨਾਲ ਕੰਮ ਕਰਨਾ ਸ਼ਾਮਲ ਹੈ।
ਕੈਨੇਡਾ ਨੂੰ ਆਪਣੀ ਆਵਾਜ਼ ਦੀ ਵਰਤੋਂ ਵਿਸ਼ਵਵਿਆਪੀ ਨਿਯਮਾਂ ਦੀ ਭਰੋਸੇਯੋਗਤਾ ਨੂੰ ਬਹਾਲ ਕਰਨ ਲਈ ਕਰਨੀ ਚਾਹੀਦੀ ਹੈ ਜੋ ਯੁੱਧ ਨੂੰ ਰੋਕਣ ਵਿੱਚ ਮਦਦ ਕਰਦੇ ਹਨ। ਇਸ ਵਿੱਚ ਕਾਨੂੰਨ ਦੇ ਰਾਜ ਦੀ ਵਕਾਲਤ ਕਰਨਾ ਅਤੇ ਹਥਿਆਰ ਨਿਯੰਤਰਣ ਸੰਧੀਆਂ ਦਾ ਸਮਰਥਨ ਸ਼ਾਮਲ ਹੈ। ਕੈਨੇਡਾ ਨੂੰ ਦੱਖਣੀ ਏਸ਼ੀਆਈ ਪ੍ਰਮਾਣੂ ਜੋਖਮ ‘ਤੇ ਇੱਕ ਉੱਚ-ਪੱਧਰੀ ਅੰਤਰਰਾਸ਼ਟਰੀ ਕਾਰਜ ਸਮੂਹ ਬੁਲਾਉਣਾ ਚਾਹੀਦਾ ਹੈ। ਕੂਟਨੀਤੀ ਦੀ ਵਰਤੋਂ ਕਰਦਿਆਂ ਇੱਕ ਗੈਰ-ਰਸਮੀ ਪਹੁੰਚ ਤਹਿਤ ਸੇਵਾਮੁਕਤ ਡਿਪਲੋਮੈਟਾਂ, ਫੌਜੀ ਅਧਿਕਾਰੀਆਂ ਅਤੇ ਸਿਵਲ ਸਮਾਜ ਦੇ ਪ੍ਰਤੀਨਿਧਾਂ ਰਾਹੀਂ, ਇਕ ਆਵਾਜ ਉਠਾਉਣ ਦੀ ਲੋੜ ਹੈ। ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਬਹੁਤ ਗੰਭੀਰ ਮੁੱਦਾ ਹੈ। ਜਿਵੇਂ-ਜਿਵੇਂ ਯੁੱਧ ਦੀ ਸਥਿਤੀ ਖ਼ਤਰਨਾਕ ਹੋ ਜਾਂਦੀ ਹੈ ਤਾਂ ਦੁਨੀਆ ਅਗਲੇ ਹੋਰ ਭਿਆਨਕ ਸੰਕਟ ਦੀ ਉਡੀਕ ਨਹੀਂ ਕਰ ਸਕਦੀ। ਕੈਨੇਡਾ ਵਰਗੇ ਦੇਸ਼ਾਂ ਕੋਲ ਇੱਕ ਵਿਕਲਪ ਹੈ।ਉਹ ਇਹ ਕਿ ਅੱਗ ‘ਤੇ ਨਜ਼ਰ ਰੱਖਣ ਵਾਲੇ ਬਣਨਾ ਹੈ ਜਾਂ ਅੱਗ ਬੁਝਾਉਣ ਵਾਲੇ ਬਣਨਾ। ਕਿਉਂਕਿ ਸੁੱਕੀਆਂ ਲੱਕੜਾਂ ਨਾਲ ਭਰੀ ਦੁਨੀਆਂ ਵਿੱਚ, ਇੱਕ ਵੀ ਅੰਗਾਰਾ ਤਬਾਹੀ ਮਚਾ ਸਕਦਾ ਹੈ।
-ਕੈਨੇਡਾ ਦੇ ਸਾਬਕਾ ਵਿਦੇਸ਼ ਮੰਤਰੀ ਲੋਇਡ ਐਕਸਵਰਥੀ ਜੋ ਕਿ ਜੀਨ ਕਰੈਚੀਅਨ ਸਰਕਾਰ ਵਿਚ ਕੈਨੇਡਾ ਦੇ 2016 ਤੋਂ 2000 ਤੱਕ ਵਿਦੇਸ਼ ਮੰਤਰੀ ਰਹੇ ਹਨ,
ਦੇ ਟੋਰਾਂਟੋ ਸਟਾਰ ਵਿਚ ਛਪੇ ਵਿਚਾਰ ਧੰਨਵਾਦ ਸਹਿਤ।